Online Bible

- Advertisements -


ਇਬਰਾਨੀ 2 - ਪੰਜਾਬੀ ਮੌਜੂਦਾ ਤਰਜਮਾ


ਧਿਆਨ ਦੇਣ ਦੀ ਚੇਤਾਵਨੀ

1 ਇਸ ਲਈ ਜ਼ਰੂਰੀ ਹੈ ਕਿ ਜੋ ਸੱਚ ਅਸੀਂ ਸੁਣਿਆ ਹੈ, ਉਸ ਵੱਲ ਧਿਆਨ ਲਾਈਏ ਤਾਂ ਜੋ ਅਸੀਂ ਕਿਤੇ ਉਸ ਤੋਂ ਦੂਰ ਨਾ ਹੋ ਜਾਈਏ।

2 ਕਿਉਂਕਿ ਜਦੋਂ ਦੂਤਾਂ ਦੁਆਰਾ ਸਾਡੇ ਬਜ਼ੁਰਗਾਂ ਨੂੰ ਬੋਲਿਆ ਗਿਆ ਸੰਦੇਸ਼ ਦ੍ਰਿੜ੍ਹ ਠਹਿਰਿਆ ਅਤੇ ਹਰ ਉਲੰਘਣਾ ਅਤੇ ਅਣ-ਆਗਿਆਕਾਰੀ ਨੂੰ ਇਸਦੀ ਸਹੀ ਸਜ਼ਾ ਮਿਲੀ,

3 ਜੇ ਅਸੀਂ ਇਨ੍ਹੀ ਵੱਡੀ ਮੁਕਤੀ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਅਸੀਂ ਕਿਵੇਂ ਬਚਾਂਗੇ? ਇਹ ਮੁਕਤੀ ਜਿਸਦੀ ਪਹਿਲੀ ਵਾਰ ਪ੍ਰਭੂ ਦੁਆਰਾ ਘੋਸ਼ਣਾ ਕੀਤੀ ਗਈ ਸੀ ਅਤੇ ਸੁਣਨ ਵਾਲਿਆਂ ਦੁਆਰਾ ਇਸਦੀ ਪੁਸ਼ਟੀ ਕੀਤੀ ਗਈ ਸੀ।

4 ਪਰਮੇਸ਼ਵਰ ਨੇ ਨਿਸ਼ਾਨੀਆਂ, ਅਚੰਭਿਆਂ ਅਤੇ ਵੱਖੋ ਵੱਖਰੇ ਚਮਤਕਾਰਾਂ ਦੁਆਰਾ ਅਤੇ ਪਵਿੱਤਰ ਆਤਮਾ ਦੇ ਵਰਦਾਨਾਂ ਦੁਆਰਾ ਉਸਦੀ ਇੱਛਾ ਅਨੁਸਾਰ ਇਸਦੀ ਗਵਾਹੀ ਦਿੱਤੀ।


ਯਿਸ਼ੂ ਦਾ ਪੂਰੀ ਤਰ੍ਹਾਂ ਮਨੁੱਖ ਬਣਨਾ

5 ਪਰਮੇਸ਼ਵਰ ਨੇ ਆਉਣ ਵਾਲੇ ਸੰਸਾਰ ਨੂੰ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਸਵਰਗਦੂਤਾਂ ਦੇ ਅਧੀਨ ਨਹੀਂ ਕੀਤਾ ਹੈ।

6 ਪਰ ਬਚਨ ਨੇ ਇਸ ਪ੍ਰਕਾਰ ਗਵਾਹੀ ਦਿੱਤੀ ਹੈ: “ਮਨੁੱਖ ਹੈ ਹੀ ਕੀ ਜੋ ਤੁਸੀਂ ਉਹਨਾਂ ਨੂੰ ਯਾਦ ਰੱਖਦੇ ਹੋ, ਮਨੁੱਖ ਦਾ ਪੁੱਤਰ ਹੈ ਹੀ ਕਿ ਜੋ ਤੁਸੀਂ ਉਸਦੀ ਚਿੰਤਾਂ ਕਰਦੇ ਹੋ?

7 ਤੁਸੀਂ ਉਸ ਨੂੰ ਦੂਤਾਂ ਨਾਲੋਂ ਥੋੜ੍ਹੇ ਸਮੇਂ ਵਾਸਤੇ ਥੋੜ੍ਹਾ ਨੀਵਾਂ ਕਰ ਦਿੱਤਾ ਹੈ; ਤੁਸੀਂ ਉਸ ਨੂੰ ਮਹਿਮਾ ਅਤੇ ਆਦਰ ਨਾਲ ਤਾਜ ਪਹਿਨਾਇਆ ਹੈ।

8 ਅਤੇ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਹੈ।” ਸਭ ਕੁਝ ਉਸ ਦੇ ਅਧੀਨ ਕਰ ਦਿੱਤਾ ਗਿਆ ਹੈ, ਪਰਮੇਸ਼ਵਰ ਨੇ ਅਜਿਹਾ ਕੁਝ ਨਹੀਂ ਛੱਡਿਆ ਜੋ ਉਸ ਦੇ ਅਧੀਨ ਨਾ ਹੋਵੇ। ਪਰ ਹੁਣ ਤੱਕ ਅਸੀਂ ਹਰ ਚੀਜ਼ ਨੂੰ ਉਸ ਦੇ ਅਧੀਨ ਨਹੀਂ ਵੇਖਦੇ।

9 ਪਰ ਅਸੀਂ ਯਿਸ਼ੂ ਨੂੰ ਵੇਖਦੇ ਹਾਂ, ਜਿਸਨੂੰ ਥੋੜੇ ਸਮੇਂ ਲਈ ਦੂਤਾਂ ਨਾਲੋਂ ਨੀਵਾਂ ਬਣਾਇਆ ਗਿਆ ਸੀ, ਹੁਣ ਮਹਿਮਾ ਅਤੇ ਆਦਰ ਨਾਲ ਤਾਜ ਪਹਿਨਾਇਆ ਗਿਆ ਹੈ ਕਿਉਂਕਿ ਉਸਨੇ ਮੌਤ ਦਾ ਸਾਮ੍ਹਣਾ ਕੀਤਾ ਸੀ, ਤਾਂ ਜੋ ਪਰਮੇਸ਼ਵਰ ਦੀ ਕਿਰਪਾ ਨਾਲ ਉਹ ਸਾਰਿਆਂ ਲਈ ਮੌਤ ਦਾ ਸਵਾਦ ਚੱਖ ਸਕੇ।

10 ਪਰਮੇਸ਼ਵਰ ਦੇ ਬਹੁਤ ਸਾਰੇ ਪੁੱਤਰਾਂ ਅਤੇ ਧੀਆਂ ਨੂੰ ਮਹਿਮਾ ਵਿੱਚ ਲਿਆਉਣ ਲਈ, ਇਹ ਸਹੀ ਸੀ ਕਿ ਪਰਮੇਸ਼ਵਰ, ਜਿਸਦੇ ਲਈ ਅਤੇ ਜਿਸਦੇ ਦੁਆਰਾ ਸਭ ਕੁਝ ਮੌਜੂਦ ਹੈ, ਉਹਨਾਂ ਦੀ ਮੁਕਤੀ ਦੇ ਆਗੂ ਨੂੰ ਦੁੱਖ ਝੱਲਣ ਦੁਆਰਾ ਸਿੱਧ ਕਰੇ।

11 ਉਹ ਦੋਵੇਂ ਜੋ ਲੋਕਾਂ ਨੂੰ ਪਵਿੱਤਰ ਬਣਾਉਂਦੇ ਹਨ ਅਤੇ ਜਿਹੜੇ ਪਵਿੱਤਰ ਬਣਾਏ ਗਏ ਹਨ ਉਹ ਇੱਕੋ ਪਰਿਵਾਰ ਦੇ ਹਨ। ਇਸ ਲਈ ਯਿਸ਼ੂ ਉਹਨਾਂ ਨੂੰ ਭਰਾ ਅਤੇ ਭੈਣ ਕਹਿਣ ਵਿੱਚ ਸ਼ਰਮਿੰਦਾ ਨਹੀਂ ਹੈ।

12 ਯਿਸ਼ੂ ਪਰਮੇਸ਼ਵਰ ਨੂੰ ਕਹਿੰਦੇ ਹਨ, “ਮੈਂ ਤੁਹਾਡੇ ਭਰਾਵਾਂ ਅਤੇ ਭੈਣਾਂ ਨੂੰ ਤੁਹਾਡਾ ਨਾਮ ਦੱਸਾਂਗਾ; ਸਭਾ ਵਿੱਚ ਮੈਂ ਤੁਹਾਡੇ ਗੁਣ ਗਾਵਾਂਗਾ।”

13 ਅਤੇ ਫਿਰ, “ਮੈਂ ਪਰਮੇਸ਼ਵਰ ਤੇ ਆਪਣਾ ਭਰੋਸਾ ਰੱਖਾਂਗਾ।” ਅਤੇ ਫਿਰ ਉਹ ਕਹਿੰਦਾ ਹੈ, “ਇਹ ਮੈਂ ਹਾਂ, ਅਤੇ ਉਹ ਬੱਚੇ ਜੋ ਪਰਮੇਸ਼ਵਰ ਨੇ ਮੈਨੂੰ ਦਿੱਤੇ ਹਨ।”

14 ਕਿਉਂਕਿ ਬੱਚੇ ਮਾਸ ਅਤੇ ਖੂਨ ਦੇ ਹੁੰਦੇ ਹਨ, ਉਸਨੇ ਵੀ ਉਹਨਾਂ ਦੀ ਮਨੁੱਖਤਾ ਵਿੱਚ ਸਾਂਝ ਕੀਤੀ ਤਾਂ ਜੋ ਉਸਦੀ ਮੌਤ ਨਾਲ ਉਹ ਉਸਦੀ ਸ਼ਕਤੀ ਨੂੰ ਤੋੜ ਦੇਵੇ ਜਿਸ ਕੋਲ ਮੌਤ ਦੀ ਸ਼ਕਤੀ ਹੈ ਅਰਥਾਤ ਦੁਸ਼ਟ,

15 ਅਤੇ ਉਹਨਾਂ ਲੋਕਾਂ ਨੂੰ ਅਜ਼ਾਦ ਕਰੋ ਜੋ ਆਪਣੀ ਸਾਰੀ ਜ਼ਿੰਦਗੀ ਮੌਤ ਦੇ ਡਰ ਨਾਲ ਗੁਲਾਮੀ ਵਿੱਚ ਫਸੇ ਰਹੇ ਸਨ।

16 ਯਕੀਨਨ ਉਹ ਸਵਰਗਦੂਤਾਂ ਦੀ ਨਹੀਂ ਪਰ ਅਬਰਾਹਾਮ ਦੇ ਵੰਸ਼ ਦੀ ਸਹਾਇਤਾ ਕਰਦਾ ਹੈ।

17 ਇਸ ਕਾਰਨ ਕਰਕੇ ਉਸਨੂੰ ਉਹਨਾਂ ਵਾਂਗ, ਹਰ ਤਰ੍ਹਾਂ ਨਾਲ ਪੂਰੀ ਤਰ੍ਹਾਂ ਮਨੁੱਖ ਬਣਨਾ ਪਿਆ, ਤਾਂ ਜੋ ਉਹ ਪਰਮੇਸ਼ਵਰ ਦੀ ਸੇਵਾ ਵਿੱਚ ਦਿਆਲੂ ਅਤੇ ਵਫ਼ਾਦਾਰ ਮਹਾਂ ਜਾਜਕ ਬਣ ਸਕੇ, ਅਤੇ ਉਹ ਲੋਕਾਂ ਦੇ ਪਾਪਾਂ ਦਾ ਪ੍ਰਾਸਚਿਤ ਕਰ ਸਕੇ।

18 ਕਿਉਂਕਿ ਜਦੋਂ ਯਿਸ਼ੂ ਪਰਖਿਆ ਗਿਆ ਸੀ ਤਾਂ ਉਸਨੇ ਆਪ ਵੀ ਦੁੱਖ ਝੱਲਿਆ ਸੀ, ਉਹ ਉਹਨਾਂ ਲੋਕਾਂ ਦੀ ਸਹਾਇਤਾ ਕਰਨ ਦੇ ਯੋਗ ਹੈ ਜੋ ਪਰਖੇ ਜਾਂਦੇ ਹਨ।

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Follow us:



Advertisements