ਅਫ਼ਸੁਸ 2 - ਪੰਜਾਬੀ ਮੌਜੂਦਾ ਤਰਜਮਾਮਸੀਹ ਵਿੱਚ ਜੀਵਤ 1 ਇੱਕ ਵਾਰ, ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਵਿੱਚ ਮਰੇ ਹੋਏ ਸੀ, 2 ਉਸੇ ਸਮੇਂ ਤੁਸੀਂ ਇਸ ਸੰਸਾਰ ਦੇ ਤਰੀਕਿਆਂ ਨਾਲ ਚੱਲਦੇ ਸੀ ਅਤੇ ਸ਼ੈਤਾਨ ਦੇ ਅਧਿਕਾਰੀ ਸੀ। ਉਹ ਆਤਮਾ ਜੋ ਹੁਣ ਅਣ-ਆਗਿਆਕਾਰ ਲੋਕਾਂ ਵਿੱਚ ਕੰਮ ਕਰ ਰਹੀ ਹੈ। 3 ਅਸੀਂ ਸਾਰੇ ਇੱਕ ਸਮੇਂ ਉਨ੍ਹਾਂ ਦੇ ਵਿੱਚ ਰਹਿੰਦੇ ਸੀ, ਆਪਣੇ ਸਰੀਰ ਦੀ ਲਾਲਸਾ ਨੂੰ ਸੰਤੁਸ਼ਟ ਕਰਦੇ ਸੀ ਅਤੇ ਮਨ ਦੀਆਂ ਇੱਛਾਵਾਂ ਅਤੇ ਕਾਮਨਾਵਾਂ ਦੀ ਪਾਲਣ ਕਰਦੇ ਸੀ। ਬਾਕੀ ਲੋਕਾਂ ਵਾਂਗ, ਅਸੀਂ ਸੁਭਾਅ ਦੁਆਰਾ ਪਰਮੇਸ਼ਵਰ ਦੇ ਕ੍ਰੋਧ ਦੇ ਹੱਕਦਾਰ ਸੀ। 4 ਪਰ ਪਰਮੇਸ਼ਵਰ ਦਯਾ ਨਾਲ ਭਰਪੂਰ ਹੈ, ਉਸ ਦੇ ਮਹਾਨ ਪਿਆਰ ਦੇ ਕਾਰਨ 5 ਸਾਨੂੰ ਮਸੀਹ ਦੇ ਨਾਲ ਜੀਉਂਦਾ ਕੀਤਾ ਭਾਵੇਂ ਅਸੀਂ ਅਪਰਾਧਾਂ ਵਿੱਚ ਮਰੇ ਹੋਏ ਸੀ। ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਤੁਸੀਂ ਬਚਾਏ ਗਏ ਹੋ। 6 ਅਤੇ ਪਰਮੇਸ਼ਵਰ ਨੇ ਸਾਨੂੰ ਮਸੀਹ ਦੇ ਨਾਲ ਜੀਵਤ ਕੀਤਾ ਅਤੇ ਸਾਨੂੰ ਉਸਦੇ ਨਾਲ ਮਸੀਹ ਯਿਸ਼ੂ ਵਿੱਚ ਸਵਰਗੀ ਥਾਵਾਂ ਉੱਤੇ ਬਿਠਾਇਆ, 7 ਇਸ ਲਈ ਕਿ ਆਉਣ ਵਾਲੇ ਯੁੱਗਾਂ ਵਿੱਚ ਉਹ ਆਪਣੀ ਦਇਆ ਦੀ ਬੇਮਿਸਾਲ ਦੌਲਤ ਦਿਖਾਵੇ, ਜੋ ਮਸੀਹ ਯਿਸ਼ੂ ਵਿੱਚ ਸਾਡੇ ਉੱਤੇ ਆਪਣੀ ਦਿਆਲਗੀ ਨਾਲ ਪ੍ਰਗਟ ਕੀਤੀ ਗਈ ਹੈ। 8 ਕਿਉਂਕਿ ਪਰਮੇਸ਼ਵਰ ਦੀ ਕਿਰਪਾ ਕਰਕੇ ਤੁਸੀਂ ਵਿਸ਼ਵਾਸ ਦੁਆਰਾ ਬਚਾਏ ਗਏ ਹੋ ਅਤੇ ਇਹ ਤੁਹਾਡੇ ਵੱਲੋਂ ਨਹੀਂ ਹੈ, ਬਲਕਿ ਇਹ ਪਰਮੇਸ਼ਵਰ ਦੀ ਵੱਲੋਂ ਦਾਤ ਹੈ 9 ਇਹ ਆਪਣੇ ਕੰਮਾਂ ਦੁਆਰਾ ਨਹੀਂ, ਤਾਂ ਜੋ ਕੋਈ ਵੀ ਘਮੰਡ ਨਾ ਕਰ ਸਕੇ। 10 ਕਿਉਂਕਿ ਅਸੀਂ ਪਰਮੇਸ਼ਵਰ ਦੁਆਰਾ ਨਿਯੁਕਤ ਕੀਤੇ ਚੰਗੇ ਕੰਮਾਂ ਲਈ ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਦੀ ਰਚਨਾ ਹਾਂ। ਯਹੂਦੀ ਅਤੇ ਗ਼ੈਰ-ਯਹੂਦੀ ਮਸੀਹ ਦੇ ਦੁਆਰਾ ਮੇਲ-ਮਿਲਾਪ 11 ਇਸ ਲਈ, ਯਾਦ ਰੱਖੋ ਕਿ ਜੋ ਤੁਸੀਂ ਜਨਮ ਤੋਂ ਗ਼ੈਰ-ਯਹੂਦੀ ਹੋ ਅਤੇ ਉਨ੍ਹਾਂ ਤੋਂ ਜਿਹਨਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ ਅਸੁੰਨਤੀ ਅਖਵਾਉਂਦੇ ਸੀ। 12 ਯਾਦ ਰੱਖੋ ਕਿ ਉਸ ਸਮੇਂ ਤੁਸੀਂ ਸੰਸਾਰ ਵਿੱਚ ਮਸੀਹ ਤੋਂ ਵੱਖਰੇ ਸੀ, ਅਤੇ ਨਾ ਹੀ ਇਸਰਾਏਲ ਦੇ ਨਾਗਰਿਕਾਂ ਸੀ, ਅਤੇ ਬਿਨਾਂ ਵਾਅਦੇ ਅਤੇ ਬਿਨਾਂ ਆਸ ਅਤੇ ਬਿਨਾਂ ਪਰਮੇਸ਼ਵਰ ਦੇ ਸੀ। 13 ਪਰ ਹੁਣ ਮਸੀਹ ਯਿਸ਼ੂ ਵਿੱਚ ਤੁਸੀਂ ਜੋ ਕਦੇ ਦੂਰ ਹੋ ਗਏ ਸੀ, ਮਸੀਹ ਦੇ ਲਹੂ ਦੁਆਰਾ ਨੇੜੇ ਲਿਆਏ ਗਏ ਹੋ। 14 ਕਿਉਂਕਿ ਮਸੀਹ ਆਪ ਹੀ ਸਾਡੀ ਸ਼ਾਂਤੀ ਹੈ, ਜਿਸਨੇ ਦੋਹਾਂ ਸਮੂਹਾਂ ਦੇ ਸਰੀਰ ਵਿੱਚ ਦੀ ਦੁਸ਼ਮਣੀ ਦੀ ਵੰਡਣ ਵਾਲੀ ਕੰਧ ਨੂੰ ਢਾਹ ਦਿੱਤਾ ਅਤੇ ਉਹਨਾਂ ਨੂੰ ਇੱਕ ਬਣਾ ਦਿੱਤਾ ਹੈ 15 ਆਪਣੇ ਸਰੀਰ ਵਿੱਚ ਬਿਵਸਥਾ ਨੂੰ ਬਿਧੀਆਂ ਅਤੇ ਕਾਨੂੰਨਾਂ ਸਮੇਤ ਇੱਕ ਪਾਸੇ ਰੱਖ ਕੇ। ਉਸਦਾ ਉਦੇਸ਼ ਆਪਣੇ ਆਪ ਵਿੱਚ ਦੋਵਾਂ ਵਿੱਚੋਂ ਇੱਕ ਨਵੀਂ ਮਨੁੱਖਤਾ ਪੈਦਾ ਕਰਨਾ ਸੀ, ਇਸ ਤਰ੍ਹਾਂ ਸ਼ਾਂਤੀ ਬਣਾਉਣਾ ਸੀ। 16 ਅਤੇ ਇੱਕ ਸਰੀਰ ਵਿੱਚ ਉਨ੍ਹਾਂ ਦੋਹਾਂ ਨੂੰ ਸਲੀਬ ਦੇ ਰਾਹੀਂ ਪਰਮੇਸ਼ਵਰ ਨਾਲ ਮੇਲ ਕਰਨ ਲਈ, ਜਿਸ ਦੁਆਰਾ ਉਸਨੇ ਉਨ੍ਹਾਂ ਦੀ ਦੁਸ਼ਮਣੀ ਨੂੰ ਮਾਰ ਦਿੱਤਾ। 17 ਅਤੇ ਮਸੀਹ ਨੇ ਆ ਕੇ ਦੋਹਾਂ ਨੂੰ ਜਿਹੜੇ ਦੂਰ ਸਨ ਅਤੇ ਨੇੜੇ ਸਨ, ਸ਼ਾਂਤੀ ਦੀ ਖੁਸ਼ਖ਼ਬਰੀ ਸੁਣਾਈ। 18 ਉਸਦੇ ਰਾਹੀਂ ਅਸੀਂ ਦੋਵੇਂ ਇੱਕ ਆਤਮਾ ਦੁਆਰਾ ਪਿਤਾ ਤੱਕ ਪਹੁੰਚ ਕਰ ਸਕਦੇ ਹਾਂ। 19 ਇਸ ਲਈ ਤੁਸੀਂ ਹੁਣ ਪਰਦੇਸੀ ਅਤੇ ਯਾਤਰੀ ਨਹੀਂ ਹੋ, ਪਰ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੇ ਨਾਲ ਇੱਕ ਸੰਗੀ ਨਾਗਰਿਕ ਅਤੇ ਪਰਮੇਸ਼ਵਰ ਦੇ ਪਰਿਵਾਰ ਹੋ। 20 ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ, ਜਿਸਦਾ ਮੁੱਖ ਅਧਾਰ ਮਸੀਹ ਯਿਸ਼ੂ ਸੀ। 21 ਉਸ ਵਿੱਚ ਸਾਰੀ ਇਮਾਰਤ ਜੁੜ ਜਾਂਦੀ ਹੈ ਅਤੇ ਇਕੱਠੇ ਹੋ ਕੇ ਪ੍ਰਭੂ ਲਈ ਪਵਿੱਤਰ ਮੰਦਰ ਬਣ ਜਾਂਦੀ ਹੈ। 22 ਅਤੇ ਉਸ ਵਿੱਚ ਤੁਸੀਂ ਵੀ ਇੱਕ ਨਿਵਾਸ ਸਥਾਨ ਬਣਨ ਲਈ ਇਕੱਠੇ ਕੀਤੇ ਗਏ ਹੋ, ਜਿਸ ਵਿੱਚ ਪਰਮੇਸ਼ਵਰ ਆਪਣੀ ਆਤਮਾ ਦੁਆਰਾ ਵਾਸ ਕਰਦਾ ਹੈ। |
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.
Biblica, Inc.