Online Bible

- Advertisements -


ਕੁਲੁੱਸੈ 2 - Punjabi Standard Bible

1 ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮੈਂ ਤੁਹਾਡੇ ਲਈ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਵਿੱਚ ਹਨ ਅਤੇ ਉਨ੍ਹਾਂ ਸਭਨਾਂ ਦੇ ਲਈ ਵੀ ਜਿਨ੍ਹਾਂ ਨੇ ਮੈਨੂੰ ਆਹਮੋ-ਸਾਹਮਣੇ ਨਹੀਂ ਵੇਖਿਆ ਕਿੰਨਾ ਸੰਘਰਸ਼ ਕਰਦਾ ਹਾਂ,

2 ਤਾਂਕਿ ਉਨ੍ਹਾਂ ਦੇ ਦਿਲ ਉਤਸ਼ਾਹਿਤ ਹੋਣ ਅਤੇ ਪ੍ਰੇਮ ਵਿੱਚ ਇੱਕ ਦੂਜੇ ਨਾਲ ਜੁੜੇ ਰਹਿਣ ਜਿਸ ਨਾਲ ਉਹ ਸਮਝ ਦੀ ਪੂਰੀ ਤਸੱਲੀ ਦੇ ਸੰਪੂਰਨ ਧਨ ਨੂੰ ਪ੍ਰਾਪਤ ਕਰਨ ਅਤੇ ਪਰਮੇਸ਼ਰ ਦੇ ਭੇਤ ਅਰਥਾਤ ਮਸੀਹ ਨੂੰ ਜਾਣ ਲੈਣ।

3 ਉਸੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਛੁਪੇ ਹੋਏ ਹਨ।


ਝੂਠੀ ਸਿੱਖਿਆ ਦੇ ਵਿਰੁੱਧ ਚਿਤਾਵਨੀ

4 ਇਹ ਮੈਂ ਇਸ ਲਈ ਕਹਿੰਦਾ ਹਾਂ ਤਾਂਕਿ ਕੋਈ ਤੁਹਾਨੂੰ ਲੁਭਾਉਣੀਆਂ ਗੱਲਾਂ ਨਾਲ ਭਰਮਾ ਨਾ ਲਵੇ।

5 ਕਿਉਂਕਿ ਸਰੀਰਕ ਤੌਰ 'ਤੇ ਭਾਵੇਂ ਮੈਂ ਤੁਹਾਡੇ ਤੋਂ ਦੂਰ ਹਾਂ, ਪਰ ਆਤਮਾ ਵਿੱਚ ਤੁਹਾਡੇ ਨਾਲ ਹਾਂ ਅਤੇ ਤੁਹਾਡੇ ਅਨੁਸ਼ਾਸਨ ਅਤੇ ਮਸੀਹ ਵਿੱਚ ਤੁਹਾਡੇ ਵਿਸ਼ਵਾਸ ਦੀ ਦ੍ਰਿੜ੍ਹਤਾ ਨੂੰ ਵੇਖ ਕੇ ਪ੍ਰਸੰਨ ਹੁੰਦਾ ਹਾਂ।

6 ਇਸ ਲਈ ਜਿਵੇਂ ਤੁਸੀਂ ਮਸੀਹ ਯਿਸੂ ਨੂੰ ਪ੍ਰਭੂ ਕਰਕੇ ਗ੍ਰਹਿਣ ਕੀਤਾ ਹੈ, ਉਸੇ ਤਰ੍ਹਾਂ ਉਸ ਵਿੱਚ ਚੱਲਦੇ ਰਹੋ

7 ਅਤੇ ਉਸੇ ਵਿੱਚ ਜੜ੍ਹ ਫੜ ਕੇ ਉੱਸਰਦੇ ਜਾਓ; ਜਿਵੇਂ ਤੁਹਾਨੂੰ ਸਿਖਾਇਆ ਗਿਆ, ਵਿਸ਼ਵਾਸ ਵਿੱਚ ਦ੍ਰਿੜ੍ਹ ਹੋ ਕੇ ਵਧੀਕ ਧੰਨਵਾਦ ਕਰਦੇ ਰਹੋ।

8 ਸਚੇਤ ਰਹੋ ਕਿ ਕੋਈ ਤੁਹਾਨੂੰ ਉਸ ਫ਼ਲਸਫ਼ੇ ਅਤੇ ਧੋਖੇ ਦੀਆਂ ਖੋਖਲੀਆਂ ਗੱਲਾਂ ਨਾਲ ਭਰਮਾ ਨਾ ਲਵੇ ਜੋ ਮਨੁੱਖਾਂ ਦੀ ਰੀਤ ਅਤੇ ਸੰਸਾਰ ਦੇ ਮੂਲ ਸਿਧਾਂਤਾਂ ਦੇ ਅਨੁਸਾਰ ਹੈ, ਨਾ ਕਿ ਮਸੀਹ ਦੇ ਅਨੁਸਾਰ।

9 ਕਿਉਂਕਿ ਉਸੇ ਵਿੱਚ ਪਰਮੇਸ਼ਰਤਾਈ ਦੀ ਸਾਰੀ ਭਰਪੂਰੀ ਸਰੀਰਕ ਤੌਰ 'ਤੇ ਵਾਸ ਕਰਦੀ ਹੈ

10 ਅਤੇ ਤੁਸੀਂ ਵੀ ਉਸੇ ਵਿੱਚ ਭਰਪੂਰ ਕੀਤੇ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖ਼ਤਿਆਰ ਦਾ ਸਿਰ ਹੈ।

11 ਉਸੇ ਵਿੱਚ ਤੁਹਾਡੀ ਵੀ ਸੁੰਨਤ ਹੋਈ ਅਰਥਾਤ ਮਸੀਹ ਵਿੱਚ ਸੁੰਨਤ ਜੋ ਹੱਥਾਂ ਨਾਲ ਨਹੀਂ ਕੀਤੀ ਜਾਂਦੀ, ਜਿਸ ਵਿੱਚ ਸਰੀਰਕ ਦੇਹ ਉਤਾਰ ਦਿੱਤੀ ਜਾਂਦੀ ਹੈ।

12 ਤੁਸੀਂ ਬਪਤਿਸਮੇ ਵਿੱਚ ਉਸ ਦੇ ਨਾਲ ਦਫ਼ਨਾਏ ਗਏ ਅਤੇ ਪਰਮੇਸ਼ਰ ਦੀ ਸਮਰੱਥਾ ਉੱਤੇ ਆਪਣੇ ਵਿਸ਼ਵਾਸ ਦੇ ਰਾਹੀਂ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਉਸ ਦੇ ਨਾਲ ਜਿਵਾਏ ਵੀ ਗਏ।

13 ਉਸ ਨੇ ਤੁਹਾਨੂੰ ਵੀ ਜੋ ਆਪਣੇ ਅਪਰਾਧਾਂ ਵਿੱਚ ਮੁਰਦਾ ਅਤੇ ਆਪਣੇ ਸਰੀਰ ਵਿੱਚ ਅਸੁੰਨਤੀ ਸੀ, ਮਸੀਹ ਦੇ ਨਾਲ ਜਿਵਾਇਆ। ਉਸ ਨੇ ਸਾਡੇ ਸਾਰੇ ਅਪਰਾਧਾਂ ਨੂੰ ਮਾਫ਼ ਕਰਕੇ

14 ਬਿਧੀਆਂ ਦੀ ਉਸ ਲਿਖਤ ਨੂੰ ਜੋ ਸਾਡੇ ਵਿਰੁੱਧ ਸੀ, ਮਿਟਾ ਸੁੱਟਿਆ ਅਤੇ ਇਸ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਸਾਹਮਣਿਓਂ ਹਟਾ ਦਿੱਤਾ।

15 ਉਸ ਨੇ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਬੇਅਸਰ ਕਰਕੇ ਉਨ੍ਹਾਂ ਦਾ ਖੁੱਲ੍ਹੇਆਮ ਤਮਾਸ਼ਾ ਬਣਾਇਆ ਅਤੇ ਸਲੀਬ ਦੇ ਰਾਹੀਂ ਉਨ੍ਹਾਂ ਉੱਤੇ ਜਿੱਤ ਪਾਈ।

16 ਇਸ ਲਈ ਖਾਣ-ਪੀਣ ਜਾਂ ਤਿਉਹਾਰ ਜਾਂ ਨਵੇਂ ਚੰਦ ਜਾਂ ਸਬਤ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ।

17 ਕਿਉਂਕਿ ਇਹ ਸਭ ਆਉਣ ਵਾਲੀਆਂ ਗੱਲਾਂ ਦਾ ਪਰਛਾਵਾਂ ਹਨ, ਪਰ ਅਸਲੀਅਤ ਮਸੀਹ ਹੈ।

18 ਕੋਈ ਮਨੁੱਖ ਆਪਣੀ ਝੂਠੀ ਦੀਨਤਾ ਅਤੇ ਦੂਤਾਂ ਦੀ ਉਪਾਸਨਾ ਦੁਆਰਾ ਤੁਹਾਨੂੰ ਇਨਾਮ ਤੋਂ ਵਾਂਝਾ ਨਾ ਕਰ ਦੇਵੇ; ਅਜਿਹਾ ਮਨੁੱਖ ਵੇਖੀਆਂ ਹੋਈਆਂ ਗੱਲਾਂ ਵਿੱਚ ਲੱਗਾ ਰਹਿੰਦਾ ਹੈ ਅਤੇ ਆਪਣੀ ਸਰੀਰਕ ਸਮਝ ਉੱਤੇ ਵਿਅਰਥ ਘਮੰਡ ਕਰਦਾ ਹੈ।

19 ਉਹ ਉਸ ਸਿਰ ਦੇ ਨਾਲ ਜੁੜਿਆ ਨਹੀਂ ਰਹਿੰਦਾ ਜਿਸ ਤੋਂ ਸਾਰੀ ਦੇਹ ਜੋੜਾਂ ਅਤੇ ਮਾਸਪੇਸ਼ੀਆਂ ਦੁਆਰਾ ਪੋਸ਼ਣ ਪ੍ਰਾਪਤ ਕਰਕੇ ਅਤੇ ਇੱਕ ਸੰਗ ਜੁੜ ਕੇ ਪਰਮੇਸ਼ਰ ਦੀ ਵੱਲੋਂ ਵਧਦੀ ਜਾਂਦੀ ਹੈ।

20 ਜਦਕਿ ਤੁਸੀਂ ਮਸੀਹ ਦੇ ਨਾਲ ਇਸ ਸੰਸਾਰ ਦੇ ਮੂਲ ਸਿਧਾਂਤਾਂ ਦੇ ਵੱਲੋਂ ਮਰ ਗਏ ਤਾਂ ਸੰਸਾਰ ਵਿੱਚ ਇਸ ਤਰ੍ਹਾਂ ਕਿਉਂ ਜੀਉਂਦੇ ਹੋ ਜਿਵੇਂ ਤੁਸੀਂ ਇਨ੍ਹਾਂ ਰੀਤਾਂ ਦੇ ਗੁਲਾਮ ਹੋ?

21 ਅਰਥਾਤ “ਇਹ ਨਾ ਛੂਹਣਾ, ਇਹ ਨਾ ਚੱਖਣਾ, ਇਸ ਨੂੰ ਹੱਥ ਨਾ ਲਾਉਣਾ।”

22 ਇਹ ਸਭ ਰੀਤਾਂ ਮਨੁੱਖਾਂ ਦੇ ਹੁਕਮਾਂ ਅਤੇ ਸਿੱਖਿਆਵਾਂ ਦੇ ਅਨੁਸਾਰ ਹਨ ਜੋ ਇਸਤੇਮਾਲ ਹੁੰਦੇ-ਹੁੰਦੇ ਖ਼ਤਮ ਹੋ ਜਾਂਦੀਆਂ ਹਨ।

23 ਇਹ ਗੱਲਾਂ ਮਨਘੜਤ ਭਗਤੀ, ਝੂਠੀ ਦੀਨਤਾ ਅਤੇ ਸਰੀਰ ਨੂੰ ਕਸ਼ਟ ਦੇਣ ਦੇ ਸੰਬੰਧ ਵਿੱਚ ਗਿਆਨ ਦਾ ਵਿਖਾਵਾ ਤਾਂ ਕਰਦੀਆਂ ਹਨ, ਪਰ ਸਰੀਰ ਦੀ ਲਾਲਸਾ ਨੂੰ ਰੋਕਣ ਲਈ ਇਹ ਕਿਸੇ ਕੰਮ ਦੀਆਂ ਨਹੀਂ ਹਨ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements