Online Bible

- Advertisements -



ਪ੍ਰਕਾਸ਼ ਪੱਤਰ 2 - Punjabi Standard Bible


ਅਫ਼ਸੁਸ ਦੀ ਕਲੀਸਿਯਾ ਨੂੰ ਸੰਦੇਸ਼

1 “ਅਫ਼ਸੁਸ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਜਿਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੋਨੇ ਦੇ ਸੱਤ ਸ਼ਮਾਦਾਨਾਂ ਵਿਚਕਾਰ ਚੱਲਦਾ-ਫਿਰਦਾ ਹੈ ਉਹ ਇਹ ਕਹਿੰਦਾ ਹੈ:

2 ਮੈਂ ਤੇਰੇ ਕੰਮਾਂ ਨੂੰ, ਤੇਰੀ ਮਿਹਨਤ ਨੂੰ ਅਤੇ ਤੇਰੇ ਧੀਰਜ ਨੂੰ ਜਾਣਦਾ ਹਾਂ ਅਤੇ ਇਹ ਵੀ ਕਿ ਤੂੰ ਬੁਰੇ ਲੋਕਾਂ ਨੂੰ ਸਹਿਣ ਨਹੀਂ ਕਰਦਾ। ਤੂੰ ਉਨ੍ਹਾਂ ਨੂੰ ਜਿਹੜੇ ਆਪਣੇ ਆਪ ਨੂੰ ਰਸੂਲ ਤਾਂ ਕਹਿੰਦੇ ਹਨ ਪਰ ਹੈ ਨਹੀਂ, ਪਰਖ ਲਿਆ ਅਤੇ ਝੂਠਾ ਪਾਇਆ ਹੈ।

3 ਤੂੰ ਧੀਰਜ ਰੱਖਦਾ ਹੈਂ ਅਤੇ ਮੇਰੇ ਨਾਮ ਦੀ ਖਾਤਰ ਤੂੰ ਬਹੁਤ ਕੁਝ ਸਹਿਣ ਕੀਤਾ ਅਤੇ ਥੱਕਿਆ ਨਹੀਂ।

4 ਪਰ ਮੈਨੂੰ ਤੇਰੇ ਵਿਰੁੱਧ ਇਹ ਕਹਿਣਾ ਹੈ ਕਿ ਤੂੰ ਆਪਣੇ ਪਹਿਲੇ ਪ੍ਰੇਮ ਨੂੰ ਛੱਡ ਦਿੱਤਾ ਹੈ।

5 ਇਸ ਲਈ ਯਾਦ ਕਰ ਕਿ ਤੂੰ ਕਿੱਥੋਂ ਡਿੱਗਿਆ ਹੈਂ ਅਤੇ ਪਸ਼ਚਾਤਾਪ ਕਰ ਅਤੇ ਪਹਿਲਾਂ ਵਰਗੇ ਕੰਮ ਕਰ; ਜੇ ਤੂੰ ਪਸ਼ਚਾਤਾਪ ਨਾ ਕੀਤਾ, ਤਾਂ ਮੈਂ ਤੇਰੇ ਕੋਲਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਸ ਦੇ ਸਥਾਨ ਤੋਂ ਹਟਾ ਦਿਆਂਗਾ।

6 ਪਰ ਤੇਰੇ ਵਿੱਚ ਇਹ ਗੱਲ ਤਾਂ ਹੈ ਕਿ ਤੂੰ ਨਿਕੁਲਾਈਆਂ ਦੇ ਕੰਮਾਂ ਤੋਂ ਘਿਰਣਾ ਕਰਦਾ ਹੈਂ, ਜਿਨ੍ਹਾਂ ਤੋਂ ਮੈਂ ਵੀ ਘਿਰਣਾ ਕਰਦਾ ਹਾਂ।

7 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ; ਜਿਹੜਾ ਜਿੱਤੇਗਾ ਮੈਂ ਉਸ ਨੂੰ ਜੀਵਨ ਦੇ ਦਰਖ਼ਤ ਤੋਂ ਖਾਣ ਦਾ ਅਧਿਕਾਰ ਦਿਆਂਗਾ ਜੋ ਪਰਮੇਸ਼ਰ ਦੇ ਫ਼ਿਰਦੌਸ ਵਿੱਚ ਹੈ ।


ਸਮੁਰਨੇ ਦੀ ਕਲੀਸਿਯਾ ਨੂੰ ਸੰਦੇਸ਼

8 “ਸਮੁਰਨੇ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਜਿਹੜਾ ਪਹਿਲਾ ਅਤੇ ਆਖਰੀ ਹੈ, ਜਿਹੜਾ ਮਰ ਗਿਆ ਸੀ ਅਤੇ ਜੀ ਉੱਠਿਆ ਹੈ ਉਹ ਇਹ ਕਹਿੰਦਾ ਹੈ:

9 ਮੈਂਤੇਰੇ ਕਸ਼ਟ ਅਤੇ ਗਰੀਬੀ ਨੂੰ ਜਾਣਦਾ ਹਾਂ (ਅਸਲ ਵਿੱਚ ਤੂੰ ਧਨਵਾਨ ਹੈਂ) ਅਤੇ ਉਨ੍ਹਾਂ ਦੀ ਨਿੰਦਾ ਨੂੰ ਵੀ ਜਾਣਦਾ ਹਾਂ ਜਿਹੜੇ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ ਪਰ ਹੈ ਨਹੀਂ, ਬਲਕਿ ਸ਼ੈਤਾਨ ਦੀ ਮੰਡਲੀ ਹਨ।

10 ਜਿਹੜੇ ਦੁੱਖ ਤੂੰ ਝੱਲਣ ਵਾਲਾ ਹੈਂ, ਉਨ੍ਹਾਂ ਤੋਂ ਨਾ ਡਰ। ਵੇਖ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦਖ਼ਾਨੇ ਵਿੱਚ ਸੁੱਟਣ ਵਾਲਾ ਹੈ ਤਾਂਕਿ ਤੁਸੀਂ ਪਰਖੇ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੱਕ ਕਸ਼ਟ ਹੋਵੇਗਾ; ਮੌਤ ਤੱਕ ਵਿਸ਼ਵਾਸਯੋਗ ਰਹਿ ਅਤੇ ਮੈਂ ਤੈਨੂੰ ਜੀਵਨ ਦਾ ਤਾਜ ਦਿਆਂਗਾ।

11 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ; ਜਿਹੜਾ ਜਿੱਤੇਗਾ ਦੂਜੀ ਮੌਤ ਤੋਂ ਉਸ ਦੀ ਕੋਈ ਹਾਨੀ ਨਾ ਹੋਵੇਗੀ।


ਪਰਗਮੁਮ ਦੀ ਕਲੀਸਿਯਾ ਨੂੰ ਸੰਦੇਸ਼

12 “ਪਰਗਮੁਮ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਜਿਸ ਕੋਲ ਤਿੱਖੀ ਦੋ ਧਾਰੀ ਤਲਵਾਰ ਹੈ ਉਹ ਇਹ ਕਹਿੰਦਾ ਹੈ:

13 ਮੈਂਜਾਣਦਾ ਹਾਂ ਕਿ ਤੂੰ ਉੱਥੇ ਰਹਿੰਦਾ ਹੈਂ ਜਿੱਥੇ ਸ਼ੈਤਾਨ ਦਾ ਸਿੰਘਾਸਣ ਹੈ; ਤਾਂ ਵੀ ਤੂੰ ਮੇਰੇ ਨਾਮ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖਿਆ ਹੈ ਅਤੇ ਆਪਣੇ ਵਿਸ਼ਵਾਸ ਦਾ ਜੋ ਤੂੰ ਮੇਰੇ ਉੱਤੇ ਰੱਖਦਾ ਹੈਂ, ਮੇਰੇ ਵਿਸ਼ਵਾਸਯੋਗ ਗਵਾਹ ਅੰਤਿਪਾਸ ਦੇ ਦਿਨਾਂ ਵਿੱਚ ਵੀ ਇਨਕਾਰ ਨਹੀਂ ਕੀਤਾ ਜਿਹੜਾ ਤੁਹਾਡੇ ਵਿਚਕਾਰ ਹੀ ਮਾਰਿਆ ਗਿਆ ਜਿੱਥੇ ਸ਼ੈਤਾਨ ਦਾ ਵਾਸ ਹੈ।

14 ਪਰ ਮੈਨੂੰ ਤੇਰੇ ਵਿਰੁੱਧ ਕੁਝ ਕਹਿਣਾ ਹੈ; ਤੇਰੇ ਕੋਲ ਕੁਝ ਅਜਿਹੇ ਹਨ ਜਿਹੜੇ ਬਿਲਆਮ ਦੀ ਸਿੱਖਿਆ ਉੱਤੇ ਚੱਲਦੇ ਹਨ ਜਿਸ ਨੇ ਬਾਲਾਕ ਨੂੰ ਸਿਖਾਇਆ ਕਿ ਉਹ ਇਸਰਾਏਲੀਆਂ ਦੇ ਸਾਹਮਣੇ ਠੋਕਰ ਦਾ ਪੱਥਰ ਰੱਖੇ ਤਾਂਕਿ ਉਹ ਮੂਰਤੀਆਂ ਨੂੰ ਚੜ੍ਹਾਇਆ ਗਿਆ ਭੋਜਨ ਖਾਣ ਅਤੇ ਵਿਭਚਾਰ ਕਰਨ।

15 ਇਸੇ ਤਰ੍ਹਾਂ ਤੁਹਾਡੇ ਵਿਚਕਾਰ ਕੁਝ ਅਜਿਹੇ ਵੀ ਹਨ ਜਿਹੜੇ ਨਿਕੁਲਾਈਆਂ ਦੀ ਸਿੱਖਿਆ ਨੂੰ ਮੰਨਦੇ ਹਨ।

16 ਇਸ ਲਈ ਪਸ਼ਚਾਤਾਪ ਕਰ, ਨਹੀਂ ਤਾਂ ਮੈਂ ਛੇਤੀ ਤੇਰੇ ਕੋਲ ਆਵਾਂਗਾ ਅਤੇ ਉਨ੍ਹਾਂ ਨਾਲ ਆਪਣੇ ਮੂੰਹ ਦੀ ਤਲਵਾਰ ਨਾਲ ਲੜਾਂਗਾ।

17 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ; ਜਿਹੜਾ ਜਿੱਤੇਗਾ ਮੈਂ ਉਸ ਨੂੰ ਗੁਪਤ ਮੰਨੇ ਵਿੱਚੋਂ ਦਿਆਂਗਾ। ਮੈਂ ਉਸ ਨੂੰ ਸਫ਼ੇਦ ਪੱਥਰ ਵੀ ਦਿਆਂਗਾ; ਉਸ ਪੱਥਰ ਉੱਤੇ ਇੱਕ ਨਵਾਂ ਨਾਮ ਉੱਕਰਿਆ ਹੋਇਆ ਹੈ ਜਿਸ ਨੂੰ ਇਸ ਦੇ ਪ੍ਰਾਪਤ ਕਰਨ ਵਾਲੇ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ।


ਥੂਆਤੀਰੇ ਦੀ ਕਲੀਸਿਯਾ ਨੂੰ ਸੰਦੇਸ਼

18 “ਥੂਆਤੀਰੇ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਪਰਮੇਸ਼ਰ ਦਾ ਪੁੱਤਰ ਜਿਸ ਦੀਆਂ ਅੱਖਾਂ ਅੱਗ ਦੀ ਲਾਟ ਜਿਹੀਆਂ ਅਤੇ ਜਿਸ ਦੇ ਪੈਰ ਚਮਕਦੇ ਹੋਏ ਪਿੱਤਲ ਵਰਗੇ ਹਨ ਉਹ ਇਹ ਕਹਿੰਦਾ ਹੈ:

19 ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ, ਵਿਸ਼ਵਾਸ, ਸੇਵਾ ਅਤੇ ਧੀਰਜ ਨੂੰ ਜਾਣਦਾ ਹਾਂ: ਤੇਰੇ ਹੁਣ ਦੇ ਕੰਮ ਤੇਰੇ ਪਹਿਲੇ ਕੰਮਾਂ ਨਾਲੋਂ ਵਧਕੇ ਹਨ।

20 ਪਰ ਮੈਨੂੰ ਤੇਰੇ ਵਿਰੁੱਧ ਇਹ ਕਹਿਣਾ ਹੈ; ਤੂੰ ਉਸ ਔਰਤ ਈਜ਼ਬਲ ਨੂੰ ਸਹਿਣ ਕਰਦਾ ਹੈਂ ਜਿਹੜੀ ਆਪਣੇ ਆਪ ਨੂੰ ਨਬੀਆ ਕਹਿੰਦੀ ਹੈ ਅਤੇ ਮੇਰੇ ਦਾਸਾਂ ਨੂੰ ਇਹ ਸਿੱਖਿਆ ਦੇ ਕੇ ਭਰਮਾਉਂਦੀ ਹੈ ਕਿ ਉਹ ਵਿਭਚਾਰ ਕਰਨ ਅਤੇ ਮੂਰਤੀਆਂ ਨੂੰ ਚੜ੍ਹਾਇਆ ਹੋਇਆ ਭੋਜਨ ਖਾਣ।

21 ਮੈਂ ਉਸ ਨੂੰ ਸਮਾਂ ਦਿੱਤਾ ਕਿ ਉਹ ਤੋਬਾ ਕਰੇ, ਪਰ ਉਹ ਆਪਣੇ ਵਿਭਚਾਰ ਤੋਂ ਤੋਬਾ ਨਹੀਂ ਕਰਨਾ ਚਾਹੁੰਦੀ।

22 ਵੇਖ, ਮੈਂ ਉਸ ਨੂੰ ਬਿਮਾਰੀ ਦੇ ਬਿਸਤਰੇ 'ਤੇ ਪਾ ਦਿਆਂਗਾ ਅਤੇ ਉਸ ਨਾਲ ਵਿਭਚਾਰ ਕਰਨ ਵਾਲਿਆਂ ਨੂੰ ਜੇ ਉਹ ਉਸ ਦੇ ਕੰਮਾਂ ਤੋਂ ਨਹੀਂ ਮੁੜਦੇ, ਵੱਡੇ ਕਸ਼ਟ ਵਿੱਚ ਪਾ ਦਿਆਂਗਾ।

23 ਮੈਂ ਉਸ ਦੇ ਬੱਚਿਆਂ ਨੂੰ ਮਾਰ ਸੁੱਟਾਂਗਾ; ਤਦ ਸਭ ਕਲੀਸਿਆਵਾਂ ਜਾਣ ਲੈਣਗੀਆਂ ਕਿ ਮੈਂ ਹੀ ਹਾਂ ਜੋ ਮਨਾਂਅਤੇ ਹਿਰਦਿਆਂ ਨੂੰ ਜਾਂਚਦਾ ਹਾਂ; ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੇ ਕੰਮਾਂ ਦੇ ਅਨੁਸਾਰ ਬਦਲਾ ਦਿਆਂਗਾ।

24 ਮੈਂ ਤੁਹਾਨੂੰ ਬਾਕੀਆਂ ਨੂੰ ਜਿਹੜੇ ਥੂਆਤੀਰੇ ਵਿੱਚ ਹੋ ਅਤੇ ਇਸ ਸਿੱਖਿਆ ਉੱਤੇ ਨਹੀਂ ਚੱਲਦੇ ਅਤੇ ਜਿਨ੍ਹਾਂ ਸ਼ੈਤਾਨ ਦੀਆਂ ਉਨ੍ਹਾਂ ਗੱਲਾਂ ਨੂੰ ਜੋ ‘ਡੂੰਘੀਆਂ’ ਕਹਾਉਂਦੀਆਂ ਹਨ, ਨਹੀਂ ਜਾਣਿਆ ਇਹ ਕਹਿੰਦਾ ਹਾਂ ਕਿ ਮੈਂ ਤੁਹਾਡੇ ਉੱਤੇ ਹੋਰ ਬੋਝ ਨਹੀਂ ਪਾਵਾਂਗਾ।

25 ਪਰ ਜੋ ਤੁਹਾਡੇ ਕੋਲ ਹੈ, ਮੇਰੇ ਆਉਣ ਤੱਕ ਉਸ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੋ।

26 ਜਿਹੜਾ ਜਿੱਤੇਗਾ ਅਤੇ ਅੰਤ ਤੱਕ ਮੇਰੇ ਕੰਮਾਂ ਅਨੁਸਾਰ ਚੱਲਦਾ ਰਹੇਗਾ, ਉਸ ਨੂੰ ਮੈਂ ਕੌਮਾਂ ਉੱਤੇ ਅਧਿਕਾਰ ਦਿਆਂਗਾ;

27 ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਰਾਜ ਕਰੇਗਾ ਅਤੇ ਉਨ੍ਹਾਂ ਨੂੰ ਮਿੱਟੀ ਦੇ ਬਰਤਨਾਂ ਵਾਂਗ ਚਕਨਾਚੂਰ ਕਰ ਦੇਵੇਗਾ।

28 ਇਹੋ ਅਧਿਕਾਰ ਮੈਂ ਵੀ ਆਪਣੇ ਪਿਤਾ ਤੋਂ ਪਾਇਆ ਹੈ; ਮੈਂ ਉਸ ਨੂੰ ਸਵੇਰ ਦਾ ਤਾਰਾ ਦਿਆਂਗਾ।

29 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements