Online Bible

- Advertisements -



ਪ੍ਰਕਾਸ਼ ਪੱਤਰ 3 - Punjabi Standard Bible


ਸਾਰਦੀਸ ਦੀ ਕਲੀਸਿਯਾ ਨੂੰ ਸੰਦੇਸ਼

1 “ਸਾਰਦੀਸ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਜਿਸ ਦੇ ਕੋਲ ਪਰਮੇਸ਼ਰ ਦੇ ਸੱਤ ਆਤਮੇ ਅਤੇ ਸੱਤ ਤਾਰੇ ਹਨ ਉਹ ਇਹ ਕਹਿੰਦਾ ਹੈ: ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ; ਤੂੰ ਜੀਉਂਦਾ ਤਾਂ ਕਹਾਉਂਦਾ ਹੈਂ, ਪਰ ਹੈਂ ਮੁਰਦਾ।

2 ਸਚੇਤ ਹੋ ਅਤੇ ਜੋ ਬਾਕੀ ਹੈ ਤੇ ਖ਼ਤਮ ਹੋਣ ਵਾਲਾ ਹੈ ਉਸ ਨੂੰ ਦ੍ਰਿੜ੍ਹ ਕਰ, ਕਿਉਂਕਿ ਮੈਂ ਆਪਣੇ ਪਰਮੇਸ਼ਰ ਦੇ ਸਨਮੁੱਖ ਤੇਰੇ ਕੰਮਾਂ ਨੂੰ ਸੰਪੂਰਨ ਨਹੀਂ ਪਾਇਆ ਹੈ।

3 ਇਸ ਲਈ ਯਾਦ ਕਰ ਕਿ ਤੂੰ ਕੀ ਸੁਣਿਆ ਅਤੇ ਪ੍ਰਾਪਤ ਕੀਤਾ; ਉਸ ਉੱਤੇ ਚੱਲ ਅਤੇ ਪਸ਼ਚਾਤਾਪ ਕਰ। ਪਰ ਜੇ ਤੂੰ ਸਚੇਤ ਨਾ ਹੋਇਆ ਤਾਂ ਮੈਂ ਚੋਰ ਵਾਂਗ ਆਵਾਂਗਾ ਅਤੇ ਤੈਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੈਂ ਕਿਸ ਘੜੀ ਤੇਰੇ ਉੱਤੇ ਆ ਪਵਾਂਗਾ।

4 ਪਰ ਸਾਰਦੀਸ ਵਿੱਚ ਤੇਰੇ ਕੁਝ ਲੋਕ ਹਨ ਜਿਨ੍ਹਾਂ ਆਪਣੇ ਵਸਤਰਾਂ ਨੂੰ ਭ੍ਰਿਸ਼ਟ ਨਹੀਂ ਕੀਤਾ ਅਤੇ ਉਹ ਸਫ਼ੇਦ ਵਸਤਰਾਂ ਵਿੱਚ ਮੇਰੇ ਨਾਲ ਚੱਲਣਗੇ, ਕਿਉਂਕਿ ਉਹ ਯੋਗ ਹਨ।

5 “ਜਿਹੜਾ ਜਿੱਤੇਗਾ ਉਸ ਨੂੰ ਇਸੇ ਤਰ੍ਹਾਂ ਸਫ਼ੇਦ ਵਸਤਰ ਪਹਿਨਾਏ ਜਾਣਗੇ ਅਤੇ ਮੈਂ ਉਸ ਦਾ ਨਾਮ ਜੀਵਨ ਦੀ ਪੁਸਤਕ ਵਿੱਚੋਂ ਕਦੇ ਨਾ ਮਿਟਾਵਾਂਗਾ, ਸਗੋਂ ਮੈਂ ਆਪਣੇ ਪਿਤਾ ਦੇ ਸਾਹਮਣੇ ਅਤੇ ਉਸ ਦੇ ਦੂਤਾਂ ਦੇ ਸਾਹਮਣੇ ਉਸ ਦਾ ਨਾਮ ਸਵੀਕਾਰ ਕਰਾਂਗਾ।

6 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ।”


ਫ਼ਿਲਦਲਫ਼ੀਏ ਦੀ ਕਲੀਸਿਯਾ ਨੂੰ ਸੰਦੇਸ਼

7 “ਫ਼ਿਲਦਲਫ਼ੀਏ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਜਿਹੜਾ ਪਵਿੱਤਰ ਅਤੇ ਸੱਚਾ ਹੈ ਅਤੇ ਜਿਸ ਕੋਲ ਦਾਊਦ ਦੀ ਕੁੰਜੀ ਹੈ, ਜਿਸ ਦੇ ਖੋਲ੍ਹੇ ਹੋਏ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਬੰਦ ਕੀਤੇ ਹੋਏ ਨੂੰ ਕੋਈ ਖੋਲ੍ਹ ਨਹੀਂ ਸਕਦਾ ਉਹ ਇਹ ਕਹਿੰਦਾ ਹੈ:

8 ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ, ਮੈਂ ਤੇਰੇ ਸਾਹਮਣੇ ਇੱਕ ਖੁੱਲ੍ਹਾ ਹੋਇਆ ਦਰਵਾਜ਼ਾ ਰੱਖਿਆ ਹੈ ਜਿਸ ਨੂੰ ਕੋਈ ਬੰਦ ਨਹੀਂ ਕਰ ਸਕਦਾ; ਭਾਵੇਂ ਤੇਰੇ ਕੋਲ ਥੋੜ੍ਹੀ ਹੀ ਸਮਰੱਥਾ ਹੈ, ਤਾਂ ਵੀ ਤੂੰ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਦਾ ਇਨਕਾਰ ਨਹੀਂ ਕੀਤਾ।

9 ਵੇਖ, ਮੈਂ ਸ਼ੈਤਾਨ ਦੀ ਉਸ ਮੰਡਲੀ ਨੂੰ ਜਿਹੜੇ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ ਪਰ ਹੈ ਨਹੀਂ ਸਗੋਂ ਝੂਠ ਬੋਲਦੇ ਹਨ, ਤੇਰੇ ਵੱਸ ਵਿੱਚ ਕਰ ਦਿਆਂਗਾ; ਵੇਖ, ਮੈਂ ਉਨ੍ਹਾਂ ਨੂੰ ਮਜ਼ਬੂਰ ਕਰ ਦਿਆਂਗਾ ਕਿ ਉਹ ਆ ਕੇ ਤੇਰੇ ਪੈਰਾਂ 'ਤੇ ਡਿੱਗਣ ਅਤੇ ਜਾਣ ਲੈਣ ਕਿ ਮੈਂ ਤੈਨੂੰ ਪਿਆਰ ਕੀਤਾ ਹੈ।

10 ਤੂੰ ਮੇਰੇ ਧੀਰਜ ਦੇ ਵਚਨ ਦੀ ਪਾਲਣਾ ਕੀਤੀ, ਇਸ ਲਈ ਮੈਂ ਵੀ ਤੈਨੂੰ ਪਰੀਖਿਆ ਦੀ ਉਸ ਘੜੀ ਤੋਂ ਬਚਾਵਾਂਗਾ ਜਿਹੜੀ ਧਰਤੀ ਦੇ ਸਭ ਰਹਿਣ ਵਾਲਿਆਂ ਨੂੰ ਪਰਖਣ ਲਈ ਪੂਰੇ ਸੰਸਾਰ ਉੱਤੇ ਆਉਣ ਵਾਲੀ ਹੈ।

11 ਮੈਂ ਛੇਤੀਆ ਰਿਹਾ ਹਾਂ; ਜੋ ਕੁਝ ਤੇਰੇ ਕੋਲ ਹੈ ਉਸ ਨੂੰ ਫੜੀ ਰੱਖ ਤਾਂਕਿ ਕੋਈ ਤੇਰਾ ਤਾਜ ਖੋਹ ਨਾ ਲਵੇ।

12 “ਜਿਹੜਾ ਜਿੱਤੇਗਾ ਮੈਂ ਉਸ ਨੂੰ ਆਪਣੇ ਪਰਮੇਸ਼ਰ ਦੀ ਹੈਕਲ ਦਾ ਥੰਮ੍ਹ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ। ਮੈਂ ਉਸ ਉੱਤੇ ਆਪਣੇ ਪਰਮੇਸ਼ਰ ਦਾ ਨਾਮ, ਆਪਣੇ ਪਰਮੇਸ਼ਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ ਜੋ ਸਵਰਗ ਤੋਂ ਮੇਰੇ ਪਰਮੇਸ਼ਰ ਕੋਲੋਂ ਉੱਤਰਦੀ ਹੈ ਅਤੇ ਆਪਣਾ ਨਵਾਂ ਨਾਮ ਲਿਖਾਂਗਾ।

13 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ।”


ਲਾਉਦਿਕੀਏ ਦੀ ਕਲੀਸਿਯਾ ਨੂੰ ਸੰਦੇਸ਼

14 “ਲਾਉਦਿਕੀਏ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਜਿਹੜਾ ਆਮੀਨ, ਵਫ਼ਾਦਾਰ, ਸੱਚਾ ਗਵਾਹ ਅਤੇ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਉਹ ਇਹ ਕਹਿੰਦਾ ਹੈ:

15 ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਤਾਂ ਠੰਡਾ ਹੈਂ ਅਤੇ ਨਾ ਗਰਮ; ਕਾਸ਼ ਕਿ ਤੂੰ ਠੰਡਾ ਜਾਂ ਗਰਮ ਹੁੰਦਾ!

16 ਸੋ ਤੂੰ ਨਾ ਤਾਂ ਠੰਡਾ ਹੈਂ ਅਤੇ ਨਾ ਗਰਮ ਸਗੋਂ ਕੋਸਾ ਹੈਂ, ਇਸ ਲਈ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਦਿਆਂਗਾ।

17 ਕਿਉਂਕਿ ਤੂੰ ਕਹਿੰਦਾ ਹੈਂ ਕਿ ਮੈਂ ਧਨਵਾਨ ਹਾਂ ਅਤੇ ਧਨੀ ਹੋ ਗਿਆ ਹਾਂ ਅਤੇ ਮੈਨੂੰ ਕਿਸੇ ਚੀਜ਼ ਦੀ ਥੁੜ੍ਹ ਨਹੀਂ ਹੈ, ਪਰ ਤੂੰ ਨਹੀਂ ਜਾਣਦਾ ਕਿ ਤੂੰ ਮੰਦਭਾਗਾ, ਤਰਸਯੋਗ, ਗਰੀਬ, ਅੰਨ੍ਹਾ ਅਤੇ ਨੰਗਾ ਹੈਂ।

18 ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਤੂੰ ਮੇਰੇ ਕੋਲੋਂ ਅੱਗ ਨਾਲ ਸ਼ੁੱਧ ਕੀਤਾ ਹੋਇਆ ਸੋਨਾ ਖਰੀਦ ਲੈ ਤਾਂਕਿ ਤੂੰ ਧਨਵਾਨ ਹੋ ਜਾਵੇਂ ਅਤੇ ਪਹਿਨਣ ਲਈ ਸਫ਼ੇਦ ਵਸਤਰ, ਤਾਂਕਿ ਤੇਰੇ ਨੰਗੇਜ ਦੀ ਲੱਜਾ ਪਰਗਟ ਨਾ ਹੋਵੇ ਅਤੇ ਅੱਖਾਂ ਵਿੱਚ ਪਾਉਣ ਲਈ ਸੁਰਮਾ, ਤਾਂਕਿ ਤੂੰ ਵੇਖ ਸਕੇਂ।

19 ਮੈਂ ਜਿੰਨਿਆਂ ਨਾਲ ਪ੍ਰੇਮ ਕਰਦਾ ਹਾਂ ਉਨ੍ਹਾਂ ਨੂੰ ਝਿੜਕਦਾ ਅਤੇ ਤਾੜਦਾ ਹਾਂ; ਇਸ ਲਈ ਸਰਗਰਮ ਹੋ ਅਤੇ ਪਸ਼ਚਾਤਾਪ ਕਰ।

20 ਵੇਖ, ਮੈਂ ਦਰਵਾਜ਼ੇ 'ਤੇ ਖੜ੍ਹਾ ਖੜਕਾ ਰਿਹਾ ਹਾਂ; ਜੇ ਕੋਈ ਮੇਰੀ ਅਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹ ਦੇਵੇ ਤਾਂ ਮੈਂ ਉਸ ਦੇ ਕੋਲ ਅੰਦਰ ਆਵਾਂਗਾ ਅਤੇ ਉਸ ਦੇ ਨਾਲ ਭੋਜਨ ਕਰਾਂਗਾ ਅਤੇ ਉਹ ਮੇਰੇ ਨਾਲ।

21 “ਜਿਹੜਾ ਜਿੱਤੇਗਾ ਮੈਂ ਉਸ ਨੂੰ ਆਪਣੇ ਨਾਲ ਸਿੰਘਾਸਣ ਉੱਤੇ ਬਿਠਾਵਾਂਗਾ, ਜਿਵੇਂ ਮੈਂ ਵੀ ਜਿੱਤ ਕੇ ਆਪਣੇ ਪਿਤਾ ਦੇ ਨਾਲ ਉਸ ਦੇ ਸਿੰਘਾਸਣ ਉੱਤੇ ਬੈਠਾ।

22 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ।”

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements