Online Bible

- Advertisements -


ਫ਼ਿਲਿੱਪੈ 2 - Punjabi Standard Bible


ਮਸੀਹ ਜਿਹੀ ਦੀਨਤਾ

1 ਸੋ ਜੇ ਮਸੀਹ ਵਿੱਚ ਕੁਝ ਸ਼ਾਂਤੀ, ਪ੍ਰੇਮ ਦੀ ਕੁਝ ਤਸੱਲੀ, ਆਤਮਾ ਦੀ ਕੁਝ ਸੰਗਤੀ, ਕੁਝ ਪਿਆਰ ਅਤੇ ਤਰਸ ਹੈ

2 ਤਾਂ ਮੇਰਾ ਇਹ ਅਨੰਦ ਪੂਰਾ ਕਰੋ ਕਿ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪ੍ਰੇਮ ਰੱਖੋ, ਇੱਕ ਵਿਚਾਰ ਅਤੇ ਇੱਕੋ ਜਿਹੀ ਸੋਚ ਰੱਖੋ;

3 ਸੁਆਰਥ ਨਾਲ ਅਤੇ ਖੋਖਲੇ ਘਮੰਡ ਨਾਲ ਕੁਝ ਨਾ ਕਰੋ, ਸਗੋਂ ਨਿਮਰਤਾ ਨਾਲ ਇੱਕ ਦੂਜੇ ਨੂੰ ਆਪਣੇ ਤੋਂ ਉੱਤਮ ਜਾਣੋ।

4 ਹਰੇਕ ਵਿਅਕਤੀ ਆਪਣਾ ਹੀ ਨਹੀਂ, ਸਗੋਂ ਦੂਜੇ ਦੇ ਹਿਤ ਦਾ ਵੀ ਧਿਆਨ ਰੱਖੇ।


ਮਸੀਹ ਦੀ ਦੀਨਤਾ ਅਤੇ ਮਹਾਨਤਾ

5 ਜਿਹਾ ਮਸੀਹ ਯਿਸੂ ਦਾ ਸੁਭਾਅ ਸੀ ਉਹੋ ਤੁਹਾਡਾ ਵੀ ਹੋਵੇ।

6 ਉਸ ਨੇ ਪਰਮੇਸ਼ਰ ਦੇ ਸਰੂਪ ਵਿੱਚ ਹੁੰਦੇ ਹੋਏ ਵੀ ਪਰਮੇਸ਼ਰ ਦੇ ਬਰਾਬਰ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ,

7 ਸਗੋਂ ਦਾਸ ਦਾ ਰੂਪ ਧਾਰ ਕੇ ਆਪਣੇ ਆਪ ਨੂੰ ਸੱਖਣਾ ਕੀਤਾ ਅਤੇ ਮਨੁੱਖਾਂ ਦੀ ਸਮਾਨਤਾ ਵਿੱਚ ਜਨਮ ਲਿਆ। ਉਸ ਨੇ ਮਨੁੱਖ ਦੇ ਰੂਪ ਵਿੱਚ ਪਰਗਟ ਹੋ ਕੇ

8 ਆਪਣੇ ਆਪ ਨੂੰ ਦੀਨ ਕੀਤਾ ਅਤੇ ਮੌਤ, ਸਗੋਂ ਸਲੀਬੀ ਮੌਤ ਤੱਕ ਆਗਿਆਕਾਰ ਬਣਿਆ ਰਿਹਾ।

9 ਇਸੇ ਕਰਕੇ ਪਰਮੇਸ਼ਰ ਨੇ ਵੀ ਉਸ ਨੂੰ ਅੱਤ ਉੱਚਾ ਕੀਤਾ ਅਤੇ ਉਹ ਨਾਮ ਦਿੱਤਾ ਜੋ ਸਭ ਨਾਮਾਂ ਤੋਂ ਸ੍ਰੇਸ਼ਠ ਹੈ,

10 ਤਾਂਕਿ ਯਿਸੂ ਦੇ ਨਾਮ ਉੱਤੇ ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਰੇਕ ਗੋਡਾ ਨਿਵਾਇਆ ਜਾਵੇ

11 ਅਤੇ ਹਰ ਜੀਭ ਪਿਤਾ ਪਰਮੇਸ਼ਰ ਦੀ ਮਹਿਮਾ ਲਈ ਇਕਰਾਰ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ।


ਤਾਰਿਆਂ ਵਾਂਗ ਚਮਕੋ

12 ਇਸ ਲਈ ਹੇ ਮੇਰੇ ਪਿਆਰਿਓ, ਜਿਸ ਤਰ੍ਹਾਂ ਤੁਸੀਂ ਸਦਾ ਆਗਿਆਕਾਰੀ ਕੀਤੀ ਉਸੇ ਤਰ੍ਹਾਂ ਨਾ ਕੇਵਲ ਮੇਰੀ ਮੌਜੂਦਗੀ ਵਿੱਚ, ਸਗੋਂ ਹੁਣ ਹੋਰ ਵੀ ਵਧਕੇ ਮੇਰੀ ਗੈਰ-ਮੌਜੂਦਗੀ ਵਿੱਚ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰਦੇ ਜਾਓ;

13 ਕਿਉਂਕਿ ਪਰਮੇਸ਼ਰ ਹੀ ਹੈ ਜਿਹੜਾ ਆਪਣੇ ਨੇਕ ਇਰਾਦੇ ਦੇ ਨਮਿੱਤ ਤੁਹਾਡੇ ਅੰਦਰ ਇੱਛਾ ਅਤੇ ਅਮਲ ਦੋਹਾਂ ਨੂੰ ਪੈਦਾ ਕਰਦਾ ਹੈ।

14 ਬਿਨਾਂ ਬੁੜਬੁੜਾਏ ਅਤੇ ਬਿਨਾਂ ਬਹਿਸ ਕੀਤਿਆਂ ਸਭ ਕੁਝ ਕਰੋ,

15 ਤਾਂਕਿ ਤੁਸੀਂ ਨਿਰਦੋਸ਼ ਅਤੇ ਨਿਰਮਲ ਬਣੋ ਅਤੇ ਇਸ ਕੱਬੀ ਅਤੇ ਭ੍ਰਿਸ਼ਟ ਪੀੜ੍ਹੀ ਵਿੱਚ ਪਰਮੇਸ਼ਰ ਦੀ ਪਵਿੱਤਰ ਸੰਤਾਨ ਬਣ ਕੇ ਸੰਸਾਰ ਉੱਤੇ ਤਾਰਿਆਂ ਵਾਂਗ ਚਮਕੋ।

16 ਜੀਵਨ ਦੇ ਸੰਦੇਸ਼ ਉੱਤੇ ਕਾਇਮ ਰਹੋ ਤਾਂਕਿ ਮਸੀਹ ਦੇ ਦਿਨ ਮੈਨੂੰ ਅਭਿਮਾਨ ਹੋਵੇ ਕਿ ਮੈਂ ਵਿਅਰਥ ਨਹੀਂ ਦੌੜਿਆ ਅਤੇ ਨਾ ਹੀ ਮੇਰਾ ਮਿਹਨਤ ਕਰਨਾ ਵਿਅਰਥ ਗਿਆ।

17 ਜੇ ਮੈਂ ਤੁਹਾਡੇ ਵਿਸ਼ਵਾਸ ਰੂਪੀ ਬਲੀਦਾਨ ਅਤੇ ਸੇਵਾ ਉੱਤੋਂ ਵਾਰਿਆ ਵੀ ਜਾਵਾਂ ਤਾਂ ਮੈਂ ਖੁਸ਼ ਹਾਂ ਅਤੇ ਤੁਹਾਡੇ ਸਭਨਾਂ ਦੇ ਨਾਲ ਮਿਲ ਕੇ ਅਨੰਦ ਕਰਦਾ ਹਾਂ।

18 ਇਸੇ ਤਰ੍ਹਾਂ ਤੁਸੀਂ ਵੀ ਖੁਸ਼ ਹੋਵੋ ਅਤੇ ਮੇਰੇ ਨਾਲ ਮਿਲ ਕੇ ਅਨੰਦ ਕਰੋ।


ਤਿਮੋਥਿਉਸ ਅਤੇ ਇਪਾਫ਼ਰੋਦੀਤੁਸ

19 ਮੈਨੂੰ ਪ੍ਰਭੂ ਯਿਸੂ ਵਿੱਚ ਆਸ ਹੈ ਕਿ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਛੇਤੀ ਭੇਜਾਂਗਾ ਤਾਂਕਿ ਤੁਹਾਡੇ ਵਿਖੇ ਜਾਣ ਕੇ ਮੈਨੂੰ ਵੀ ਦਿਲਾਸਾ ਮਿਲੇ।

20 ਕਿਉਂਕਿ ਮੇਰੇ ਕੋਲ ਉਸ ਵਰਗਾ ਕੋਈ ਨਹੀਂ ਹੈ ਜਿਹੜਾ ਦਿਲੋਂ ਤੁਹਾਡੇ ਲਈ ਚਿੰਤਾ ਕਰਦਾ ਹੋਵੇ।

21 ਸਭ ਆਪੋ-ਆਪਣੇ ਸੁਆਰਥ ਦੀ ਖੋਜ ਵਿੱਚ ਰਹਿੰਦੇ ਹਨ, ਨਾ ਕਿ ਯਿਸੂ ਮਸੀਹ ਦੀਆਂ ਗੱਲਾਂ ਦੀ।

22 ਪਰ ਤੁਸੀਂ ਤਿਮੋਥਿਉਸ ਦੀ ਯੋਗਤਾ ਨੂੰ ਜਾਣ ਲਿਆ ਹੈ, ਕਿਉਂਕਿ ਉਸ ਨੇ ਖੁਸ਼ਖ਼ਬਰੀ ਸੁਣਾਉਣ ਵਿੱਚ ਮੇਰੇ ਨਾਲ ਇਸ ਤਰ੍ਹਾਂ ਮਿਹਨਤ ਕੀਤੀ ਜਿਵੇਂ ਇੱਕ ਪੁੱਤਰ ਪਿਤਾ ਦੇ ਨਾਲ ਕਰਦਾ ਹੈ।

23 ਇਸ ਲਈ ਮੈਨੂੰ ਆਸ ਹੈ ਕਿ ਜਦੋਂ ਮੈਨੂੰ ਪਤਾ ਲੱਗ ਜਾਵੇਗਾ ਜੋ ਅੱਗੇ ਮੇਰੇ ਨਾਲ ਕੀ ਵਾਪਰਨਾ ਹੈ ਤਾਂ ਮੈਂ ਉਸ ਨੂੰ ਤੁਰੰਤ ਤੁਹਾਡੇ ਕੋਲ ਭੇਜ ਦਿਆਂਗਾ;

24 ਅਤੇ ਮੈਨੂੰ ਪ੍ਰਭੂ 'ਤੇ ਵਿਸ਼ਵਾਸ ਹੈ ਕਿ ਮੈਂ ਆਪ ਵੀ ਛੇਤੀ ਆਵਾਂਗਾ।

25 ਪਰ ਮੈਂ ਇਪਾਫ਼ਰੋਦੀਤੁਸ ਨੂੰ ਜੋ ਮੇਰਾ ਭਾਈ, ਸਹਿਕਰਮੀ ਅਤੇ ਸੰਗੀ ਸਿਪਾਹੀ ਹੈ ਅਤੇ ਤੁਹਾਡਾ ਸੰਦੇਸ਼ਵਾਹਕ ਅਤੇ ਜ਼ਰੂਰਤ ਵਿੱਚ ਮੇਰੀ ਸੇਵਾ ਕਰਨ ਵਾਲਾ ਹੈ, ਤੁਹਾਡੇ ਕੋਲ ਭੇਜਣਾ ਜ਼ਰੂਰੀ ਸਮਝਿਆ।

26 ਉਹ ਤੁਹਾਨੂੰ ਸਭ ਨੂੰ ਮਿਲਣ ਲਈ ਬਹੁਤ ਉਤਸੁਕ ਅਤੇ ਵਿਆਕੁਲ ਸੀ, ਕਿਉਂਕਿ ਤੁਸੀਂ ਇਹ ਸੁਣਿਆ ਕਿ ਉਹ ਬਿਮਾਰ ਸੀ।

27 ਹਾਂ, ਉਹ ਬਿਮਾਰ ਸੀ ਬਲਕਿ ਮਰਨ ਵਾਲਾ ਸੀ ਪਰ ਪਰਮੇਸ਼ਰ ਨੇ ਉਸ ਉੱਤੇ ਦਇਆ ਕੀਤੀ; ਨਾ ਕੇਵਲ ਉਸ ਉੱਤੇ ਸਗੋਂ ਮੇਰੇ ਉੱਤੇ ਵੀ ਤਾਂਕਿ ਮੈਨੂੰ ਹੋਰ ਜ਼ਿਆਦਾ ਦੁੱਖ ਨਾ ਮਿਲੇ।

28 ਇਸ ਲਈ ਮੈਂ ਹੋਰ ਵੀ ਉਤਸੁਕਤਾ ਨਾਲ ਉਸ ਨੂੰ ਤੁਹਾਡੇ ਕੋਲ ਭੇਜਿਆ ਤਾਂਕਿ ਉਸ ਨੂੰ ਦੁਬਾਰਾ ਮਿਲ ਕੇ ਤੁਹਾਨੂੰ ਖੁਸ਼ੀ ਹੋਵੇ ਅਤੇ ਮੇਰਾ ਦੁੱਖ ਵੀ ਘੱਟ ਜਾਵੇ।

29 ਸੋ ਤੁਸੀਂ ਪ੍ਰਭੂ ਵਿੱਚ ਪੂਰੇ ਅਨੰਦ ਨਾਲ ਉਸ ਦਾ ਸੁਆਗਤ ਕਰਨਾ; ਇਹੋ ਜਿਹੇ ਵਿਅਕਤੀਆਂ ਦਾ ਆਦਰ ਕਰਿਆ ਕਰੋ।

30 ਕਿਉਂਕਿ ਉਹ ਮਸੀਹ ਦੇ ਕੰਮ ਦੀ ਖਾਤਰ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਮੌਤ ਦੇ ਮੂੰਹ ਵਿੱਚ ਪਹੁੰਚ ਗਿਆ, ਤਾਂਕਿ ਮੇਰੇ ਪ੍ਰਤੀ ਤੁਹਾਡੀ ਸੇਵਾ ਵਿੱਚ ਜੋ ਕਮੀ ਰਹਿ ਗਈ ਸੀ ਉਸ ਨੂੰ ਪੂਰਾ ਕਰੇ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements