ਰੋਮੀਆਂ 2 - ਪੰਜਾਬੀ ਮੌਜੂਦਾ ਤਰਜਮਾਪਾਪ ਦੇ ਲਈ ਪਰਮੇਸ਼ਵਰ ਦਾ ਨਿਆਂ 1 ਇਸ ਲਈ, ਤੁਹਾਡੇ ਕੋਲ ਕੋਈ ਬਹਾਨਾ ਨਹੀਂ ਹੈ ਜੋ ਤੁਸੀਂ ਕਿਸੇ ਹੋਰ ਉੱਤੇ ਦੋਸ਼ ਲਾਉਂਦੇ ਹੋ, ਕਿਉਂਕਿ ਜਦੋਂ ਤੁਸੀਂ ਕਿਸੇ ਦੂਸਰੇ ਦਾ ਦੋਸ਼ ਲਾਉਂਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੇ ਹੋ, ਕਿਉਂਕਿ ਤੁਸੀਂ ਜੋ ਦੋਸ਼ ਲਾਉਂਦੇ ਹੋ ਉਹੀ ਗੱਲਾਂ ਨੂੰ ਕਰਦੇ ਹੋ। 2 ਹੁਣ ਅਸੀਂ ਜਾਣਦੇ ਹਾਂ ਕਿ ਅਜਿਹੀਆਂ ਗੱਲਾਂ ਕਰਨ ਵਾਲਿਆਂ ਦੇ ਵਿਰੁੱਧ ਪਰਮੇਸ਼ਵਰ ਦਾ ਨਿਆਂ ਸੱਚਾਈ ਦੇ ਅਧਾਰ ਉੱਤੇ ਆਉਂਦਾ ਹੈ। 3 ਇਸ ਲਈ ਜਦੋਂ ਤੁਸੀਂ, ਇੱਕ ਇਨਸਾਨ ਹੁੰਦੇ ਹੋਏ ਉਹਨਾਂ ਉੱਤੇ ਦੋਸ਼ ਲਓ ਅਤੇ ਫਿਰ ਵੀ ਇਹੋ ਕੰਮ ਕਰਦੇ ਹੋ, ਤੁਹਾਨੂੰ ਕੀ ਲਗਦਾ ਹੈ ਕਿ ਤੁਸੀਂ ਪਰਮੇਸ਼ਵਰ ਦੇ ਨਿਆਂ ਤੋਂ ਬਚ ਜਾਓਗੇ? 4 ਜਾਂ ਕੀ ਤੁਸੀਂ ਪਰਮੇਸ਼ਵਰ ਦੀ ਦਯਾ, ਧੀਰਜ ਅਤੇ ਸਬਰ ਦੀ ਦੌਲਤ ਦਾ ਅਪਮਾਨ ਕਰਦੇ ਹੋ, ਇਹ ਨਹੀਂ ਸਮਝਦੇ ਹੋ ਕਿ ਪਰਮੇਸ਼ਵਰ ਦੀ ਦਇਆ ਤੁਹਾਨੂੰ ਤੋਬਾ ਕਰਨ ਵੱਲ ਲੈ ਜਾਂਦੀ ਹੈ? 5 ਪਰ ਤੁਸੀਂ ਆਪਣੀ ਕਠੋਰਤਾਈ ਅਤੇ ਆਪਣੇ ਅਪਸ਼ਚਾਤਾਪੀ ਦਿਲ ਦੇ ਕਾਰਨ, ਉਸ ਦਿਨ ਦੇ ਲਈ ਤੁਸੀਂ ਪਰਮੇਸ਼ਵਰ ਦੇ ਕ੍ਰੋਧ ਨੂੰ ਆਪਣੇ ਵਿਰੁੱਧ ਸੰਭਾਲ ਰਿਹੇ ਹੋ ਜਿਸ ਦਿਨ ਪਰਮੇਸ਼ਵਰ ਦਾ ਕ੍ਰੋਧ ਪ੍ਰਗਟ ਹੋਵੇਗਾ ਅਤੇ ਉਹਨਾਂ ਦਾ ਧਰਮੀ ਨਿਆਂ ਵੀ ਪ੍ਰਗਟ ਹੋਵੇਗਾ। 6 “ਪਰਮੇਸ਼ਵਰ ਹਰੇਕ ਵਿਅਕਤੀ ਨੂੰ ਉਹ ਦੇ ਕੰਮਾਂ ਦੇ ਅਨੁਸਾਰ ਫਲ ਦੇਣਗੇ।” 7 ਉਹਨਾਂ ਲੋਕਾਂ ਲਈ ਜਿਹੜੇ ਚੰਗੇ ਕੰਮ ਕਰਨ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਸਤਿਕਾਰ ਅਤੇ ਅਮਰਤਾ ਦੀ ਭਾਲ ਕਰਦੇ ਹਨ, ਪਰਮੇਸ਼ਵਰ ਉਹਨਾਂ ਨੂੰ ਸਦੀਪਕ ਜੀਵਨ ਦੇਣਗੇ। 8 ਪਰ ਉਹਨਾਂ ਦੇ ਲਈ ਪਰਮੇਸ਼ਵਰ ਦਾ ਗੁੱਸਾ ਅਤੇ ਕ੍ਰੋਧ ਹੋਵੇਗਾ ਜੋ ਮਤਲਬੀ ਹਨ ਅਤੇ ਜੋ ਸੱਚ ਨੂੰ ਨਹੀਂ ਮੰਨਦੇ ਸਗੋਂ ਬੁਰਾਈ ਦੀ ਪਾਲਣਾ ਕਰਦੇ ਹਨ। 9 ਹਰ ਇੱਕ ਮਨੁੱਖ ਲਈ ਕਸ਼ਟ ਅਤੇ ਬਿਪਤਾ ਹੋਵੇਗੀ: ਜਿਹੜਾ ਬੁਰਾਈ ਕਰਦਾ ਹੈ, ਪਹਿਲਾਂ ਯਹੂਦੀ ਲਈ ਅਤੇ ਫਿਰ ਗ਼ੈਰ-ਯਹੂਦੀ ਲਈ। 10 ਪਰ ਹਰ ਉਹ ਵਿਅਕਤੀ ਲਈ ਜੋ ਭਲਾਈ ਕਰਦਾ ਹੈ ਉਹ ਮਹਿਮਾ, ਸਤਿਕਾਰ ਅਤੇ ਸ਼ਾਂਤੀ ਪ੍ਰਾਪਤ ਕਰੇਗਾ: ਪਹਿਲਾਂ ਯਹੂਦੀ ਲਈ, ਫਿਰ ਗ਼ੈਰ-ਯਹੂਦੀ ਲਈ। 11 ਕਿਉਂਕਿ ਪਰਮੇਸ਼ਵਰ ਪੱਖਪਾਤ ਨਹੀਂ ਕਰਦੇ ਹਨ। 12 ਹਰ ਕੋਈ ਜੋ ਬਿਵਸਥਾ ਤੋਂ ਬਿਨ੍ਹਾ ਪਾਪ ਕਰਦਾ ਹੈ, ਉਹ ਵੀ ਬਿਵਸਥਾ ਤੋਂ ਬਿਨ੍ਹਾ ਹੀ ਨਾਸ਼ ਹੋ ਜਾਵੇਗਾ, ਅਤੇ ਹਰ ਉਹ ਵਿਅਕਤੀ ਜੋ ਬਿਵਸਥਾ ਦੇ ਅਧੀਨ ਪਾਪ ਕਰਦਾ ਹੈ, ਬਿਵਸਥਾ ਦੁਆਰਾ ਉਸ ਦਾ ਨਿਆਂ ਕੀਤਾ ਜਾਵੇਗਾ। 13 ਇਹ ਉਹ ਲੋਕ ਨਹੀਂ ਹਨ ਜੋ ਬਿਵਸਥਾ ਨੂੰ ਸੁਣਦੇ ਹਨ, ਜਿਹੜੇ ਪਰਮੇਸ਼ਵਰ ਦੀ ਨਿਹਚਾ ਵਿੱਚ ਧਰਮੀ ਹਨ, ਪਰ ਇਹ ਉਹ ਲੋਕ ਹਨ ਜੋ ਨੇਮ ਦੀ ਪਾਲਣਾ ਕਰਦੇ ਹਨ ਅਤੇ ਉਹਨਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ। 14 ਜਦ ਕਿ ਪਰਾਈਆਂ ਕੌਮਾਂ ਕੋਲ ਬਿਵਸਥਾ ਨਹੀਂ ਹੈ, ਪਰ ਉਹ ਕੁਦਰਤੀ ਤੌਰ ਤੇ ਉਹ ਕੰਮ ਕਰਦੇ ਹਨ ਜੋ ਬਿਵਸਥਾ ਵਿੱਚ ਹਨ, ਭਾਵੇਂ ਉਹਨਾਂ ਕੋਲ ਬਿਵਸਥਾ ਨਹੀਂ ਹੈ ਉਹ ਆਪਣੇ ਆਪ ਵਿੱਚ ਇੱਕ ਬਿਵਸਥਾ ਹਨ। 15 ਇਸ ਦੇ ਦੁਆਰਾ ਇਹ ਪ੍ਰਗਟ ਹੁੰਦਾ ਹੈ ਕਿ ਬਿਵਸਥਾ ਉਹਨਾਂ ਦੇ ਦਿਲਾਂ ਤੇ ਲਿਖੀ ਹੋਈ ਹੈ, ਉਹਨਾਂ ਦੇ ਜ਼ਮੀਰ ਵੀ ਗਵਾਹੀ ਦਿੰਦੇ ਹਨ, ਅਤੇ ਉਹਨਾਂ ਦੇ ਵਿਚਾਰ ਕਈ ਵਾਰ ਉਹਨਾਂ ਨੂੰ ਕਈ ਵਾਰ ਦੋਸ਼ੀ ਠਹਿਰਾਉਂਦੇ ਹਨ ਅਤੇ ਕਈ ਵਾਰ ਉਹਨਾਂ ਨੂੰ ਨਿਰਦੋਸ਼ੀ। 16 ਇਹ ਉਸ ਦਿਨ ਹੋਵੇਗਾ ਜਦੋਂ ਪਰਮੇਸ਼ਵਰ ਮੇਰੀ ਖੁਸ਼ਖ਼ਬਰੀ ਅਨੁਸਾਰ ਯਿਸ਼ੂ ਮਸੀਹ ਦੇ ਰਾਹੀਂ ਲੋਕਾਂ ਦੀਆਂ ਗੁਪਤ ਗੱਲਾਂ ਦਾ ਨਿਆਉਂ ਕਰੇਗਾ। ਯਹੂਦੀ ਅਤੇ ਬਿਵਸਥਾ 17 ਹੁਣ ਜੇ ਤੁਸੀਂ ਆਪਣੇ ਆਪ ਨੂੰ ਯਹੂਦੀ ਕਹਿੰਦੇ; ਅਤੇ ਜੇ ਤੁਸੀਂ ਬਿਵਸਥਾ ਤੇ ਭਰੋਸਾ ਅਤੇ ਪਰਮੇਸ਼ਵਰ ਤੇ ਘਮੰਡ ਕਰਦੇ ਹੋ; 18 ਜੇ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਅਤੇ ਚੰਗੀਆਂ ਗੱਲਾਂ ਨੂੰ ਜਾਣਦੇ ਹੋ ਕਿਉਂਕਿ ਤੁਹਾਨੂੰ ਇਹ ਦੀ ਸਿੱਖਿਆ ਬਿਵਸਥਾ ਦੁਆਰਾ ਮਿਲੀ ਹੈ; 19 ਅਗਰ ਤੁਹਾਨੂੰ ਯਕੀਨ ਹੈ ਕਿ ਤੁਸੀਂ ਅੰਨ੍ਹੀਆਂ ਲਈ ਮਾਰਗ ਦਰਸ਼ਕ ਹੋ ਅਤੇ ਹਨੇਰੇ ਵਿੱਚ ਗੁੰਮ ਚੁੱਕੇ ਲੋਕਾਂ ਲਈ ਚਾਨਣ ਹੋ। 20 ਤੁਸੀਂ ਸੋਚਦੇ ਹੋ ਕਿ ਤੁਸੀਂ ਅਣਜਾਣ ਲੋਕਾਂ ਨੂੰ ਸਿਖਾ ਸਕਦੇ ਹੋ ਅਤੇ ਬੱਚਿਆਂ ਨੂੰ ਪਰਮੇਸ਼ਵਰ ਦੇ ਮਾਰਗ ਦੱਸ ਸਕਦੇ ਹੋ। ਕਿਉਂਕਿ ਤੁਸੀਂ ਨਿਸ਼ਚਤ ਹੋ ਕਿ ਪਰਮੇਸ਼ਵਰ ਦੀ ਬਿਵਸਥਾ ਤੁਹਾਨੂੰ ਪੂਰਾ ਗਿਆਨ ਅਤੇ ਸੱਚਾਈ ਦਿੰਦੀ ਹੈ। 21 ਤੁਸੀਂ, ਫਿਰ ਜੋ ਦੂਜਿਆਂ ਨੂੰ ਸਿਖਾਉਂਦਾ ਹੈ, ਕੀ ਤੁਸੀਂ ਆਪਣੇ ਆਪ ਨੂੰ ਨਹੀਂ ਸਿਖਾਉਂਦੇ? ਤੁਸੀਂ ਜੋ ਚੋਰੀ ਦੇ ਵਿਰੁੱਧ ਪ੍ਰਚਾਰ ਕਰਦੇ ਹੋ, ਕੀ ਤੁਸੀਂ ਚੋਰੀ ਕਰਦੇ ਹੋ? 22 ਤੁਸੀਂ ਜੋ ਕਹਿੰਦੇ ਹੋ ਕਿ ਲੋਕਾਂ ਨੂੰ ਹਰਾਮਕਾਰੀ ਨਹੀਂ ਕਰਨੀ ਚਾਹੀਦੀ, ਕੀ ਤੁਸੀਂ ਵਿਭਚਾਰ ਕਰਦੇ ਹੋ? ਤੁਸੀਂ ਮੂਰਤੀਆਂ ਨੂੰ ਨਫ਼ਰਤ ਕਰਦੇ ਹੋ, ਕੀ ਤੁਸੀਂ ਮੰਦਰਾਂ ਨੂੰ ਲੁੱਟਦੇ ਹੋ? 23 ਤੁਸੀਂ ਲੋਕ ਜੋ ਬਿਵਸਥਾ ਉੱਤੇ ਘਮੰਡ ਕਰਦੇ ਹੋ, ਪਰ ਕੀ ਤੁਸੀਂ ਬਿਵਸਥਾ ਨੂੰ ਤੋੜਦੇ ਹੋ ਅਤੇ ਪਰਮੇਸ਼ਵਰ ਦੀ ਬੇਅਦਬੀ ਕਰਦੇ ਹੋ? 24 ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਲਿਖਿਆ ਹੋਇਆ ਹੈ: “ਪਰਾਈਆਂ ਕੌਮਾਂ ਵਿੱਚ ਤੁਹਾਡੇ ਕਾਰਣ ਪਰਮੇਸ਼ਵਰ ਦੇ ਨਾਮ ਦੀ ਆਲੋਚਨਾ ਹੁੰਦੀ ਹੈ।” 25 ਜੇ ਤੁਸੀਂ ਬਿਵਸਥਾ ਦੀ ਪਾਲਣਾ ਕਰਦੇ ਹੋ ਤਾਂ ਸੁੰਨਤ ਦੀ ਬਹੁਤ ਮਹੱਤਤਾ ਹੈ, ਪਰ ਜੇ ਤੁਸੀਂ ਬਿਵਸਥਾ ਨੂੰ ਤੋੜਦੇ ਹੋ, ਤਾਂ ਤੁਹਾਡੀ ਸੁੰਨਤ ਨਾ ਹੋਣ ਦੇ ਬਰਾਬਰ ਹੈ। 26 ਤਾਂ ਫਿਰ, ਜੇ ਜਿਨ੍ਹਾਂ ਦੀ ਸੁੰਨਤ ਨਹੀਂ ਕੀਤੀ ਜਾਂਦੀ ਉਹ ਬਿਵਸਥਾ ਦੀਆਂ ਸ਼ਰਤਾਂ ਨੂੰ ਮੰਨਦੇ ਹਨ, ਤਾਂ ਕੀ ਉਹਨਾਂ ਦੀ ਸੁੰਨਤ ਨਾ ਹੋਣ ਸੁੰਨਤ ਹੋਣ ਦੇ ਬਰਾਬਰ ਨਹੀਂ ਗਿਣਿਆ ਜਾਵੇਗਾ? 27 ਜਿਸਦਾ ਸਰੀਰਕ ਤੌਰ ਤੇ ਸੁੰਨਤ ਨਹੀਂ ਕੀਤਾ ਜਾਂਦਾ ਅਤੇ ਫਿਰ ਵੀ ਬਿਵਸਥਾ ਦੀ ਪਾਲਣਾ ਕਰਦਾ ਹੈ ਉਹ ਤੁਹਾਨੂੰ ਦੋਸ਼ੀ ਠਹਿਰਾਵੇਗਾ ਕਿਉਂ ਜੋ ਤੁਹਾਡੇ ਕੋਲ ਬਿਵਸਥਾ ਹੋਣ ਅਤੇ ਸੁੰਨਤ ਹੋਣ ਦੇ ਬਾਵਜੂਦ ਵੀ ਬਿਵਸਥਾ ਨੂੰ ਤੋੜਦੇ ਹੋ। 28 ਕਿਉਂਕਿ ਯਹੂਦੀ ਉਹ ਨਹੀਂ ਜੋ ਸਿਰਫ ਬਾਹਰੀ ਤੌਰ ਤੇ ਹੁੰਦਾ ਹੈ, ਅਤੇ ਨਾ ਹੀ ਸੁੰਨਤ ਉਹ ਹੈ ਜੋ ਸਿਰਫ ਬਾਹਰੀ ਅਤੇ ਸਰੀਰਕ ਹੁੰਦੀ ਹੈ। 29 ਬਲਕਿ, ਇੱਕ ਸੱਚਾ ਯਹੂਦੀ ਉਹ ਹੈ ਜਿਸਦਾ ਦਿਲ ਪਰਮੇਸ਼ਵਰ ਨਾਲ ਸਹੀ ਹੈ, ਅਤੇ ਸੱਚੀ ਸੁੰਨਤ ਸਿਰਫ ਬਿਵਸਥਾ ਦੀ ਪਾਲਣਾ ਕਰਨ ਨਹੀਂ ਹੈ; ਇਸ ਦੀ ਬਜਾਇ, ਇਹ ਦਿਲ ਦੀ ਤਬਦੀਲੀ ਹੈ ਜੋ ਪਰਮੇਸ਼ਵਰ ਦੀ ਆਤਮਾ ਦੁਆਰਾ ਹੁੰਦੀ ਹੈ। ਅਤੇ ਜਿਸ ਵਿਅਕਤੀ ਦਾ ਦਿਲ ਬਦਲਿਆ ਹੁੰਦਾ ਹੈ ਉਸਦੀ ਵਡਿਆਈ ਲੋਕ ਨਹੀਂ ਕਰਦੇ ਸਗੋਂ ਪਰਮੇਸ਼ਵਰ ਕਰਦੇ ਹਨ। |
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.
Biblica, Inc.