ਮੱਤੀਯਾਹ 28 - Punjabi Standard Bibleਯਿਸੂ ਦਾ ਜੀ ਉੱਠਣਾ 1 ਸਬਤ ਦੇ ਦਿਨ ਤੋਂ ਬਾਅਦ, ਹਫ਼ਤੇ ਦੇ ਪਹਿਲੇ ਦਿਨ ਤੜਕੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਆਈਆਂ 2 ਅਤੇ ਵੇਖੋ, ਇੱਕ ਵੱਡਾ ਭੁਚਾਲ ਆਇਆ ਕਿਉਂਕਿ ਪ੍ਰਭੂ ਦਾ ਇੱਕ ਦੂਤ ਸਵਰਗ ਤੋਂ ਉੱਤਰਿਆ ਅਤੇ ਕੋਲ ਆ ਕੇ ਪੱਥਰ ਨੂੰ ਰੇੜ੍ਹ ਦਿੱਤਾ ਅਤੇ ਉਸ ਉੱਤੇ ਬੈਠ ਗਿਆ। 3 ਉਸ ਦਾ ਰੂਪ ਬਿਜਲੀ ਵਰਗਾ ਅਤੇ ਉਸ ਦਾ ਵਸਤਰ ਬਰਫ਼ ਵਾਂਗ ਸਫ਼ੇਦ ਸੀ 4 ਅਤੇ ਉਸ ਦੇ ਭੈ ਦੇ ਕਾਰਨ ਪਹਿਰੇਦਾਰ ਕੰਬ ਉੱਠੇ ਅਤੇ ਮੁਰਦਿਆਂ ਜਿਹੇ ਹੋ ਗਏ। 5 ਪਰ ਸਵਰਗਦੂਤ ਨੇ ਔਰਤਾਂ ਨੂੰ ਕਿਹਾ, “ਤੁਸੀਂ ਨਾ ਡਰੋ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨੂੰ ਜਿਹੜਾ ਸਲੀਬ 'ਤੇ ਚੜ੍ਹਾਇਆ ਗਿਆ ਸੀ ਲੱਭਦੀਆਂ ਹੋ। 6 ਉਹ ਇੱਥੇ ਨਹੀਂ ਹੈ, ਕਿਉਂਕਿ ਜਿਵੇਂ ਉਸ ਨੇ ਕਿਹਾ ਸੀ ਉਹ ਜੀ ਉੱਠਿਆ ਹੈ; ਆਓ, ਉਸ ਥਾਂ ਨੂੰ ਵੇਖੋ ਜਿੱਥੇ ਉਸ ਨੂੰ ਰੱਖਿਆ ਗਿਆ ਸੀ 7 ਅਤੇ ਛੇਤੀ ਜਾ ਕੇ ਉਸ ਦੇ ਚੇਲਿਆਂ ਨੂੰ ਦੱਸੋ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਵੇਖੋ, ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਦਾ ਹੈ; ਤੁਸੀਂ ਉਸ ਨੂੰ ਉੱਥੇ ਮਿਲੋਗੇ। ਵੇਖੋ, ਮੈਂ ਤੁਹਾਨੂੰ ਦੱਸ ਦਿੱਤਾ ਹੈ।” 8 ਤਦ ਉਹ ਭੈ ਅਤੇ ਵੱਡੀ ਖੁਸ਼ੀ ਨਾਲ ਕਬਰ ਤੋਂ ਛੇਤੀ ਚੱਲ ਕੇ ਉਸ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਦੌੜੀਆਂ 9 ਅਤੇ ਵੇਖੋ, ਯਿਸੂ ਉਨ੍ਹਾਂ ਨੂੰ ਮਿਲਿਆ ਅਤੇ ਕਿਹਾ,“ਅਨੰਦ ਰਹੋ!” ਉਨ੍ਹਾਂ ਨੇ ਕੋਲ ਆ ਕੇ ਉਸ ਦੇ ਚਰਨ ਫੜੇ ਅਤੇ ਉਸ ਨੂੰ ਮੱਥਾ ਟੇਕਿਆ। 10 ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਡਰੋ ਨਾ! ਜਾਓ ਮੇਰੇ ਭਾਈਆਂ ਨੂੰ ਖ਼ਬਰ ਦਿਓ ਕਿ ਉਹ ਗਲੀਲ ਨੂੰ ਜਾਣ; ਉੱਥੇ ਉਹ ਮੈਨੂੰ ਵੇਖਣਗੇ।” ਪਹਿਰੇਦਾਰਾਂ ਵੱਲੋਂ ਸੂਚਨਾ 11 ਜਦੋਂ ਉਹ ਜਾ ਰਹੀਆਂ ਸਨ ਤਾਂ ਵੇਖੋ, ਕੁਝ ਪਹਿਰੇਦਾਰਾਂ ਨੇ ਨਗਰ ਵਿੱਚ ਆ ਕੇ, ਜੋ ਕੁਝ ਹੋਇਆ ਸੀ ਉਹ ਸਭ ਪ੍ਰਧਾਨ ਯਾਜਕਾਂ ਨੂੰ ਦੱਸਿਆ। 12 ਤਦ ਉਨ੍ਹਾਂ ਨੇ ਬਜ਼ੁਰਗਾਂ ਦੇ ਨਾਲ ਇਕੱਠੇ ਹੋ ਕੇ ਵਿਉਂਤ ਬਣਾਈ ਅਤੇ ਸਿਪਾਹੀਆਂ ਨੂੰ ਬਹੁਤ ਸਾਰੇ ਪੈਸੇ ਦਿੱਤੇ 13 ਅਤੇ ਕਿਹਾ, “ਤੁਸੀਂ ਇਹ ਕਹਿਣਾ ਕਿ ਰਾਤ ਨੂੰ ਜਦੋਂ ਅਸੀਂ ਸੌਂ ਰਹੇ ਸੀ ਤਾਂ ਉਸ ਦੇ ਚੇਲੇ ਆ ਕੇ ਉਸ ਨੂੰ ਚੁਰਾ ਕੇ ਲੈ ਗਏ। 14 ਜੇ ਇਹ ਗੱਲ ਰਾਜਪਾਲ ਦੇ ਕੰਨਾਂ ਤੱਕ ਪਹੁੰਚੀ ਤਾਂ ਅਸੀਂ ਉਸ ਨੂੰ ਸਮਝਾ ਦਿਆਂਗੇ ਅਤੇ ਤੁਹਾਨੂੰ ਪਰੇਸ਼ਾਨੀ ਤੋਂ ਬਚਾ ਲਵਾਂਗੇ।” 15 ਸੋ ਉਨ੍ਹਾਂ ਨੇ ਪੈਸੇ ਲੈ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਨ੍ਹਾਂ ਨੂੰ ਸਿਖਾਇਆ ਗਿਆ ਸੀ। ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਪ੍ਰਚਲਿਤ ਹੈ। ਮਹਾਨ ਆਗਿਆ 16 ਫਿਰ ਗਿਆਰਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿੱਥੇ ਯਿਸੂ ਨੇ ਉਨ੍ਹਾਂ ਨੂੰ ਜਾਣ ਦੀ ਆਗਿਆ ਦਿੱਤੀ ਸੀ। 17 ਉਨ੍ਹਾਂ ਨੇ ਉਸ ਨੂੰ ਵੇਖ ਕੇ ਮੱਥਾ ਟੇਕਿਆ, ਪਰ ਕੁਝ ਨੇ ਸ਼ੱਕ ਕੀਤਾ। 18 ਤਦ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਕਿਹਾ,“ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ। 19 ਇਸ ਲਈ ਤੁਸੀਂ ਜਾ ਕੇ ਸਭ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ 20 ਅਤੇ ਉਨ੍ਹਾਂ ਨੂੰ ਉਨ੍ਹਾਂ ਸਭ ਗੱਲਾਂ ਦੀ ਪਾਲਣਾ ਕਰਨਾ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ, ਮੈਂ ਸੰਸਾਰ ਦੇ ਅੰਤ ਤੱਕ ਸਦਾ ਤੁਹਾਡੇ ਨਾਲ ਹਾਂ।” |