Online Bible

- Advertisements -


2 ਤਿਮੋਥਿ 2 - Punjabi Standard Bible


ਕਿਰਪਾ ਵਿੱਚ ਬਲਵੰਤ ਹੋ

1 ਇਸ ਲਈ ਹੇ ਮੇਰੇ ਪੁੱਤਰ, ਤੂੰ ਮਸੀਹ ਯਿਸੂ ਦੀ ਕਿਰਪਾ ਵਿੱਚ ਬਲਵੰਤ ਹੋ

2 ਅਤੇ ਜੋ ਗੱਲਾਂ ਤੂੰ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਮੇਰੇ ਤੋਂ ਸੁਣੀਆਂ ਉਹ ਅਜਿਹੇ ਵਿਸ਼ਵਾਸਯੋਗ ਵਿਅਕਤੀਆਂ ਨੂੰ ਸੌਂਪ ਦੇ ਜਿਹੜੇ ਦੂਜਿਆਂ ਨੂੰ ਵੀ ਸਿਖਾਉਣ ਦੇ ਯੋਗ ਹੋਣ।

3 ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਗ ਦੁੱਖ ਝੱਲ।

4 ਇੱਕ ਸਿਪਾਹੀ ਦੇ ਤੌਰ 'ਤੇ ਕੰਮ ਕਰਨ ਵਾਲਾ ਵਿਅਕਤੀ ਦੈਨਿਕ ਜੀਵਨ ਦੇ ਮਾਮਲਿਆਂ ਵਿੱਚ ਨਹੀਂ ਪੈਂਦਾ ਤਾਂਕਿ ਉਹ ਆਪਣੇ ਭਰਤੀ ਕਰਨ ਵਾਲੇ ਨੂੰ ਪ੍ਰਸੰਨ ਕਰੇ।

5 ਇਸੇ ਤਰ੍ਹਾਂ ਜੇ ਕੋਈ ਖੇਡ ਵਿੱਚ ਭਾਗ ਲੈਂਦਾ ਹੈ ਤਾਂ ਉਸ ਨੂੰ ਉਦੋਂ ਤੱਕ ਇਨਾਮ ਨਹੀਂ ਮਿਲਦਾ ਜਦੋਂ ਤੱਕ ਉਹ ਨਿਯਮਾਂ ਅਨੁਸਾਰ ਨਾ ਖੇਡੇ।

6 ਫਲ ਦਾ ਹਿੱਸਾ ਸਭ ਤੋਂ ਪਹਿਲਾਂ ਮਿਹਨਤ ਕਰਨ ਵਾਲੇ ਕਿਸਾਨ ਨੂੰ ਹੀ ਮਿਲਣਾ ਚਾਹੀਦਾ ਹੈ।

7 ਜੋ ਮੈਂ ਕਹਿੰਦਾ ਹਾਂ ਉਸ 'ਤੇ ਧਿਆਨ ਦੇ, ਕਿਉਂਕਿ ਪ੍ਰਭੂ ਤੈਨੂੰ ਸਭਨਾਂ ਗੱਲਾਂ ਦੀ ਸਮਝ ਦੇਵੇਗਾ।

8 ਦਾਊਦ ਦੇ ਵੰਸ਼ਜ ਯਿਸੂ ਮਸੀਹ ਨੂੰ ਯਾਦ ਰੱਖ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਇਹ ਉਸ ਖੁਸ਼ਖ਼ਬਰੀ ਦੇ ਅਨੁਸਾਰ ਹੈ ਜਿਸ ਦਾ ਮੈਂ ਪ੍ਰਚਾਰ ਕੀਤਾ।

9 ਮੈਂ ਇਸੇ ਦੇ ਨਮਿੱਤ ਦੁੱਖ ਝੱਲਦਾ ਹਾਂ, ਇੱਥੋਂ ਤੱਕ ਕਿ ਅਪਰਾਧੀ ਵਾਂਗ ਬੰਧਨਾਂ ਵਿੱਚ ਹਾਂ; ਪਰ ਪਰਮੇਸ਼ਰ ਦਾ ਵਚਨ ਬੰਧਨ ਵਿੱਚ ਨਹੀਂ ਹੈ।

10 ਇਸੇ ਕਾਰਨ ਮੈਂ ਚੁਣੇ ਹੋਇਆਂ ਦੀ ਖਾਤਰ ਸਭ ਕੁਝ ਸਹਿੰਦਾ ਹਾਂ, ਤਾਂਕਿ ਉਹ ਵੀ ਮਸੀਹ ਯਿਸੂ ਵਿੱਚ ਸਦੀਪਕ ਮਹਿਮਾ ਸਹਿਤ ਮੁਕਤੀ ਨੂੰ ਪ੍ਰਾਪਤ ਕਰਨ।

11 ਇਹ ਗੱਲ ਭਰੋਸੇਯੋਗ ਹੈ: ਜੇ ਅਸੀਂ ਉਸ ਦੇ ਨਾਲ ਮਰੇ ਤਾਂ ਉਸ ਦੇ ਨਾਲ ਜੀਵਾਂਗੇ ਵੀ।

12 ਜੇ ਅਸੀਂ ਸਹਿੰਦੇ ਹਾਂ ਤਾਂ ਉਸ ਦੇ ਨਾਲ ਰਾਜ ਵੀ ਕਰਾਂਗੇ। ਜੇ ਅਸੀਂ ਉਸ ਦਾ ਇਨਕਾਰ ਕਰਾਂਗੇ ਤਾਂ ਉਹ ਵੀ ਸਾਡਾ ਇਨਕਾਰ ਕਰੇਗਾ।

13 ਜੇ ਅਸੀਂ ਵਫ਼ਾਦਾਰ ਨਹੀਂ ਰਹਿੰਦੇ ਉਹ ਤਾਂ ਵੀ ਵਫ਼ਾਦਾਰ ਰਹਿੰਦਾ ਹੈ, ਕਿਉਂਕਿ ਉਹ ਆਪਣਾ ਇਨਕਾਰ ਨਹੀਂ ਕਰ ਸਕਦਾ।


ਆਦਰਯੋਗ ਸੇਵਕ

14 ਉਨ੍ਹਾਂ ਨੂੰ ਇਹ ਗੱਲਾਂ ਚੇਤੇ ਕਰਾਉਂਦੇ ਹੋਏ ਪਰਮੇਸ਼ਰ ਦੇ ਸਨਮੁੱਖ ਹਿਦਾਇਤ ਕਰ ਕਿ ਉਹ ਸ਼ਬਦਾਂ ਦੇ ਵਿਖੇ ਬਹਿਸ ਨਾ ਕਰਨ, ਕਿਉਂਕਿ ਇਸ ਤੋਂ ਕੋਈ ਲਾਭ ਨਹੀਂ ਹੁੰਦਾ ਸਗੋਂ ਸੁਣਨ ਵਾਲਿਆਂ ਦੀ ਬਰਬਾਦੀ ਹੀ ਹੁੰਦੀ ਹੈ।

15 ਆਪਣੇ ਆਪ ਨੂੰ ਪਰਮੇਸ਼ਰ ਦੇ ਸਨਮੁੱਖ ਇੱਕ ਅਜਿਹੇ ਪਰਵਾਨਯੋਗ ਕਾਮੇ ਦੇ ਤੌਰ 'ਤੇ ਪੇਸ਼ ਕਰਨ ਦਾ ਯਤਨ ਕਰ ਜਿਸ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਅਤੇ ਜਿਹੜਾ ਸੱਚ ਦੇ ਵਚਨ ਨੂੰ ਠੀਕ-ਠੀਕ ਸਿਖਾਉਂਦਾ ਹੋਵੇ।

16 ਵਿਅਰਥ ਦੀਆਂ ਸੰਸਾਰਕ ਗੱਲਾਂ ਤੋਂ ਦੂਰ ਰਹਿ, ਕਿਉਂਕਿ ਇਸ ਨਾਲ ਲੋਕ ਕੁਧਰਮ ਵਿੱਚ ਹੋਰ ਵੀ ਜ਼ਿਆਦਾ ਵਧਣਗੇ

17 ਅਤੇ ਉਨ੍ਹਾਂ ਦੀਆਂ ਗੱਲਾਂ ਸੜੇ ਜ਼ਖਮ ਵਾਂਗ ਫੈਲਦੀਆਂ ਜਾਣਗੀਆਂ; ਹੁਮਿਨਾਯੁਸ ਅਤੇ ਫ਼ਿਲੇਤੁਸ ਉਨ੍ਹਾਂ ਵਿੱਚੋਂ ਹੀ ਹਨ

18 ਜਿਹੜੇ ਸੱਚ ਤੋਂ ਭਟਕ ਗਏ ਹਨ ਕਿਉਂਕਿ ਉਹ ਕਹਿੰਦੇ ਹਨ ਕਿ ਪੁਨਰ-ਉਥਾਨ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਕਈਆਂ ਦੇ ਵਿਸ਼ਵਾਸ ਨੂੰ ਵਿਗਾੜਦੇ ਹਨ।


ਆਖਰੀ ਸਲਾਮ

19 ਪਰ ਪਰਮੇਸ਼ਰ ਦੀ ਪੱਕੀ ਨੀਂਹ ਕਾਇਮ ਰਹਿੰਦੀ ਹੈ ਜਿਸ ਉੱਤੇ ਇਹ ਮੋਹਰ ਲੱਗੀ ਹੈ: “ਪ੍ਰਭੂ ਆਪਣੇ ਲੋਕਾਂ ਨੂੰ ਜਾਣਦਾ ਹੈ,” ਅਤੇ “ਜੋ ਕੋਈ ਪ੍ਰਭੂ ਦਾ ਨਾਮ ਲੈਂਦਾ ਹੈ ਉਹ ਕੁਧਰਮ ਤੋਂ ਦੂਰ ਰਹੇ।”

20 ਇੱਕ ਵੱਡੇ ਘਰ ਵਿੱਚ ਕੇਵਲ ਸੋਨੇ ਅਤੇ ਚਾਂਦੀ ਦੇ ਹੀ ਨਹੀਂ, ਸਗੋਂ ਲੱਕੜ ਅਤੇ ਮਿੱਟੀ ਦੇ ਬਰਤਨ ਵੀ ਹੁੰਦੇ ਹਨ; ਕੁਝ ਖਾਸ ਇਸਤੇਮਾਲ ਲਈ ਅਤੇ ਕੁਝ ਆਮ ਇਸਤੇਮਾਲ ਲਈ।

21 ਇਸ ਲਈ ਜਿਹੜਾ ਆਪਣੇ ਆਪ ਨੂੰ ਇਨ੍ਹਾਂ ਗੱਲਾਂ ਤੋਂ ਸ਼ੁੱਧ ਕਰਦਾ ਹੈ ਉਹ ਖਾਸ ਇਸਤੇਮਾਲ ਦਾ ਉਹ ਬਰਤਨ ਬਣੇਗਾ ਜਿਹੜਾ ਪਵਿੱਤਰ ਕੀਤਾ ਗਿਆ, ਆਪਣੇ ਮਾਲਕ ਲਈ ਉਪਯੋਗੀ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਗਿਆ ਹੈ।

22 ਜਵਾਨੀ ਦੀਆਂ ਲਾਲਸਾਵਾਂ ਤੋਂ ਭੱਜ ਅਤੇ ਜਿਹੜੇ ਸ਼ੁੱਧ ਮਨ ਨਾਲ ਪ੍ਰਭੂ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਮਿਲ ਕੇ ਧਾਰਮਿਕਤਾ, ਵਿਸ਼ਵਾਸ, ਪ੍ਰੇਮ ਅਤੇ ਸ਼ਾਂਤੀ ਦੇ ਪਿੱਛੇ ਲੱਗਾ ਰਹਿ।

23 ਪਰ ਮੂਰਖਤਾਪੂਰਣ ਅਤੇ ਵਿਅਰਥ ਵਾਦ-ਵਿਵਾਦ ਤੋਂ ਦੂਰ ਰਹਿ, ਕਿਉਂਕਿ ਤੂੰ ਜਾਣਦਾ ਹੈ ਕਿ ਇਨ੍ਹਾਂ ਤੋਂ ਝਗੜੇ ਹੀ ਪੈਦਾ ਹੁੰਦੇ ਹਨ।

24 ਪ੍ਰਭੂ ਦੇ ਦਾਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ, ਸਗੋਂ ਉਹ ਹਰੇਕ ਨਾਲ ਕੋਮਲ, ਸਿਖਾਉਣ ਵਿੱਚ ਨਿਪੁੰਨ, ਧੀਰਜਵਾਨ

25 ਅਤੇ ਵਿਰੋਧ ਕਰਨ ਵਾਲਿਆਂ ਨੂੰ ਨਿਮਰਤਾ ਨਾਲ ਸਮਝਾਉਣ ਵਾਲਾ ਹੋਵੇ। ਹੋ ਸਕਦਾ ਹੈ ਕਿ ਪਰਮੇਸ਼ਰ ਉਨ੍ਹਾਂ ਨੂੰ ਤੋਬਾ ਦਾ ਮੌਕਾ ਬਖਸ਼ੇ ਜਿਸ ਨਾਲ ਉਹ ਸੱਚ ਨੂੰ ਜਾਣ ਲੈਣ

26 ਅਤੇ ਸੁਰਤ ਵਿੱਚ ਆ ਕੇ ਸ਼ੈਤਾਨ ਦੀ ਫਾਹੀ ਵਿੱਚੋਂ ਨਿੱਕਲ ਆਉਣ ਜਿਸ ਨੇ ਉਨ੍ਹਾਂ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਬੰਦੀ ਬਣਾ ਰੱਖਿਆ ਹੈ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements