Online Bible

- Advertisements -


ਮੱਤੀਯਾਹ 3 - Punjabi Standard Bible


ਯੂਹੰਨਾ ਬਪਤਿਸਮਾ ਦੇਣ ਵਾਲੇ ਦੁਆਰਾ ਪ੍ਰਚਾਰ

1 ਉਨ੍ਹਾਂ ਦਿਨਾਂ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲਾ ਆ ਕੇ ਯਹੂਦਿਯਾ ਦੇ ਉਜਾੜ ਵਿੱਚ ਪ੍ਰਚਾਰ ਕਰਨ ਲੱਗਾ,

2 “ਤੋਬਾ ਕਰੋ, ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ ਹੈ।”

3 ਇਹ ਉਹੀ ਹੈ ਜਿਸ ਬਾਰੇ ਯਸਾਯਾਹ ਨਬੀ ਰਾਹੀਂ ਕਿਹਾ ਗਿਆ ਸੀ: ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼, “ਪ੍ਰਭੂ ਦਾ ਰਾਹ ਤਿਆਰ ਕਰੋ, ਉਸ ਦੇ ਰਸਤਿਆਂ ਨੂੰ ਸਿੱਧੇ ਕਰੋ।”

4 ਯੂਹੰਨਾ ਦੇ ਵਸਤਰ ਊਠ ਦੇ ਵਾਲਾਂ ਦੇ ਸਨ ਅਤੇ ਉਸ ਦੇ ਲੱਕ ਦੁਆਲੇ ਚਮੜੇ ਦਾ ਕਮਰਬੰਦ ਸੀ ਅਤੇ ਟਿੱਡੀਆਂ ਤੇ ਜੰਗਲੀ ਸ਼ਹਿਦ ਉਸ ਦਾ ਭੋਜਨ ਸੀ।

5 ਤਦ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚੋਂ ਲੋਕ ਨਿੱਕਲ ਕੇ ਉਸ ਕੋਲ ਆਉਣ ਲੱਗੇ

6 ਅਤੇ ਆਪਣੇ ਪਾਪਾਂ ਨੂੰ ਮੰਨਦੇ ਹੋਏ ਯਰਦਨ ਨਦੀ ਵਿੱਚ ਉਸ ਕੋਲੋਂ ਬਪਤਿਸਮਾ ਲੈਣ ਲੱਗੇ।

7 ਪਰ ਜਦੋਂ ਉਸ ਨੇ ਬਹੁਤ ਸਾਰੇ ਫ਼ਰੀਸੀਆਂ ਅਤੇ ਸਦੂਕੀਆਂ ਨੂੰ ਬਪਤਿਸਮਾ ਲੈਣ ਲਈ ਆਪਣੇ ਕੋਲ ਆਉਂਦੇ ਵੇਖਿਆ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕਹਿਰ ਤੋਂ ਭੱਜਣ ਦੀ ਚਿਤਾਵਨੀ ਕਿਸ ਨੇ ਦਿੱਤੀ?

8 ਇਸ ਲਈ ਤੋਬਾ ਦੇ ਯੋਗ ਫਲ ਦਿਓ

9 ਅਤੇ ਆਪਣੇ ਮਨਾਂ ਵਿੱਚ ਇਹ ਨਾ ਸੋਚੋ, ‘ਅਬਰਾਹਾਮ ਸਾਡਾ ਪਿਤਾ ਹੈ’, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਸੰਤਾਨ ਪੈਦਾ ਕਰ ਸਕਦਾ ਹੈ।

10 ਹੁਣ ਕੁਹਾੜਾ ਦਰਖ਼ਤਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ, ਇਸ ਲਈ ਹਰੇਕ ਦਰਖ਼ਤ ਜੋ ਚੰਗਾ ਫਲ ਨਹੀਂ ਦਿੰਦਾ, ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।

11 ਮੈਂ ਤਾਂ ਤੁਹਾਨੂੰ ਤੋਬਾ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ ਉਹ ਮੇਰੇ ਤੋਂ ਵੱਧ ਸਾਮਰਥੀ ਹੈ; ਮੈਂ ਉਸ ਦੀ ਜੁੱਤੀ ਚੁੱਕਣ ਦੇ ਵੀ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ;

12 ਉਸ ਦੀ ਤੰਗਲੀ ਉਸ ਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ ਕਰੇਗਾ ਅਤੇ ਆਪਣੀ ਕਣਕ ਨੂੰ ਕੋਠੇ ਵਿੱਚ ਜਮ੍ਹਾ ਕਰੇਗਾ ਪਰ ਤੂੜੀ ਨੂੰ ਨਾ ਬੁਝਣ ਵਾਲੀ ਅੱਗ ਵਿੱਚ ਸਾੜੇਗਾ।”


ਯਿਸੂ ਦਾ ਬਪਤਿਸਮਾ

13 ਫਿਰ ਯਿਸੂ ਗਲੀਲ ਤੋਂ ਯਰਦਨ ਨਦੀ 'ਤੇ ਯੂਹੰਨਾ ਕੋਲ ਆਇਆ ਕਿ ਉਸ ਤੋਂ ਬਪਤਿਸਮਾ ਲਵੇ।

14 ਪਰ ਯੂਹੰਨਾ ਨੇ ਉਸ ਨੂੰ ਇਹ ਕਹਿ ਕੇ ਰੋਕਣਾ ਚਾਹਿਆ, “ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਜ਼ਰੂਰਤ ਹੈ ਅਤੇ ਤੂੰ ਮੇਰੇ ਕੋਲ ਆਇਆ ਹੈਂ?”

15 ਪਰ ਯਿਸੂ ਨੇ ਉਸ ਨੂੰ ਕਿਹਾ,“ਹੁਣ ਇਹ ਹੋਣ ਦੇ, ਕਿਉਂਕਿ ਸਾਡੇ ਲਈ ਉਚਿਤ ਹੈ ਕਿ ਇਸੇ ਤਰ੍ਹਾਂ ਸਾਰੀ ਧਾਰਮਿਕਤਾ ਨੂੰ ਪੂਰਾ ਕਰੀਏ।” ਤਦ ਯੂਹੰਨਾ ਨੇ ਉਸ ਦੀ ਗੱਲ ਮੰਨ ਲਈ।

16 ਫਿਰ ਯਿਸੂ ਬਪਤਿਸਮਾ ਲੈ ਕੇ ਤੁਰੰਤ ਪਾਣੀ ਵਿੱਚੋਂ ਉਤਾਂਹ ਆਇਆ ਅਤੇ ਵੇਖੋ, ਅਕਾਸ਼ ਉਸ ਦੇ ਲਈ ਖੁੱਲ੍ਹ ਗਿਆ। ਉਸ ਨੇ ਪਰਮੇਸ਼ਰ ਦੇ ਆਤਮਾ ਨੂੰ ਕਬੂਤਰ ਵਾਂਗ ਉੱਤਰਦੇ ਅਤੇ ਆਪਣੇ ਉੱਤੇ ਆਉਂਦੇ ਵੇਖਿਆ

17 ਅਤੇ ਵੇਖੋ, ਇੱਕ ਸਵਰਗੀ ਬਾਣੀ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਪ੍ਰਸੰਨ ਹਾਂ।”

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements