Online Bible

- Advertisements -


2 ਕੁਰਿੰਥੀ 3 - Punjabi Standard Bible


ਜੀਉਂਦੀਆਂ ਚਿੱਠੀਆਂ

1 ਕੀ ਅਸੀਂ ਫੇਰ ਤੋਂ ਆਪਣੀ ਹੀ ਪ੍ਰਸ਼ੰਸਾ ਕਰਨ ਲੱਗੇ ਹਾਂ? ਜਾਂ ਕੀ ਸਾਨੂੰ ਵੀ ਕਈਆਂ ਵਾਂਗ ਤੁਹਾਡੇ ਤੋਂ ਪ੍ਰਸ਼ੰਸਾ-ਪੱਤਰ ਲੈਣ ਜਾਂ ਦੇਣ ਦੀ ਜ਼ਰੂਰਤ ਹੈ?

2 ਸਾਡੀ ਚਿੱਠੀ ਤਾਂ ਤੁਸੀਂ ਹੋ ਜੋ ਸਾਡੇ ਦਿਲਾਂ 'ਤੇ ਲਿਖੀ ਹੋਈ ਹੈ ਅਤੇ ਜਿਸ ਨੂੰ ਸਭ ਲੋਕ ਪਛਾਣਦੇ ਅਤੇ ਪੜ੍ਹਦੇ ਹਨ।

3 ਇਹ ਪਰਗਟ ਹੈ ਕਿ ਤੁਸੀਂ ਸਾਡੀ ਸੇਵਾ ਦੁਆਰਾ ਲਿਖੀ ਗਈ ਮਸੀਹ ਦੀ ਚਿੱਠੀ ਹੋ ਜੋ ਸਿਆਹੀ ਨਾਲ ਨਹੀਂ, ਸਗੋਂ ਜੀਉਂਦੇ ਪਰਮੇਸ਼ਰ ਦੇ ਆਤਮਾ ਨਾਲ ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਪਰ ਦਿਲਾਂ ਦੀਆਂ ਮਾਸ ਰੂਪੀ ਪੱਟੀਆਂ 'ਤੇ ਲਿਖੀ ਹੈ।

4 ਸਾਨੂੰ ਮਸੀਹ ਦੇ ਰਾਹੀਂ ਪਰਮੇਸ਼ਰ ਉੱਤੇ ਅਜਿਹਾ ਹੀ ਭਰੋਸਾ ਹੈ।

5 ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਇਸ ਯੋਗ ਸਮਝਦੇ ਹਾਂ ਕਿ ਅਸੀਂ ਕੁਝ ਕਰ ਸਕਦੇ ਹਾਂ, ਪਰ ਸਾਡੀ ਯੋਗਤਾ ਪਰਮੇਸ਼ਰ ਵੱਲੋਂ ਹੈ।

6 ਉਸੇ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ; ਲਿਖਤ ਦੇ ਨਹੀਂ ਪਰ ਆਤਮਾ ਦੇ ਨੇਮ ਦੇ, ਕਿਉਂਕਿ ਲਿਖਤ ਮਾਰਦੀ ਹੈ ਪਰ ਆਤਮਾ ਜਿਵਾਉਂਦਾ ਹੈ।


ਨਵੇਂ ਨੇਮ ਦੀ ਸੇਵਾ

7 ਜੇ ਮੌਤ ਦੇ ਉਸ ਨੇਮ ਦੀ ਸੇਵਾ ਜਿਸ ਦੀ ਲਿਖਤ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੀ ਤੇਜਵਾਨ ਸੀ ਕਿ ਉਸ ਦੇ ਤੇਜ ਦੇ ਕਾਰਨ ਜੋ ਕਿ ਮੱਧਮ ਪੈਂਦਾ ਜਾਂਦਾ ਸੀ ਇਸਰਾਏਲ ਦੀ ਸੰਤਾਨ ਮੂਸਾ ਦੇ ਚਿਹਰੇ ਵੱਲ ਨਾ ਤੱਕ ਸਕੀ

8 ਤਾਂ ਆਤਮਾ ਦੇ ਨੇਮ ਦੀ ਸੇਵਾ ਹੋਰ ਵੀ ਤੇਜਵਾਨ ਕਿਉਂ ਨਾ ਹੋਵੇਗੀ?

9 ਕਿਉਂਕਿ ਜੇ ਦੋਸ਼ੀ ਠਹਿਰਾਉਣ ਵਾਲੇ ਨੇਮ ਦੀ ਸੇਵਾ ਤੇਜਵਾਨ ਸੀ ਤਾਂ ਧਰਮੀ ਠਹਿਰਾਉਣ ਵਾਲੇ ਨੇਮ ਦੀ ਸੇਵਾ ਬਹੁਤ ਵਧਕੇ ਤੇਜਵਾਨ ਹੋਵੇਗੀ।

10 ਬਲਕਿ ਉਹ ਜੋ ਤੇਜਵਾਨ ਸੀ ਹੁਣ ਉਸ ਤੋਂ ਵਧੀਕ ਤੇਜਵਾਨ ਦੇ ਸਾਹਮਣੇ ਤੇਜਵਾਨ ਨਾ ਰਹੀ,

11 ਕਿਉਂਕਿ ਜੇ ਉਹ ਜੋ ਤੇਜਵਾਨ ਸੀ ਮੱਧਮ ਪੈਂਦੀ ਜਾਂਦੀ ਸੀ ਤਾਂ ਉਹ ਜੋ ਸਥਿਰ ਹੈ ਹੋਰ ਵੀ ਜ਼ਿਆਦਾ ਤੇਜਵਾਨ ਹੋਵੇਗੀ।

12 ਇਸ ਲਈ ਅਜਿਹੀ ਆਸ ਹੋਣ ਕਰਕੇ ਅਸੀਂ ਬੜੀ ਦਲੇਰੀ ਨਾਲ ਬੋਲਦੇ ਹਾਂ,

13 ਨਾ ਕਿ ਮੂਸਾ ਵਾਂਗ ਜਿਹੜਾ ਆਪਣੇ ਚਿਹਰੇ ਨੂੰ ਪਰਦੇ ਨਾਲ ਢੱਕਦਾ ਸੀ ਤਾਂਕਿ ਇਸਰਾਏਲ ਦੀ ਸੰਤਾਨ ਉਸ ਮੱਧਮ ਪੈਂਦੇ ਜਾ ਰਹੇ ਤੇਜ ਦਾ ਅੰਤ ਨਾ ਵੇਖ ਸਕੇ।

14 ਪਰ ਉਨ੍ਹਾਂ ਦੇ ਮਨ ਕਠੋਰ ਕੀਤੇ ਗਏ ਸਨ, ਕਿਉਂਕਿ ਪੁਰਾਣਾ ਨੇਮ ਪੜ੍ਹਦਿਆਂ ਅੱਜ ਤੱਕ ਉਨ੍ਹਾਂ ਦੇ ਮਨਾਂ 'ਤੇ ਉਹੀ ਪਰਦਾ ਪਿਆ ਰਹਿੰਦਾ ਹੈ; ਇਹ ਹਟਾਇਆ ਨਹੀਂ ਜਾਂਦਾ, ਕਿਉਂਕਿ ਇਹ ਮਸੀਹ ਵਿੱਚ ਹੀ ਹਟਾਇਆ ਜਾਂਦਾ ਹੈ।

15 ਅੱਜ ਤੱਕ ਜਦੋਂ ਵੀ ਮੂਸਾ ਦੀ ਪੁਸਤਕ ਪੜ੍ਹੀ ਜਾਂਦੀ ਹੈ ਤਾਂ ਉਨ੍ਹਾਂ ਦੇ ਮਨਾਂ 'ਤੇ ਪਰਦਾ ਪਿਆ ਰਹਿੰਦਾ ਹੈ,

16 ਪਰ ਜਦੋਂ ਵੀ ਕੋਈ ਪ੍ਰਭੂ ਵੱਲ ਮੁੜਦਾ ਹੈ ਤਾਂ ਉਹ ਪਰਦਾ ਹਟਾਇਆ ਜਾਂਦਾ ਹੈ।

17 ਪ੍ਰਭੂ ਤਾਂ ਆਤਮਾ ਹੈ ਅਤੇ ਜਿੱਥੇ ਪ੍ਰਭੂ ਦਾ ਆਤਮਾ ਹੈ ਉੱਥੇ ਅਜ਼ਾਦੀ ਹੈ।

18 ਅਸੀਂ ਸਭ ਅਣਕੱਜੇ ਚਿਹਰੇ ਨਾਲ ਪ੍ਰਭੂ ਦੇ ਤੇਜ ਨੂੰ ਜਿਵੇਂ ਸ਼ੀਸ਼ੇ ਵਿੱਚੋਂ ਵੇਖਦੇ ਹੋਏ ਪ੍ਰਭੂ ਅਰਥਾਤ ਆਤਮਾ ਦੁਆਰਾ ਉਸੇ ਮਹਿਮਾਮਈ ਸਰੂਪ ਵਿੱਚ ਅੰਸ਼-ਅੰਸ਼ ਕਰਕੇ ਬਦਲਦੇ ਜਾਂਦੇ ਹਾਂ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements