ਇਬਰਾਨੀ 3 - Punjabi Standard Bible1 ਇਸ ਲਈ, ਹੇ ਪਵਿੱਤਰ ਭਾਈਓ ਅਤੇ ਸਵਰਗੀ ਬੁਲਾਹਟ ਦੇ ਸਾਂਝੀਦਾਰੋ, ਯਿਸੂ ਉੱਤੇ ਧਿਆਨ ਕਰੋ ਜਿਸ ਦਾ ਅਸੀਂ ਰਸੂਲ ਅਤੇ ਮਹਾਂਯਾਜਕ ਦੇ ਤੌਰ 'ਤੇ ਇਕਰਾਰ ਕਰਦੇ ਹਾਂ। 2 ਉਹ ਆਪਣੇ ਨਿਯੁਕਤ ਕਰਨ ਵਾਲੇ ਪ੍ਰਤੀ ਵਫ਼ਾਦਾਰ ਰਿਹਾ, ਜਿਵੇਂ ਮੂਸਾ ਵੀ ਪਰਮੇਸ਼ਰ ਦੇ ਸਾਰੇ ਘਰਾਣੇ ਵਿੱਚ ਸੀ। 3 ਪਰ ਉਹ ਮੂਸਾ ਨਾਲੋਂ ਵੱਧ ਮਹਿਮਾ ਦੇ ਯੋਗ ਗਿਣਿਆ ਗਿਆ, ਜਿਵੇਂ ਘਰ ਨਾਲੋਂ ਘਰ ਦਾ ਬਣਾਉਣ ਵਾਲਾ ਜ਼ਿਆਦਾ ਆਦਰਯੋਗ ਹੁੰਦਾ ਹੈ। 4 ਕਿਉਂ ਜੋ ਹਰੇਕ ਘਰ ਕਿਸੇ ਨਾ ਕਿਸੇ ਦੁਆਰਾ ਬਣਾਇਆ ਜਾਂਦਾ ਹੈ, ਪਰ ਸਭ ਕੁਝ ਬਣਾਉਣ ਵਾਲਾ ਪਰਮੇਸ਼ਰ ਹੀ ਹੈ। 5 ਮੂਸਾ ਪਰਮੇਸ਼ਰ ਦੇ ਸਾਰੇ ਘਰਾਣੇ ਵਿੱਚ ਸੇਵਕ ਦੇ ਤੌਰ 'ਤੇ ਵਿਸ਼ਵਾਸਯੋਗ ਰਿਹਾ ਤਾਂਕਿ ਉਨ੍ਹਾਂ ਗੱਲਾਂ ਦੀ ਗਵਾਹੀ ਦੇਵੇ ਜਿਹੜੀਆਂ ਭਵਿੱਖ ਵਿੱਚ ਕਹੀਆਂ ਜਾਣੀਆਂ ਸਨ। 6 ਪਰ ਮਸੀਹ ਪਰਮੇਸ਼ਰ ਦੇ ਸਾਰੇ ਘਰਾਣੇ ਉੱਤੇ ਇੱਕ ਪੁੱਤਰ ਦੇ ਤੌਰ 'ਤੇ ਵਫ਼ਾਦਾਰ ਰਿਹਾ; ਉਸ ਦਾ ਘਰਾਣਾ ਅਸੀਂ ਹਾਂ ਜੇ ਅਸੀਂ ਆਪਣੀ ਦਲੇਰੀ ਅਤੇ ਆਸ ਦੇ ਅਭਿਮਾਨ ਉੱਤੇ ਕਾਇਮ ਰਹੀਏ। ਅਵਿਸ਼ਵਾਸ ਦੇ ਵਿਰੁੱਧ ਚਿਤਾਵਨੀ 7 ਇਸ ਲਈ ਜਿਵੇਂ ਪਵਿੱਤਰ ਆਤਮਾ ਕਹਿੰਦਾ ਹੈ: ਜੇ ਅੱਜ ਤੁਸੀਂ ਉਸ ਦੀ ਅਵਾਜ਼ ਸੁਣੋ, 8 ਤਾਂਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਉਜਾੜ ਵਿੱਚ ਪਰਖੇ ਜਾਣ ਦੇ ਦਿਨ ਉਸ ਨੂੰ ਕ੍ਰੋਧ ਦਿਵਾ ਕੇ ਕੀਤਾ, 9 ਜਿੱਥੇ ਤੁਹਾਡੇ ਪੁਰਖਿਆਂ ਨੇ ਮੈਨੂੰ ਜਾਂਚ ਕੇ ਪਰਖਿਆ ਅਤੇ ਚਾਲ੍ਹੀਆਂ ਸਾਲਾਂ ਤੱਕ ਮੇਰੇ ਕੰਮ ਵੇਖੇ। 10 ਇਸ ਲਈ ਮੈਂ ਇਸ ਪੀੜ੍ਹੀ ਨਾਲ ਗੁੱਸੇ ਹੋਇਆ ਅਤੇ ਕਿਹਾ: “ਇਨ੍ਹਾਂ ਦੇ ਦਿਲ ਹਮੇਸ਼ਾ ਭਟਕਦੇ ਰਹਿੰਦੇ ਹਨ ਅਤੇ ਇਨ੍ਹਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ।” 11 ਇਸ ਕਰਕੇ ਮੈਂ ਕ੍ਰੋਧ ਵਿੱਚ ਆ ਕੇ ਸੌਂਹ ਖਾਧੀ ਕਿ ਉਹ ਮੇਰੇ ਅਰਾਮ ਵਿੱਚ ਕਦੇ ਪ੍ਰਵੇਸ਼ ਨਾ ਕਰਨਗੇ। 12 ਹੇ ਭਾਈਓ, ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਵਿੱਚੋਂ ਕਿਸੇ ਦਾ ਮਨ ਬੁਰਾ ਅਤੇ ਅਵਿਸ਼ਵਾਸੀ ਹੋਵੇ ਜੋ ਤੁਹਾਨੂੰ ਜੀਉਂਦੇ ਪਰਮੇਸ਼ਰ ਤੋਂ ਦੂਰ ਕਰ ਦੇਵੇ, 13 ਸਗੋਂ ਜਦੋਂ ਤੱਕ “ਅੱਜ ਦਾ ਦਿਨ” ਕਿਹਾ ਜਾਂਦਾ ਹੈ, ਹਰ ਦਿਨ ਇੱਕ ਦੂਜੇ ਨੂੰ ਉਤਸ਼ਾਹਿਤ ਕਰੋ ਤਾਂਕਿ ਪਾਪ ਦੇ ਧੋਖੇ ਕਾਰਨ ਤੁਹਾਡੇ ਵਿੱਚੋਂ ਕੋਈ ਵੀ ਕਠੋਰ ਨਾ ਹੋ ਜਾਵੇ। 14 ਕਿਉਂਕਿ ਜੇ ਅਸੀਂ ਆਪਣੇ ਸ਼ੁਰੂਆਤੀ ਵਿਸ਼ਵਾਸ ਉੱਤੇ ਅੰਤ ਤੱਕ ਕਾਇਮ ਰਹਿੰਦੇ ਹਾਂ ਤਾਂ ਅਸੀਂ ਮਸੀਹ ਦੇ ਸਾਂਝੀਦਾਰ ਬਣਦੇ ਹਾਂ। 15 ਜਿਵੇਂ ਕਿਹਾ ਗਿਆ ਹੈ: ਜੇ ਅੱਜ ਤੁਸੀਂ ਉਸ ਦੀ ਅਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਉਸ ਨੂੰ ਕ੍ਰੋਧ ਦਿਵਾ ਕੇ ਕੀਤਾ ਸੀ। 16 ਕਿਉਂਕਿ ਕਿਨ੍ਹਾਂ ਨੇ ਸੁਣਿਆ ਅਤੇ ਕ੍ਰੋਧ ਦਿਵਾਇਆ? ਕੀ ਉਨ੍ਹਾਂ ਸਭਨਾਂ ਨੇ ਹੀ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰ ਵਿੱਚੋਂ ਨਿੱਕਲੇ ਸਨ? 17 ਅਤੇ ਪਰਮੇਸ਼ਰ ਚਾਲ੍ਹੀਆਂ ਸਾਲਾਂ ਤੱਕ ਕਿਨ੍ਹਾਂ ਨਾਲ ਗੁੱਸੇ ਰਿਹਾ? ਕੀ ਉਨ੍ਹਾਂ ਨਾਲ ਹੀ ਨਹੀਂ ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਉਜਾੜ ਵਿੱਚ ਡਿੱਗੀਆਂ? 18 ਅਤੇ ਉਸ ਨੇ ਕਿਨ੍ਹਾਂ ਨਾਲ ਸੌਂਹ ਖਾਧੀ ਕਿ ਉਹ ਮੇਰੇ ਅਰਾਮ ਵਿੱਚ ਕਦੇ ਪ੍ਰਵੇਸ਼ ਨਾ ਕਰਨਗੇ? ਕੀ ਉਨ੍ਹਾਂ ਨਾਲ ਹੀ ਨਹੀਂ ਜਿਨ੍ਹਾਂ ਅਣਆਗਿਆਕਾਰੀ ਕੀਤੀ? 19 ਇਸ ਲਈ ਅਸੀਂ ਵੇਖਦੇ ਹਾਂ ਕਿ ਉਹ ਅਵਿਸ਼ਵਾਸ ਦੇ ਕਾਰਨ ਪ੍ਰਵੇਸ਼ ਨਾ ਕਰ ਸਕੇ। |