Online Bible

- Advertisements -


ਫ਼ਿਲਿੱਪੈ 3 - Punjabi Standard Bible


ਮਸੀਹ ਨੂੰ ਜਾਣਨਾ

1 ਅੰਤ ਵਿੱਚ ਹੇ ਮੇਰੇ ਭਾਈਓ, ਪ੍ਰਭੂ ਵਿੱਚ ਅਨੰਦ ਮਨਾਓ। ਤੁਹਾਨੂੰ ਬਾਰ-ਬਾਰ ਉਹੀ ਗੱਲਾਂ ਲਿਖਣ ਵਿੱਚ ਮੈਨੂੰ ਕੋਈ ਪਰੇਸ਼ਾਨੀ ਨਹੀਂ, ਬਲਕਿ ਇਹ ਤੁਹਾਡੇ ਭਲੇ ਲਈ ਹਨ।

2 “ਕੁੱਤਿਆਂ” ਤੋਂ ਸਾਵਧਾਨ ਰਹੋ, ਕੁਕਰਮੀਆਂ ਤੋਂ ਸਾਵਧਾਨ ਰਹੋ, ਸੁੰਨਤ 'ਤੇ ਜ਼ੋਰ ਦੇਣ ਵਾਲਿਆਂ ਤੋਂ ਸਾਵਧਾਨ ਰਹੋ।

3 ਕਿਉਂਕਿ ਅਸਲੀ ਸੁੰਨਤੀ ਅਸੀਂ ਹਾਂ ਜਿਹੜੇ ਪਰਮੇਸ਼ਰ ਦੇ ਆਤਮਾ ਦੁਆਰਾ ਉਸਤਤ ਕਰਦੇ ਹਾਂ ਅਤੇ ਮਸੀਹ ਯਿਸੂ ਵਿੱਚ ਅਭਿਮਾਨ ਕਰਦੇ ਹਾਂ ਤੇ ਸਰੀਰ ਉੱਤੇ ਭਰੋਸਾ ਨਹੀਂ ਰੱਖਦੇ,

4 ਜਦਕਿ ਮੈਂ ਸਰੀਰ ਉੱਤੇ ਭਰੋਸਾ ਰੱਖ ਵੀ ਸਕਦਾ ਹਾਂ। ਜੇ ਕੋਈ ਸੋਚਦਾ ਹੈ ਕਿ ਉਸ ਕੋਲ ਸਰੀਰ ਉੱਤੇ ਭਰੋਸਾ ਰੱਖਣ ਦਾ ਕਾਰਨ ਹੈ ਤਾਂ ਮੇਰੇ ਕੋਲ ਵਧਕੇ ਹੈ;

5 ਅੱਠਵੇਂ ਦਿਨ ਮੇਰੀ ਸੁੰਨਤ ਹੋਈ, ਮੈਂ ਇਸਰਾਏਲ ਕੌਮ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ ਦਾ ਹਾਂ, ਇਬਰਾਨੀਆਂ ਦਾ ਇਬਰਾਨੀ, ਬਿਵਸਥਾ ਦੀ ਗੱਲ ਕਰੋ ਤਾਂ ਇੱਕ ਫ਼ਰੀਸੀ,

6 ਉਤਸ਼ਾਹ ਦੀ ਗੱਲ ਕਰੋ ਤਾਂ ਕਲੀਸਿਯਾ ਦਾ ਸਤਾਉਣ ਵਾਲਾ, ਬਿਵਸਥਾ 'ਤੇ ਅਧਾਰਤ ਧਾਰਮਿਕਤਾ ਦੀ ਗੱਲ ਕਰੋ ਤਾਂ ਦੋਸ਼-ਰਹਿਤ।

7 ਪਰ ਜੋ ਗੱਲਾਂ ਮੇਰੇ ਲਾਭ ਦੀਆਂ ਸਨ ਉਨ੍ਹਾਂ ਨੂੰ ਮੈਂ ਮਸੀਹ ਦੀ ਖਾਤਰ ਹਾਨੀ ਦੀਆਂ ਸਮਝਿਆ।

8 ਬਲਕਿ ਇਸ ਤੋਂ ਵੀ ਵਧਕੇ, ਮੈਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾ ਦੇ ਕਾਰਨ ਸਭ ਗੱਲਾਂ ਨੂੰ ਹਾਨੀ ਦੀਆਂ ਸਮਝਦਾ ਹਾਂ ਜਿਸ ਦੀ ਖਾਤਰ ਮੈਂ ਸਭਨਾਂ ਗੱਲਾਂ ਦੀ ਹਾਨੀ ਝੱਲੀ; ਮੈਂ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਤਾਂਕਿ ਮੈਂ ਮਸੀਹ ਨੂੰ ਪਾ ਲਵਾਂ

9 ਅਤੇ ਆਪ ਵੀ ਉਸੇ ਵਿੱਚ ਪਾਇਆ ਜਾਵਾਂ। ਇਹ ਮੇਰੀ ਉਸ ਧਾਰਮਿਕਤਾ ਦੇ ਕਾਰਨ ਨਹੀਂ ਹੈ ਜੋ ਬਿਵਸਥਾ ਤੋਂ ਹੈ, ਸਗੋਂ ਉਸ ਧਾਰਮਿਕਤਾ ਦੇ ਕਾਰਨ ਹੈ ਜੋ ਮਸੀਹ 'ਤੇ ਵਿਸ਼ਵਾਸ ਕਰਨ ਨਾਲ ਮਿਲਦੀ ਹੈ ਅਰਥਾਤ ਉਹ ਧਾਰਮਿਕਤਾ ਜੋ ਵਿਸ਼ਵਾਸ ਦੁਆਰਾ ਪਰਮੇਸ਼ਰ ਤੋਂ ਪ੍ਰਾਪਤ ਹੁੰਦੀ ਹੈ।

10 ਮੈਂ ਚਾਹੁੰਦਾ ਹਾਂ ਕਿ ਮੈਂ ਮਸੀਹ ਨੂੰ, ਉਸ ਦੇ ਪੁਨਰ-ਉਥਾਨ ਦੀ ਸਮਰੱਥਾ ਨੂੰ ਅਤੇ ਉਸ ਦੇ ਦੁੱਖਾਂ ਵਿੱਚ ਸਾਂਝੀ ਹੋਣ ਨੂੰ ਜਾਣਾਂ ਅਤੇ ਉਸ ਦੀ ਮੌਤ ਦੀ ਸਮਾਨਤਾ ਵਿੱਚ ਬਦਲਦਾ ਜਾਵਾਂ

11 ਤਾਂਕਿ ਮੈਂ ਕਿਸੇ ਤਰ੍ਹਾਂ ਮੁਰਦਿਆਂ ਦੇ ਪੁਨਰ-ਉਥਾਨ ਨੂੰ ਪ੍ਰਾਪਤ ਕਰ ਸਕਾਂ।


ਨਿਸ਼ਾਨੇ ਵੱਲ ਵਧਣਾ

12 ਇਹ ਨਹੀਂ ਕਿ ਮੈਂ ਪ੍ਰਾਪਤ ਕਰ ਚੁੱਕਾ ਹਾਂ ਜਾਂ ਸਿੱਧ ਹੋ ਚੁੱਕਾ ਹਾਂ, ਸਗੋਂ ਮੈਂ ਇਸ ਦੇ ਪਿੱਛੇ ਲੱਗਾ ਰਹਿੰਦਾ ਹਾਂ ਕਿ ਇਸ ਨੂੰ ਪ੍ਰਾਪਤ ਕਰ ਲਵਾਂ, ਕਿਉਂਕਿ ਇਸੇ ਦੇ ਲਈ ਮਸੀਹ ਯਿਸੂ ਨੇ ਮੈਨੂੰ ਫੜਿਆ ਸੀ।

13 ਹੇ ਭਾਈਓ, ਮੈਂ ਇਹ ਨਹੀਂ ਸੋਚਦਾ ਕਿ ਮੈਂ ਪ੍ਰਾਪਤ ਕਰ ਲਿਆ ਹੈ, ਪਰ ਕੇਵਲ ਇਹ ਕਿ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਉਨ੍ਹਾਂ ਗੱਲਾਂ ਵੱਲ ਵਧਦਾ ਜਾਂਦਾ ਹਾਂ ਜੋ ਅੱਗੇ ਹਨ।

14 ਮੈਂ ਨਿਸ਼ਾਨੇ ਵੱਲ ਵਧਦਾ ਜਾਂਦਾ ਹਾਂ ਤਾਂਕਿ ਮਸੀਹ ਯਿਸੂ ਵਿੱਚ ਪਰਮੇਸ਼ਰ ਦੀ ਸਵਰਗੀ ਬੁਲਾਹਟ ਦੇ ਇਨਾਮ ਨੂੰ ਪ੍ਰਾਪਤ ਕਰਾਂ।

15 ਇਸ ਲਈ ਸਾਡੇ ਵਿੱਚੋਂ ਜਿੰਨੇ ਵੀ ਸਿਆਣੇ ਹਨ, ਇਸੇ ਤਰ੍ਹਾਂ ਦੀ ਸੋਚ ਰੱਖੀਏ; ਜੇ ਤੁਸੀਂ ਕੁਝ ਅਲੱਗ ਸੋਚਦੇ ਹੋ ਤਾਂ ਪਰਮੇਸ਼ਰ ਉਸ ਨੂੰ ਵੀ ਤੁਹਾਡੇ ਉੱਤੇ ਪਰਗਟ ਕਰੇਗਾ।

16 ਪਰ ਫਿਰ ਵੀ, ਜੋ ਅਸੀਂ ਪ੍ਰਾਪਤ ਕਰ ਲਿਆ ਹੈ ਉਸੇ ਦੇ ਅਨੁਸਾਰ ਚੱਲੀਏ।

17 ਹੇ ਭਾਈਓ, ਸਭ ਮਿਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਦਿਓ ਜਿਹੜੇ ਉਸ ਨਮੂਨੇ ਦੇ ਅਨੁਸਾਰ ਚੱਲਦੇ ਹਨ ਜੋ ਅਸੀਂ ਤੁਹਾਡੇ ਲਈ ਪੇਸ਼ ਕੀਤਾ ਹੈ।

18 ਕਿਉਂਕਿ ਬਹੁਤ ਹਨ ਜਿਨ੍ਹਾਂ ਬਾਰੇ ਮੈਂ ਅਕਸਰ ਤੁਹਾਨੂੰ ਦੱਸਿਆ ਹੈ ਅਤੇ ਹੁਣ ਵੀ ਰੋਂਦੇ ਹੋਏ ਦੱਸਦਾ ਹਾਂ ਕਿ ਉਹ ਆਪਣੇ ਚਾਲ-ਚਲਣ ਤੋਂ ਮਸੀਹ ਦੀ ਸਲੀਬ ਦੇ ਵੈਰੀ ਹਨ।

19 ਉਨ੍ਹਾਂ ਦਾ ਅੰਤ ਨਾਸ ਹੈ ਅਤੇ ਉਨ੍ਹਾਂ ਦਾ ਪੇਟ ਹੀ ਉਨ੍ਹਾਂ ਦਾ ਈਸ਼ਵਰ ਹੈ। ਉਨ੍ਹਾਂ ਨੂੰ ਆਪਣੀ ਬੇਸ਼ਰਮੀ 'ਤੇ ਘਮੰਡ ਹੈ ਅਤੇ ਅਜਿਹੇ ਕੇਵਲ ਧਰਤੀ ਦੀਆਂ ਚੀਜ਼ਾਂ ਬਾਰੇ ਸੋਚਦੇ ਹਨ।

20 ਪਰ ਸਾਡੀ ਨਾਗਰਿਕਤਾ ਸਵਰਗ ਦੀ ਹੈ ਜਿੱਥੋਂ ਅਸੀਂ ਉਤਸੁਕਤਾ ਨਾਲ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰ ਰਹੇ ਹਾਂ।

21 ਉਹ ਆਪਣੀ ਉਸ ਸਮਰੱਥਾ ਅਨੁਸਾਰ ਜਿਸ ਨਾਲ ਉਹ ਸਭ ਵਸਤਾਂ ਨੂੰ ਆਪਣੇ ਅਧੀਨ ਕਰ ਸਕਦਾ ਹੈ, ਸਾਡੀ ਨਿਰਬਲ ਦੇਹ ਨੂੰ ਆਪਣੀ ਮਹਿਮਾਮਈ ਦੇਹ ਦੇ ਸਰੂਪ ਵਿੱਚ ਬਦਲ ਦੇਵੇਗਾ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements