ਰਸੂਲਾਂ 2 - Punjabi Standard Bibleਪੰਤੇਕੁਸਤ ਦੇ ਦਿਨ ਪਵਿੱਤਰ ਆਤਮਾ ਦਾ ਉੱਤਰਨਾ 1 ਜਦੋਂ ਪੰਤੇਕੁਸਤ ਦਾ ਦਿਨ ਆਇਆ ਤਾਂ ਉਹ ਸਭ ਇੱਕ ਥਾਂ ਇਕੱਠੇ ਸਨ। 2 ਅਚਾਨਕ ਅਕਾਸ਼ ਤੋਂ ਜ਼ੋਰਦਾਰ ਹਨੇਰੀ ਵਗਣ ਜਿਹੀ ਅਵਾਜ਼ ਹੋਈ ਅਤੇ ਇਸ ਨਾਲ ਉਹ ਸਾਰਾ ਘਰ ਜਿੱਥੇ ਉਹ ਬੈਠੇ ਸਨ, ਭਰ ਗਿਆ। 3 ਤਦ ਉਨ੍ਹਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਨ੍ਹਾਂ ਵਿੱਚੋਂ ਹਰੇਕ ਉੱਤੇ ਆ ਠਹਿਰੀਆਂ। 4 ਤਦ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਦਿੱਤੀ, ਉਹ ਸਭ ਵੱਖ-ਵੱਖ ਭਾਸ਼ਾਵਾਂ ਬੋਲਣ ਲੱਗੇ। 5 ਉਸ ਸਮੇਂ ਅਕਾਸ਼ ਹੇਠਲੀ ਹਰੇਕ ਕੌਮ ਵਿੱਚੋਂ ਯਹੂਦੀ ਭਗਤ ਲੋਕ ਯਰੂਸ਼ਲਮ ਵਿੱਚ ਰਹਿੰਦੇ ਸਨ। 6 ਜਦੋਂ ਇਹ ਅਵਾਜ਼ ਹੋਈ ਤਾਂ ਇੱਕ ਭੀੜ ਇਕੱਠੀ ਹੋ ਗਈ ਅਤੇ ਲੋਕ ਦੁਬਿਧਾ ਵਿੱਚ ਸਨ, ਕਿਉਂਕਿ ਉਹ ਉਨ੍ਹਾਂ ਵਿੱਚੋਂ ਹਰੇਕ ਨੂੰ ਆਪੋ-ਆਪਣੀ ਭਾਸ਼ਾ ਵਿੱਚ ਬੋਲਦੇ ਸੁਣ ਰਹੇ ਸਨ। 7 ਉਹ ਦੰਗ ਰਹਿ ਗਏ ਅਤੇ ਹੈਰਾਨ ਹੋ ਕੇ ਕਹਿਣ ਲੱਗੇ, “ਵੇਖੋ, ਇਹ ਜਿਹੜੇ ਬੋਲ ਰਹੇ ਹਨ, ਕੀ ਇਹ ਸਭ ਗਲੀਲੀ ਨਹੀਂ ਹਨ? 8 ਤਾਂ ਫਿਰ ਸਾਡੇ ਵਿੱਚੋਂ ਹਰੇਕ ਆਪੋ-ਆਪਣੀ ਮਾਂ-ਬੋਲੀ ਕਿਵੇਂ ਸੁਣ ਰਿਹਾ ਹੈ? 9 ਅਸੀਂ ਜਿਹੜੇ ਪਾਰਥੀ, ਮੇਦੀ ਅਤੇ ਇਲਾਮੀ ਹਾਂ ਅਤੇ ਮਸੋਪੋਤਾਮਿਯਾ, ਯਹੂਦਿਯਾ, ਕੱਪਦੁਕਿਯਾ, ਪੁੰਤੁਸ, ਅਸਿਯਾ, 10 ਫਰੂਗਿਯਾ, ਪਮਫ਼ੁਲਿਯਾ ਅਤੇ ਮਿਸਰ ਤੋਂ ਅਤੇ ਲਿਬਿਯਾ ਦੇ ਉਨ੍ਹਾਂ ਇਲਾਕਿਆਂ ਤੋਂ ਹਾਂ ਜੋ ਕੁਰੇਨੇ ਦੇ ਨੇੜੇ ਹਨ ਅਤੇ ਰੋਮੀ ਮੁਸਾਫ਼ਰ 11 ਅਰਥਾਤ ਯਹੂਦੀ ਅਤੇ ਯਹੂਦੀ ਪੰਥ ਨੂੰ ਮੰਨਣ ਵਾਲੇ ਅਤੇ ਕਰੇਤੀ ਅਤੇ ਅਰਬੀ ਹਾਂ; ਅਸੀਂ ਆਪੋ-ਆਪਣੀ ਭਾਸ਼ਾ ਵਿੱਚ ਉਨ੍ਹਾਂ ਨੂੰ ਪਰਮੇਸ਼ਰ ਦੇ ਮਹਾਨ ਕੰਮਾਂ ਦਾ ਵਰਣਨ ਕਰਦੇ ਸੁਣ ਰਹੇ ਹਾਂ।” 12 ਉਹ ਸਭ ਦੰਗ ਰਹਿ ਗਏ ਅਤੇ ਦੁਬਿਧਾ ਵਿੱਚ ਪਏ ਹੋਏ ਇੱਕ ਦੂਜੇ ਨੂੰ ਕਹਿਣ ਲੱਗੇ, “ਇਸ ਦਾ ਕੀ ਅਰਥ ਹੈ?” 13 ਪਰ ਕੁਝ ਮਖੌਲ ਕਰਦੇ ਹੋਏ ਕਹਿ ਰਹੇ ਸਨ, “ਇਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ।” ਪਤਰਸ ਦਾ ਉਪਦੇਸ਼ 14 ਤਦ ਪਤਰਸ ਗਿਆਰਾਂ ਦੇ ਨਾਲ ਖੜ੍ਹਾ ਹੋਇਆ ਅਤੇ ਉੱਚੀ ਅਵਾਜ਼ ਵਿੱਚ ਉਨ੍ਹਾਂ ਨੂੰ ਕਹਿਣ ਲੱਗਾ, “ਹੇ ਯਹੂਦੀਓ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ, ਇਹ ਜਾਣ ਲਵੋ ਅਤੇ ਮੇਰੀਆਂ ਗੱਲਾਂ 'ਤੇ ਕੰਨ ਲਾਓ। 15 ਜਿਵੇਂ ਤੁਸੀਂ ਸੋਚਦੇ ਹੋ ਇਹ ਲੋਕ ਨਸ਼ੇ ਵਿੱਚ ਨਹੀਂ ਹਨ, ਕਿਉਂਕਿ ਅਜੇ ਤਾਂ ਦਿਨ ਦੇ ਨੌਂ ਹੀ ਵੱਜੇ ਹਨ। 16 ਪਰ ਇਹ ਉਹ ਗੱਲ ਹੈ ਜੋ ਯੋਏਲ ਨਬੀ ਰਾਹੀਂ ਕਹੀ ਗਈ ਸੀ: 17 ਪਰਮੇਸ਼ਰ ਕਹਿੰਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਇਸ ਤਰ੍ਹਾਂ ਹੋਵੇਗਾ ਕਿਮੈਂ ਆਪਣਾ ਆਤਮਾ ਸਭ ਸਰੀਰਾਂ ਉੱਤੇ ਵਹਾਵਾਂਗਾ ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ ਤੇ ਤੁਹਾਡੇ ਨੌਜਵਾਨ ਦਰਸ਼ਨ ਵੇਖਣਗੇ ਅਤੇ ਤੁਹਾਡੇ ਬਜ਼ੁਰਗ ਸੁਫਨੇ ਵੇਖਣਗੇ; 18 ਮੈਂ ਉਨ੍ਹਾਂ ਦਿਨਾਂ ਵਿੱਚ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਆਪਣਾ ਆਤਮਾ ਵਹਾਵਾਂਗਾ ਅਤੇ ਉਹ ਭਵਿੱਖਬਾਣੀ ਕਰਨਗੇ। 19 ਮੈਂ ਉਤਾਂਹ ਅਕਾਸ਼ ਵਿੱਚ ਅਚੰਭੇ ਅਤੇ ਹੇਠਾਂ ਧਰਤੀ ਉੱਤੇ ਚਿੰਨ੍ਹ ਵਿਖਾਵਾਂਗਾ ਅਰਥਾਤ ਲਹੂ, ਅੱਗ ਅਤੇ ਧੂੰਏਂ ਦਾ ਬੱਦਲ। 20 ਪ੍ਰਭੂ ਦੇ ਮਹਾਨ ਅਤੇ ਪ੍ਰਸਿੱਧ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨੇਰੇ ਵਿੱਚ ਅਤੇ ਚੰਦਰਮਾ ਲਹੂ ਵਿੱਚ ਬਦਲ ਜਾਵੇਗਾ; 21 ਅਤੇ ਇਸ ਤਰ੍ਹਾਂ ਹੋਵੇਗਾ ਕਿ ਜੋ ਕੋਈ ਪ੍ਰਭੂ ਦਾ ਨਾਮਪੁਕਾਰੇਗਾ ਉਹ ਬਚਾਇਆ ਜਾਵੇਗਾ। 22 “ਹੇ ਇਸਰਾਏਲੀਓ, ਇਹ ਗੱਲਾਂ ਸੁਣੋ: ਯਿਸੂ ਨਾਸਰੀ ਇੱਕ ਅਜਿਹਾ ਮਨੁੱਖ ਸੀ ਜਿਸ ਨੂੰ ਪਰਮੇਸ਼ਰ ਵੱਲੋਂ ਤੁਹਾਡੇ ਸਾਹਮਣੇ ਉਨ੍ਹਾਂ ਚਮਤਕਾਰਾਂ, ਅਚਰਜ ਕੰਮਾਂ ਅਤੇ ਚਿੰਨ੍ਹਾਂ ਦੁਆਰਾ ਪ੍ਰਮਾਣਿਤ ਕੀਤਾ ਗਿਆ ਜੋ ਪਰਮੇਸ਼ਰ ਨੇ ਉਸ ਦੇ ਰਾਹੀਂ ਤੁਹਾਡੇ ਵਿਚਕਾਰ ਕੀਤੇ, ਜਿਵੇਂ ਤੁਸੀਂ ਆਪ ਜਾਣਦੇ ਹੋ। 23 ਉਸੇ ਨੂੰ ਜਿਹੜਾ ਪਰਮੇਸ਼ਰ ਦੀ ਠਹਿਰਾਈ ਹੋਈ ਯੋਜਨਾ ਅਤੇ ਅਗੇਤੇ ਗਿਆਨ ਦੇ ਅਨੁਸਾਰ ਫੜਵਾਇਆ ਗਿਆ, ਤੁਸੀਂ ਕੁਧਰਮੀਆਂ ਦੇ ਹੱਥੀਂ ਸਲੀਬ 'ਤੇ ਚੜ੍ਹਾ ਕੇ ਮਾਰ ਸੁੱਟਿਆ। 24 ਪਰ ਪਰਮੇਸ਼ਰ ਨੇ ਮੌਤ ਦੀਆਂ ਪੀੜਾਂ ਦਾ ਨਾਸ ਕਰਕੇ ਉਸ ਨੂੰ ਜੀਉਂਦਾ ਕੀਤਾ, ਕਿਉਂਕਿ ਇਹ ਸੰਭਵ ਨਹੀਂ ਸੀ ਕਿ ਉਹ ਮੌਤ ਦੇ ਵੱਸ ਵਿੱਚ ਰਹਿੰਦਾ। 25 ਇਸ ਲਈ ਦਾਊਦ ਉਸ ਦੇ ਵਿਖੇ ਕਹਿੰਦਾ ਹੈ: ਮੈਂ ਪ੍ਰਭੂ ਨੂੰ ਹਮੇਸ਼ਾ ਆਪਣੇ ਸਨਮੁੱਖ ਵੇਖਦਾ ਰਿਹਾ, ਕਿਉਂਕਿ ਉਹ ਮੇਰੇ ਸੱਜੇ ਪਾਸੇ ਹੈ ਤਾਂਕਿ ਮੈਂ ਡੋਲ ਨਾ ਜਾਵਾਂ। 26 ਇਸ ਕਾਰਨ ਮੇਰਾ ਮਨ ਅਨੰਦ ਹੋਇਆ ਅਤੇ ਮੇਰੀ ਜੀਭ ਮਗਨ ਹੋਈ ਤੇ ਮੇਰਾ ਸਰੀਰ ਵੀ ਆਸ ਵਿੱਚ ਵੱਸੇਗਾ। 27 ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ ਅਤੇ ਨਾ ਹੀ ਆਪਣੇ ਪਵਿੱਤਰ ਜਨ ਨੂੰ ਕਬਰ ਵਿੱਚ ਸੜਨ ਦੇਵੇਂਗਾ। 28 ਤੂੰ ਮੈਨੂੰ ਜੀਵਨ ਦਾ ਰਾਹ ਦੱਸਿਆ, ਤੂੰ ਮੈਨੂੰ ਆਪਣੀ ਹਜ਼ੂਰੀ ਦੇ ਅਨੰਦ ਨਾਲ ਭਰ ਦੇਵੇਂਗਾ। 29 “ਹੇ ਭਾਈਓ, ਮੈਂ ਤੁਹਾਨੂੰ ਕੁਲਪਤੀ ਦਾਊਦ ਦੇ ਵਿਖੇ ਦਲੇਰੀ ਨਾਲ ਕਹਿ ਸਕਦਾ ਹਾਂ ਕਿ ਉਹ ਵੀ ਮਰਿਆ ਅਤੇ ਦਫ਼ਨਾਇਆ ਗਿਆ ਅਤੇ ਉਸ ਦੀ ਕਬਰ ਅੱਜ ਦੇ ਦਿਨ ਤੱਕ ਸਾਡੇ ਵਿਚਕਾਰ ਹੈ। 30 ਇਸ ਲਈ ਜੋ ਉਹ ਇੱਕ ਨਬੀ ਸੀ ਅਤੇ ਇਹ ਜਾਣਦੇ ਹੋਏ ਕਿ ਪਰਮੇਸ਼ਰ ਨੇ ਉਸ ਨਾਲ ਸੌਂਹ ਖਾਧੀ ਹੈ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ, 31 ਉਸ ਨੇ ਮਸੀਹ ਦੇ ਜੀ ਉੱਠਣ ਦੇ ਵਿਖੇ ਅਗੇਤਾ ਹੀ ਵੇਖ ਕੇ ਕਿਹਾ ਕਿਨਾ ਉਸ ਨੂੰ ਪਤਾਲ ਵਿੱਚ ਛੱਡਿਆ ਗਿਆ ਅਤੇ ਨਾ ਹੀ ਉਸ ਦੇ ਸਰੀਰ ਨੇ ਸੜਨ ਵੇਖੀ। 32 ਇਸੇ ਯਿਸੂ ਨੂੰ ਪਰਮੇਸ਼ਰ ਨੇ ਜੀਉਂਦਾ ਕੀਤਾ ਜਿਸ ਦੇ ਅਸੀਂ ਸਾਰੇ ਗਵਾਹ ਹਾਂ। 33 ਸੋ ਉਹ ਪਰਮੇਸ਼ਰ ਦੇ ਸੱਜੇ ਹੱਥ ਉੱਚਾ ਕੀਤਾ ਗਿਆ ਅਤੇ ਪਿਤਾ ਤੋਂ ਪਵਿੱਤਰ ਆਤਮਾ ਦਾ ਵਾਇਦਾ ਪ੍ਰਾਪਤ ਕਰਕੇ ਉਸ ਨੇ ਇਸ ਨੂੰ ਵਹਾ ਦਿੱਤਾ, ਜੋ ਤੁਸੀਂ ਵੇਖ ਅਤੇ ਸੁਣ ਰਹੇ ਹੋ। 34 ਕਿਉਂਕਿ ਦਾਊਦ ਤਾਂ ਸਵਰਗ ਵਿੱਚ ਨਹੀਂ ਗਿਆ ਪਰ ਉਹ ਕਹਿੰਦਾ ਹੈ, ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ‘ਮੇਰੇ ਸੱਜੇ ਹੱਥ ਬੈਠ 35 ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦਿਆਂ।’ 36 “ਇਸ ਲਈ ਇਸਰਾਏਲ ਦਾ ਸਾਰਾ ਘਰਾਣਾ ਪੱਕੇ ਤੌਰ 'ਤੇ ਜਾਣ ਲਵੇ ਕਿ ਉਸੇ ਯਿਸੂ ਨੂੰ ਜਿਸ ਨੂੰ ਤੁਸੀਂ ਸਲੀਬ 'ਤੇ ਚੜ੍ਹਾਇਆ, ਪਰਮੇਸ਼ਰ ਨੇ ਉਸ ਨੂੰ ਪ੍ਰਭੂ ਵੀ ਅਤੇ ਮਸੀਹ ਵੀ ਠਹਿਰਾਇਆ।” ਯਿਸੂ ਮਸੀਹ ਵਿੱਚ ਪਾਪਾਂ ਦੀ ਮਾਫ਼ੀ 37 ਇਹ ਸੁਣ ਕੇ ਉਨ੍ਹਾਂ ਦੇ ਦਿਲ ਛਿਦ ਗਏ ਅਤੇ ਉਨ੍ਹਾਂ ਨੇ ਪਤਰਸ ਅਤੇ ਬਾਕੀ ਰਸੂਲਾਂ ਨੂੰ ਕਿਹਾ, “ਹੇ ਭਾਈਓ, ਅਸੀਂ ਕੀ ਕਰੀਏ?” 38 ਪਤਰਸ ਨੇ ਉਨ੍ਹਾਂ ਨੂੰ ਕਿਹਾ, “ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਅਤੇ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ; 39 ਕਿਉਂਕਿ ਇਹ ਵਾਇਦਾ ਤੁਹਾਡੇ ਲਈ, ਤੁਹਾਡੀ ਸੰਤਾਨ ਲਈ ਅਤੇ ਦੂਰ ਦੇ ਉਨ੍ਹਾਂ ਸਭਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਰ ਆਪਣੇ ਕੋਲ ਬੁਲਾਵੇਗਾ।” 40 ਫਿਰ ਉਸ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨਾਲ ਗਵਾਹੀ ਦਿੱਤੀ ਅਤੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਇਸ ਕੱਬੀ ਪੀੜ੍ਹੀ ਤੋਂ ਬਚੋ। ਵਿਸ਼ਵਾਸੀਆਂ ਦਾ ਜੀਵਨ 41 ਜਿਨ੍ਹਾਂ ਨੇ ਉਸ ਦੀ ਗੱਲ ਨੂੰ ਸਵੀਕਾਰ ਕੀਤਾ ਉਨ੍ਹਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ ਲਗਭਗ ਤਿੰਨ ਹਜ਼ਾਰ ਲੋਕ ਉਨ੍ਹਾਂ ਵਿੱਚ ਰਲ ਗਏ। 42 ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਪਾਉਣ ਅਤੇ ਸੰਗਤੀ ਕਰਨ ਅਤੇ ਰੋਟੀ ਤੋੜਨ ਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। 43 ਹਰ ਵਿਅਕਤੀ ਉੱਤੇ ਭੈ ਛਾਇਆ ਹੋਇਆ ਸੀ ਅਤੇ ਰਸੂਲਾਂ ਦੇ ਰਾਹੀਂ ਬਹੁਤ ਸਾਰੇ ਅਚਰਜ ਕੰਮ ਅਤੇ ਚਿੰਨ੍ਹ ਪਰਗਟ ਹੋ ਰਹੇ ਸਨ। 44 ਸਭ ਵਿਸ਼ਵਾਸ ਕਰਨ ਵਾਲੇ ਆਪਸ ਵਿੱਚ ਮਿਲ ਕੇ ਰਹਿੰਦੇ ਸਨ ਅਤੇ ਉਨ੍ਹਾਂ ਵਿੱਚ ਸਭ ਕੁਝ ਸਾਂਝਾ ਸੀ। 45 ਉਹ ਆਪਣੀ ਸੰਪਤੀ ਅਤੇ ਸਮਾਨ ਵੇਚ ਕੇ ਹਰੇਕ ਨੂੰ ਜਿਹੀ ਕਿਸੇ ਦੀ ਜ਼ਰੂਰਤ ਹੁੰਦੀ ਸੀ, ਵੰਡ ਦਿੰਦੇ ਸਨ। 46 ਉਹ ਹਰ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਇਕੱਠੇ ਹੁੰਦੇ ਅਤੇ ਘਰ-ਘਰ ਰੋਟੀ ਤੋੜਦੇ ਹੋਏ ਖੁਸ਼ੀ ਅਤੇ ਸਿੱਧੇ-ਸਾਦੇ ਮਨ ਨਾਲ ਵੰਡ ਕੇ ਭੋਜਨ ਖਾਂਦੇ 47 ਅਤੇ ਪਰਮੇਸ਼ਰ ਦੀ ਉਸਤਤ ਕਰਦੇ ਸਨ। ਉਹ ਸਭਨਾਂ ਲੋਕਾਂ ਦੇ ਪਿਆਰੇ ਸਨ ਅਤੇ ਪ੍ਰਭੂ ਹਰ ਦਿਨ ਮੁਕਤੀ ਪਾਉਣ ਵਾਲਿਆਂ ਨੂੰ ਉਨ੍ਹਾਂ ਵਿੱਚ ਰਲਾਉਂਦਾ ਜਾਂਦਾ ਸੀ। |