1 ਥੱਸਲੁ 2 - Punjabi Standard Bibleਪੌਲੁਸ ਦੁਆਰਾ ਖੁਸ਼ਖ਼ਬਰੀ ਦਾ ਪ੍ਰਚਾਰ 1 ਹੇ ਭਾਈਓ, ਤੁਸੀਂ ਆਪ ਜਾਣਦੇ ਹੋ ਕਿ ਸਾਡਾ ਤੁਹਾਡੇ ਕੋਲ ਆਉਣਾ ਵਿਅਰਥ ਨਹੀਂ ਗਿਆ। 2 ਜਿਵੇਂ ਕਿ ਤੁਸੀਂ ਜਾਣਦੇ ਹੋ, ਪਿਛਲੀ ਵਾਰ ਫਿਲਿੱਪੈ ਵਿੱਚ ਦੁੱਖ ਝੱਲਣ ਅਤੇ ਦੁਰਵਿਹਾਰ ਸਹਿਣ ਤੋਂ ਬਾਅਦ ਅਸੀਂ ਪਰਮੇਸ਼ਰ ਕੋਲੋਂ ਅਜਿਹੀ ਦਲੇਰੀ ਪਾਈ ਕਿ ਭਾਰੀ ਵਿਰੋਧ ਦੇ ਬਾਵਜੂਦ ਵੀ ਤੁਹਾਨੂੰ ਪਰਮੇਸ਼ਰ ਦੀ ਖੁਸ਼ਖ਼ਬਰੀ ਸੁਣਾਈ; 3 ਕਿਉਂਕਿ ਸਾਡਾ ਉਪਦੇਸ਼ ਧੋਖੇ ਦਾ ਨਹੀਂ ਅਤੇ ਨਾ ਅਸ਼ੁੱਧਤਾ ਦਾ ਅਤੇ ਨਾ ਹੀ ਭਰਮਾਉਣ ਵਾਲਾ ਹੈ। 4 ਸਗੋਂ ਜਿਵੇਂ ਪਰਮੇਸ਼ਰ ਨੇ ਸਾਨੂੰ ਯੋਗ ਸਮਝਿਆ ਕਿ ਸਾਨੂੰ ਖੁਸ਼ਖ਼ਬਰੀ ਦੀ ਜ਼ਿੰਮੇਵਾਰੀ ਸੌਂਪੇ, ਅਸੀਂ ਉਸੇ ਤਰ੍ਹਾਂ ਬੋਲਦੇ ਹਾਂ; ਮਨੁੱਖਾਂ ਨੂੰ ਖੁਸ਼ ਕਰਨ ਲਈ ਨਹੀਂ ਬਲਕਿ ਪਰਮੇਸ਼ਰ ਨੂੰ ਖੁਸ਼ ਕਰਨ ਲਈ ਜਿਹੜਾ ਸਾਡੇ ਦਿਲਾਂ ਨੂੰ ਜਾਂਚਦਾ ਹੈ। 5 ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਉਸ ਸਮੇਂ ਨਾ ਤਾਂ ਅਸੀਂ ਚਾਪਲੂਸੀ ਦੀਆਂ ਗੱਲਾਂ ਕੀਤੀਆਂ ਅਤੇ ਨਾ ਲੋਭ ਲਈ ਬਹਾਨਾ ਕੀਤਾ; ਪਰਮੇਸ਼ਰ ਗਵਾਹ ਹੈ। 6 ਅਸੀਂ ਮਨੁੱਖਾਂ ਤੋਂ ਪ੍ਰਸ਼ੰਸਾ ਨਹੀਂ ਚਾਹੀ; ਨਾ ਤੁਹਾਡੇ ਤੋਂ ਅਤੇ ਨਾ ਦੂਜਿਆਂ ਤੋਂ। 7 ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਦੇ ਨਾਤੇ ਤੁਹਾਡੇ ਉੱਤੇ ਬੋਝ ਪਾ ਸਕਦੇ ਸੀ, ਪਰ ਅਸੀਂ ਤੁਹਾਡੇ ਵਿਚਕਾਰ ਅਜਿਹੇ ਕੋਮਲ ਬਣੇ, ਜਿਵੇਂ ਇੱਕ ਦੁੱਧ ਪਿਆਉਣ ਵਾਲੀ ਮਾਂ ਕੋਮਲਤਾ ਨਾਲ ਆਪਣੇ ਬੱਚਿਆਂ ਦੀ ਦੇਖ-ਭਾਲ ਕਰਦੀ ਹੈ। 8 ਸੋ ਸਾਡਾ ਤੁਹਾਡੇ ਨਾਲ ਐਨਾ ਮੋਹ ਹੋ ਗਿਆ ਕਿ ਅਸੀਂ ਨਾ ਕੇਵਲ ਤੁਹਾਡੇ ਨਾਲ ਪਰਮੇਸ਼ਰ ਦੀ ਖੁਸ਼ਖ਼ਬਰੀ ਸਾਂਝੀ ਕਰਨ ਵਿੱਚ, ਸਗੋਂ ਆਪਣੇ ਪ੍ਰਾਣ ਦੇਣ ਵਿੱਚ ਵੀ ਖੁਸ਼ ਸੀ, ਕਿਉਂਕਿ ਤੁਸੀਂ ਸਾਡੇ ਪਿਆਰੇ ਬਣ ਗਏ ਸੀ। 9 ਹੇ ਭਾਈਓ, ਤੁਹਾਨੂੰ ਸਾਡੀ ਮਿਹਨਤ ਅਤੇ ਕਸ਼ਟ ਤਾਂ ਯਾਦ ਹੀ ਹੋਵੇਗਾ ਕਿ ਅਸੀਂ ਤੁਹਾਨੂੰ ਪਰਮੇਸ਼ਰ ਦੀ ਖੁਸ਼ਖ਼ਬਰੀ ਸੁਣਾਉਂਦੇ ਹੋਏ ਰਾਤ-ਦਿਨ ਕੰਮ-ਧੰਦਾ ਕੀਤਾ ਤਾਂਕਿ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣੀਏ। 10 ਤੁਸੀਂ ਵੀ ਅਤੇ ਪਰਮੇਸ਼ਰ ਵੀ ਗਵਾਹ ਹੈ ਕਿ ਤੁਹਾਡੇ ਵਿਸ਼ਵਾਸੀਆਂ ਨਾਲ ਸਾਡਾ ਵਿਹਾਰ ਕਿੰਨਾ ਪਵਿੱਤਰ, ਉਚਿਤ ਅਤੇ ਦੋਸ਼ ਰਹਿਤ ਸੀ। 11 ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਇੱਕ ਪਿਤਾ ਆਪਣੇ ਬੱਚਿਆਂ ਨਾਲ ਵਿਹਾਰ ਕਰਦਾ ਹੈ, 12 ਉਸੇ ਤਰ੍ਹਾਂ ਅਸੀਂ ਵੀ ਤੁਹਾਨੂੰ ਉਪਦੇਸ਼ ਦਿੰਦੇ, ਉਤਸ਼ਾਹਿਤ ਕਰਦੇ ਅਤੇ ਸਮਝਾਉਂਦੇ ਰਹੇ ਕਿ ਪਰਮੇਸ਼ਰ ਦੇ ਯੋਗ ਚਾਲ ਚੱਲੋ ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਮਹਿਮਾ ਵਿੱਚ ਬੁਲਾਉਂਦਾ ਹੈ। 13 ਇਸੇ ਕਰਕੇ ਅਸੀਂ ਵੀ ਲਗਾਤਾਰ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਜਦੋਂ ਤੁਸੀਂ ਸਾਡੇ ਦੁਆਰਾ ਪਰਮੇਸ਼ਰ ਦੇ ਵਚਨ ਨੂੰ ਗ੍ਰਹਿਣ ਕੀਤਾ ਤਾਂ ਤੁਸੀਂ ਇਸ ਨੂੰ ਮਨੁੱਖਾਂ ਦਾ ਨਹੀਂ, ਸਗੋਂ ਪਰਮੇਸ਼ਰ ਦਾ ਵਚਨ ਜਾਣ ਕੇ ਗ੍ਰਹਿਣ ਕੀਤਾ ਜੋ ਕਿ ਇਹ ਹੈ ਵੀ; ਇਹੋ ਤੁਹਾਡੇ ਵਿਸ਼ਵਾਸੀਆਂ ਵਿੱਚ ਕੰਮ ਵੀ ਕਰ ਰਿਹਾ ਹੈ। 14 ਕਿਉਂਕਿ ਹੇ ਭਾਈਓ, ਤੁਸੀਂ ਮਸੀਹ ਯਿਸੂ ਵਿੱਚ ਪਰਮੇਸ਼ਰ ਦੀਆਂ ਉਨ੍ਹਾਂ ਕਲੀਸਿਆਵਾਂ ਦੀ ਰੀਸ ਕਰਨ ਵਾਲੇ ਬਣੇ ਜੋ ਯਹੂਦਿਯਾ ਵਿੱਚ ਹਨ, ਕਿਉਂ ਜੋ ਤੁਸੀਂ ਵੀ ਆਪਣੇ ਲੋਕਾਂ ਤੋਂ ਉਹੀ ਦੁੱਖ ਪਾਇਆ, ਜਿਹਾ ਉਨ੍ਹਾਂ ਨੇ ਯਹੂਦੀਆਂ ਤੋਂ ਪਾਇਆ ਸੀ। 15 ਉਨ੍ਹਾਂ ਯਹੂਦੀਆਂ ਨੇ ਹੀ ਪ੍ਰਭੂ ਯਿਸੂ ਅਤੇ ਨਬੀਆਂ ਨੂੰ ਮਾਰ ਸੁੱਟਿਆ ਅਤੇ ਸਾਨੂੰ ਬਹੁਤ ਸਤਾਇਆ। ਉਹ ਪਰਮੇਸ਼ਰ ਨੂੰ ਦੁੱਖ ਦਿੰਦੇ ਹਨ ਅਤੇ ਸਭਨਾਂ ਲੋਕਾਂ ਦੇ ਵਿਰੋਧੀ ਹਨ। 16 ਉਹ ਸਾਨੂੰ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਦੇ ਹਨ ਤਾਂਕਿ ਉਹ ਬਚਾਈਆਂ ਨਾ ਜਾਣ; ਇਸੇ ਕਾਰਨ ਉਹ ਆਪਣੇ ਪਾਪਾਂ ਵਿੱਚ ਵਾਧਾ ਕਰਦੇ ਗਏ ਅਤੇ ਪਰਮੇਸ਼ਰ ਦਾ ਕ੍ਰੋਧ ਪੂਰੀ ਤਰ੍ਹਾਂ ਉਨ੍ਹਾਂ ਉੱਤੇ ਆਣ ਪਿਆ ਹੈ। ਕਲੀਸਿਯਾ ਨੂੰ ਮਿਲਣ ਦੀ ਤਾਂਘ 17 ਪਰ ਹੇ ਭਾਈਓ, ਅਸੀਂ ਥੋੜ੍ਹੇ ਸਮੇਂ ਲਈ ਤੁਹਾਡੇ ਤੋਂ ਦੂਰ ਕੀਤੇ ਗਏ; ਉਹ ਵੀ ਸਰੀਰਕ ਤੌਰ 'ਤੇ, ਨਾ ਕਿ ਦਿਲ ਤੋਂ। ਇਸ ਲਈ ਅਸੀਂ ਬੜੀ ਇੱਛਾ ਨਾਲ ਤੁਹਾਡਾ ਮੂੰਹ ਵੇਖਣ ਲਈ ਹੋਰ ਵੀ ਜ਼ਿਆਦਾ ਯਤਨ ਕੀਤਾ। 18 ਇਸ ਕਰਕੇ ਅਸੀਂ ਤੁਹਾਡੇ ਕੋਲ ਆਉਣਾ ਚਾਹੁੰਦੇ ਸੀ, ਖਾਸ ਕਰਕੇ ਮੈਂ ਪੌਲੁਸ ਨੇ ਬਾਰ-ਬਾਰ ਤੁਹਾਡੇ ਕੋਲ ਆਉਣ ਦਾ ਯਤਨ ਕੀਤਾ ਪਰ ਸ਼ੈਤਾਨ ਨੇ ਸਾਨੂੰ ਰੋਕੀ ਰੱਖਿਆ। 19 ਸਾਡੇ ਪ੍ਰਭੂ ਯਿਸੂ ਦੀ ਆਮਦ ਦੇ ਸਮੇਂ ਸਾਡੀ ਆਸ ਜਾਂ ਅਨੰਦ ਜਾਂ ਅਭਿਮਾਨ ਦਾ ਤਾਜ ਹੋਰ ਕੌਣ ਹੈ? ਕੀ ਤੁਸੀਂ ਹੀ ਨਹੀਂ? 20 ਕਿਉਂਕਿ ਤੁਸੀਂ ਹੀ ਸਾਡੀ ਵਡਿਆਈ ਅਤੇ ਅਨੰਦ ਹੋ। |