Online Bible

- Advertisements -


੨ ਪਤਰਸ 3 - Punjabi Standard Bible


ਪ੍ਰਭੂ ਦੀ ਆਮਦ ਦਾ ਦਿਨ

1 ਹੇ ਪਿਆਰਿਓ, ਹੁਣ ਮੈਂ ਤੁਹਾਨੂੰ ਇਹ ਦੂਜੀ ਪੱਤ੍ਰੀ ਲਿਖ ਰਿਹਾ ਹਾਂ; ਇਨ੍ਹਾਂ ਦੋਹਾਂ ਪੱਤ੍ਰੀਆਂ ਵਿੱਚ ਮੈਂ ਤੁਹਾਨੂੰ ਚੇਤਾ ਕਰਾਉਂਦੇ ਹੋਏ ਤੁਹਾਡੇ ਸ਼ੁੱਧ ਮਨ ਨੂੰ ਉਤਸ਼ਾਹਿਤ ਕਰਦਾ ਹਾਂ

2 ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਜੋ ਪਵਿੱਤਰ ਨਬੀਆਂ ਵੱਲੋਂ ਪਹਿਲਾਂ ਕਹੀਆਂ ਗਈਆਂ ਸਨ ਤੇ ਪ੍ਰਭੂ ਅਤੇ ਮੁਕਤੀਦਾਤਾ ਦੇ ਉਸ ਹੁਕਮ ਨੂੰ ਯਾਦ ਕਰੋ ਜੋ ਤੁਹਾਡੇ ਰਸੂਲਾਂ ਦੇ ਦੁਆਰਾ ਦਿੱਤਾ ਗਿਆ ਸੀ।

3 ਸਭ ਤੋਂ ਪਹਿਲਾਂ ਇਹ ਜਾਣ ਲਵੋ ਕਿ ਆਖਰੀ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਨ ਲਈ ਆਉਣਗੇ ਜਿਹੜੇ ਆਪਣੀਆਂ ਕਾਮਨਾਵਾਂ ਦੇ ਅਨੁਸਾਰ ਚੱਲਣਗੇ

4 ਅਤੇ ਕਹਿਣਗੇ, “ਉਸ ਦੀ ਆਮਦ ਦਾ ਵਾਇਦਾ ਕਿੱਥੇ ਗਿਆ? ਕਿਉਂਕਿ ਜਦੋਂ ਦੇ ਸਾਡੇ ਪੁਰਖੇ ਸੌਂ ਗਏ ਹਨ, ਸਭ ਕੁਝ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਸ੍ਰਿਸ਼ਟੀ ਦੇ ਅਰੰਭ ਤੋਂ ਸੀ।”

5 ਉਹ ਜਾਣ-ਬੁੱਝ ਕੇ ਇਹ ਭੁੱਲ ਜਾਂਦੇ ਹਨ ਕਿ ਪਰਮੇਸ਼ਰ ਦੇ ਸ਼ਬਦ ਦੇ ਦੁਆਰਾ ਅਕਾਸ਼ ਬਹੁਤ ਪਹਿਲਾਂ ਤੋਂ ਹੋਂਦ ਵਿੱਚ ਹਨ ਅਤੇ ਸ਼ਬਦ ਦੇ ਦੁਆਰਾ ਹੀ ਧਰਤੀ ਪਾਣੀ ਵਿੱਚੋਂ ਸਿਰਜੀ ਗਈ ਅਤੇ ਪਾਣੀ ਦੇ ਰਾਹੀਂ ਕਾਇਮ ਹੈ।

6 ਇਸੇ ਦੇ ਰਾਹੀਂ ਉਸ ਸਮੇਂ ਦਾ ਸੰਸਾਰ ਜਲ-ਪਰਲੋ ਦੁਆਰਾ ਡੁਬੋਇਆ ਅਤੇ ਨਾਸ ਕੀਤਾ ਗਿਆ।

7 ਪਰ ਵਰਤਮਾਨ ਸਮੇਂ ਦੇ ਅਕਾਸ਼ ਅਤੇ ਧਰਤੀ ਅੱਗ ਨਾਲ ਸਾੜੇ ਜਾਣ ਲਈ ਉਸੇ ਸ਼ਬਦ ਦੇ ਦੁਆਰਾ ਰੱਖੇ ਹੋਏ ਹਨ ਅਤੇ ਕੁਧਰਮੀਆਂ ਦੇ ਨਿਆਂ ਅਤੇ ਨਾਸ ਦੇ ਦਿਨ ਤੱਕ ਰੱਖੇ ਰਹਿਣਗੇ।

8 ਪਰ ਹੇ ਪਿਆਰਿਓ, ਤੁਹਾਨੂੰ ਇਹ ਗੱਲ ਨਾ ਭੁੱਲੇ ਕਿ ਪ੍ਰਭੂ ਦੇ ਸਨਮੁੱਖ ਇੱਕ ਦਿਨ ਹਜ਼ਾਰ ਸਾਲ ਦੇ ਅਤੇ ਹਜ਼ਾਰ ਸਾਲ ਇੱਕ ਦਿਨ ਦੇ ਸਮਾਨ ਹੈ।

9 ਪ੍ਰਭੂ ਆਪਣੇ ਵਾਇਦੇ ਵਿੱਚ ਢਿੱਲਾ ਨਹੀਂ ਹੈ ਜਿਵੇਂ ਕੁਝ ਲੋਕ ਸਮਝਦੇ ਹਨ, ਪਰ ਉਹ ਤੁਹਾਡੇ ਪ੍ਰਤੀ ਧੀਰਜ ਰੱਖਦਾ ਹੈ ਅਤੇ ਨਹੀਂ ਚਾਹੁੰਦਾ ਕਿ ਕੋਈ ਵੀ ਨਾਸ ਹੋਵੇ, ਸਗੋਂ ਸਭ ਤੋਬਾ ਕਰਨ।

10 ਪ੍ਰਭੂ ਦਾ ਦਿਨ ਚੋਰ ਵਾਂਗ ਆਵੇਗਾ; ਉਸ ਦਿਨ ਅਕਾਸ਼ ਵੱਡੀ ਗਰਜਣ ਨਾਲ ਜਾਂਦੇ ਰਹਿਣਗੇ, ਤੱਤ ਵੱਡੀ ਤਪਸ਼ ਨਾਲ ਪਿਘਲ ਜਾਣਗੇ ਅਤੇ ਧਰਤੀ ਆਪਣੇ ਸਾਰੇ ਕੰਮਾਂ ਸਮੇਤ ਭਸਮ ਹੋ ਜਾਵੇਗੀ।

11 ਜਦੋਂ ਇਹ ਸਭ ਵਸਤਾਂ ਇਸ ਤਰ੍ਹਾਂ ਨਾਸ ਹੋਣ ਵਾਲੀਆਂ ਹਨ ਤਾਂ ਤੁਹਾਨੂੰ ਪਵਿੱਤਰ ਚਾਲ-ਚਲਣ ਅਤੇ ਭਗਤੀ ਵਿੱਚ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਹੈ,

12 ਅਤੇ ਕਿਸ ਤਰ੍ਹਾਂ ਪਰਮੇਸ਼ਰ ਦੇ ਦਿਨ ਦੇ ਛੇਤੀ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ! ਉਸ ਦਿਨ ਦੇ ਕਾਰਨ ਅਕਾਸ਼ ਅੱਗ ਨਾਲ ਸੜ ਕੇ ਨਾਸ ਹੋ ਜਾਣਗੇ ਅਤੇ ਤੱਤ ਤਪਸ਼ ਨਾਲ ਪਿਘਲ ਜਾਣਗੇ।

13 ਪਰ ਅਸੀਂ ਉਸ ਦੇ ਵਾਇਦੇ ਦੇ ਅਨੁਸਾਰ ਇੱਕ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ ਜਿਨ੍ਹਾਂ ਵਿੱਚ ਧਾਰਮਿਕਤਾ ਵਾਸ ਕਰਦੀ ਹੈ।


ਆਖਰੀ ਨਿਰਦੇਸ਼

14 ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਉਡੀਕ ਕਰ ਰਹੇ ਹੋ ਤਾਂ ਯਤਨ ਕਰੋ ਕਿ ਸ਼ਾਂਤੀ ਵਿੱਚ ਉਸ ਦੇ ਸਨਮੁੱਖ ਬੇਦਾਗ਼ ਅਤੇ ਨਿਰਦੋਸ਼ ਪਾਏ ਜਾਓ

15 ਅਤੇ ਸਾਡੇ ਪ੍ਰਭੂ ਦੇ ਧੀਰਜ ਨੂੰ ਮੁਕਤੀ ਦਾ ਮੌਕਾ ਸਮਝੋ, ਜਿਵੇਂ ਸਾਡੇ ਪਿਆਰੇ ਭਾਈ ਪੌਲੁਸ ਨੇ ਵੀ ਉਸ ਗਿਆਨ ਦੇ ਅਨੁਸਾਰ ਜੋ ਉਸ ਨੂੰ ਦਿੱਤਾ ਗਿਆ, ਤੁਹਾਨੂੰ ਲਿਖਿਆ ਹੈ।

16 ਉਸ ਨੇ ਵੀ ਆਪਣੀਆਂ ਸਭ ਪੱਤ੍ਰੀਆਂ ਵਿੱਚ ਇਨ੍ਹਾਂ ਗੱਲਾਂ ਦੇ ਵਿਖੇ ਚਰਚਾ ਕੀਤੀ ਹੈ ਜਿਨ੍ਹਾਂ ਵਿੱਚੋਂ ਕੁਝ ਗੱਲਾਂ ਨੂੰ ਸਮਝਣਾ ਔਖਾ ਹੈ ਅਤੇ ਅਗਿਆਨੀ ਅਤੇ ਅਸਥਿਰ ਲੋਕ ਇਨ੍ਹਾਂ ਗੱਲਾਂ ਨੂੰ ਤੋੜਦੇ-ਮਰੋੜਦੇ ਹਨ ਜਿਵੇਂ ਉਹ ਆਪਣੇ ਨਾਸ ਲਈ ਲਿਖਤਾਂ ਦੀਆਂ ਬਾਕੀ ਗੱਲਾਂ ਨਾਲ ਕਰਦੇ ਹਨ।

17 ਸੋ ਹੇ ਪਿਆਰਿਓ, ਤੁਸੀਂ ਪਹਿਲਾਂ ਹੀ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ, ਇਸ ਲਈ ਚੌਕਸ ਰਹੋ ਤਾਂਕਿ ਦੁਸ਼ਟਾਂ ਦੇ ਧੋਖੇ ਵਿੱਚ ਫਸ ਕੇ ਆਪਣੀ ਸਥਿਰਤਾ ਤੋਂ ਡਿੱਗ ਨਾ ਜਾਓ,

18 ਬਲਕਿ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ। ਉਸੇ ਦੀ ਮਹਿਮਾ ਹੁਣ ਅਤੇ ਯੁਗੋ-ਯੁਗ ਹੁੰਦੀ ਰਹੇ। ਆਮੀਨ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements