ਅੱਯੂਬ 1 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀਅੱਯੂਬ ਦਾ ਡਾਢੀ ਪਰੀਖਿਆ ਵਿੱਚ ਪੈਣਾ 1 ਊਜ਼ ਦੇ ਦੇਸ ਵਿੱਚ ਅੱਯੂਬ ਨਾਮ ਦਾ ਇੱਕ ਨਿਰਦੋਸ਼ ਤੇ ਖਰਾ ਮਨੁੱਖ ਸੀ, ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬਦੀ ਤੋਂ ਦੂਰ ਰਹਿੰਦਾ ਸੀ। 2 ਉਹ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ। 3 ਉਹ ਦੇ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਜੋੜੀ ਬਲ਼ਦ ਅਤੇ ਪੰਜ ਸੌ ਗਧੀਆਂ ਅਤੇ ਬਹੁਤ ਸਾਰੇ ਨੌਕਰ-ਚਾਕਰ ਸਨ ਅਤੇ ਉਹ ਪੂਰਬ ਦੇਸ ਦੇ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ। 4 ਉਹ ਦੇ ਪੁੱਤਰ ਵਾਰੋ-ਵਾਰੀ ਆਪਣੇ-ਆਪਣੇ ਘਰਾਂ ਵਿੱਚ ਦਾਵਤ ਕਰਦੇ ਹੁੰਦੇ ਸਨ, ਅਤੇ ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਖਾਣ-ਪੀਣ ਲਈ ਆਪਣੇ ਕੋਲ ਸੱਦਾ ਭੇਜਦੇ ਸਨ। 5 ਜਦ ਉਨ੍ਹਾਂ ਦੀ ਦਾਵਤ ਦੇ ਦਿਨ ਬੀਤ ਜਾਂਦੇ ਤਦ ਅੱਯੂਬ ਉਨ੍ਹਾਂ ਨੂੰ ਸੱਦ ਲੈਂਦਾ ਅਤੇ ਉਨ੍ਹਾਂ ਨੂੰ ਪਵਿੱਤਰ ਕਰਦਾ ਹੁੰਦਾ ਸੀ ਅਤੇ ਸਵੇਰੇ ਹੀ ਉੱਠ ਕੇ ਉਨ੍ਹਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜ੍ਹਾਉਂਦਾ ਸੀ, ਕਿਉਂ ਜੋ ਅੱਯੂਬ ਆਖਦਾ ਸੀ ਕਿਤੇ ਅਜਿਹਾ ਨਾ ਹੋਵੇ ਮੇਰੇ ਬੱਚਿਆਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ੁਰ ਨੂੰ ਫਿਟਕਾਰਿਆ ਹੋਵੇ। ਅੱਯੂਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ। 6 ਇੱਕ ਦਿਨ ਅਜਿਹਾ ਹੋਇਆ ਕਿ ਪਰਮੇਸ਼ੁਰ ਦੇ ਦੂਤ ਆਏ ਤਾਂ ਜੋ ਯਹੋਵਾਹ ਦੇ ਸਨਮੁਖ ਆਪਣੇ ਆਪ ਨੂੰ ਹਾਜ਼ਰ ਕਰਨ, ਤਦ ਸ਼ੈਤਾਨ ਵੀ ਉਨ੍ਹਾਂ ਦੇ ਵਿੱਚ ਆਇਆ। 7 ਤਦ ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ?” ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, “ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਇੱਧਰ-ਉੱਧਰ ਫਿਰਦਾ ਆਇਆ ਹਾਂ।” 8 ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, “ਕੀ ਤੂੰ ਮੇਰੇ ਦਾਸ ਅੱਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਹੈ, ਕਿਉਂਕਿ ਸਾਰੀ ਧਰਤੀ ਵਿੱਚ ਉਹ ਦੇ ਵਰਗਾ ਕੋਈ ਨਹੀਂ? ਉਹ ਖਰਾ ਅਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।” 9 ਤਦ ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, “ਕੀ ਅੱਯੂਬ ਪਰਮੇਸ਼ੁਰ ਤੋਂ ਬਿਨ੍ਹਾਂ ਕਿਸੇ ਲਾਭ ਦੇ ਡਰਦਾ ਹੈ। 10 ਕੀ ਤੂੰ ਉਸ ਦੇ, ਉਸ ਦੇ ਘਰ ਦੇ ਅਤੇ ਜੋ ਕੁਝ ਉਸ ਦੇ ਕੋਲ ਹੈ ਉਸ ਦੇ ਆਲੇ-ਦੁਆਲੇ ਵਾੜ ਨਹੀਂ ਲਗਾਈ? ਤੂੰ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦਿੱਤੀ ਹੈ ਸੋ ਉਸ ਦੀ ਧਨ-ਸੰਪਤੀ ਸਾਰੇ ਦੇਸ ਵਿੱਚ ਵੱਧ ਗਈ ਹੈ। 11 ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੂਹ, ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ।” 12 ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, “ਵੇਖ, ਉਸ ਦਾ ਸਭ ਕੁਝ ਤੇਰੇ ਹੱਥ ਵਿੱਚ ਹੈ। ਸਿਰਫ਼ ਉਸ ਨੂੰ ਹੱਥ ਨਾ ਲਾਵੀਂ।” ਤਦ ਸ਼ੈਤਾਨ ਯਹੋਵਾਹ ਦੇ ਹਜ਼ੂਰੋਂ ਚਲਿਆ ਗਿਆ। ਅੱਯੂਬ ਦੇ ਬੱਚਿਆਂ ਅਤੇ ਸੰਪਤੀ ਦਾ ਨਾਸ 13 ਫਿਰ ਅਜਿਹਾ ਹੋਇਆ ਕਿ ਇੱਕ ਦਿਨ ਉਸ ਦੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ। 14 ਤਦ ਇੱਕ ਦੂਤ ਅੱਯੂਬ ਕੋਲ ਆਇਆ ਅਤੇ ਆਖਿਆ, “ਬਲ਼ਦ ਹਲੀਂ ਜੁੜੇ ਹੋਏ ਸਨ ਅਤੇ ਗਧੀਆਂ ਉਨ੍ਹਾਂ ਕੋਲ ਚਰ ਰਹੀਆਂ ਸਨ। 15 ਸ਼ਬਾ ਨਗਰ ਦੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਖੋਹ ਕੇ ਲੈ ਗਏ ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ! ਮੈਂ ਹੀ ਇਕੱਲਾ ਬਚ ਕੇ ਨਿੱਕਲਿਆ ਹਾਂ, ਜੋ ਤੈਨੂੰ ਦੱਸਾਂ।” 16 ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਅਤੇ ਆਖਿਆ, “ਪਰਮੇਸ਼ੁਰ ਦੀ ਅੱਗ ਅਕਾਸ਼ ਤੋਂ ਉਤਰੀ। ਉਸ ਨਾਲ ਭੇਡਾਂ ਅਤੇ ਜੁਆਨ ਭਸਮ ਹੋ ਗਏ! ਮੈਂ ਹੀ ਇਕੱਲਾ ਬਚ ਨਿੱਕਲਿਆ ਹਾਂ ਕਿ ਤੈਨੂੰ ਦੱਸਾਂ।” 17 ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਿਆ, “ਕਸਦੀ ਤਿੰਨ ਟੋਲੀਆਂ ਬਣਾ ਕੇ ਊਠਾਂ ਉੱਤੇ ਆ ਪਏ ਅਤੇ ਉਹ ਉਨ੍ਹਾਂ ਨੂੰ ਖੋਹ ਕੇ ਲੈ ਗਏ ਹਨ, ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ! ਮੈਂ ਹੀ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ।” 18 ਉਹ ਵੀ ਅਜੇ ਇਹ ਗੱਲਾਂ ਕਰ ਹੀ ਰਿਹਾ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਣ ਲੱਗਾ, “ਤੇਰੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ, 19 ਤਦ ਵੇਖੋ, ਇੱਕ ਵੱਡੀ ਹਵਾ ਜੰਗਲ ਵੱਲੋਂ ਆਈ ਅਤੇ ਘਰ ਦੇ ਚੌਂਹਾਂ ਪਾਸਿਆਂ ਉੱਤੇ ਟੱਕਰ ਮਾਰੀ ਕਿ ਉਹ ਘਰ ਉਨ੍ਹਾਂ ਜੁਆਨਾਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ! ਮੈਂ ਹੀ ਇਕੱਲਾ ਬਚ ਨਿੱਕਲਿਆ ਹਾਂ ਕਿ ਤੈਨੂੰ ਦੱਸਾਂ।” 20 ਤਦ ਅੱਯੂਬ ਉੱਠਿਆ, ਉਸ ਨੇ ਦੁਖੀ ਹੋ ਕੇ ਆਪਣੇ ਕੱਪੜੇ ਪਾੜੇ, ਆਪਣਾ ਸਿਰ ਮੁਨਾ ਲਿਆ ਅਤੇ ਧਰਤੀ ਉੱਤੇ ਡਿੱਗ ਕੇ ਯਹੋਵਾਹ ਨੂੰ ਮੱਥਾ ਟੇਕਿਆ। 21 ਅਤੇ ਆਖਿਆ, “ਮੈਂ ਆਪਣੀ ਮਾਂ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਮੁੜ ਜਾਂਵਾਂਗਾ, ਯਹੋਵਾਹ ਨੇ ਦਿੱਤਾ ਯਹੋਵਾਹ ਨੇ ਲੈ ਲਿਆ, ਯਹੋਵਾਹ ਦਾ ਨਾਮ ਮੁਬਾਰਕ ਹੋਵੇ।” 22 ਇਹਨਾਂ ਸਾਰੀਆਂ ਗੱਲਾਂ ਵਿੱਚ ਨਾ ਤਾਂ ਅੱਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਬੇਸਮਝੀ ਨਾਲ ਦੋਸ਼ ਲਾਇਆ। |
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Bridge Connectivity Solutions Pvt. Ltd.