ਪ੍ਰਕਾਸ਼ ਪੱਤਰ 22 - Punjabi Standard Bibleਜੀਵਨ ਦਾ ਦਰਖ਼ਤ 1 ਫਿਰ ਸਵਰਗਦੂਤ ਨੇ ਮੈਨੂੰ ਬਲੌਰ ਵਾਂਗ ਚਮਕਦੀ ਹੋਈ ਜੀਵਨ-ਜਲ ਦੀ ਨਦੀ ਵਿਖਾਈ ਜਿਹੜੀ ਲੇਲੇ ਦੇ ਅਤੇ ਪਰਮੇਸ਼ਰ ਦੇ ਸਿੰਘਾਸਣ ਤੋਂ ਨਿੱਕਲਦੀ ਸੀ 2 ਅਤੇ ਸੜਕ ਦੇ ਵਿੱਚੋਂ ਦੀ ਵਹਿੰਦੀ ਸੀ। ਇਸ ਨਦੀ ਦੇ ਇਸ ਪਾਸੇ ਅਤੇ ਉਸ ਪਾਸੇ ਜੀਵਨ ਦਾ ਦਰਖ਼ਤ ਸੀ ਜੋ ਬਾਰਾਂ ਪ੍ਰਕਾਰ ਦੇ ਫਲ ਦਿੰਦਾ ਸੀ ਅਤੇ ਇਹ ਹਰ ਮਹੀਨੇ ਆਪਣਾ ਫਲ ਦਿੰਦਾ ਸੀ ਤੇ ਇਸ ਦੇ ਪੱਤੇ ਕੌਮਾਂ ਦੀ ਚੰਗਾਈ ਲਈ ਸਨ। 3 ਅੱਗੇ ਤੋਂ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ਰ ਦਾ ਅਤੇ ਲੇਲੇ ਦਾ ਸਿੰਘਾਸਣ ਉਸ ਨਗਰੀ ਵਿੱਚ ਹੋਵੇਗਾ ਅਤੇ ਉਸ ਦੇ ਦਾਸ ਉਸ ਦੀ ਸੇਵਾ ਕਰਨਗੇ। 4 ਉਹ ਉਸ ਦਾ ਚਿਹਰਾ ਵੇਖਣਗੇ ਅਤੇ ਉਸ ਦਾ ਨਾਮ ਉਨ੍ਹਾਂ ਦੇ ਮੱਥਿਆਂ 'ਤੇ ਹੋਵੇਗਾ। 5 ਅੱਗੇ ਤੋਂ ਰਾਤ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਦੀਵੇ ਅਤੇ ਸੂਰਜ ਦੇ ਚਾਨਣ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਪ੍ਰਭੂ ਪਰਮੇਸ਼ਰ ਉਨ੍ਹਾਂ ਉੱਤੇ ਚਾਨਣ ਕਰੇਗਾ ਅਤੇ ਉਹ ਯੁਗੋ-ਯੁਗ ਰਾਜ ਕਰਨਗੇ। ਸਮਾਂ ਨੇੜੇ ਹੈ 6 ਫਿਰ ਉਸ ਨੇ ਮੈਨੂੰ ਕਿਹਾ, “ਇਹ ਵਚਨ ਵਿਸ਼ਵਾਸਯੋਗ ਅਤੇ ਸੱਚੇ ਹਨ। ਪ੍ਰਭੂ ਪਰਮੇਸ਼ਰ ਨੇ ਜਿਹੜਾ ਨਬੀਆਂ ਦੀਆਂ ਆਤਮਾਵਾਂ ਦਾ ਪਰਮੇਸ਼ਰ ਹੈ, ਆਪਣੇ ਦੂਤ ਨੂੰ ਭੇਜਿਆ ਕਿ ਆਪਣੇ ਦਾਸਾਂ ਉੱਤੇ ਉਨ੍ਹਾਂ ਗੱਲਾਂ ਨੂੰ ਪਰਗਟ ਕਰੇ ਜੋ ਛੇਤੀ ਹੋਣ ਵਾਲੀਆਂ ਹਨ।” 7 “ਵੇਖ, ਮੈਂ ਛੇਤੀ ਆ ਰਿਹਾ ਹਾਂ। ਧੰਨ ਹੈ ਉਹ ਜਿਹੜਾ ਭਵਿੱਖਬਾਣੀ ਦੇ ਵਚਨਾਂ ਦੀ ਜੋ ਇਸ ਪੁਸਤਕ ਵਿੱਚ ਲਿਖੇ ਹੋਏ ਹਨ, ਪਾਲਣਾ ਕਰਦਾ ਹੈ।” 8 ਮੈਂ ਯੂਹੰਨਾ ਉਹੀ ਹਾਂ ਜਿਸ ਨੇ ਇਨ੍ਹਾਂ ਗੱਲਾਂ ਨੂੰ ਸੁਣਿਆ ਅਤੇ ਵੇਖਿਆ ਅਤੇ ਜਦੋਂ ਮੈਂ ਸੁਣਿਆ ਤੇ ਵੇਖਿਆ ਤਾਂ ਮੈਂ ਉਸ ਦੂਤ ਨੂੰ ਮੱਥਾ ਟੇਕਣ ਲਈ ਉਸ ਦੇ ਪੈਰਾਂ ਉੱਤੇ ਡਿੱਗ ਪਿਆ ਜਿਸ ਨੇ ਮੈਨੂੰ ਇਹ ਗੱਲਾਂ ਵਿਖਾਈਆਂ ਸਨ। 9 ਪਰ ਉਸ ਨੇ ਮੈਨੂੰ ਕਿਹਾ, “ਵੇਖ, ਇਸ ਤਰ੍ਹਾਂ ਨਾ ਕਰ! ਮੈਂ ਤੇਰਾ ਅਤੇ ਤੇਰੇ ਭਾਈ ਨਬੀਆਂ ਦਾ ਅਤੇ ਇਸ ਪੁਸਤਕ ਦੇ ਵਚਨਾਂ ਦੀ ਪਾਲਣਾ ਕਰਨ ਵਾਲਿਆਂ ਦਾ ਸੰਗੀ ਦਾਸ ਹਾਂ; ਪਰਮੇਸ਼ਰ ਨੂੰ ਹੀ ਮੱਥਾ ਟੇਕ।” 10 ਫਿਰ ਉਸ ਨੇ ਮੈਨੂੰ ਕਿਹਾ, “ਇਸ ਪੁਸਤਕ ਦੇ ਭਵਿੱਖਬਾਣੀ ਦੇ ਵਚਨਾਂ ਨੂੰ ਮੋਹਰਬੰਦ ਨਾ ਕਰ, ਕਿਉਂਕਿ ਸਮਾਂ ਨੇੜੇ ਹੈ। 11 ਜਿਹੜਾ ਕੁਧਰਮੀ ਹੈ ਉਹ ਕੁਧਰਮ ਕਰਦਾ ਰਹੇ; ਜਿਹੜਾ ਭ੍ਰਿਸ਼ਟ ਹੈ ਉਹ ਭ੍ਰਿਸ਼ਟ ਬਣਿਆ ਰਹੇ; ਜਿਹੜਾ ਧਰਮੀ ਹੈ ਉਹ ਧਾਰਮਿਕਤਾ ਦੇ ਕੰਮ ਕਰਦਾ ਰਹੇ; ਜਿਹੜਾ ਪਵਿੱਤਰ ਹੈ ਉਹ ਪਵਿੱਤਰ ਰਹੇ।” 12 “ਵੇਖ, ਮੈਂ ਛੇਤੀ ਆ ਰਿਹਾ ਹਾਂ ਅਤੇ ਹਰੇਕ ਨੂੰ ਉਸ ਦੇ ਕੰਮ ਦੇ ਅਨੁਸਾਰ ਦੇਣ ਲਈ ਪ੍ਰਤਿਫਲ ਮੇਰੇ ਕੋਲ ਹੈ। 13 ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਆਖਰੀ, ਆਦ ਅਤੇ ਅੰਤ ਹਾਂ। 14 “ਧੰਨ ਹਨ ਉਹ ਜਿਹੜੇ ਆਪਣੇ ਵਸਤਰਾਂ ਨੂੰ ਧੋ ਲੈਂਦੇ ਹਨ ; ਉਹ ਜੀਵਨ ਦੇ ਰੁੱਖ ਦੇ ਅਧਿਕਾਰੀ ਹੋਣਗੇ ਅਤੇ ਫਾਟਕਾਂ ਰਾਹੀਂ ਨਗਰੀ ਵਿੱਚ ਪ੍ਰਵੇਸ਼ ਕਰਨਗੇ। 15 ਪਰ ਕੁੱਤੇ, ਜਾਦੂ-ਟੂਣਾ ਕਰਨ ਵਾਲੇ, ਵਿਭਚਾਰੀ, ਖੂਨੀ, ਮੂਰਤੀ-ਪੂਜਕ ਅਤੇ ਹਰੇਕ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਇਸ ਉੱਤੇ ਚੱਲਦਾ ਹੈ, ਨਗਰੀ ਤੋਂ ਬਾਹਰ ਰਹਿਣਗੇ। 16 “ਮੈਂ ਯਿਸੂ ਨੇ ਆਪਣੇ ਦੂਤ ਨੂੰ ਇਸ ਲਈ ਭੇਜਿਆ ਕਿ ਉਹ ਤੁਹਾਨੂੰ ਕਲੀਸਿਆਵਾਂ ਨਾਲ ਸੰਬੰਧਤ ਇਨ੍ਹਾਂ ਗੱਲਾਂ ਦੀ ਗਵਾਹੀ ਦੇਵੇ। ਮੈਂ ਦਾਊਦ ਦੀ ਜੜ੍ਹ ਅਤੇ ਸੰਤਾਨ ਅਤੇ ਚਮਕਦਾ ਹੋਇਆ ਸਵੇਰ ਦਾ ਤਾਰਾ ਹਾਂ।” 17 ਆਤਮਾ ਅਤੇ ਲਾੜੀ ਕਹਿੰਦੇ ਹਨ, “ਆ!” ਅਤੇ ਸੁਣਨ ਵਾਲਾ ਵੀ ਕਹੇ, “ਆ!” ਜਿਹੜਾ ਪਿਆਸਾ ਹੈ ਉਹ ਆਵੇ; ਜਿਸ ਦੀ ਇੱਛਾ ਹੋਵੇ ਉਹ ਮੁਫ਼ਤ ਵਿੱਚ ਜੀਵਨ-ਜਲ ਲਵੇ। 18 ਮੈਂ ਹਰੇਕ ਨੂੰ ਜਿਹੜਾ ਇਸ ਪੁਸਤਕ ਦੇ ਭਵਿੱਖਬਾਣੀ ਦੇ ਵਚਨਾਂ ਨੂੰ ਸੁਣਦਾ ਹੈ, ਇਹ ਚਿਤਾਵਨੀ ਦਿੰਦਾ ਹਾਂ: “ਜੇ ਕੋਈ ਇਨ੍ਹਾਂ ਵਚਨਾਂ ਵਿੱਚ ਕੁਝ ਜੋੜੇ ਤਾਂ ਪਰਮੇਸ਼ਰ ਇਸ ਪੁਸਤਕ ਵਿੱਚ ਲਿਖੀਆਂ ਬਿਪਤਾਵਾਂ ਉਸ ਉੱਤੇ ਪਾਵੇਗਾ। 19 ਜੇ ਕੋਈ ਭਵਿੱਖਬਾਣੀ ਦੀ ਇਸ ਪੁਸਤਕ ਦੇ ਵਚਨਾਂ ਵਿੱਚੋਂ ਕੁਝ ਘਟਾਵੇ ਤਾਂ ਪਰਮੇਸ਼ਰ ਉਸ ਜੀਵਨ ਦੇ ਦਰਖ਼ਤ ਅਤੇ ਪਵਿੱਤਰ ਨਗਰੀ ਵਿੱਚੋਂ ਜਿਨ੍ਹਾਂ ਦੇ ਵਿਖੇ ਇਸ ਪੁਸਤਕ ਵਿੱਚ ਲਿਖਿਆ ਹੈ, ਉਸ ਦਾ ਹਿੱਸਾ ਹਟਾ ਦੇਵੇਗਾ।” 20 ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ ਉਹ ਕਹਿੰਦਾ ਹੈ,“ਹਾਂ, ਮੈਂ ਛੇਤੀ ਆ ਰਿਹਾ ਹਾਂ।” ਆਮੀਨ! ਹੇ ਪ੍ਰਭੂ ਯਿਸੂ, ਆ! 21 ਪ੍ਰਭੂ ਯਿਸੂ ਦੀ ਕਿਰਪਾ ਸਭਨਾਂ ਉੱਤੇ ਬਣੀ ਰਹੇ। ਆਮੀਨ। |