Online Bible

- Advertisements -


ਮੱਤੀਯਾਹ 2 - Punjabi Standard Bible


ਪੂਰਬ ਤੋਂ ਜੋਤਸ਼ੀਆਂ ਦਾ ਆਉਣਾ

1 ਰਾਜਾ ਹੇਰੋਦੇਸ ਦੇ ਦਿਨਾਂ ਵਿੱਚ ਜਦੋਂ ਯਹੂਦਿਯਾ ਦੇ ਬੈਤਲਹਮ ਵਿੱਚ ਯਿਸੂ ਦਾ ਜਨਮ ਹੋਇਆ ਤਾਂ ਵੇਖੋ, ਪੂਰਬ ਤੋਂ ਜੋਤਸ਼ੀਆਂ ਨੇ ਯਰੂਸ਼ਲਮ ਵਿੱਚ ਆ ਕੇ ਪੁੱਛਿਆ,

2 “ਯਹੂਦੀਆਂ ਦਾ ਰਾਜਾ ਜਿਸ ਦਾ ਜਨਮ ਹੋਇਆ ਹੈ, ਉਹ ਕਿੱਥੇ ਹੈ? ਕਿਉਂਕਿ ਅਸੀਂ ਪੂਰਬ ਵਿੱਚ ਉਸ ਦਾ ਤਾਰਾ ਵੇਖਿਆ ਅਤੇ ਉਸ ਨੂੰ ਮੱਥਾ ਟੇਕਣ ਆਏ ਹਾਂ।”

3 ਇਹ ਸੁਣ ਕੇ ਰਾਜਾ ਹੇਰੋਦੇਸ ਅਤੇ ਉਸ ਦੇ ਨਾਲ ਸਾਰਾ ਯਰੂਸ਼ਲਮ ਘਬਰਾ ਗਿਆ।

4 ਤਦ ਉਸ ਨੇ ਲੋਕਾਂ ਦੇ ਸਭ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਤੋਂ ਪੁੱਛਿਆ, “ਮਸੀਹ ਦਾ ਜਨਮ ਕਿੱਥੇ ਹੋਣਾ ਹੈ?”

5 ਉਨ੍ਹਾਂ ਨੇ ਉਸ ਨੂੰ ਕਿਹਾ, “ਯਹੂਦਿਯਾ ਦੇ ਬੈਤਲਹਮ ਵਿੱਚ; ਕਿਉਂਕਿ ਨਬੀ ਦੇ ਦੁਆਰਾ ਇਸ ਤਰ੍ਹਾਂ ਲਿਖਿਆ ਹੋਇਆ ਹੈ:

6 ਹੇ ਯਹੂਦਾਹ ਦੇਸ ਦੇ ਬੈਤਲਹਮ, ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਕਿਸੇ ਤਰ੍ਹਾਂ ਛੋਟਾ ਨਹੀਂ ਹੈਂ; ਕਿਉਂਕਿ ਤੇਰੇ ਵਿੱਚੋਂ ਇੱਕ ਹਾਕਮ ਨਿੱਕਲੇਗਾ, ਜਿਹੜਾ ਮੇਰੀ ਪਰਜਾ ਇਸਰਾਏਲ ਦੀ ਅਗਵਾਈ ਕਰੇਗਾ। ”

7 ਤਦ ਹੇਰੋਦੇਸ ਨੇ ਜੋਤਸ਼ੀਆਂ ਨੂੰ ਚੁੱਪ-ਚਪੀਤੇ ਬੁਲਾ ਕੇ ਉਨ੍ਹਾਂ ਤੋਂ ਤਾਰੇ ਦੇ ਵਿਖਾਈ ਦੇਣ ਦੇ ਸਮੇਂ ਦਾ ਠੀਕ-ਠੀਕ ਪਤਾ ਲਿਆ।

8 ਫਿਰ ਉਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਬੈਤਲਹਮ ਨੂੰ ਭੇਜਿਆ, “ਜਾਓ, ਬੱਚੇ ਦੇ ਬਾਰੇ ਧਿਆਨ ਨਾਲ ਪਤਾ ਕਰੋ ਅਤੇ ਜਦੋਂ ਉਹ ਤੁਹਾਨੂੰ ਮਿਲ ਜਾਵੇ ਤਾਂ ਮੈਨੂੰ ਖ਼ਬਰ ਦਿਓ ਤਾਂਕਿ ਮੈਂ ਵੀ ਜਾ ਕੇ ਉਸ ਨੂੰ ਮੱਥਾ ਟੇਕਾਂ।”

9 ਸੋ ਉਹ ਰਾਜੇ ਦੀ ਸੁਣ ਕੇ ਚਲੇ ਗਏ ਅਤੇ ਵੇਖੋ, ਉਹ ਤਾਰਾ ਜਿਹੜਾ ਪੂਰਬ ਵਿੱਚ ਉਨ੍ਹਾਂ ਨੇ ਵੇਖਿਆ ਸੀ, ਉਨ੍ਹਾਂ ਦੇ ਅੱਗੇ-ਅੱਗੇ ਚੱਲਿਆ ਅਤੇ ਜਾ ਕੇ ਉੱਥੇ ਠਹਿਰ ਗਿਆ ਜਿੱਥੇ ਬੱਚਾ ਸੀ

10 ਉਹ ਉਸ ਤਾਰੇ ਨੂੰ ਵੇਖ ਕੇ ਬਹੁਤ ਹੀ ਅਨੰਦ ਨਾਲ ਭਰ ਗਏ।

11 ਫਿਰ ਉਨ੍ਹਾਂ ਨੇ ਉਸ ਘਰ ਵਿੱਚ ਆ ਕੇ ਬੱਚੇ ਨੂੰ ਉਸ ਦੀ ਮਾਤਾ ਮਰਿਯਮ ਦੇ ਨਾਲ ਵੇਖਿਆ ਅਤੇ ਮੂੰਹ ਪਰਨੇ ਲੰਮੇ ਪੈ ਕੇ ਉਸ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਉਸ ਨੂੰ ਸੋਨਾ, ਲੁਬਾਣ ਅਤੇ ਗੰਧਰਸ ਦੀਆਂ ਭੇਟਾਂ ਚੜ੍ਹਾਈਆਂ।

12 ਤਦ ਸੁਫਨੇ ਵਿੱਚ ਇਹ ਚਿਤਾਵਨੀ ਪਾ ਕੇ ਜੋ ਹੇਰੋਦੇਸ ਕੋਲ ਵਾਪਸ ਨਾ ਜਾਣਾ, ਉਹ ਹੋਰ ਰਾਹ ਤੋਂ ਆਪਣੇ ਦੇਸ ਨੂੰ ਚਲੇ ਗਏ।


ਮਿਸਰ ਨੂੰ ਜਾਣਾ

13 ਜਦੋਂ ਉਹ ਚਲੇ ਗਏ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫਨੇ ਵਿੱਚ ਵਿਖਾਈ ਦੇ ਕੇ ਕਿਹਾ, “ਉੱਠ, ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਅਤੇ ਮਿਸਰ ਦੇਸ ਨੂੰ ਭੱਜ ਜਾ ਅਤੇ ਜਦੋਂ ਤੱਕ ਮੈਂ ਤੈਨੂੰ ਨਾ ਕਹਾਂ, ਉੱਥੇ ਹੀ ਰਹੀਂ, ਕਿਉਂਕਿ ਹੇਰੋਦੇਸ ਇਸ ਬੱਚੇ ਨੂੰ ਮਾਰ ਸੁੱਟਣ ਲਈ ਲੱਭੇਗਾ।”

14 ਤਦ ਉਹ ਉੱਠਿਆ ਅਤੇ ਰਾਤੋ-ਰਾਤ ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਕੇ ਮਿਸਰ ਨੂੰ ਚਲਾ ਗਿਆ

15 ਅਤੇ ਹੇਰੋਦੇਸ ਦੀ ਮੌਤ ਤੱਕ ਉੱਥੇ ਹੀ ਰਿਹਾ, ਤਾਂਕਿ ਉਹ ਵਚਨ ਜਿਹੜਾ ਪ੍ਰਭੂ ਨੇ ਨਬੀ ਦੇ ਰਾਹੀਂ ਕਿਹਾ ਸੀ, ਪੂਰਾ ਹੋਵੇ: “ਮੈਂ ਆਪਣੇ ਪੁੱਤਰ ਨੂੰ ਮਿਸਰ ਤੋਂ ਬੁਲਾਇਆ।”


ਹੇਰੋਦੇਸ ਦੁਆਰਾ ਮਸੂਮ ਬੱਚਿਆਂ ਨੂੰ ਮਰਵਾ ਦੇਣਾ

16 ਜਦੋਂ ਹੇਰੋਦੇਸ ਨੇ ਵੇਖਿਆ ਕਿ ਜੋਤਸ਼ੀਆਂ ਨੇ ਮੇਰੇ ਨਾਲ ਚਾਲ ਖੇਡੀ ਹੈ ਤਾਂ ਉਸ ਨੂੰ ਬਹੁਤ ਕ੍ਰੋਧ ਆਇਆ ਅਤੇ ਉਸ ਨੇ ਆਦਮੀ ਭੇਜ ਕੇ ਉਸ ਸਮੇਂ ਦੇ ਅਨੁਸਾਰ ਜਿਸ ਦਾ ਉਸ ਨੇ ਜੋਤਸ਼ੀਆਂ ਤੋਂ ਠੀਕ-ਠੀਕ ਪਤਾ ਲਿਆ ਸੀ, ਬੈਤਲਹਮ ਅਤੇ ਉਸ ਦੇ ਨੇੜਲੇ ਇਲਾਕਿਆਂ ਦੇ ਸਭ ਲੜਕਿਆਂ ਨੂੰ ਜਿਹੜੇ ਦੋ ਸਾਲ ਦੇ ਅਤੇ ਉਸ ਤੋਂ ਘੱਟ ਸਨ, ਮਰਵਾ ਦਿੱਤਾ।

17 ਤਦ ਉਹ ਵਚਨ ਜਿਹੜਾ ਯਿਰਮਿਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਇਆ:

18 ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ! ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈ ਅਤੇ ਦਿਲਾਸਾ ਨਹੀਂ ਚਾਹੁੰਦੀ, ਕਿਉਂਕਿ ਉਹ ਨਹੀਂ ਰਹੇ।


ਮਿਸਰ ਦੇਸ ਤੋਂ ਵਾਪਸੀ

19 ਜਦੋਂ ਹੇਰੋਦੇਸ ਮਰ ਗਿਆ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸੁਫ਼ ਨੂੰ ਸੁਫਨੇ ਵਿੱਚ ਵਿਖਾਈ ਦੇ ਕੇ ਕਿਹਾ,

20 “ਉੱਠ, ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਕੇ ਇਸਰਾਏਲ ਦੇਸ ਨੂੰ ਚਲਾ ਜਾ, ਕਿਉਂਕਿ ਜੋ ਬੱਚੇ ਦੀ ਜਾਨ ਲੈਣਾ ਚਾਹੁੰਦੇ ਸਨ ਉਹ ਮਰ ਗਏ ਹਨ।”

21 ਤਦ ਉਹ ਉੱਠਿਆ ਅਤੇ ਬੱਚੇ ਅਤੇ ਉਸ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇਸ ਵਿੱਚ ਆਇਆ।

22 ਪਰ ਜਦੋਂ ਉਸ ਨੇ ਸੁਣਿਆ ਕਿ ਅਰਕਿਲਾਊਸ ਆਪਣੇ ਪਿਤਾ ਹੇਰੋਦੇਸ ਦੇ ਥਾਂ ਯਹੂਦਿਯਾ 'ਤੇ ਰਾਜ ਕਰਦਾ ਹੈ ਤਾਂ ਉਹ ਉੱਥੇ ਜਾਣ ਤੋਂ ਡਰਿਆ। ਫਿਰ ਉਹ ਸੁਫਨੇ ਵਿੱਚ ਚਿਤਾਵਨੀ ਪਾ ਕੇ ਗਲੀਲ ਦੇ ਇਲਾਕੇ ਵਿੱਚ ਚਲਾ ਗਿਆ

23 ਅਤੇ ਨਾਸਰਤ ਨਾਮਕ ਨਗਰ ਵਿੱਚ ਜਾ ਵੱਸਿਆ, ਤਾਂਕਿ ਉਹ ਵਚਨ ਜਿਹੜਾ ਨਬੀਆਂ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ ਕਿ ਉਹ ਨਾਸਰੀ ਕਹਾਵੇਗਾ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements