Online Bible

- Advertisements -


ਰਸੂਲਾਂ 5 - Punjabi Standard Bible


ਹਨਾਨਿਯਾ ਅਤੇ ਸਫ਼ੀਰਾ

1 ਹਨਾਨਿਯਾ ਨਾਮਕ ਇੱਕ ਮਨੁੱਖ ਨੇ ਵੀ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਆਪਣੀ ਸੰਪਤੀ ਵੇਚੀ

2 ਅਤੇ ਮੁੱਲ ਵਿੱਚੋਂ ਕੁਝ ਰੱਖ ਲਿਆ ਜਿਸ ਬਾਰੇ ਉਸ ਦੀ ਪਤਨੀ ਵੀ ਜਾਣਦੀ ਸੀ ਅਤੇ ਬਾਕੀ ਹਿੱਸਾ ਲਿਆ ਕੇ ਰਸੂਲਾਂ ਦੇ ਚਰਨਾਂ 'ਤੇ ਰੱਖ ਦਿੱਤਾ।

3 ਪਰ ਪਤਰਸ ਨੇ ਕਿਹਾ, “ਹਨਾਨਿਯਾ, ਸ਼ੈਤਾਨ ਨੇ ਇਹ ਗੱਲ ਤੇਰੇ ਮਨ ਵਿੱਚ ਕਿਉਂ ਪਾਈ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਖੇਤ ਦੇ ਮੁੱਲ ਵਿੱਚੋਂ ਰੱਖ ਲਵੇਂ?

4 ਜਦੋਂ ਇਹ ਤੇਰੇ ਕੋਲ ਸੀ ਤਾਂ ਤੇਰਾ ਨਾ ਸੀ, ਅਤੇ ਜਦੋਂ ਵੇਚਿਆ ਗਿਆ, ਕੀ ਤੇਰੇ ਅਧਿਕਾਰ ਵਿੱਚ ਨਹੀਂ ਸੀ? ਤੂੰ ਆਪਣੇ ਮਨ ਵਿੱਚ ਇਹ ਗੱਲ ਕਿਉਂ ਸੋਚੀ? ਤੂੰ ਮਨੁੱਖਾਂ ਨਾਲ ਨਹੀਂ, ਸਗੋਂ ਪਰਮੇਸ਼ਰ ਨਾਲ ਝੂਠ ਬੋਲਿਆ ਹੈ।”

5 ਇਹ ਗੱਲਾਂ ਸੁਣਦੇ ਹੀ ਹਨਾਨਿਯਾ ਡਿੱਗ ਪਿਆ ਅਤੇ ਮਰ ਗਿਆ ਅਤੇ ਸਭ ਸੁਣਨ ਵਾਲਿਆਂ ਉੱਤੇ ਵੱਡਾ ਭੈ ਛਾ ਗਿਆ।

6 ਤਦ ਜਵਾਨਾਂ ਨੇ ਉੱਠ ਕੇ ਉਸ ਨੂੰ ਕਫ਼ਨ ਵਿੱਚ ਲਪੇਟਿਆ ਅਤੇ ਬਾਹਰ ਲਿਜਾ ਕੇ ਦਫ਼ਨਾ ਦਿੱਤਾ।

7 ਫਿਰ ਲਗਭਗ ਤਿੰਨ ਘੰਟੇ ਬਾਅਦ ਉਸ ਦੀ ਪਤਨੀ, ਜੋ ਵਾਪਰਿਆ ਸੀ ਨਾ ਜਾਣਦੇ ਹੋਏ, ਅੰਦਰ ਆਈ।

8 ਤਦ ਪਤਰਸ ਨੇ ਉਸ ਨੂੰ ਕਿਹਾ, “ਮੈਨੂੰ ਦੱਸ, ਕੀ ਤੁਸੀਂ ਖੇਤ ਐਨੇ ਦਾ ਹੀ ਵੇਚਿਆ?” ਉਸ ਨੇ ਕਿਹਾ, “ਹਾਂ, ਐਨੇ ਦਾ ਹੀ।”

9 ਪਤਰਸ ਨੇ ਕਿਹਾ, “ਤੁਸੀਂ ਪ੍ਰਭੂ ਦੇ ਆਤਮਾ ਨੂੰ ਪਰਖਣ ਲਈ ਕਿਉਂ ਏਕਾ ਕੀਤਾ? ਵੇਖ, ਤੇਰੇ ਪਤੀ ਨੂੰ ਦਫ਼ਨਾਉਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ।”

10 ਉਹ ਉਸੇ ਘੜੀ ਉਸ ਦੇ ਪੈਰਾਂ ਉੱਤੇ ਡਿੱਗ ਪਈ ਅਤੇ ਮਰ ਗਈ। ਤਦ ਜਵਾਨਾਂ ਨੇ ਆ ਕੇ ਉਸ ਨੂੰ ਮਰੀ ਵੇਖਿਆ ਅਤੇ ਬਾਹਰ ਲਿਜਾ ਕੇ ਉਸ ਦੇ ਪਤੀ ਕੋਲ ਦਫ਼ਨਾ ਦਿੱਤਾ।

11 ਤਦ ਸਾਰੀ ਕਲੀਸਿਯਾ ਅਤੇ ਜਿਨ੍ਹਾਂ ਇਹ ਗੱਲਾਂ ਸੁਣੀਆਂ, ਉਨ੍ਹਾਂ ਸਭਨਾਂ ਉੱਤੇ ਵੱਡਾ ਭੈ ਛਾ ਗਿਆ।


ਰਸੂਲਾਂ ਦੁਆਰਾ ਚਿੰਨ੍ਹ ਅਤੇ ਅਦਭੁਤ ਕੰਮ

12 ਰਸੂਲਾਂ ਦੇ ਹੱਥੀਂ ਲੋਕਾਂ ਦੇ ਵਿਚਕਾਰ ਬਹੁਤ ਸਾਰੇ ਚਿੰਨ੍ਹ ਅਤੇ ਅਚਰਜ ਕੰਮ ਹੋ ਰਹੇ ਸਨ। ਉਹ ਸਭ ਇੱਕ ਮਨ ਹੋ ਕੇ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੁੰਦੇ ਸਨ।

13 ਹਾਲਾਂਕਿ ਹੋਰਨਾਂ ਵਿੱਚੋਂ ਕਿਸੇ ਦਾ ਵੀ ਹੌਸਲਾ ਨਹੀਂ ਪੈਂਦਾ ਸੀ ਕਿ ਉਨ੍ਹਾਂ ਵਿੱਚ ਸ਼ਾਮਲ ਹੋਣ, ਫਿਰ ਵੀ ਲੋਕ ਉਨ੍ਹਾਂ ਦੀ ਵਡਿਆਈ ਕਰਦੇ ਸਨ

14 ਅਤੇ ਵਿਸ਼ਵਾਸ ਕਰਨ ਵਾਲੇ ਆਦਮੀ ਅਤੇ ਔਰਤਾਂ ਦੀਆਂ ਭੀੜਾਂ ਦੀਆਂ ਭੀੜਾਂ ਪ੍ਰਭੂ ਵਿੱਚ ਸ਼ਾਮਲ ਹੁੰਦੀਆਂ ਜਾਂਦੀਆਂ ਸਨ।

15 ਇੱਥੋਂ ਤੱਕ ਕਿ ਲੋਕ ਬਿਮਾਰਾਂ ਨੂੰ ਲਿਆ-ਲਿਆ ਕੇ ਚੌਂਕਾਂ ਵਿੱਚ ਮੰਜੀਆਂ ਅਤੇ ਬਿਸਤਰਿਆਂ ਉੱਤੇ ਲਿਟਾ ਦਿੰਦੇ ਸਨ ਤਾਂਕਿ ਜਦੋਂ ਪਤਰਸ ਆਵੇ ਤਾਂ ਉਸ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ।

16 ਯਰੂਸ਼ਲਮ ਦੇ ਆਲੇ-ਦੁਆਲੇ ਦੇ ਨਗਰਾਂ ਤੋਂ ਵੀ ਬਹੁਤ ਸਾਰੇ ਲੋਕ ਬਿਮਾਰਾਂ ਅਤੇ ਭ੍ਰਿਸ਼ਟ ਆਤਮਾਵਾਂ ਦੇ ਸਤਾਏ ਹੋਇਆਂ ਨੂੰ ਲਿਆ ਕੇ ਇਕੱਠੇ ਹੁੰਦੇ ਸਨ ਅਤੇ ਉਹ ਸਭ ਚੰਗੇ ਕੀਤੇ ਜਾਂਦੇ ਸਨ।


ਰਸੂਲਾਂ ਦਾ ਕੈਦ ਵਿੱਚੋਂ ਕੱਢੇ ਜਾਣਾ

17 ਤਦ ਮਹਾਂਯਾਜਕ ਅਤੇ ਉਸ ਦੇ ਨਾਲ ਦੇ ਸਭ ਜਿਹੜੇ ਸਦੂਕੀ ਪੰਥ ਵਿੱਚੋਂ ਸਨ, ਈਰਖਾ ਨਾਲ ਭਰੇ ਹੋਏ ਉੱਠੇ

18 ਅਤੇ ਰਸੂਲਾਂ ਨੂੰ ਫੜ ਕੇ ਆਮ ਹਵਾਲਾਤ ਵਿੱਚ ਪਾ ਦਿੱਤਾ।

19 ਪਰ ਰਾਤ ਦੇ ਸਮੇਂ ਪ੍ਰਭੂ ਦੇ ਇੱਕ ਦੂਤ ਨੇ ਕੈਦਖ਼ਾਨੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਨ੍ਹਾਂ ਨੂੰ ਬਾਹਰ ਕੱਢ ਕੇ ਕਿਹਾ,

20 “ਜਾਓ ਅਤੇ ਹੈਕਲ ਵਿੱਚ ਖੜ੍ਹੇ ਹੋ ਕੇ ਲੋਕਾਂ ਨੂੰ ਇਸ ਜੀਵਨ ਦੀਆਂ ਸਾਰੀਆਂ ਗੱਲਾਂ ਸੁਣਾਓ।”

21 ਇਹ ਸੁਣ ਕੇ ਉਹ ਤੜਕੇ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ। ਮਹਾਂਯਾਜਕ ਅਤੇ ਉਸ ਦੇ ਨਾਲ ਦਿਆਂ ਨੇ ਆ ਕੇ ਮਹਾਂਸਭਾ ਅਤੇ ਇਸਰਾਏਲ ਦੇ ਸਭ ਬਜ਼ੁਰਗਾਂ ਨੂੰ ਇਕੱਠੇ ਕੀਤਾ ਅਤੇ ਕੈਦਖ਼ਾਨੇ ਵਿੱਚੋਂ ਰਸੂਲਾਂ ਨੂੰ ਲਿਆਉਣ ਲਈ ਸੁਨੇਹਾ ਭੇਜਿਆ।


ਮਹਾਂਸਭਾ ਦੇ ਸਾਹਮਣੇ ਦੁਬਾਰਾ ਪੇਸ਼ੀ

22 ਪਰ ਜਦੋਂ ਸਿਪਾਹੀ ਪਹੁੰਚੇ ਅਤੇ ਉਨ੍ਹਾਂ ਨੂੰ ਕੈਦਖ਼ਾਨੇ ਵਿੱਚ ਨਾ ਵੇਖਿਆ ਤਾਂ ਵਾਪਸ ਆ ਕੇ ਖ਼ਬਰ ਦਿੱਤੀ

23 ਅਤੇ ਕਿਹਾ, “ਅਸੀਂ ਕੈਦਖ਼ਾਨੇ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇਦਾਰਾਂ ਨੂੰ ਦਰਵਾਜ਼ਿਆਂ 'ਤੇ ਖੜ੍ਹੇ ਵੇਖਿਆ, ਪਰ ਜਦੋਂ ਦਰਵਾਜ਼ੇ ਖੋਲ੍ਹੇ ਤਾਂ ਅੰਦਰ ਕੋਈ ਨਾ ਮਿਲਿਆ”

24 ਜਦੋਂ ਹੈਕਲ ਦੇ ਸੁਰੱਖਿਆ ਅਧਿਕਾਰੀ ਅਤੇ ਪ੍ਰਧਾਨ ਯਾਜਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਉਨ੍ਹਾਂ ਦੇ ਵਿਖੇ ਦੁਬਿਧਾ ਵਿੱਚ ਪੈ ਗਏ ਕਿ ਹੁਣ ਕੀ ਹੋਵੇਗਾ।

25 ਫਿਰ ਕਿਸੇ ਨੇ ਆ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ ਕਿ ਵੇਖੋ, ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਕੈਦਖ਼ਾਨੇ ਵਿੱਚ ਪਾਇਆ ਸੀ ਉਹ ਹੈਕਲ ਵਿੱਚ ਖੜ੍ਹੇ ਹਨ ਅਤੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ।

26 ਤਦ ਹੈਕਲ ਦਾ ਸੁਰੱਖਿਆ ਅਧਿਕਾਰੀ ਸਿਪਾਹੀਆਂ ਨਾਲ ਜਾ ਕੇ ਉਨ੍ਹਾਂ ਨੂੰ ਲੈ ਆਇਆ, ਪਰ ਸਖ਼ਤੀ ਨਾਲ ਨਹੀਂ, ਕਿਉਂਕਿ ਉਹ ਲੋਕਾਂ ਤੋਂ ਡਰਦੇ ਸਨ ਕਿ ਕਿਤੇ ਲੋਕ ਉਨ੍ਹਾਂ ਨੂੰ ਪਥਰਾਓ ਨਾ ਕਰਨ

27 ਅਤੇ ਉਨ੍ਹਾਂ ਨੂੰ ਲਿਆ ਕੇ ਮਹਾਂਸਭਾ ਵਿੱਚ ਖੜ੍ਹੇ ਕੀਤਾ। ਤਦ ਮਹਾਂਯਾਜਕ ਨੇ ਉਨ੍ਹਾਂ ਨੂੰ ਪੁੱਛਿਆ,

28 “ਕੀ ਅਸੀਂ ਤੁਹਾਨੂੰ ਸਖ਼ਤੀ ਨਾਲ ਹਿਦਾਇਤ ਨਹੀਂ ਕੀਤੀ ਸੀ ਕਿ ਇਸ ਨਾਮ ਦੇ ਵਿਖੇ ਉਪਦੇਸ਼ ਨਾ ਦੇਣਾ? ਪਰ ਵੇਖੋ, ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਇਸ ਮਨੁੱਖ ਦਾ ਲਹੂ ਸਾਡੇ ਜਿੰਮੇ ਲਾਉਣਾ ਚਾਹੁੰਦੇ ਹੋ।”

29 ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ, “ਮਨੁੱਖਾਂ ਨਾਲੋਂ ਪਰਮੇਸ਼ਰ ਦੀ ਆਗਿਆ ਮੰਨਣਾ ਜ਼ਿਆਦਾ ਜ਼ਰੂਰੀ ਹੈ।

30 ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਯਿਸੂ ਨੂੰ ਜੀਉਂਦਾ ਕਰ ਦਿੱਤਾ, ਜਿਸ ਨੂੰ ਤੁਸੀਂ ਕਾਠ ਉੱਤੇ ਲਟਕਾ ਕੇ ਮਾਰ ਸੁੱਟਿਆ।

31 ਉਸੇ ਨੂੰ ਪਰਮੇਸ਼ਰ ਨੇ ਪ੍ਰਭੂ ਅਤੇ ਮੁਕਤੀਦਾਤਾ ਠਹਿਰਾ ਕੇ ਆਪਣੇ ਸੱਜੇ ਹੱਥ ਉੱਚਾ ਕੀਤਾ ਕਿ ਉਹ ਇਸਰਾਏਲ ਨੂੰ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਖਸ਼ੇ।

32 ਅਸੀਂ ਇਨ੍ਹਾਂ ਗੱਲਾਂ ਦੇ ਗਵਾਹ ਹਾਂ ਅਤੇ ਇਸੇ ਤਰ੍ਹਾਂ ਪਵਿੱਤਰ ਆਤਮਾ ਵੀ, ਜਿਹੜਾ ਪਰਮੇਸ਼ਰ ਨੇ ਆਪਣੇ ਆਗਿਆ ਮੰਨਣ ਵਾਲਿਆਂ ਨੂੰ ਦਿੱਤਾ ਹੈ।”


ਗਮਲੀਏਲ ਦੀ ਸਲਾਹ

33 ਇਹ ਸੁਣ ਕੇ ਉਹ ਭੜਕ ਉੱਠੇ ਅਤੇ ਉਨ੍ਹਾਂ ਨੂੰ ਮਾਰ ਸੁੱਟਣਾ ਚਾਹਿਆ।

34 ਪਰ ਗਮਲੀਏਲ ਨਾਮਕ ਇੱਕ ਫ਼ਰੀਸੀ ਨੇ ਜਿਹੜਾ ਬਿਵਸਥਾ ਦਾ ਸਿਖਾਉਣ ਵਾਲਾ ਅਤੇ ਸਭ ਲੋਕਾਂ ਵਿੱਚ ਆਦਰਯੋਗ ਸੀ, ਮਹਾਂਸਭਾ ਵਿੱਚ ਉੱਠ ਕੇ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਲਿਜਾਣ ਦਾ ਹੁਕਮ ਦਿੱਤਾ।

35 ਅਤੇ ਉਨ੍ਹਾਂ ਨੂੰ ਕਿਹਾ, “ਹੇ ਇਸਰਾਏਲੀਓ, ਜੋ ਤੁਸੀਂ ਇਨ੍ਹਾਂ ਮਨੁੱਖਾਂ ਨਾਲ ਕਰਨ ਜਾ ਰਹੇ ਹੋ, ਸੋਚ ਸਮਝ ਕੇ ਕਰਨਾ!

36 ਕਿਉਂਕਿ ਇਨ੍ਹਾਂ ਦਿਨਾਂ ਤੋਂ ਪਹਿਲਾਂ ਥੇਉਦਾਸ ਇਹ ਕਹਿੰਦੇ ਹੋਏ ਉੱਠਿਆ ਕਿ ਮੈਂ ਵੀ ਕੁਝ ਹਾਂ ਅਤੇ ਗਿਣਤੀ ਵਿੱਚ ਲਗਭਗ ਚਾਰ ਸੌ ਮਨੁੱਖ ਉਸ ਦੇ ਨਾਲ ਜੁੜ ਗਏ; ਪਰ ਉਹ ਮਾਰਿਆ ਗਿਆ ਅਤੇ ਜਿੰਨੇ ਵੀ ਉਸ ਦੀ ਮੰਨਦੇ ਸਨ ਉਹ ਸਭ ਖਿੰਡ ਗਏ ਅਤੇ ਉਨ੍ਹਾਂ ਦਾ ਕੁਝ ਨਾ ਬਣਿਆ।

37 ਇਸ ਤੋਂ ਬਾਅਦ ਮਰਦੁਮਸ਼ੁਮਾਰੀ ਦੇ ਦਿਨਾਂ ਵਿੱਚ ਯਹੂਦਾ ਗਲੀਲੀ ਉੱਠਿਆ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਆਪਣੇ ਪਿੱਛੇ ਲਾ ਲਿਆ। ਪਰ ਉਹ ਵੀ ਨਾਸ ਹੋ ਗਿਆ ਅਤੇ ਜਿੰਨੇ ਉਸ ਦੀ ਮੰਨਦੇ ਸਨ ਸਭ ਖਿੰਡ ਗਏ।

38 ਸੋ ਹੁਣ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਨ੍ਹਾਂ ਮਨੁੱਖਾਂ ਤੋਂ ਪਰੇ ਰਹੋ ਅਤੇ ਉਨ੍ਹਾਂ ਨੂੰ ਛੱਡ ਦਿਓ, ਕਿਉਂਕਿ ਜੇ ਇਹ ਯੋਜਨਾ ਜਾਂ ਕੰਮ ਮਨੁੱਖਾਂ ਵੱਲੋਂ ਹੈ ਤਾਂ ਨਸ਼ਟ ਹੋ ਜਾਵੇਗਾ।

39 ਪਰ ਜੇ ਇਹ ਪਰਮੇਸ਼ਰ ਵੱਲੋਂ ਹੈ ਤਾਂ ਤੁਸੀਂ ਇਨ੍ਹਾਂ ਨੂੰ ਨਸ਼ਟ ਨਹੀਂ ਕਰ ਸਕੋਗੇ; ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਪਰਮੇਸ਼ਰ ਦਾ ਵਿਰੋਧ ਕਰਨ ਵਾਲੇ ਠਹਿਰੋ।” ਤਦ ਉਨ੍ਹਾਂ ਨੇ ਉਸ ਦੀ ਮੰਨ ਲਈ

40 ਅਤੇ ਰਸੂਲਾਂ ਨੂੰ ਸੱਦ ਕੇ ਕੁਟਵਾਇਆ ਅਤੇ ਹਿਦਾਇਤ ਕੀਤੀ ਕਿ ਯਿਸੂ ਦੇ ਨਾਮ ਵਿੱਚ ਨਾ ਬੋਲਣਾ; ਫਿਰ ਉਨ੍ਹਾਂ ਨੂੰ ਨਾ ਜਾਣ ਦਿੱਤਾ।

41 ਤਦ ਰਸੂਲ ਅਨੰਦ ਮਨਾਉਂਦੇ ਹੋਏ ਮਹਾਂਸਭਾ ਦੇ ਸਾਹਮਣਿਓਂ ਚਲੇ ਗਏ ਕਿ ਅਸੀਂ ਉਸ ਦੇ ਨਾਮ ਦੇ ਕਾਰਨ ਬੇਇੱਜ਼ਤ ਹੋਣ ਦੇ ਯੋਗ ਤਾਂ ਠਹਿਰੇ।

42 ਉਹ ਹਰ ਦਿਨ ਹੈਕਲ ਵਿੱਚ ਅਤੇ ਘਰ-ਘਰ ਉਪਦੇਸ਼ ਦੇਣ ਅਤੇ ਖੁਸ਼ਖ਼ਬਰੀ ਸੁਣਾਉਣ ਤੋਂ ਨਾ ਹਟੇ ਕਿ ਯਿਸੂ ਹੀ ਮਸੀਹ ਹੈ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements