Online Bible

- Advertisements -


1 ਕੁਰਿੰਥੀ 2 - Punjabi Standard Bible


ਪੌਲੁਸ ਦਾ ਪ੍ਰਚਾਰ

1 ਹੇ ਭਾਈਓ, ਜਦੋਂ ਮੈਂ ਪਰਮੇਸ਼ਰ ਦੇ ਭੇਤ ਦਾ ਪ੍ਰਚਾਰ ਕਰਦਾ ਹੋਇਆ ਤੁਹਾਡੇ ਕੋਲ ਆਇਆ ਤਾਂ ਵਚਨ ਜਾਂ ਗਿਆਨ ਦੀ ਉੱਤਮਤਾ ਨਾਲ ਨਹੀਂ ਆਇਆ।

2 ਕਿਉਂਕਿ ਮੈਂ ਠਾਣਿਆ ਸੀ ਕਿ ਤੁਹਾਡੇ ਵਿੱਚ ਯਿਸੂ ਮਸੀਹ ਅਰਥਾਤ ਸਲੀਬ ਦਿੱਤੇ ਗਏ ਮਸੀਹ ਤੋਂ ਇਲਾਵਾ ਹੋਰ ਕਿਸੇ ਗੱਲ ਨੂੰ ਨਾ ਜਾਣਾਂ।

3 ਮੈਂ ਨਿਰਬਲਤਾ ਅਤੇ ਭੈ ਵਿੱਚ ਅਤੇ ਬਹੁਤ ਕੰਬਦਾ ਹੋਇਆ ਤੁਹਾਡੇ ਨਾਲ ਰਿਹਾ

4 ਅਤੇ ਮੇਰੇ ਸ਼ਬਦਾਂ ਅਤੇ ਮੇਰੇ ਪ੍ਰਚਾਰ ਵਿੱਚ ਗਿਆਨ ਦੀਆਂ ਲੁਭਾਉਣ ਵਾਲੀਆਂ ਗੱਲਾਂ ਨਹੀਂ, ਸਗੋਂ ਆਤਮਾ ਅਤੇ ਸਮਰੱਥਾ ਦਾ ਪ੍ਰਗਟਾਵਾ ਸੀ,

5 ਤਾਂਕਿ ਤੁਹਾਡਾ ਵਿਸ਼ਵਾਸ ਮਨੁੱਖਾਂ ਦੇ ਗਿਆਨ 'ਤੇ ਨਹੀਂ, ਸਗੋਂ ਪਰਮੇਸ਼ਰ ਦੀ ਸਮਰੱਥਾ 'ਤੇ ਅਧਾਰਤ ਹੋਵੇ।


ਆਤਮਕ ਗਿਆਨ

6 ਤਾਂ ਵੀ ਅਸੀਂ ਸਮਝਦਾਰਾਂ ਵਿੱਚ ਗਿਆਨ ਦੀਆਂ ਗੱਲਾਂ ਸੁਣਾਉਂਦੇ ਹਾਂ, ਪਰ ਇਸ ਯੁਗ ਦਾ ਗਿਆਨ ਨਹੀਂ ਅਤੇ ਨਾ ਹੀ ਇਸ ਯੁਗ ਦੇ ਹਾਕਮਾਂ ਦਾ ਜਿਹੜੇ ਨਾਸ ਹੋਣ ਵਾਲੇ ਹਨ,

7 ਸਗੋਂ ਪਰਮੇਸ਼ਰ ਦੇ ਉਸ ਗੁਪਤ ਗਿਆਨ ਨੂੰ ਭੇਤ ਨਾਲ ਦੱਸਦੇ ਹਾਂ ਜੋ ਪਰਮੇਸ਼ਰ ਨੇ ਅਨੰਤ ਕਾਲ ਤੋਂ ਸਾਡੀ ਵਡਿਆਈ ਦੇ ਲਈ ਠਹਿਰਾਇਆ ਹੈ,

8 ਜਿਸ ਨੂੰ ਇਸ ਯੁਗ ਦੇ ਹਾਕਮਾਂ ਵਿੱਚੋਂ ਕਿਸੇ ਨੇ ਨਹੀਂ ਜਾਣਿਆ, ਕਿਉਂਕਿ ਜੇ ਉਹ ਜਾਣਦੇ ਤਾਂ ਤੇਜਵਾਨ ਪ੍ਰਭੂ ਨੂੰ ਸਲੀਬ 'ਤੇ ਨਾ ਚੜ੍ਹਾਉਂਦੇ।

9 ਪਰ ਜਿਵੇਂ ਲਿਖਿਆ ਹੈ:ਜੋ ਗੱਲਾਂ ਅੱਖਾਂ ਨੇ ਨਹੀਂ ਵੇਖੀਆਂ ਅਤੇ ਕੰਨਾਂ ਨੇ ਨਹੀਂ ਸੁਣੀਆਂ ਅਤੇ ਨਾ ਹੀ ਮਨੁੱਖ ਦੇ ਮਨ ਵਿੱਚ ਆਈਆਂ, ਉਹੀ ਹਨ ਜੋ ਪਰਮੇਸ਼ਰ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।

10 ਪਰਮੇਸ਼ਰ ਨੇ ਇਨ੍ਹਾਂ ਨੂੰ ਆਪਣੇ ਆਤਮਾ ਦੁਆਰਾ ਸਾਡੇ ਉੱਤੇ ਪਰਗਟ ਕੀਤਾ, ਕਿਉਂਕਿ ਆਤਮਾ ਸਭ ਗੱਲਾਂ ਨੂੰ ਸਗੋਂ ਪਰਮੇਸ਼ਰ ਦੀਆਂ ਡੂੰਘੀਆਂ ਗੱਲਾਂ ਨੂੰ ਵੀ ਜਾਂਚ ਲੈਂਦਾ ਹੈ।

11 ਕਿਉਂ ਜੋ ਮਨੁੱਖਾਂ ਦੇ ਵਿਚਾਰਾਂ ਨੂੰ ਮਨੁੱਖ ਦੀ ਆਤਮਾ ਤੋਂ ਬਿਨਾਂ ਜੋ ਉਸ ਦੇ ਅੰਦਰ ਹੈ ਕੌਣ ਜਾਣਦਾ ਹੈ? ਇਸੇ ਤਰ੍ਹਾਂ ਪਰਮੇਸ਼ਰ ਦੇ ਆਤਮਾ ਤੋਂ ਬਿਨਾਂ ਪਰਮੇਸ਼ਰ ਦੀਆਂ ਗੱਲਾਂ ਨੂੰ ਹੋਰ ਕੋਈ ਨਹੀਂ ਜਾਣਦਾ।

12 ਪਰ ਸਾਨੂੰ ਸੰਸਾਰ ਦੀ ਆਤਮਾ ਨਹੀਂ, ਸਗੋਂ ਉਹ ਆਤਮਾ ਮਿਲਿਆ ਹੈ ਜੋ ਪਰਮੇਸ਼ਰ ਵੱਲੋਂ ਹੈ ਤਾਂਕਿ ਅਸੀਂ ਉਨ੍ਹਾਂ ਗੱਲਾਂ ਨੂੰ ਜਾਣੀਏ ਜੋ ਪਰਮੇਸ਼ਰ ਨੇ ਸਾਨੂੰ ਬਖਸ਼ੀਆਂ ਹਨ;

13 ਉਨ੍ਹਾਂ ਹੀ ਗੱਲਾਂ ਨੂੰ ਅਸੀਂ ਮਨੁੱਖਾਂ ਦੀਆਂ ਸਿਖਾਈਆਂ ਗਿਆਨ ਦੀਆਂ ਗੱਲਾਂ ਰਾਹੀਂ ਨਹੀਂ, ਸਗੋਂ ਆਤਮਾ ਦੀਆਂ ਸਿਖਾਈਆਂ ਗੱਲਾਂ ਰਾਹੀਂ ਆਤਮਕ ਗੱਲਾਂ ਦੀ ਤੁਲਨਾ ਆਤਮਕ ਗੱਲਾਂ ਨਾਲ ਕਰਦੇ ਹਾਂ।

14 ਪਰ ਸਰੀਰਕ ਮਨੁੱਖ ਪਰਮੇਸ਼ਰ ਦੇ ਆਤਮਾ ਦੀਆਂ ਗੱਲਾਂ ਗ੍ਰਹਿਣ ਨਹੀਂ ਕਰਦਾ, ਕਿਉਂਕਿ ਉਹ ਉਸ ਦੇ ਲਈ ਮੂਰਖਤਾ ਹਨ ਅਤੇ ਉਹ ਉਨ੍ਹਾਂ ਨੂੰ ਜਾਣ ਨਹੀਂ ਸਕਦਾ, ਕਿਉਂ ਜੋ ਉਨ੍ਹਾਂ ਨੂੰ ਆਤਮਕ ਰੀਤੀ ਨਾਲ ਜਾਂਚਿਆ ਜਾਂਦਾ ਹੈ।

15 ਆਤਮਕ ਮਨੁੱਖ ਸਭਨਾਂ ਗੱਲਾਂ ਨੂੰ ਜਾਂਚਦਾ ਹੈ, ਪਰ ਆਪ ਕਿਸੇ ਤੋਂ ਨਹੀਂ ਜਾਂਚਿਆ ਜਾਂਦਾ।

16 ਕਿਉਂਕਿ, “ਪ੍ਰਭੂ ਦੇ ਮਨ ਨੂੰ ਕਿਸ ਨੇ ਜਾਣਿਆ ਜਿਹੜਾ ਉਸ ਨੂੰ ਸਿਖਾਵੇ?” ਪਰ ਸਾਡੇ ਵਿੱਚ ਮਸੀਹ ਦਾ ਮਨ ਹੈ।

PUNJABI STANDARD BIBLE©

Copyright © 2023 by Global Bible Initiative

Global Bible Initiative
Follow us:



Advertisements