Online Bible

- Advertisements -


੨ ਪਤਰਸ 2 - Punjabi Standard Bible


ਝੂਠੇ ਸਿੱਖਿਅਕ

1 ਜਿਸ ਤਰ੍ਹਾਂ ਉਨ੍ਹਾਂ ਵਿੱਚ ਝੂਠੇ ਨਬੀ ਸਨ ਉਸੇ ਤਰ੍ਹਾਂ ਤੁਹਾਡੇ ਵਿਚਕਾਰ ਵੀ ਝੂਠੇ ਸਿੱਖਿਅਕ ਹੋਣਗੇ। ਉਹ ਨਾਸ ਕਰਨ ਵਾਲੀਆਂ ਸਿੱਖਿਆਵਾਂ ਗੁਪਤ ਰੂਪ ਵਿੱਚ ਲੈ ਕੇ ਆਉਣਗੇ ਅਤੇ ਇੱਥੋਂ ਤੱਕ ਕਿ ਉਸ ਮਾਲਕ ਦਾ ਵੀ ਇਨਕਾਰ ਕਰਨਗੇ ਜਿਸ ਨੇ ਉਨ੍ਹਾਂ ਨੂੰ ਮੁੱਲ ਲਿਆ ਹੈ; ਇਸ ਤਰ੍ਹਾਂ ਉਹ ਛੇਤੀ ਹੀ ਆਪਣੇ ਉੱਤੇ ਨਾਸ ਲੈ ਆਉਣਗੇ।

2 ਬਹੁਤ ਸਾਰੇ ਲੋਕ ਉਨ੍ਹਾਂ ਵਾਂਗ ਲੁੱਚਪੁਣੇ ਦੇ ਪਿੱਛੇ ਚੱਲਣਗੇ ਅਤੇ ਉਨ੍ਹਾਂ ਦੇ ਕਰਕੇ ਸੱਚ ਦੇ ਰਾਹ ਦੀ ਨਿੰਦਾ ਹੋਵੇਗੀ।

3 ਉਹ ਆਪਣੇ ਲਾਲਚ ਦੇ ਮਾਰੇ ਮਨਘੜਤ ਗੱਲਾਂ ਨਾਲ ਤੁਹਾਨੂੰ ਕਮਾਈ ਦਾ ਸਾਧਨ ਬਣਾ ਛੱਡਣਗੇ। ਉਨ੍ਹਾਂ ਦਾ ਦੰਡ ਜੋ ਪਹਿਲਾਂ ਤੋਂ ਠਹਿਰਾਇਆ ਹੋਇਆ ਹੈ ਉਸ ਵਿੱਚ ਦੇਰੀ ਨਹੀਂ ਹੈ ਅਤੇ ਨਾ ਉਨ੍ਹਾਂ ਦੇ ਨਾਸ ਵਿੱਚ ਢਿੱਲ ਹੈ।

4 ਕਿਉਂਕਿ ਜੇ ਪਰਮੇਸ਼ਰ ਨੇ ਉਨ੍ਹਾਂ ਸਵਰਗਦੂਤਾਂ ਨੂੰ ਨਹੀਂ ਛੱਡਿਆ ਜਿਨ੍ਹਾਂ ਨੇ ਪਾਪ ਕੀਤਾ, ਬਲਕਿ ਉਨ੍ਹਾਂ ਨੂੰ ਨਰਕ ਵਿੱਚ ਸੁੱਟ ਕੇ ਘੁੱਪ ਹਨੇਰੇ ਦੀਆਂ ਜ਼ੰਜੀਰਾਂ ਵਿੱਚ ਜਕੜ ਦਿੱਤਾ ਕਿ ਉਹ ਨਿਆਂ ਤੱਕ ਉੱਥੇ ਰੱਖੇ ਜਾਣ;

5 ਅਤੇ ਜੇ ਉਸ ਨੇ ਪ੍ਰਾਚੀਨ ਸੰਸਾਰ ਨੂੰ ਨਹੀਂ ਛੱਡਿਆ ਅਤੇ ਕੁਧਰਮੀਆਂ ਦੇ ਸੰਸਾਰ ਉੱਤੇ ਜਲ-ਪਰਲੋ ਲਿਆਂਦੀ, ਪਰ ਧਾਰਮਿਕਤਾ ਦੇ ਪ੍ਰਚਾਰਕ ਨੂਹ ਨੂੰ ਸੱਤ ਹੋਰ ਜਣਿਆਂ ਸਮੇਤ ਬਚਾ ਲਿਆ;

6 ਅਤੇ ਜੇ ਉਸ ਨੇ ਸਦੂਮ ਅਤੇ ਅਮੂਰਾਹ ਜਿਹੇ ਨਗਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਅਤੇ ਇਨ੍ਹਾਂ ਦਾ ਨਾਸ ਕਰਕੇ ਸਜ਼ਾ ਦਿੱਤੀ ਕਿ ਇਹ ਆਉਣ ਵਾਲੇ ਸਮੇਂ ਦੇ ਕੁਧਰਮੀਆਂ ਲਈ ਨਮੂਨਾ ਹੋਣ;

7 ਅਤੇ ਜੇ ਉਸ ਨੇ ਧਰਮੀ ਲੂਤ ਨੂੰ ਬਚਾ ਲਿਆ ਜਿਹੜਾ ਦੁਸ਼ਟਾਂ ਦੇ ਲੁੱਚਪੁਣੇ ਦੇ ਚਾਲ-ਚਲਣ ਕਰਕੇ ਬਹੁਤ ਦੁਖੀ ਸੀ,

8 (ਕਿਉਂਕਿ ਉਨ੍ਹਾਂ ਦੇ ਵਿਚਕਾਰ ਰਹਿੰਦਿਆਂ ਉਸ ਧਰਮੀ ਦਾ ਮਨ ਉਨ੍ਹਾਂ ਦੇ ਕੁਧਰਮ ਦੇ ਕੰਮਾਂ ਨੂੰ ਵੇਖ ਕੇ ਅਤੇ ਸੁਣ ਕੇ ਹਰ ਦਿਨ ਬਹੁਤ ਦੁਖੀ ਰਹਿੰਦਾ ਸੀ);

9 ਤਾਂ ਪ੍ਰਭੂ ਧਰਮੀਆਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਂ ਦੇ ਦਿਨ ਤੱਕ ਦੰਡ ਦੇ ਅਧੀਨ ਰੱਖਣਾ ਜਾਣਦਾ ਹੈ,

10 ਖਾਸ ਕਰਕੇ ਉਨ੍ਹਾਂ ਨੂੰ ਜਿਹੜੇ ਸਰੀਰ ਦੀ ਬੁਰੀ ਕਾਮਨਾ ਦੇ ਪਿੱਛੇ ਚੱਲਦੇ ਹਨ ਅਤੇ ਪ੍ਰਭੁਤਾ ਨੂੰ ਤੁੱਛ ਜਾਣਦੇ ਹਨ। ਉਹ ਢੀਠ ਅਤੇ ਘਮੰਡੀ ਹਨ ਅਤੇ ਮਹਿਮਾਮਈ ਪ੍ਰਾਣੀਆਂ ਦੀ ਨਿੰਦਾ ਕਰਨ ਤੋਂ ਵੀ ਨਹੀਂ ਡਰਦੇ;

11 ਜਦਕਿ ਸਵਰਗਦੂਤ ਵੀ ਜਿਹੜੇ ਸ਼ਕਤੀ ਅਤੇ ਸਮਰੱਥਾ ਵਿੱਚ ਉਨ੍ਹਾਂ ਤੋਂ ਵੱਡੇ ਹਨ, ਪ੍ਰਭੂ ਦੇ ਸਾਹਮਣੇ ਉਨ੍ਹਾਂ ਨੂੰ ਬੁਰਾ-ਭਲਾ ਕਹਿ ਕੇ ਉਨ੍ਹਾਂ ਉੱਤੇ ਦੋਸ਼ ਨਹੀਂ ਲਾਉਂਦੇ।

12 ਪਰ ਇਹ ਲੋਕ ਉਨ੍ਹਾਂ ਬੁੱਧਹੀਣ ਪਸ਼ੂਆਂ ਜਿਹੇ ਹਨ ਜੋ ਫੜੇ ਜਾਣ ਅਤੇ ਮਾਰੇ ਜਾਣ ਲਈ ਪੈਦਾ ਹੋਏ ਹਨ। ਉਹ ਜਿਨ੍ਹਾਂ ਗੱਲਾਂ ਬਾਰੇ ਜਾਣਦੇ ਹੀ ਨਹੀਂ, ਉਨ੍ਹਾਂ ਦੀ ਨਿੰਦਾ ਕਰਦੇ ਹਨ। ਉਹ ਆਪਣੇ ਨਾਸ ਵਿੱਚ ਆਪ ਹੀ ਨਾਸ ਹੋ ਜਾਣਗੇ।

13 ਉਨ੍ਹਾਂ ਦੀ ਬੁਰਾਈ ਦਾ ਪ੍ਰਤਿਫਲ ਬੁਰਾਈ ਹੀ ਹੋਵੇਗਾ। ਉਨ੍ਹਾਂ ਨੂੰ ਦਿਨ-ਦੁਪਹਿਰੇ ਭੋਗ-ਵਿਲਾਸ ਕਰਨਾ ਚੰਗਾ ਲੱਗਦਾ ਹੈ। ਉਹ ਕਲੰਕ ਅਤੇ ਧੱਬਾ ਹਨ ਅਤੇ ਜਦੋਂ ਤੁਹਾਡੇ ਨਾਲ ਦਾਅਵਤਾਂ ਵਿੱਚ ਸ਼ਾਮਲ ਹੁੰਦੇ ਹਨ ਤਾਂ ਆਪਣੇ ਛਲ ਵਿੱਚ ਮਗਨ ਹੁੰਦੇ ਹਨ।

14 ਉਨ੍ਹਾਂ ਦੀਆਂ ਅੱਖਾਂ ਵਿਭਚਾਰ ਨਾਲ ਭਰੀਆਂ ਹੋਈਆਂ ਹਨ ਅਤੇ ਉਹ ਪਾਪ ਕਰਨ ਤੋਂ ਨਹੀਂ ਰੁਕਦੇ। ਉਹ ਅਸਥਿਰ ਮਨ ਵਾਲਿਆਂ ਨੂੰ ਫਸਾ ਲੈਂਦੇ ਹਨ ਅਤੇ ਉਨ੍ਹਾਂ ਦਾ ਦਿਲ ਲਾਲਚ ਦਾ ਆਦੀ ਹੋ ਗਿਆ ਹੈ; ਉਹ ਸਰਾਪੀ ਹੋਈ ਸੰਤਾਨ ਹਨ।

15 ਉਹ ਸਿੱਧੇ ਰਾਹ ਨੂੰ ਛੱਡ ਕੇ ਭਟਕ ਗਏ ਹਨ ਅਤੇ ਬਿਓਰ ਦੇ ਪੁੱਤਰ ਬਿਲਆਮ ਦੇ ਰਾਹ ਉੱਤੇ ਚੱਲ ਪਏ ਹਨ ਜਿਸ ਨੇ ਕੁਧਰਮ ਦੀ ਕਮਾਈ ਨੂੰ ਪਿਆਰਾ ਜਾਣਿਆ;

16 ਪਰ ਉਸ ਦੇ ਅਪਰਾਧ ਦੇ ਕਾਰਨ ਉਸ ਨੂੰ ਝਿੜਕ ਪਈ। ਇੱਕ ਬੇਜ਼ੁਬਾਨ ਗਧੀ ਨੇ ਮਨੁੱਖ ਦੀ ਅਵਾਜ਼ ਵਿੱਚ ਬੋਲ ਕੇ ਨਬੀ ਦੇ ਕਮਲਪੁਣੇ ਨੂੰ ਰੋਕਿਆ।

17 ਇਹ ਲੋਕ ਸੁੱਕੇ ਹੋਏ ਜਲ-ਸ੍ਰੋਤ ਅਤੇ ਹਨੇਰੀ ਨਾਲ ਉਡਾਏ ਜਾਣ ਵਾਲੇ ਬੱਦਲ ਹਨ ਜਿਨ੍ਹਾਂ ਲਈ ਘੁੱਪ ਹਨੇਰਾ ਠਹਿਰਾਇਆ ਹੋਇਆ ਹੈ।

18 ਉਹ ਉਨ੍ਹਾਂ ਨੂੰ ਜਿਹੜੇ ਭਟਕੇ ਹੋਏ ਜੀਵਨ ਵਿੱਚੋਂ ਅਜੇ ਨਿੱਕਲ ਹੀ ਰਹੇ ਹਨ, ਵਿਅਰਥ ਦੀਆਂ ਫੋਕੀਆਂ ਗੱਲਾਂ ਬੋਲ-ਬੋਲ ਕੇ ਸਰੀਰ ਦੀਆਂ ਕਾਮਨਾਵਾਂ ਅਤੇ ਲੁੱਚਪੁਣੇ ਵਿੱਚ ਫਸਾ ਲੈਂਦੇ ਹਨ।

19 ਉਹ ਉਨ੍ਹਾਂ ਨਾਲ ਤਾਂ ਅਜ਼ਾਦੀ ਦਾ ਵਾਇਦਾ ਕਰਦੇ ਹਨ ਪਰ ਆਪ ਭ੍ਰਿਸ਼ਟਤਾ ਦੇ ਗੁਲਾਮ ਹਨ, ਕਿਉਂਕਿ ਜਿਹੜਾ ਜਿਸ ਚੀਜ਼ ਤੋਂ ਹਾਰ ਜਾਂਦਾ ਹੈ ਉਹ ਉਸ ਦਾ ਗੁਲਾਮ ਬਣ ਜਾਂਦਾ ਹੈ।

20 ਜੇ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੀ ਤਰ੍ਹਾਂ-ਤਰ੍ਹਾਂ ਦੀ ਭ੍ਰਿਸ਼ਟਤਾ ਤੋਂ ਬਚ ਨਿੱਕਲਣ ਤੋਂ ਬਾਅਦ ਦੁਬਾਰਾ ਇਨ੍ਹਾਂ ਵਿੱਚ ਫਸ ਕੇ ਹਾਰ ਗਏ ਤਾਂ ਉਨ੍ਹਾਂ ਦੀ ਪਿਛਲੀ ਹਾਲਤ ਪਹਿਲੀ ਨਾਲੋਂ ਬੁਰੀ ਹੋ ਜਾਂਦੀ ਹੈ।

21 ਕਿਉਂਕਿ ਉਨ੍ਹਾਂ ਲਈ ਚੰਗਾ ਸੀ ਕਿ ਉਨ੍ਹਾਂ ਨੇ ਧਾਰਮਿਕਤਾ ਦੇ ਰਾਹ ਨੂੰ ਜਾਣਿਆ ਹੀ ਨਾ ਹੁੰਦਾ, ਬਜਾਇ ਇਸ ਦੇ ਕਿ ਇਸ ਨੂੰ ਜਾਣ ਕੇ ਉਸ ਪਵਿੱਤਰ ਹੁਕਮ ਤੋਂ ਬੇਮੁੱਖ ਹੋ ਜਾਂਦੇ ਜਿਹੜਾ ਉਨ੍ਹਾਂ ਨੂੰ ਸੌਂਪਿਆ ਗਿਆ ਸੀ।

22 ਇਹ ਕਹਾਵਤ ਉਨ੍ਹਾਂ ਉੱਤੇ ਸੱਚੀ ਬੈਠਦੀ ਹੈ: “ਕੁੱਤਾ ਆਪਣੀ ਉਲਟੀ ਵੱਲ,” ਅਤੇ “ਨੁਹਾਈ ਹੋਈ ਸੂਰਨੀ ਚਿੱਕੜ ਵਿੱਚ ਲਿਟਣ ਲਈ ਮੁੜ ਜਾਂਦੀ ਹੈ।”

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements