Online Bible

- Advertisements -


ਇਬਰਾਨੀ 2 - Punjabi Standard Bible


ਮੁਕਤੀ ਸੰਬੰਧੀ ਚਿਤਾਵਨੀ

1 ਇਸ ਲਈ ਜ਼ਰੂਰੀ ਹੈ ਕਿ ਜਿਹੜੀਆਂ ਗੱਲਾਂ ਅਸੀਂ ਸੁਣੀਆਂ ਹਨ ਉਨ੍ਹਾਂ 'ਤੇ ਹੋਰ ਵੀ ਜ਼ਿਆਦਾ ਧਿਆਨ ਦੇਈਏ ਤਾਂਕਿ ਅਸੀਂ ਭਟਕ ਕੇ ਦੂਰ ਨਾ ਚਲੇ ਜਾਈਏ।

2 ਕਿਉਂਕਿ ਜੇ ਉਹ ਸੰਦੇਸ਼ ਜਿਹੜਾ ਦੂਤਾਂ ਦੁਆਰਾ ਦਿੱਤਾ ਗਿਆ ਸੀ, ਦ੍ਰਿੜ੍ਹ ਰਿਹਾ ਅਤੇ ਹਰੇਕ ਅਣਆਗਿਆਕਾਰੀ ਅਤੇ ਅਪਰਾਧ ਨੂੰ ਉਚਿਤ ਦੰਡ ਮਿਲਿਆ

3 ਤਾਂ ਉਸ ਮਹਾਨ ਮੁਕਤੀ ਦੀ ਅਣਦੇਖੀ ਕਰਕੇ ਅਸੀਂ ਕਿਵੇਂ ਬਚ ਸਕਾਂਗੇ ਜਿਸ ਦਾ ਵਰਣਨ ਸਭ ਤੋਂ ਪਹਿਲਾਂ ਪ੍ਰਭੂ ਦੇ ਦੁਆਰਾ ਕੀਤਾ ਗਿਆ ਅਤੇ ਸੁਣਨ ਵਾਲਿਆਂ ਨੇ ਸਾਡੇ ਸਾਹਮਣੇ ਇਸ ਦੀ ਪੁਸ਼ਟੀ ਕੀਤੀ?

4 ਇਸ ਤੋਂ ਇਲਾਵਾ ਪਰਮੇਸ਼ਰ ਨੇ ਵੀ ਚਿੰਨ੍ਹਾਂ, ਅਚੰਭਿਆਂ ਅਤੇ ਵੱਖ-ਵੱਖ ਤਰ੍ਹਾਂ ਦੇ ਚਮਤਕਾਰਾਂ ਦੇ ਦੁਆਰਾ ਅਤੇ ਆਪਣੀ ਇੱਛਾ ਦੇ ਅਨੁਸਾਰ ਪਵਿੱਤਰ ਆਤਮਾ ਦੇ ਵਰਦਾਨ ਵੰਡਣ ਦੁਆਰਾ ਇਸ ਦੀ ਗਵਾਹੀ ਦਿੱਤੀ।


ਦੇਹਧਾਰੀ ਮੁਕਤੀਦਾਤਾ

5 ਪਰਮੇਸ਼ਰ ਨੇ ਉਸ ਆਉਣ ਵਾਲੇ ਸੰਸਾਰ ਨੂੰ ਜਿਸ ਦੀ ਗੱਲ ਅਸੀਂ ਕਰ ਰਹੇ ਹਾਂ, ਦੂਤਾਂ ਦੇ ਅਧੀਨ ਨਹੀਂ ਕੀਤਾ,

6 ਪਰ ਕਿਸੇ ਨੇ ਇੱਕ ਥਾਂ ਇਹ ਕਹਿ ਕੇ ਗਵਾਹੀ ਦਿੱਤੀ ਹੈ: ਮਨੁੱਖ ਕੀ ਹੈ ਜੋ ਤੂੰ ਉਸ ਨੂੰ ਯਾਦ ਰੱਖੇਂ, ਜਾਂ ਮਨੁੱਖ ਦੀ ਸੰਤਾਨ ਕੀ ਹੈ ਜੋ ਤੂੰ ਉਸ ਦੀ ਸੁੱਧ ਲਵੇਂ?

7 ਤੂੰ ਥੋੜ੍ਹੇ ਸਮੇਂ ਲਈ ਉਸ ਨੂੰ ਸਵਰਗਦੂਤਾਂ ਨਾਲੋਂ ਨੀਵਾਂ ਕੀਤਾ; ਤੂੰ ਉਸ ਨੂੰ ਮਹਿਮਾ ਅਤੇ ਆਦਰ ਦਾ ਤਾਜ ਪਹਿਨਾਇਆ ਅਤੇ ਉਸ ਨੂੰ ਆਪਣੇ ਹੱਥਾਂ ਦੇ ਕੰਮਾਂ ਉੱਤੇ ਅਧਿਕਾਰ ਦਿੱਤਾ ।

8 ਅਤੇ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ। ਕਿਉਂਕਿ ਜਦੋਂ ਉਸ ਨੇ ਸਭ ਕੁਝ ਉਸ ਦੇ ਅਧੀਨ ਕਰ ਦਿੱਤਾ ਤਾਂ ਅਜਿਹਾ ਕੁਝ ਵੀ ਨਹੀਂ ਛੱਡਿਆ ਜੋ ਉਸ ਦੇ ਅਧੀਨ ਨਾ ਕੀਤਾ ਹੋਵੇ, ਪਰ ਅਜੇ ਅਸੀਂ ਸਭ ਕੁਝ ਉਸ ਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ।

9 ਪਰ ਅਸੀਂ ਯਿਸੂ ਨੂੰ, ਜਿਹੜਾ ਥੋੜ੍ਹੇ ਸਮੇਂ ਲਈ ਸਵਰਗਦੂਤਾਂ ਤੋਂ ਨੀਵਾਂ ਕੀਤਾ ਗਿਆ ਤਾਂਕਿ ਉਹ ਪਰਮੇਸ਼ਰ ਦੀ ਕਿਰਪਾ ਨਾਲ ਸਭਨਾਂ ਦੇ ਲਈ ਮੌਤ ਦਾ ਸੁਆਦ ਚੱਖੇ, ਮੌਤ ਦੇ ਦੁੱਖ ਦੇ ਕਾਰਨ ਆਦਰ ਅਤੇ ਮਹਿਮਾ ਦਾ ਤਾਜ ਪਹਿਨਿਆ ਹੋਇਆ ਵੇਖਦੇ ਹਾਂ।

10 ਕਿਉਂਕਿ ਜਿਸ ਦੇ ਲਈ ਅਤੇ ਜਿਸ ਦੇ ਦੁਆਰਾ ਸਭ ਵਸਤਾਂ ਹੋਂਦ ਵਿੱਚ ਹਨ, ਉਸ ਪਰਮੇਸ਼ਰ ਦੇ ਲਈ ਇਹ ਉਚਿਤ ਸੀ ਕਿ ਬਹੁਤ ਸਾਰੇ ਪੁੱਤਰਾਂ ਨੂੰ ਮਹਿਮਾ ਵਿੱਚ ਲਿਆਵੇ ਅਤੇ ਉਨ੍ਹਾਂ ਦੀ ਮੁਕਤੀ ਦੇ ਕਰਤਾ ਨੂੰ ਦੁੱਖਾਂ ਦੇ ਦੁਆਰਾ ਸਿੱਧ ਪ੍ਰਮਾਣਿਤ ਕਰੇ।

11 ਕਿਉਂ ਜੋ ਪਵਿੱਤਰ ਕਰਨ ਵਾਲਾ ਅਤੇ ਪਵਿੱਤਰ ਕੀਤੇ ਜਾਣ ਵਾਲੇ ਸਭ ਇੱਕੋ ਤੋਂ ਹਨ। ਇਸੇ ਕਾਰਨ ਉਹ ਉਨ੍ਹਾਂ ਨੂੰ ਭਾਈ ਕਹਿਣ ਤੋਂ ਨਹੀਂ ਸ਼ਰਮਾਉਂਦਾ

12 ਅਤੇ ਕਹਿੰਦਾ ਹੈ: ਮੈਂ ਆਪਣੇ ਭਾਈਆਂ ਨੂੰ ਤੇਰੇ ਨਾਮ ਦਾ ਪ੍ਰਚਾਰ ਕਰਾਂਗਾ; ਸਭਾ ਦੇ ਵਿਚਕਾਰ ਮੈਂ ਤੇਰੇ ਲਈ ਭਜਨ ਗਾਵਾਂਗਾ

13 ਅਤੇ ਫੇਰ ਕਹਿੰਦਾ ਹੈ: ਮੈਂ ਉਸ ਉੱਤੇ ਭਰੋਸਾ ਰੱਖਾਂਗਾ, ਅਤੇ ਫੇਰ, ਵੇਖ, ਮੈਂ ਅਤੇ ਉਹ ਬੱਚੇ ਜਿਹੜੇ ਪਰਮੇਸ਼ਰ ਨੇ ਮੈਨੂੰ ਦਿੱਤੇ ਹਨ।

14 ਇਸ ਲਈ ਜਿਸ ਤਰ੍ਹਾਂ ਬੱਚੇ ਲਹੂ ਅਤੇ ਮਾਸ ਵਿੱਚ ਸਾਂਝੀ ਹਨ ਉਸੇ ਤਰ੍ਹਾਂ ਯਿਸੂ ਵੀ ਇਨ੍ਹਾਂ ਵਿੱਚ ਸਾਂਝੀ ਹੋਇਆ ਤਾਂਕਿ ਆਪਣੀ ਮੌਤ ਦੇ ਦੁਆਰਾ ਉਸ ਦਾ ਅਰਥਾਤ ਸ਼ੈਤਾਨ ਦਾ ਨਾਸ ਕਰੇ ਜਿਹੜਾ ਮੌਤ ਉੱਤੇ ਵੱਸ ਰੱਖਦਾ ਹੈ

15 ਅਤੇ ਉਨ੍ਹਾਂ ਨੂੰ ਜਿਹੜੇ ਮੌਤ ਦੇ ਡਰ ਦੇ ਕਾਰਨ ਸਾਰੀ ਜ਼ਿੰਦਗੀ ਗੁਲਾਮੀ ਵਿੱਚ ਜਕੜੇ ਹੋਏ ਸਨ, ਅਜ਼ਾਦ ਕਰਾਵੇ।

16 ਕਿਉਂਕਿ ਨਿਰਸੰਦੇਹ ਉਹ ਸਵਰਗਦੂਤਾਂ ਦੀ ਨਹੀਂ, ਪਰ ਅਬਰਾਹਾਮ ਦੀ ਅੰਸ ਦੀ ਸਹਾਇਤਾ ਕਰਦਾ ਹੈ।

17 ਇਸ ਲਈ ਇਹ ਜ਼ਰੂਰੀ ਸੀ ਕਿ ਉਹ ਹਰ ਤਰ੍ਹਾਂ ਨਾਲ ਆਪਣੇ ਭਾਈਆਂ ਜਿਹਾ ਬਣੇ ਤਾਂਕਿ ਉਹ ਪਰਮੇਸ਼ਰ ਨਾਲ ਸੰਬੰਧਤ ਗੱਲਾਂ ਵਿੱਚ ਦਇਆਵਾਨ ਅਤੇ ਵਫ਼ਾਦਾਰ ਮਹਾਂਯਾਜਕ ਬਣ ਕੇ ਲੋਕਾਂ ਦੇ ਪਾਪਾਂ ਦਾ ਪ੍ਰਾਸਚਿਤ ਕਰ ਸਕੇ;

18 ਕਿਉਂਕਿ ਜਦੋਂ ਉਸ ਨੇ ਆਪ ਪਰਖੇ ਜਾ ਕੇ ਦੁੱਖ ਝੱਲਿਆ ਤਾਂ ਉਹ ਪਰਖੇ ਜਾਣ ਵਾਲਿਆਂ ਦੀ ਸਹਾਇਤਾ ਕਰ ਸਕਦਾ ਹੈ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements