Online Bible

- Advertisements -


ਗਲਾਤਿਯਾ 2 - Punjabi Standard Bible


ਰਸੂਲਾਂ ਦੁਆਰਾ ਪੌਲੁਸ ਨੂੰ ਸਵੀਕਾਰ ਕਰਨਾ

1 ਤਦ ਚੌਦਾਂ ਸਾਲਾਂ ਬਾਅਦ ਮੈਂ ਬਰਨਬਾਸ ਨਾਲ ਫੇਰ ਯਰੂਸ਼ਲਮ ਗਿਆ ਅਤੇ ਤੀਤੁਸ ਨੂੰ ਵੀ ਨਾਲ ਲੈ ਗਿਆ।

2 ਪਰ ਮੇਰਾ ਜਾਣਾ ਈਸ਼ਵਰੀ ਪਰਕਾਸ਼ ਦੇ ਅਨੁਸਾਰ ਸੀ ਅਤੇ ਮੈਂ ਉਨ੍ਹਾਂ ਦੇ ਅੱਗੇ ਵੀ ਉਹੋ ਖੁਸ਼ਖ਼ਬਰੀ ਰੱਖੀ ਜਿਹੜੀ ਮੈਂ ਪਰਾਈਆਂ ਕੌਮਾਂ ਨੂੰ ਸੁਣਾਉਂਦਾ ਹਾਂ, ਪਰ ਜਿਹੜੇ ਉੱਘੇ ਮੰਨੇ ਜਾਂਦੇ ਹਨ ਉਨ੍ਹਾਂ ਨੂੰ ਵੱਖਰਿਆਂ ਸੁਣਾਈ, ਤਾਂਕਿ ਕਿਤੇ ਅਜਿਹਾ ਨਾ ਹੋਵੇ ਕਿ ਮੇਰੀ ਇਹ ਅਗਲੀ-ਪਿਛਲੀ ਭੱਜ-ਦੌੜ ਕਿਸੇ ਤਰ੍ਹਾਂ ਵਿਅਰਥ ਠਹਿਰੇ।

3 ਪਰ ਤੀਤੁਸ ਜੋ ਮੇਰੇ ਨਾਲ ਸੀ, ਉਸ ਨੂੰ ਯੂਨਾਨੀ ਹੋਣ 'ਤੇ ਵੀ ਸੁੰਨਤ ਕਰਾਉਣ ਲਈ ਮਜ਼ਬੂਰ ਨਾ ਕੀਤਾ ਗਿਆ।

4 ਪਰ ਇਹ ਮਸਲਾ ਉਨ੍ਹਾਂ ਝੂਠੇ ਭਰਾਵਾਂ ਦੇ ਕਾਰਨ ਖੜ੍ਹਾ ਹੋਇਆ ਜਿਹੜੇ ਸਾਡੀ ਉਸ ਅਜ਼ਾਦੀ ਦਾ ਭੇਤ ਲੈਣ ਲਈ ਚੋਰੀ ਅੰਦਰ ਆ ਵੜੇ ਜੋ ਮਸੀਹ ਯਿਸੂ ਵਿੱਚ ਸਾਨੂੰ ਹਾਸਲ ਹੈ, ਤਾਂਕਿ ਸਾਨੂੰ ਗੁਲਾਮ ਬਣਾਉਣ।

5 ਪਰ ਅਸੀਂ ਇੱਕ ਘੜੀ ਵੀ ਉਨ੍ਹਾਂ ਦੀ ਅਧੀਨਤਾ ਨਾ ਮੰਨੀ ਤਾਂਕਿ ਖੁਸ਼ਖ਼ਬਰੀ ਦੀ ਸਚਾਈ ਤੁਹਾਡੇ ਵਿੱਚ ਬਣੀ ਰਹੇ।

6 ਹੁਣ ਜਿਹੜੇ ਉੱਘੇ ਮੰਨੇ ਜਾਂਦੇ ਹਨ ਉਹ ਪਹਿਲਾਂ ਕਿਹੋ ਜਿਹੇ ਸਨ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ; ਇਨ੍ਹਾਂ ਉੱਘੇ ਮੰਨੇ ਜਾਂਦੇ ਲੋਕਾਂ ਤੋਂ ਮੈਨੂੰ ਕੋਈ ਸੁਝਾਅ ਨਾ ਮਿਲਿਆ,

7 ਪਰ ਇਸ ਦੇ ਉਲਟ ਉਨ੍ਹਾਂ ਵੇਖਿਆ ਕਿ ਜਿਸ ਤਰ੍ਹਾਂ ਪਤਰਸ ਨੂੰ ਸੁੰਨਤੀ ਲੋਕਾਂ ਲਈ, ਉਸੇ ਤਰ੍ਹਾਂ ਮੈਨੂੰ ਅਸੁੰਨਤੀ ਲੋਕਾਂ ਲਈ ਖੁਸ਼ਖ਼ਬਰੀ ਸੌਂਪੀ ਗਈ ਹੈ।

8 ਕਿਉਂਕਿ ਜਿਸ ਨੇ ਸੁੰਨਤੀ ਲੋਕਾਂ ਵਿੱਚ ਰਸੂਲਪੁਣੇ ਦੀ ਸੇਵਾ ਲਈ ਪਤਰਸ ਦੇ ਅੰਦਰ ਕੰਮ ਕੀਤਾ, ਉਸੇ ਨੇ ਮੇਰੇ ਅੰਦਰ ਪਰਾਈਆਂ ਕੌਮਾਂ ਦੇ ਲਈ ਕੰਮ ਕੀਤਾ

9 ਅਤੇ ਜਦੋਂ ਯਾਕੂਬ, ਕੇਫ਼ਾਸ ਅਤੇ ਯੂਹੰਨਾ ਨੇ ਜਿਹੜੇ ਕਲੀਸਿਯਾ ਦੇ ਥੰਮ੍ਹ ਮੰਨੇ ਜਾਂਦੇ ਹਨ ਉਸ ਕਿਰਪਾ ਨੂੰ ਜਾਣ ਲਿਆ ਜੋ ਮੇਰੇ ਉੱਤੇ ਹੋਈ ਤਾਂ ਮੈਨੂੰ ਅਤੇ ਬਰਨਬਾਸ ਨੂੰ ਸਹਿਯੋਗ ਦਾ ਸੱਜਾ ਹੱਥ ਦਿੱਤਾ ਤਾਂਕਿ ਅਸੀਂ ਪਰਾਈਆਂ ਕੌਮਾਂ ਵਿੱਚ ਅਤੇ ਉਹ ਸੁੰਨਤੀ ਲੋਕਾਂ ਵਿੱਚ ਕੰਮ ਕਰਨ।

10 ਉਨ੍ਹਾਂ ਨੇ ਕੇਵਲ ਇਹ ਕਿਹਾ ਕਿ ਅਸੀਂ ਗਰੀਬਾਂ ਦੀ ਸੁੱਧ ਲਈਏ ਅਤੇ ਇਸੇ ਕੰਮ ਨੂੰ ਕਰਨ ਲਈ ਮੈਂ ਆਪ ਵੀ ਯਤਨਸ਼ੀਲ ਸੀ।


ਪਤਰਸ (ਕੇਫ਼ਾਸ) ਦਾ ਵਿਰੋਧ

11 ਪਰ ਜਦੋਂ ਕੇਫ਼ਾਸ ਅੰਤਾਕਿਯਾ ਆਇਆ ਤਾਂ ਮੈਂ ਉਸ ਦੇ ਮੂੰਹ 'ਤੇ ਉਸ ਦਾ ਵਿਰੋਧ ਕੀਤਾ ਕਿਉਂਕਿ ਉਹ ਦੋਸ਼ੀ ਠਹਿਰਿਆ ਸੀ;

12 ਇਸ ਲਈ ਕਿ ਯਾਕੂਬ ਵੱਲੋਂ ਕੁਝ ਵਿਅਕਤੀਆਂ ਦੇ ਆਉਣ ਤੋਂ ਪਹਿਲਾਂ ਉਹ ਪਰਾਈਆਂ ਕੌਮਾਂ ਦੇ ਲੋਕਾਂ ਨਾਲ ਖਾਂਦਾ ਸੀ, ਪਰ ਜਦੋਂ ਉਹ ਆਏ ਤਾਂ ਸੁੰਨਤੀ ਲੋਕਾਂ ਦੇ ਡਰ ਦੇ ਕਾਰਨ ਉਨ੍ਹਾਂ ਤੋਂ ਪਿਛਾਂਹ ਹਟਣ ਅਤੇ ਕਿਨਾਰਾ ਕਰਨ ਲੱਗਾ।

13 ਉਸ ਦੇ ਇਸ ਪਖੰਡ ਵਿੱਚ ਬਾਕੀ ਯਹੂਦੀਆਂ ਨੇ ਵੀ ਉਸ ਦਾ ਸਾਥ ਦਿੱਤਾ, ਇੱਥੋਂ ਤੱਕ ਕਿ ਬਰਨਬਾਸ ਵੀ ਉਨ੍ਹਾਂ ਦੇ ਇਸ ਪਖੰਡ ਨਾਲ ਭਰਮਾਇਆ ਗਿਆ।

14 ਪਰ ਜਦੋਂ ਮੈਂ ਵੇਖਿਆ ਕਿ ਉਹ ਖੁਸ਼ਖ਼ਬਰੀ ਦੀ ਸਚਾਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਤਾਂ ਮੈਂ ਸਭਨਾਂ ਦੇ ਸਾਹਮਣੇ ਕੇਫ਼ਾਸ ਨੂੰ ਕਿਹਾ, “ਜੇ ਤੂੰ ਆਪ ਯਹੂਦੀ ਹੋ ਕੇ ਯਹੂਦੀਆਂ ਵਾਂਗ ਨਹੀਂ, ਸਗੋਂ ਗੈਰ-ਯਹੂਦੀਆਂ ਵਾਂਗ ਚੱਲਦਾ ਹੈਂ ਤਾਂ ਫਿਰ ਤੂੰ ਗੈਰ-ਯਹੂਦੀਆਂ ਨੂੰ ਯਹੂਦੀਆਂ ਵਾਂਗ ਚੱਲਣ ਲਈ ਕਿਉਂ ਮਜ਼ਬੂਰ ਕਰਦਾ ਹੈਂ?”

15 ਅਸੀਂ ਤਾਂ ਜਨਮ ਤੋਂ ਯਹੂਦੀ ਹਾਂ ਅਤੇ ਗੈਰ-ਯਹੂਦੀ ਪਾਪੀਆਂ ਵਿੱਚੋਂ ਨਹੀਂ ਹਾਂ।

16 ਇਹ ਜਾਣਦੇ ਹੋਏ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਪਰ ਯਿਸੂ ਮਸੀਹ 'ਤੇ ਵਿਸ਼ਵਾਸ ਕਰਨ ਦੇ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ, ਅਸੀਂ ਵੀ ਮਸੀਹ ਯਿਸੂ ਉੱਤੇ ਵਿਸ਼ਵਾਸ ਕੀਤਾ ਤਾਂਕਿ ਬਿਵਸਥਾ ਦੇ ਕੰਮਾਂ ਤੋਂ ਨਹੀਂ, ਸਗੋਂ ਮਸੀਹ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਧਰਮੀ ਠਹਿਰਾਏ ਜਾਈਏ; ਕਿਉਂਕਿ ਕੋਈ ਵੀ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ।

17 ਸੋ ਅਸੀਂ ਜਿਹੜੇ ਮਸੀਹ ਵਿੱਚ ਧਰਮੀ ਠਹਿਰਨਾ ਚਾਹੁੰਦੇ ਹਾਂ, ਜੇ ਆਪ ਹੀ ਪਾਪੀ ਨਿੱਕਲਦੇ ਹਾਂ ਤਾਂ ਕੀ ਮਸੀਹ ਪਾਪ ਦਾ ਸੇਵਕ ਹੈ? ਕਦੇ ਵੀ ਨਹੀਂ!

18 ਕਿਉਂਕਿ ਜੇ ਮੈਂ ਉਸੇ ਨੂੰ ਫੇਰ ਬਣਾਵਾਂ ਜੋ ਮੈਂ ਢਾਹ ਦਿੱਤਾ ਤਾਂ ਆਪਣੇ ਆਪ ਨੂੰ ਅਪਰਾਧੀ ਠਹਿਰਾਉਂਦਾ ਹਾਂ।

19 ਕਿਉਂ ਜੋ ਮੈਂ ਬਿਵਸਥਾ ਦੇ ਦੁਆਰਾ ਬਿਵਸਥਾ ਲਈ ਮਰ ਗਿਆ ਤਾਂਕਿ ਪਰਮੇਸ਼ਰ ਲਈ ਜੀ ਸਕਾਂ।

20 ਮੈਂ ਮਸੀਹ ਦੇ ਨਾਲ ਸਲੀਬ ਚੜ੍ਹਾਇਆ ਗਿਆ ਹਾਂ; ਹੁਣ ਤੋਂ ਮੈਂ ਨਹੀਂ ਜੀਉਂਦਾ, ਪਰ ਮਸੀਹ ਮੇਰੇ ਵਿੱਚ ਜੀਉਂਦਾ ਹੈ ਅਤੇ ਹੁਣ ਜੋ ਮੈਂ ਸਰੀਰ ਵਿੱਚ ਜੀਉਂਦਾ ਹਾਂ ਉਹ ਕੇਵਲ ਉਸ ਵਿਸ਼ਵਾਸ ਨਾਲ ਜੀਉਂਦਾ ਹਾਂ ਜਿਹੜਾ ਪਰਮੇਸ਼ਰ ਦੇ ਪੁੱਤਰ ਉੱਤੇ ਹੈ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ।

21 ਮੈਂ ਪਰਮੇਸ਼ਰ ਦੀ ਕਿਰਪਾ ਨੂੰ ਵਿਅਰਥ ਨਹੀਂ ਠਹਿਰਾਉਂਦਾ, ਕਿਉਂਕਿ ਜੇ ਧਾਰਮਿਕਤਾ ਬਿਵਸਥਾ ਦੇ ਰਾਹੀਂ ਹੈ ਤਾਂ ਮਸੀਹ ਦਾ ਮਰਨਾ ਵਿਅਰਥ ਠਹਿਰਿਆ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements