Online Bible

- Advertisements -



ਲੂਕਾ ਦੀ ਇੰਜੀਲ 2 - Punjabi Standard Bible


ਯਿਸੂ ਦਾ ਜਨਮ

1 ਉਨ੍ਹਾਂ ਦਿਨਾਂ ਵਿੱਚ ਇਸ ਤਰ੍ਹਾਂ ਹੋਇਆ ਕਿ ਰਾਜਾ ਕੈਸਰ ਔਗੂਸਤੁਸ ਵੱਲੋਂ ਇਹ ਹੁਕਮ ਨਿੱਕਲਿਆ ਜੋ ਸਾਰੀ ਦੁਨੀਆ ਦੀ ਮਰਦੁਮਸ਼ੁਮਾਰੀ ਕੀਤੀ ਜਾਵੇ।

2 ਇਹ ਪਹਿਲੀ ਮਰਦੁਮਸ਼ੁਮਾਰੀ ਸੀ ਜਿਹੜੀ ਸੀਰੀਆ ਦੇ ਰਾਜਪਾਲ ਕੁਰੇਨਿਯੁਸ ਦੇ ਸਮੇਂ ਵਿੱਚ ਕੀਤੀ ਗਈ

3 ਅਤੇ ਸਭ ਲੋਕ ਨਾਮ ਦਰਜ ਕਰਾਉਣ ਲਈ ਆਪੋ-ਆਪਣੇ ਨਗਰ ਨੂੰ ਜਾਣ ਲੱਗੇ।

4 ਸੋ ਯੂਸੁਫ਼ ਵੀ, ਕਿਉਂਕਿ ਉਹ ਦਾਊਦ ਦੇ ਘਰਾਣੇ ਅਤੇ ਵੰਸ਼ ਵਿੱਚੋਂ ਸੀ, ਗਲੀਲ ਦੇ ਨਾਸਰਤ ਨਗਰ ਤੋਂ ਯਹੂਦਿਯਾ ਵਿੱਚ ਦਾਊਦ ਦੇ ਨਗਰ ਨੂੰ ਗਿਆ ਜਿਸ ਨੂੰ ਬੈਤਲਹਮ ਕਿਹਾ ਜਾਂਦਾ ਹੈ

5 ਤਾਂਕਿ ਆਪਣੀ ਮੰਗੇਤਰ ਮਰਿਯਮ ਨਾਲ ਜੋ ਗਰਭਵਤੀ ਸੀ, ਨਾਮ ਦਰਜ ਕਰਾਵੇ।

6 ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਉੱਥੇ ਸਨ ਤਾਂ ਮਰਿਯਮ ਦੇ ਜਣਨ ਦੇ ਦਿਨ ਪੂਰੇ ਹੋ ਗਏ

7 ਅਤੇ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖ ਦਿੱਤਾ ਕਿਉਂਕਿ ਉਨ੍ਹਾਂ ਨੂੰ ਸਰਾਂ ਵਿੱਚ ਥਾਂ ਨਾ ਮਿਲੀ।


ਸਵਰਗਦੂਤਾਂ ਵੱਲੋਂ ਚਰਵਾਹਿਆਂ ਨੂੰ ਸੰਦੇਸ਼

8 ਉਸੇ ਇਲਾਕੇ ਵਿੱਚ ਚਰਵਾਹੇ ਸਨ ਜੋ ਬਾਹਰ ਮੈਦਾਨ ਵਿੱਚ ਰਹਿ ਕੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ।

9 ਤਦ ਪ੍ਰਭੂ ਦਾ ਇੱਕ ਦੂਤ ਉਨ੍ਹਾਂ ਸਾਹਮਣੇ ਆ ਖੜ੍ਹਾ ਹੋਇਆ ਅਤੇ ਪ੍ਰਭੂ ਦਾ ਤੇਜ ਉਨ੍ਹਾਂ ਦੁਆਲੇ ਚਮਕਿਆ ਅਤੇ ਉਹ ਬਹੁਤ ਡਰ ਗਏ।

10 ਪਰ ਦੂਤ ਨੇ ਉਨ੍ਹਾਂ ਨੂੰ ਕਿਹਾ, “ਨਾ ਡਰੋ! ਕਿਉਂਕਿ ਵੇਖੋ, ਮੈਂ ਤੁਹਾਨੂੰ ਵੱਡੇ ਅਨੰਦ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੇ ਲੋਕਾਂ ਦੇ ਲਈ ਹੋਵੇਗੀ;

11 ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੂ ਹੈ।

12 ਤੁਹਾਡੇ ਲਈ ਇਹ ਚਿੰਨ੍ਹ ਹੋਵੇਗਾ; ਤੁਸੀਂ ਇੱਕ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਵੇਖੋਗੇ।”

13 ਤਦ ਅਚਾਨਕ ਉਸ ਦੂਤ ਦੇ ਨਾਲ ਸਵਰਗੀ ਫ਼ੌਜ ਦਾ ਇੱਕ ਦਲ ਪਰਮੇਸ਼ਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਵਿਖਾਈ ਦਿੱਤਾ:

14 ਪਰਮਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਅਤੇ ਧਰਤੀ ਉੱਤੇ ਉਨ੍ਹਾਂ ਮਨੁੱਖਾਂ ਵਿੱਚ ਸ਼ਾਂਤੀ ਜਿਨ੍ਹਾਂ ਤੋਂ ਉਹ ਪ੍ਰਸੰਨ ਹੈ।

15 ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਸਵਰਗਦੂਤ ਉਨ੍ਹਾਂ ਕੋਲੋਂ ਸਵਰਗ ਨੂੰ ਚਲੇ ਗਏ ਤਾਂ ਚਰਵਾਹੇ ਆਪਸ ਵਿੱਚ ਕਹਿਣ ਲੱਗੇ, “ਆਓ ਹੁਣ ਬੈਤਲਹਮ ਨੂੰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹ ਦੀ ਖ਼ਬਰ ਪ੍ਰਭੂ ਨੇ ਸਾਨੂੰ ਦਿੱਤੀ ਹੈ।”

16 ਤਦ ਉਨ੍ਹਾਂ ਛੇਤੀ ਜਾ ਕੇ ਮਰਿਯਮ ਅਤੇ ਯੂਸੁਫ਼ ਨੂੰ ਅਤੇ ਖੁਰਲੀ ਵਿੱਚ ਪਏ ਹੋਏ ਬੱਚੇ ਨੂੰ ਵੇਖਿਆ।

17 ਇਹ ਵੇਖ ਕੇ ਚਰਵਾਹਿਆਂ ਨੇ ਉਹ ਗੱਲ ਜੋ ਉਸ ਬੱਚੇ ਬਾਰੇ ਉਨ੍ਹਾਂ ਨੂੰ ਕਹੀ ਗਈ ਸੀ, ਦੱਸੀ।

18 ਤਦ ਸਾਰੇ ਉਹ ਗੱਲਾਂ ਸੁਣ ਕੇ ਜੋ ਚਰਵਾਹਿਆਂ ਨੇ ਉਨ੍ਹਾਂ ਨੂੰ ਦੱਸੀਆਂ ਸਨ, ਹੈਰਾਨ ਹੋਏ।

19 ਪਰ ਮਰਿਯਮ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਮਨ ਵਿੱਚ ਰੱਖ ਕੇ ਵਿਚਾਰ ਕਰਦੀ ਰਹੀ।

20 ਤਦ ਚਰਵਾਹੇ ਪਰਮੇਸ਼ਰ ਦੀ ਉਸਤਤ ਅਤੇ ਵਡਿਆਈ ਕਰਦੇ ਹੋਏ ਮੁੜ ਗਏ ਕਿਉਂਕਿ ਜੋ ਕੁਝ ਉਨ੍ਹਾਂ ਨੇ ਵੇਖਿਆ ਅਤੇ ਸੁਣਿਆ ਉਹ ਉਸੇ ਤਰ੍ਹਾਂ ਸੀ ਜਿਵੇਂ ਉਨ੍ਹਾਂ ਨੂੰ ਦੱਸਿਆ ਗਿਆ ਸੀ।


ਬਾਲਕ ਯਿਸੂ ਨੂੰ ਪ੍ਰਭੂ ਦੇ ਸਨਮੁੱਖ ਹਾਜ਼ਰ ਕਰਨਾ

21 ਜਦੋਂ ਅੱਠ ਦਿਨ ਪੂਰੇ ਹੋਏ ਕਿ ਉਸ ਦੀ ਸੁੰਨਤ ਕੀਤੀ ਜਾਵੇ ਤਾਂ ਉਸ ਦਾ ਨਾਮ ਯਿਸੂ ਰੱਖਿਆ ਗਿਆ ਜੋ ਉਸ ਦੇ ਕੁੱਖ ਵਿੱਚ ਪੈਣ ਤੋਂ ਪਹਿਲਾਂ ਸਵਰਗਦੂਤ ਵੱਲੋਂ ਦਿੱਤਾ ਗਿਆ ਸੀ।

22 ਜਦੋਂ ਮੂਸਾ ਦੀ ਬਿਵਸਥਾ ਦੇ ਅਨੁਸਾਰ ਉਨ੍ਹਾਂ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਹ ਉਸ ਨੂੰ ਪ੍ਰਭੂ ਦੇ ਸਨਮੁੱਖ ਹਾਜ਼ਰ ਕਰਨ ਲਈ ਯਰੂਸ਼ਲਮ ਵਿੱਚ ਲਿਆਏ,

23 (ਜਿਵੇਂ ਕਿ ਪ੍ਰਭੂ ਦੀ ਬਿਵਸਥਾ ਵਿੱਚ ਲਿਖਿਆ ਹੈ:“ਕੁੱਖ ਨੂੰ ਖੋਲ੍ਹਣ ਵਾਲਾ ਹਰੇਕ ਨਰ ਬੱਚਾ ਪ੍ਰਭੂ ਲਈ ਪਵਿੱਤਰ ਕਹਾਵੇਗਾ”)

24 ਤਾਂਕਿ ਜੋ ਪ੍ਰਭੂ ਦੀ ਬਿਵਸਥਾ ਵਿੱਚ ਕਿਹਾ ਗਿਆ ਹੈ ਉਸ ਦੇ ਅਨੁਸਾਰਘੁੱਗੀਆਂ ਦਾ ਇੱਕ ਜੋੜਾ ਜਾਂ ਕਬੂਤਰ ਦੇ ਦੋ ਬੱਚਿਆਂ ਦੀ ਬਲੀ ਚੜ੍ਹਾਉਣ।


ਸਿਮਓਨ ਦੁਆਰਾ ਯਿਸੂ ਦੇ ਦਰਸ਼ਨ

25 ਵੇਖੋ, ਯਰੂਸ਼ਲਮ ਵਿੱਚ ਸਿਮਓਨ ਨਾਮਕ ਇੱਕ ਮਨੁੱਖ ਸੀ ਅਤੇ ਉਹ ਧਰਮੀ ਅਤੇ ਭਗਤ ਜਨ ਸੀ। ਉਹ ਇਸਰਾਏਲ ਦੀ ਸ਼ਾਂਤੀ ਦੀ ਉਡੀਕ ਕਰ ਰਿਹਾ ਸੀ ਅਤੇ ਪਵਿੱਤਰ ਆਤਮਾ ਉਸ ਉੱਤੇ ਸੀ।

26 ਪਵਿੱਤਰ ਆਤਮਾ ਦੁਆਰਾ ਉਸ ਉੱਤੇ ਇਹ ਪਰਗਟ ਕੀਤਾ ਗਿਆ ਸੀ ਕਿ ਜਦੋਂ ਤੱਕ ਉਹ ਪ੍ਰਭੂ ਦੇ ਮਸੀਹ ਨੂੰ ਨਾ ਵੇਖ ਲਵੇ, ਉਹ ਮੌਤ ਨੂੰ ਨਹੀਂ ਵੇਖੇਗਾ।

27 ਉਹ ਆਤਮਾ ਦੀ ਅਗਵਾਈ ਨਾਲ ਹੈਕਲ ਵਿੱਚ ਆਇਆ ਅਤੇ ਜਦੋਂ ਮਾਤਾ-ਪਿਤਾ ਬਾਲਕ ਯਿਸੂ ਨੂੰ ਅੰਦਰ ਲਿਆਏ ਕਿ ਉਸ ਦੇ ਲਈ ਬਿਵਸਥਾ ਦੀ ਰੀਤ ਨੂੰ ਪੂਰਾ ਕਰਨ

28 ਤਾਂ ਸਿਮਓਨ ਨੇ ਉਸ ਨੂੰ ਗੋਦ ਵਿੱਚ ਲਿਆ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਿਹਾ:

29 ਹੇ ਸੁਆਮੀ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਵਚਨ ਦੇ ਅਨੁਸਾਰ ਸ਼ਾਂਤੀ ਨਾਲ ਵਿਦਾ ਕਰ।

30 ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਉਸ ਮੁਕਤੀ ਨੂੰ ਵੇਖ ਲਿਆ

31 ਜਿਹੜੀ ਤੂੰ ਸਭਨਾਂ ਲੋਕਾਂ ਅੱਗੇ ਤਿਆਰ ਕੀਤੀ ਹੈ

32 ਅਰਥਾਤ ਪਰਾਈਆਂ ਕੌਮਾਂ ਦੇ ਪਰਕਾਸ਼ ਲਈ ਜੋਤ ਅਤੇ ਤੇਰੀ ਪਰਜਾ ਇਸਰਾਏਲ ਦੇ ਲਈ ਮਹਿਮਾ।

33 ਉਸ ਦੇ ਮਾਤਾ-ਪਿਤਾ ਉਸ ਦੇ ਵਿਖੇ ਕਹੀਆਂ ਗਈਆਂ ਗੱਲਾਂ ਤੋਂ ਹੈਰਾਨ ਸਨ।

34 ਤਦ ਸਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਸ ਦੀ ਮਾਤਾ ਮਰਿਯਮ ਨੂੰ ਕਿਹਾ, “ਵੇਖ, ਇਹ ਬਾਲਕ ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਦਾ ਕਾਰਨ ਬਣਨ ਅਤੇ ਇੱਕ ਅਜਿਹਾ ਚਿੰਨ੍ਹ ਹੋਣ ਲਈ ਠਹਿਰਾਇਆ ਗਿਆ ਹੈ ਜਿਸ ਦਾ ਵਿਰੋਧ ਕੀਤਾ ਜਾਵੇਗਾ

35 (ਸਗੋਂ ਤਲਵਾਰ ਤੇਰੀ ਆਪਣੀ ਜਾਨ ਨੂੰ ਵੀ ਵਿੰਨ੍ਹ ਦੇਵੇਗੀ) ਤਾਂਕਿ ਬਹੁਤਿਆਂ ਦੇ ਮਨਾਂ ਦੇ ਵਿਚਾਰ ਪਰਗਟ ਹੋ ਜਾਣ।”


ਆੱਨਾ ਦੀ ਗਵਾਹੀ

36 ਉੱਥੇ ਹੀ ਆੱਨਾ ਨਾਮਕ ਇੱਕ ਨਬੀਆ ਸੀ ਜੋ ਫਨੂਏਲ ਦੀ ਧੀ ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਸੀ। ਉਹ ਬਹੁਤ ਬਜ਼ੁਰਗ ਸੀ ਅਤੇ ਵਿਆਹ ਤੋਂ ਬਾਅਦ ਸੱਤ ਸਾਲ ਆਪਣੇ ਪਤੀ ਨਾਲ ਰਹੀ ਸੀ

37 ਅਤੇ ਚੌਰਾਸੀ ਸਾਲਾਂ ਤੋਂ ਵਿਧਵਾ ਸੀ। ਉਹ ਹੈਕਲ ਨੂੰ ਨਹੀਂ ਛੱਡਦੀ ਸੀ ਅਤੇ ਰਾਤ-ਦਿਨ ਪ੍ਰਾਰਥਨਾ ਅਤੇ ਵਰਤ ਰੱਖ ਕੇ ਸੇਵਾ ਕਰਦੀ ਰਹਿੰਦੀ ਸੀ।

38 ਉਸੇ ਸਮੇਂ ਉਹ ਵੀ ਆ ਕੇ ਪਰਮੇਸ਼ਰ ਦੀ ਉਸਤਤ ਕਰਨ ਲੱਗੀ ਅਤੇ ਉਨ੍ਹਾਂ ਸਭਨਾਂ ਨੂੰ ਜਿਹੜੇ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਕਰ ਰਹੇ ਸਨ, ਉਸ ਬਾਲਕ ਦੇ ਬਾਰੇ ਦੱਸਣ ਲੱਗੀ।


ਨਾਸਰਤ ਨੂੰ ਮੁੜਨਾ

39 ਜਦੋਂ ਉਹ ਪ੍ਰਭੂ ਦੀ ਬਿਵਸਥਾ ਦੇ ਅਨੁਸਾਰ ਸਭ ਕੁਝ ਪੂਰਾ ਕਰ ਚੁੱਕੇ ਤਾਂ ਗਲੀਲ ਵਿੱਚ ਆਪਣੇ ਨਗਰ ਨਾਸਰਤ ਨੂੰ ਮੁੜ ਗਏ।

40 ਉਹ ਬੱਚਾ ਵਧਦਾ, ਬਲਵੰਤ ਹੁੰਦਾ ਅਤੇ ਬੁੱਧ ਨਾਲ ਭਰਪੂਰ ਹੁੰਦਾ ਗਿਆ ਅਤੇ ਪਰਮੇਸ਼ਰ ਦੀ ਕਿਰਪਾ ਉਸ ਦੇ ਉੱਤੇ ਸੀ।


ਬਾਲਕ ਯਿਸੂ

41 ਉਸ ਦੇ ਮਾਤਾ-ਪਿਤਾ ਹਰ ਸਾਲ ਪਸਾਹ ਦੇ ਤਿਉਹਾਰ 'ਤੇ ਯਰੂਸ਼ਲਮ ਜਾਂਦੇ ਹੁੰਦੇ ਸਨ।

42 ਜਦੋਂ ਉਹ ਬਾਲਕ ਬਾਰਾਂ ਸਾਲਾਂ ਦਾ ਹੋਇਆ ਤਾਂ ਉਹ ਤਿਉਹਾਰ ਦੀ ਰੀਤ ਦੇ ਅਨੁਸਾਰ ਉੱਥੇ ਗਏ

43 ਅਤੇ ਉਨ੍ਹਾਂ ਦਿਨਾਂ ਨੂੰ ਪੂਰਾ ਕਰਕੇ ਜਦੋਂ ਵਾਪਸ ਮੁੜਨ ਲੱਗੇ ਤਾਂ ਬਾਲਕ ਯਿਸੂ ਯਰੂਸ਼ਲਮ ਵਿੱਚ ਹੀ ਰੁਕ ਗਿਆ, ਪਰ ਉਸ ਦੇ ਮਾਤਾ-ਪਿਤਾ ਨੂੰ ਇਹ ਪਤਾ ਨਹੀਂ ਸੀ।

44 ਉਹ ਇਹ ਸੋਚ ਕੇ ਜੋ ਉਹ ਕਾਫ਼ਲੇ ਦੇ ਨਾਲ ਹੋਵੇਗਾ ਇੱਕ ਦਿਨ ਦੀ ਯਾਤਰਾ ਕਰ ਚੁੱਕੇ; ਤਦ ਉਹ ਉਸ ਨੂੰ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਭਾਲਣ ਲੱਗੇ।

45 ਪਰ ਜਦੋਂ ਉਹ ਨਾ ਮਿਲਿਆ ਤਾਂ ਉਹ ਉਸ ਨੂੰ ਲੱਭਦੇ ਹੋਏ ਯਰੂਸ਼ਲਮ ਨੂੰ ਮੁੜ ਆਏ।

46 ਫਿਰ ਇਸ ਤਰ੍ਹਾਂ ਹੋਇਆ ਕਿ ਤਿੰਨਾਂ ਦਿਨਾਂ ਬਾਅਦ ਉਨ੍ਹਾਂ ਉਸ ਨੂੰ ਹੈਕਲ ਵਿੱਚ ਧਰਮ ਗੁਰੂਆਂ ਦੇ ਵਿਚਕਾਰ ਬੈਠੇ ਅਤੇ ਉਨ੍ਹਾਂ ਦੀ ਸੁਣਦੇ ਅਤੇ ਉਨ੍ਹਾਂ ਨੂੰ ਸਵਾਲ ਕਰਦੇ ਪਾਇਆ

47 ਅਤੇ ਜਿੰਨੇ ਉਸ ਦੀ ਸੁਣ ਰਹੇ ਸਨ ਉਹ ਸਭ ਉਸ ਦੀ ਸਮਝ ਅਤੇ ਉਸ ਦੇ ਉੱਤਰਾਂ ਤੋਂ ਹੈਰਾਨ ਸਨ।

48 ਉਸ ਦੇ ਮਾਤਾ-ਪਿਤਾ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ ਅਤੇ ਉਸ ਦੀ ਮਾਤਾ ਨੇ ਉਸ ਨੂੰ ਕਿਹਾ, “ਪੁੱਤਰ, ਤੂੰ ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਵੇਖ ਮੈਂ ਅਤੇ ਤੇਰਾ ਪਿਤਾ ਪਰੇਸ਼ਾਨ ਹੋ ਕੇ ਤੈਨੂੰ ਲੱਭ ਰਹੇ ਸੀ।”

49 ਉਸ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਕੀ ਤੁਸੀਂ ਨਹੀਂ ਜਾਣਦੇ ਕਿ ਮੇਰਾ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗੇ ਰਹਿਣਾ ਜ਼ਰੂਰੀ ਹੈ?”

50 ਪਰ ਉਹ ਇਸ ਗੱਲ ਨੂੰ ਜੋ ਉਸ ਨੇ ਉਨ੍ਹਾਂ ਨੂੰ ਕਹੀ ਸੀ, ਨਾ ਸਮਝੇ।

51 ਤਦ ਉਹ ਉਨ੍ਹਾਂ ਦੇ ਨਾਲ ਚੱਲ ਕੇ ਨਾਸਰਤ ਵਿੱਚ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ। ਪਰ ਉਸ ਦੀ ਮਾਤਾ ਨੇ ਇਹ ਸਭ ਗੱਲਾਂ ਆਪਣੇ ਮਨ ਵਿੱਚ ਹੀ ਰੱਖੀਆਂ।

52 ਯਿਸੂ ਬੁੱਧ ਤੇ ਸਰੀਰ ਵਿੱਚ ਅਤੇ ਪਰਮੇਸ਼ਰ ਤੇ ਮਨੁੱਖਾਂ ਦੀ ਕਿਰਪਾ ਵਿੱਚ ਵਧਦਾ ਗਿਆ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements