Online Bible

- Advertisements -


ਤੀਤੁਸ ਨੂੰ 2 - Punjabi Standard Bible


ਖਰੀ ਸਿੱਖਿਆ

1 ਪਰ ਤੂੰ ਅਜਿਹੀਆਂ ਗੱਲਾਂ ਬੋਲਿਆ ਕਰ ਜੋ ਖਰੀ ਸਿੱਖਿਆ ਦੇ ਅਨੁਸਾਰ ਉਚਿਤ ਹਨ।

2 ਬਜ਼ੁਰਗ ਆਦਮੀਆਂ ਨੂੰ ਸੰਜਮੀ, ਆਦਰਯੋਗ, ਸਮਝਦਾਰ ਅਤੇ ਵਿਸ਼ਵਾਸ, ਪ੍ਰੇਮ ਅਤੇ ਧੀਰਜ ਵਿੱਚ ਤਕੜੇ ਹੋਣਾ ਚਾਹੀਦਾ ਹੈ।

3 ਇਸੇ ਤਰ੍ਹਾਂ ਬਜ਼ੁਰਗ ਔਰਤਾਂ ਦਾ ਵਿਹਾਰ ਆਦਰ ਵਾਲਾ ਹੋਣਾ ਚਾਹੀਦਾ ਹੈ। ਉਹ ਨਾ ਦੋਸ਼ ਲਾਉਣ ਵਾਲੀਆਂ ਅਤੇ ਨਾ ਹੀ ਬਹੁਤੀ ਮੈ ਦੀਆਂ ਆਦੀ ਹੋਣ, ਸਗੋਂ ਚੰਗੀਆਂ ਗੱਲਾਂ ਦੀ ਸਿੱਖਿਆ ਦੇਣ ਵਾਲੀਆਂ ਹੋਣ

4 ਤਾਂਕਿ ਜਵਾਨ ਔਰਤਾਂ ਨੂੰ ਸਿਖਾ ਸਕਣ ਕਿ ਉਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪ੍ਰੇਮ ਰੱਖਣ

5 ਅਤੇ ਸਮਝਦਾਰ, ਪਵਿੱਤਰ, ਘਰ ਦਾ ਚੰਗਾ ਪ੍ਰਬੰਧ ਕਰਨ ਵਾਲੀਆਂ ਅਤੇ ਆਪਣੇ ਪਤੀਆਂ ਦੇ ਅਧੀਨ ਰਹਿਣ ਵਾਲੀਆਂ ਹੋਣ, ਤਾਂਕਿ ਪਰਮੇਸ਼ਰ ਦੇ ਵਚਨ ਦੀ ਬਦਨਾਮੀ ਨਾ ਹੋਵੇ।

6 ਇਸੇ ਤਰ੍ਹਾਂ ਜਵਾਨਾਂ ਨੂੰ ਸਿਖਾ ਕਿ ਉਹ ਸਭਨਾਂ ਗੱਲਾਂ ਵਿੱਚ ਸੰਜਮੀ ਹੋਣ।

7 ਤੂੰ ਸਾਰੀਆਂ ਗੱਲਾਂ ਵਿੱਚ ਆਪਣੇ ਆਪ ਨੂੰ ਭਲੇ ਕੰਮਾਂ ਦੇ ਨਮੂਨੇ ਵੱਜੋਂ ਪੇਸ਼ ਕਰ; ਤੇਰੀ ਸਿੱਖਿਆ ਵਿੱਚ ਖਰਾਈ ਅਤੇ ਗੰਭੀਰਤਾ ਹੋਵੇ

8 ਅਤੇ ਤੇਰੀ ਬੋਲੀ ਅਜਿਹੀ ਖਰੀ ਹੋਵੇ ਜਿਸ 'ਤੇ ਦੋਸ਼ ਨਾ ਲਾਇਆ ਜਾ ਸਕੇ ਤਾਂਕਿ ਵਿਰੋਧੀਆਂ ਨੂੰ ਸਾਡੇ ਵਿਖੇ ਕੁਝ ਵੀ ਬੁਰਾ ਕਹਿਣ ਦਾ ਮੌਕਾ ਨਾ ਮਿਲੇ ਅਤੇ ਉਹ ਸ਼ਰਮਿੰਦੇ ਹੋਣ।

9 ਦਾਸਾਂ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਗੱਲਾਂ ਵਿੱਚ ਆਪਣੇ ਮਾਲਕਾਂ ਦੇ ਅਧੀਨ ਰਹਿਣ, ਉਨ੍ਹਾਂ ਨੂੰ ਪ੍ਰਸੰਨ ਰੱਖਣ, ਪਲਟ ਕੇ ਜਵਾਬ ਨਾ ਦੇਣ,

10 ਹੇਰਾਫੇਰੀ ਨਾ ਕਰਨ, ਸਗੋਂ ਪੂਰੀ ਵਫ਼ਾਦਾਰੀ ਵਿਖਾਉਣ ਤਾਂਕਿ ਸਾਰੀਆਂ ਗੱਲਾਂ ਵਿੱਚ ਉਨ੍ਹਾਂ ਦੁਆਰਾ ਸਾਡੇ ਮੁਕਤੀਦਾਤਾ ਪਰਮੇਸ਼ਰ ਦੀ ਸਿੱਖਿਆ ਦੀ ਸੋਭਾ ਹੋਵੇ।

11 ਕਿਉਂਕਿ ਪਰਮੇਸ਼ਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ ਪਰਗਟ ਹੋਈ ਹੈ

12 ਅਤੇ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕੁਧਰਮ ਅਤੇ ਸੰਸਾਰਕ ਲਾਲਸਾਵਾਂ ਨੂੰ ਤਿਆਗ ਕੇ ਵਰਤਮਾਨ ਯੁਗ ਵਿੱਚ ਸੰਜਮ, ਧਾਰਮਿਕਤਾ ਅਤੇ ਭਗਤੀ ਵਾਲਾ ਜੀਵਨ ਬਿਤਾਈਏ

13 ਅਤੇ ਉਸ ਮੁਬਾਰਕ ਆਸ ਅਤੇ ਆਪਣੇ ਮਹਾਨ ਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਮਹਿਮਾ ਦੇ ਪਰਗਟ ਹੋਣ ਦੀ ਉਡੀਕ ਕਰੀਏ

14 ਜਿਸ ਨੇ ਆਪਣੇ ਆਪ ਨੂੰ ਸਾਡੀ ਖਾਤਰ ਦੇ ਦਿੱਤਾ, ਤਾਂਕਿ ਉਹ ਸਾਨੂੰ ਸਾਰੇ ਕੁਧਰਮ ਤੋਂ ਛੁਡਾਵੇ ਅਤੇ ਸਾਨੂੰ ਸ਼ੁੱਧ ਕਰਕੇ ਆਪਣੀ ਅਜਿਹੀ ਖਾਸ ਪਰਜਾ ਬਣਾਵੇ ਜਿਹੜੀ ਭਲੇ ਕੰਮਾਂ ਲਈ ਉਤਸ਼ਾਹੀ ਹੋਵੇ।

15 ਪੂਰੇ ਅਧਿਕਾਰ ਨਾਲ ਇਹ ਗੱਲਾਂ ਕਹਿ, ਸਮਝਾ ਅਤੇ ਸਿਖਾਉਂਦਾ ਰਹਿ। ਕੋਈ ਤੈਨੂੰ ਤੁੱਛ ਨਾ ਸਮਝੇ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements