ਮੱਤੀਯਾਹ 2 - ਪੰਜਾਬੀ ਮੌਜੂਦਾ ਤਰਜਮਾਪੂਰਬ ਦੇਸ਼ਾਂ ਵਲੋਂ ਜੋਤਸ਼ੀਆਂ ਦਾ ਆਗਮਨ 1 ਯਿਸ਼ੂ ਦਾ ਜਨਮ, ਰਾਜਾ ਹੇਰੋਦੇਸ ਦੇ ਰਾਜ ਯਹੂਦਿਯਾ ਪ੍ਰਦੇਸ਼ ਦੇ ਬੇਥਲੇਹੇਮ ਨਗਰ ਵਿੱਚ ਹੋਇਆ, ਤਾਂ ਦੇਖੋ ਪੂਰਬ ਦੇਸ਼ਾ ਵਲੋਂ ਜੋਤਸ਼ੀ ਯੇਰੂਸ਼ਲੇਮ ਨਗਰ ਵਿੱਚ ਆਏ। 2 ਅਤੇ ਪੁੱਛ-ਗਿੱਛ ਕਰਨ ਲੱਗੇ, “ਉਹ ਯਹੂਦਿਯਾ ਦਾ ਰਾਜਾ ਕਿੱਥੇ ਹੈ, ਜਿਸਦਾ ਜਨਮ ਹੋਇਆ ਹੈ? ਕਿਉਂਕਿ ਪੂਰਬ ਦੇਸ਼ਾਂ ਵਿੱਚ ਅਸੀਂ ਉਸ ਦਾ ਤਾਰਾ ਵੇਖਿਆ ਹੈ ਅਤੇ ਅਸੀਂ ਉਸ ਦੀ ਅਰਾਧਨਾ ਕਰਨ ਲਈ ਇੱਥੇ ਆਏ ਹਾਂ।” 3 ਇਹ ਸੁਣ ਕੇ ਰਾਜਾ ਹੇਰੋਦੇਸ ਘਬਰਾਇਆ ਅਤੇ ਉਸਦੇ ਨਾਲ ਸਾਰੇ ਯੇਰੂਸ਼ਲੇਮ ਨਿਵਾਸੀ ਵੀ। 4 ਰਾਜਾ ਹੇਰੋਦੇਸ ਨੇ ਮੁੱਖ ਜਾਜਕਾਂ ਅਤੇ ਸ਼ਾਸਤਰੀਆਂ ਨੂੰ ਇਕੱਠੇ ਕਰਕੇ ਉਹਨਾਂ ਤੋਂ ਪੁੱਛ-ਗਿੱਛ ਕੀਤੀ ਕਿ ਉਹ ਕਿਹੜਾ ਸਥਾਨ ਹੈ ਜਿੱਥੇ ਮਸੀਹ ਦੇ ਜਨਮ ਲੈਣ ਦਾ ਸੰਕੇਤ ਹੈ? 5 ਉਹਨਾਂ ਨੇ ਜਵਾਬ ਦਿੱਤਾ, “ਯਹੂਦਿਯਾ ਦੇ ਪ੍ਰਦੇਸ਼ ਬੇਥਲੇਹੇਮ ਨਗਰ ਵਿੱਚ, ਕਿਉਂਕਿ ਇਹ ਨਬੀਆਂ ਦੁਆਰਾ ਲਿਖਿਆ ਹੋਇਆ ਹੈ: 6 “ ‘ਪਰ ਤੂੰ, ਯਹੂਦਾਹ ਦੇ ਦੇਸ਼ ਬੇਥਲੇਹੇਮ ਨਗਰ, ਯਹੂਦਿਯਾ ਦੇ ਹਾਕਮਾਂ ਵਿੱਚੋਂ ਕਿਸੇ ਨਾਲੋਂ ਵੀ ਛੋਟਾ ਨਹੀਂ ਹੈ ਕਿਉਂਕਿ ਤੇਰੇ ਵਿੱਚੋਂ ਹੀ ਇੱਕ ਹਾਕਮ ਨਿੱਕਲੇਗਾ, ਜੋ ਮੇਰੇ ਲੋਕ ਇਸਰਾਏਲ ਦਾ ਚਰਵਾਹਾ ਹੋਵੇਗਾ।’” 7 ਇਸ ਲਈ ਰਾਜਾ ਹੇਰੋਦੇਸ ਨੇ ਜੋਤਸ਼ੀਆਂ ਨੂੰ ਗੁਪਤ ਵਿੱਚ ਬੁਲਾ ਕੇ ਉਹਨਾਂ ਕੋਲੋਂ ਤਾਰੇ ਦੇ ਵਿਖਾਈ ਦੇਣ ਦੇ ਸਹੀ ਸਮੇਂ ਦੀ ਜਾਣਕਾਰੀ ਲਈ। 8 ਰਾਜੇ ਨੇ ਉਹਨਾਂ ਨੂੰ ਬੇਥਲੇਹੇਮ ਭੇਜਦੇ ਹੋਏ ਆਖਿਆ, “ਜਾਓ ਅਤੇ ਧਿਆਨ ਨਾਲ ਉਸ ਬੱਚੇ ਦੀ ਖ਼ੋਜ ਕਰੋ ਅਤੇ ਜਿਵੇਂ ਹੀ ਉਹ ਤੁਹਾਨੂੰ ਮਿਲੇ ਮੈਨੂੰ ਉਸ ਦੀ ਖ਼ਬਰ ਦਿਓ, ਤਾਂ ਜੋ ਮੈਂ ਵੀ ਜਾ ਕੇ ਉਸਦੀ ਮਹਿਮਾ ਕਰਾ।” 9 ਰਾਜੇ ਦੀ ਗੱਲ ਸੁਣਦੇ ਹੀ ਉਹਨਾਂ ਨੇ ਆਪਣੀ ਯਾਤਰਾ ਫਿਰ ਅਰੰਭ ਕੀਤੀ। ਅਤੇ ਉਹਨਾਂ ਨੂੰ ਫਿਰ ਉਹ ਹੀ ਤਾਰਾ ਵਿਖਾਈ ਦਿੱਤਾ, ਜੋ ਉਹਨਾਂ ਨੇ ਪੂਰਬ ਦੇਸ਼ਾਂ ਵਿੱਚ ਵੇਖਿਆ ਸੀ। 10 ਉਸ ਤਾਰੇ ਨੂੰ ਵੇਖਦੇ ਹੀ ਉਹ ਬੜੇ ਆਨੰਦ ਨਾਲ ਭਰ ਗਏ। 11 ਘਰ ਵਿੱਚ ਪਰਵੇਸ਼ ਕਰਦੇ ਉਨ੍ਹਾਂ ਨੇ ਉਸ ਬਾਲਕ ਨੂੰ ਉਸਦੀ ਮਾਤਾ ਮਰਿਯਮ ਦੇ ਨਾਲ ਵੇਖਿਆ ਅਤੇ ਝੁਕ ਕੇ ਉਸ ਬਾਲਕ ਦੀ ਅਰਾਧਨਾ ਕੀਤੀ। ਅਤੇ ਫਿਰ ਉਹਨਾਂ ਨੇ ਆਪਣੇ ਕੀਮਤੀ ਉਪਹਾਰ ਸੋਨਾ, ਲੋਬਾਣ ਅਤੇ ਗੰਧਰਸ ਉਸ ਨੂੰ ਭੇਂਟ ਕੀਤੇ। 12 ਤਦ ਉਹਨਾਂ ਨੂੰ ਸੁਪਨੇ ਵਿੱਚ ਪਰਮੇਸ਼ਵਰ ਦੁਆਰਾ ਇਹ ਖ਼ਬਰ ਮਿਲੀ ਕਿ ਉਹ ਰਾਜਾ ਹੇਰੋਦੇਸ ਦੇ ਕੋਲ ਵਾਪਸ ਨਾ ਜਾਣ। ਇਸ ਲਈ ਉਹ ਹੋਰ ਰਸਤੇ ਵਲੋਂ ਆਪਣੇ ਦੇਸ਼ ਨੂੰ ਮੁੜ ਜਾਣ। ਮਿਸਰ ਦੇਸ਼ ਨੂੰ ਜਾਣਾ 13 ਜਦ ਉਹ ਚਲੇ ਗਏ ਤਾਂ ਵੇਖੋ ਪ੍ਰਭੂ ਦੇ ਇੱਕ ਸਵਰਗਦੂਤ ਨੇ ਯੋਸੇਫ਼ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਗਿਆ ਦਿੱਤੀ, “ਉੱਠ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਨੂੰ ਭੱਜ ਜਾਓ ਅਤੇ ਉਸ ਸਮੇਂ ਤੱਕ ਉੱਥੇ ਹੀ ਠਹਿਰੇ ਰਹਿਣਾ ਜਦੋਂ ਤੱਕ ਮੈਂ ਤੈਨੂੰ ਆਗਿਆ ਨਾ ਦੇਵਾਂ ਕਿਉਂਕਿ ਹੇਰੋਦੇਸ ਮਾਰਨ ਲਈ ਇਸ ਬਾਲਕ ਨੂੰ ਖੋਜੇਗਾ।” 14 ਇਸ ਲਈ ਯੋਸੇਫ ਉੱਠਿਆ, ਜਦੋਂ ਕਿ ਰਾਤ ਹੀ ਸੀ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਨੂੰ ਚਲਾ ਗਿਆ। 15 ਉਹ ਉੱਥੇ ਹੀ ਹੇਰੋਦੇਸ ਦੀ ਮੌਤ ਤੱਕ ਠਹਿਰੇ ਰਹੇ ਕਿ ਪ੍ਰਭੂ ਦਾ ਇਹ ਵਚਨ ਪੂਰਾ ਹੋਵੇ, ਜਿਹੜਾ ਉਸ ਨੇ ਨਬੀਆਂ ਦੇ ਦੁਆਰਾ ਕਿਹਾ ਸੀ: “ਮਿਸਰ ਦੇਸ਼ ਵਿੱਚੋਂ ਮੈਂ ਆਪਣੇ ਪੁੱਤਰ ਨੂੰ ਬੁਲਾਇਆ।” 16 ਇਹ ਪਤਾ ਹੋਣ ਤੇ ਕਿ ਜੋਤਸ਼ੀ ਉਸ ਨੂੰ ਮੂਰਖ ਬਣਾ ਗਏ, ਹੇਰੋਦੇਸ ਬਹੁਤ ਹੀ ਗੁੱਸੇ ਵਿੱਚ ਆ ਗਿਆ। ਜੋਤਸ਼ੀਆਂ ਵਲੋਂ ਮਿਲੀ ਸੂਚਨਾ ਦੇ ਅਧਾਰ ਤੇ ਉਸ ਨੇ ਬੇਥਲੇਹੇਮ ਨਗਰ ਅਤੇ ਉਸਦੇ ਨਜ਼ਦੀਕੀ ਖੇਤਰ ਵਿੱਚੋਂ ਦੋ ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਦਾ ਕਤਲ ਕਰਵਾਉਣ ਲਈ ਹੁਕਮ ਦੇ ਦਿੱਤਾ। 17 ਤਦ ਉਹ ਬਚਨ ਜਿਹੜਾ ਯੇਰਮਿਯਾਹ ਨਬੀ ਨੇ ਆਖਿਆ ਸੀ ਪੂਰਾ ਹੋਇਆ: 18 “ਰਮਾਹ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ! ਰਾਖੇਲ ਆਪਣੇ ਬੱਚਿਆਂ ਲਈ ਰੋਂਦੀ ਹੈ। ਸਬਰ ਉਸ ਨੂੰ ਸਵੀਕਾਰ ਨਹੀਂ ਕਿਉਂਕਿ ਹੁਣ ਉਹ ਨਹੀਂ ਹਨ।” ਮਿਸਰ ਦੇਸ਼ ਤੋਂ ਨਸ਼ਰਤ ਨੂੰ ਪਰਤਣਾ 19 ਜਦੋਂ ਹੇਰੋਦੇਸ ਦੀ ਮੌਤ ਹੋਈ, ਤਾਂ ਮਿਸਰ ਵਿੱਚ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਯੋਸੇਫ਼ ਨੂੰ ਕਿਹਾ, 20 “ਉੱਠ! ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਇਸਰਾਏਲ ਦੇਸ਼ ਨੂੰ ਚਲਾ ਜਾ ਕਿਉਂਕਿ ਜੋ ਬਾਲਕ ਦੀ ਜਾਨ ਦੇ ਵੈਰੀ ਸਨ, ਉਹ ਮਰ ਗਏ ਹਨ।” 21 ਇਸ ਲਈ ਯੋਸੇਫ ਉੱਠਿਆ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਇਸਰਾਏਲ ਦੇਸ਼ ਵਿੱਚ ਆ ਗਿਆ। 22 ਪਰ ਜਦ ਇਹ ਸੁਣਿਆ ਜੋ ਅਰਕਿਲਾਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੇ ਥਾਂ ਰਾਜ ਕਰਦਾ ਹੈ, ਤਾਂ ਯੋਸੇਫ਼ ਉੱਥੇ ਜਾਣ ਤੋਂ ਡਰਿਆ, ਤਦ ਸੁਪਨੇ ਵਿੱਚ ਦਰਸ਼ਨ ਪਾ ਕੇ ਗਲੀਲ ਦੇ ਇਲਾਕੇ ਵਿੱਚ ਚੱਲਿਆ ਗਿਆ, 23 ਅਤੇ ਨਾਜ਼ਰੇਥ ਨਗਰ ਵਿੱਚ ਜਾ ਕੇ ਰਹਿਣ ਲੱਗ ਪਿਆ ਤਾਂ ਜੋ ਜਿਹੜਾ ਸ਼ਬਦ ਨਬੀਆਂ ਦੇ ਜ਼ਬਾਨੀ ਆਖਿਆ ਗਿਆ ਸੀ ਪੂਰਾ ਹੋਵੇ ਜੋ ਉਹ ਨਾਸਰੀ ਅਖਵਾਵੇਗਾ। |
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.
Biblica, Inc.