ਰੋਮੀਆਂ 3 - Punjabi Standard Bibleਪਰਮੇਸ਼ਰ ਦੀ ਵਫ਼ਾਦਾਰੀ 1 ਸੋ ਯਹੂਦੀ ਦਾ ਕੀ ਵਾਧਾ ਜਾਂ ਸੁੰਨਤ ਦਾ ਕੀ ਲਾਭ? 2 ਹਰ ਤਰ੍ਹਾਂ ਨਾਲ ਬਹੁਤ ਕੁਝ; ਸਭ ਤੋਂ ਪਹਿਲਾਂ ਤਾਂ ਇਹ ਕਿ ਪਰਮੇਸ਼ਰ ਦੀਆਂ ਅਗੰਮ ਬਾਣੀਆਂ ਉਨ੍ਹਾਂ ਨੂੰ ਸੌਂਪੀਆਂ ਗਈਆਂ। 3 ਜੇਕਰ ਕੁਝ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਤਾਂ ਫਿਰ ਕੀ ਹੋਇਆ? ਕੀ ਉਨ੍ਹਾਂ ਦੇ ਅਵਿਸ਼ਵਾਸ ਦੇ ਕਾਰਨ ਪਰਮੇਸ਼ਰ ਦੀ ਵਫ਼ਾਦਾਰੀ ਵਿਅਰਥ ਠਹਿਰੇਗੀ? 4 ਕਦੇ ਨਹੀਂ; ਸਗੋਂ ਪਰਮੇਸ਼ਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ, ਜਿਵੇਂ ਲਿਖਿਆ ਹੈ: ਤਾਂਕਿ ਤੂੰ ਆਪਣੀਆਂ ਗੱਲਾਂ ਵਿੱਚ ਧਰਮੀ ਠਹਿਰੇਂ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ। 5 ਸੋ ਜੇ ਸਾਡਾ ਕੁਧਰਮ ਪਰਮੇਸ਼ਰ ਦੀ ਧਾਰਮਿਕਤਾ ਨੂੰ ਪਰਗਟ ਕਰਦਾ ਹੈ ਤਾਂ ਅਸੀਂ ਕੀ ਕਹੀਏ? ਕੀ ਪਰਮੇਸ਼ਰ ਜਿਹੜਾ ਸਜ਼ਾ ਦਿੰਦਾ ਹੈ, ਅਧਰਮੀ ਹੈ? (ਮੈਂ ਇਹ ਮਨੁੱਖੀ ਨਜ਼ਰੀਏ ਤੋਂ ਕਹਿੰਦਾ ਹਾਂ।) 6 ਕਦੇ ਨਹੀਂ; ਨਹੀਂ ਤਾਂ ਪਰਮੇਸ਼ਰ ਸੰਸਾਰ ਦਾ ਨਿਆਂ ਕਿਵੇਂ ਕਰੇਗਾ? 7 ਪਰ ਜੇ ਮੇਰੇ ਝੂਠ ਦੇ ਕਾਰਨ ਪਰਮੇਸ਼ਰ ਦੀ ਸਚਾਈ ਉਸ ਦੀ ਮਹਿਮਾ ਦੇ ਲਈ ਹੋਰ ਵੀ ਵਧੀਕ ਪਰਗਟ ਹੋਈ ਤਾਂ ਫਿਰ ਮੈਨੂੰ ਇੱਕ ਪਾਪੀ ਵਾਂਗ ਦੋਸ਼ੀ ਕਿਉਂ ਠਹਿਰਾਇਆ ਜਾਂਦਾ ਹੈ? 8 ਅਤੇ ਜਿਵੇਂ ਕਿ ਕੁਝ ਲੋਕ ਇਹ ਕਹਿ ਕੇ ਸਾਡੀ ਨਿੰਦਾ ਕਰਦੇ ਹਨ ਕਿ ਅਸੀਂ ਕਹਿੰਦੇ ਹਾਂ, “ਅਸੀਂ ਬੁਰਾਈ ਕਰੀਏ ਤਾਂਕਿ ਭਲਾਈ ਨਿੱਕਲੇ?” ਅਜਿਹੇ ਲੋਕ ਸਜ਼ਾ ਦੇ ਹੀ ਹੱਕਦਾਰ ਹਨ। ਕੋਈ ਧਰਮੀ ਨਹੀਂ 9 ਤਾਂ ਕੀ? ਕੀ ਅਸੀਂ ਉਨ੍ਹਾਂ ਨਾਲੋਂ ਚੰਗੇ ਹਾਂ? ਬਿਲਕੁਲ ਨਹੀਂ; ਕਿਉਂਕਿ ਅਸੀਂ ਯਹੂਦੀਆਂ ਅਤੇ ਯੂਨਾਨੀਆਂ ਦੋਹਾਂ ਉੱਤੇ ਪਹਿਲਾਂ ਹੀ ਇਹ ਦੋਸ਼ ਲਾ ਚੁੱਕੇ ਹਾਂ ਕਿ ਉਹ ਸਾਰੇ ਪਾਪ ਦੇ ਅਧੀਨ ਹਨ। 10 ਜਿਵੇਂ ਲਿਖਿਆ ਹੈ: ਕੋਈ ਧਰਮੀ ਨਹੀਂ, ਇੱਕ ਵੀ ਨਹੀਂ। 11 ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ਰ ਦਾ ਖੋਜੀ ਨਹੀਂ। 12 ਉਹ ਸਭ ਭਟਕ ਗਏ, ਸਭ ਨਿਕੰਮੇ ਹੋ ਗਏ। ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ। 13 ਉਨ੍ਹਾਂ ਦਾ ਸੰਘ ਖੁੱਲ੍ਹੀ ਹੋਈ ਕਬਰ ਹੈ, ਉਹ ਆਪਣੀਆਂ ਜੀਭਾਂ ਨਾਲ ਛਲ ਕਰਦੇ ਹਨ ਅਤੇ ਉਨ੍ਹਾਂ ਦੇ ਬੁੱਲ੍ਹਾਂ ਹੇਠ ਸੱਪਾਂ ਦਾ ਜ਼ਹਿਰ ਹੈ। 14 ਉਨ੍ਹਾਂ ਦਾ ਮੂੰਹ ਸਰਾਪ ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ। 15 ਉਨ੍ਹਾਂ ਦੇ ਪੈਰ ਲਹੂ ਵਹਾਉਣ ਲਈ ਕਾਹਲੇ ਹਨ; 16 ਨਾਸ ਅਤੇ ਬਿਪਤਾ ਉਨ੍ਹਾਂ ਦੇ ਰਾਹਾਂ ਵਿੱਚ ਹੈ 17 ਅਤੇ ਉਨ੍ਹਾਂ ਨੇ ਸ਼ਾਂਤੀ ਦਾ ਰਾਹ ਨਹੀਂ ਪਛਾਣਿਆ। 18 ਉਨ੍ਹਾਂ ਦੀਆਂ ਅੱਖਾਂ ਅੱਗੇ ਪਰਮੇਸ਼ਰ ਦਾ ਡਰ ਨਹੀਂ ਹੈ। 19 ਪਰ ਅਸੀਂ ਜਾਣਦੇ ਹਾਂ ਕਿ ਬਿਵਸਥਾ ਜੋ ਕੁਝ ਕਹਿੰਦੀ ਹੈ ਉਹ ਉਨ੍ਹਾਂ ਨੂੰ ਕਹਿੰਦੀ ਹੈ ਜਿਹੜੇ ਬਿਵਸਥਾ ਦੇ ਅਧੀਨ ਹਨ ਤਾਂਕਿ ਹਰੇਕ ਮੂੰਹ ਬੰਦ ਕੀਤਾ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ਰ ਦੇ ਨਿਆਂ ਹੇਠ ਆ ਜਾਵੇ। 20 ਕਿਉਂਕਿ ਕੋਈ ਵੀ ਪ੍ਰਾਣੀ ਬਿਵਸਥਾ ਦੇ ਕੰਮਾਂ ਤੋਂ ਉਸ ਦੇ ਸਨਮੁੱਖ ਧਰਮੀ ਨਹੀਂ ਠਹਿਰੇਗਾ, ਕਿਉਂ ਜੋ ਬਿਵਸਥਾ ਦੇ ਰਾਹੀਂ ਪਾਪ ਦੀ ਪਛਾਣ ਹੁੰਦੀ ਹੈ। ਵਿਸ਼ਵਾਸ ਦੁਆਰਾ ਪਰਮੇਸ਼ਰ ਦੀ ਧਾਰਮਿਕਤਾ 21 ਪਰ ਹੁਣ ਪਰਮੇਸ਼ਰ ਦੀ ਧਾਰਮਿਕਤਾ ਬਿਵਸਥਾ ਤੋਂ ਬਿਨਾਂ ਪਰਗਟ ਹੋਈ ਹੈ ਅਤੇ ਬਿਵਸਥਾ ਅਤੇ ਨਬੀ ਇਸ ਦੀ ਗਵਾਹੀ ਦਿੰਦੇ ਹਨ, 22 ਅਰਥਾਤ ਪਰਮੇਸ਼ਰ ਦੀ ਉਹ ਧਾਰਮਿਕਤਾ ਜਿਹੜੀ ਯਿਸੂ ਮਸੀਹ ਉੱਤੇ ਸਭ ਵਿਸ਼ਵਾਸ ਕਰਨ ਵਾਲਿਆਂ ਲਈ ਹੈ; ਕਿਉਂ ਜੋ ਕੋਈ ਭਿੰਨ-ਭੇਦ ਨਹੀਂ, 23 ਕਿਉਂਕਿ ਸਭ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਵਾਂਝੇ ਹਨ, 24 ਪਰ ਉਸ ਛੁਟਕਾਰੇ ਦੇ ਦੁਆਰਾ ਜਿਹੜਾ ਮਸੀਹ ਯਿਸੂ ਵਿੱਚ ਹੈ ਪਰਮੇਸ਼ਰ ਦੀ ਕਿਰਪਾ ਦੇ ਰਾਹੀਂ ਮੁਫ਼ਤ ਧਰਮੀ ਠਹਿਰਾਏ ਜਾਂਦੇ ਹਨ। 25 ਜਿਸ ਨੂੰ ਪਰਮੇਸ਼ਰ ਨੇ ਉਸ ਦੇ ਲਹੂ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਪ੍ਰਾਸਚਿਤ ਠਹਿਰਾਇਆ ਤਾਂਕਿ ਪਰਮੇਸ਼ਰ ਆਪਣੀ ਧਾਰਮਿਕਤਾ ਪਰਗਟ ਕਰੇ, ਕਿਉਂਕਿ ਉਸ ਨੇ ਆਪਣੀ ਸਹਿਣਸ਼ੀਲਤਾ ਕਰਕੇ ਪਹਿਲਾਂ ਕੀਤੇ ਗਏ ਪਾਪਾਂ ਨੂੰ ਅਣਦੇਖਾ ਕਰ ਦਿੱਤਾ। 26 ਇਹ ਉਸ ਨੇ ਵਰਤਮਾਨ ਸਮੇਂ ਵਿੱਚ ਆਪਣੀ ਧਾਰਮਿਕਤਾ ਨੂੰ ਪਰਗਟ ਕਰਨ ਲਈ ਕੀਤਾ ਤਾਂਕਿ ਉਹ ਆਪ ਧਰਮੀ ਠਹਿਰੇ ਅਤੇ ਯਿਸੂ ਉੱਤੇ ਵਿਸ਼ਵਾਸ ਕਰਨ ਵਾਲੇ ਨੂੰ ਵੀ ਧਰਮੀ ਠਹਿਰਾਵੇ। ਘਮੰਡ ਦੀ ਕੋਈ ਥਾਂ ਨਹੀਂ 27 ਤਾਂ ਫਿਰ ਘਮੰਡ ਕਿੱਥੇ ਰਿਹਾ? ਇਸ ਦੀ ਕੋਈ ਥਾਂ ਹੀ ਨਹੀਂ। ਕਿਹੜੀ ਬਿਵਸਥਾ ਦੇ ਅਨੁਸਾਰ? ਕੰਮਾਂ ਦੀ? ਨਹੀਂ, ਸਗੋਂ ਵਿਸ਼ਵਾਸ ਦੀ ਬਿਵਸਥਾ ਦੇ ਅਨੁਸਾਰ। 28 ਕਿਉਂਕਿ ਸਾਡਾ ਇਹ ਮੰਨਣਾ ਹੈ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ, ਸਗੋਂ ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ। 29 ਜਾਂ ਕੀ ਪਰਮੇਸ਼ਰ ਕੇਵਲ ਯਹੂਦੀਆਂ ਦਾ ਹੈ? ਕੀ ਪਰਾਈਆਂ ਕੌਮਾਂ ਦਾ ਨਹੀਂ? ਹਾਂ, ਉਹ ਪਰਾਈਆਂ ਕੌਮਾਂ ਦਾ ਵੀ ਹੈ, 30 ਕਿਉਂਕਿ ਇੱਕੋ ਪਰਮੇਸ਼ਰ ਹੈ ਜਿਹੜਾ ਸੁੰਨਤੀ ਅਤੇ ਅਸੁੰਨਤੀ ਦੋਹਾਂ ਨੂੰ ਵਿਸ਼ਵਾਸ ਤੋਂ ਹੀ ਧਰਮੀ ਠਹਿਰਾਵੇਗਾ। 31 ਤਾਂ ਕੀ ਅਸੀਂ ਵਿਸ਼ਵਾਸ ਦੁਆਰਾ ਬਿਵਸਥਾ ਨੂੰ ਵਿਅਰਥ ਠਹਿਰਾਉਂਦੇ ਹਾਂ? ਕਦੇ ਨਹੀਂ। ਸਗੋਂ ਅਸੀਂ ਬਿਵਸਥਾ ਨੂੰ ਕਾਇਮ ਰੱਖਦੇ ਹਾਂ। |