Online Bible

- Advertisements -


ਰਸੂਲਾਂ 4 - ਪੰਜਾਬੀ ਮੌਜੂਦਾ ਤਰਜਮਾ


ਮਹਾਂਸਭਾ ਅੱਗੇ ਪਤਰਸ ਅਤੇ ਯੋਹਨ

1 ਜਾਜਕ ਅਤੇ ਕੁਝ ਸਦੂਕੀ ਅਤੇ ਹੈਕਲ ਦੇ ਗਾਰਡਾਂ ਦਾ ਕਪਤਾਨ ਪਤਰਸ ਅਤੇ ਯੋਹਨ ਕੋਲ ਆਏ ਜਿਸ ਵਕਤ ਉਹ ਲੋਕਾਂ ਨਾਲ ਗੱਲਾਂ ਕਰ ਰਹੇ ਸਨ।

2 ਉਹ ਬਹੁਤ ਪਰੇਸ਼ਾਨ ਹੋਏ ਕਿਉਂਕਿ ਰਸੂਲ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ, ਯਿਸ਼ੂ ਵਿੱਚ ਮੁਰਦਿਆਂ ਦੇ ਪੁਨਰ-ਉਥਾਨ ਦਾ ਪ੍ਰਚਾਰ ਕਰਦੇ ਸਨ।

3 ਉਨ੍ਹਾਂ ਨੇ ਪਤਰਸ ਅਤੇ ਯੋਹਨ ਨੂੰ ਫੜ ਲਿਆ, ਕਿਉਂਕਿ ਸ਼ਾਮ ਚੁੱਕੀ ਸੀ, ਇਸ ਕਰਕੇ ਉਨ੍ਹਾਂ ਨੇ ਅਗਲੇ ਦਿਨ ਦੀ ਸਵੇਰ ਤੱਕ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ।

4 ਪਰ ਬਹੁਤ ਸਾਰੇ ਲੋਕਾਂ ਜਿਨ੍ਹਾਂ ਨੇ ਬਚਨ ਨੂੰ ਸੁਣ ਕੇ ਯਿਸ਼ੂ ਉੱਤੇ ਵਿਸ਼ਵਾਸ ਕੀਤਾ; ਤਾਂ ਇਸ ਕਰਕੇ ਵਿਸ਼ਵਾਸ ਕਰਨ ਵਾਲੇ ਮਰਦਾਂ ਦੀ ਗਿਣਤੀ ਲਗਭਗ ਪੰਜ ਹਜ਼ਾਰ ਹੋ ਗਈ।

5 ਅਗਲੇ ਦਿਨ ਯੇਰੂਸ਼ਲੇਮ ਵਿੱਚ ਅਧਿਕਾਰੀ, ਬਜ਼ੁਰਗ ਅਤੇ ਕਾਨੂੰਨ ਦੇ ਸਿਖਾਉਣ ਵਾਲੇ ਇੱਕਠੇ ਹੋਏ।

6 ਹੰਨਾ ਮਹਾਂ ਜਾਜਕ, ਕਯਾਫ਼ਾਸ, ਯੋਹਨ, ਅਲੇਕਜ਼ੈਂਡਰ ਅਤੇ ਪ੍ਰਧਾਨ ਜਾਜਕ ਦੇ ਘਰਾਣੇ ਦੇ ਸਾਰੇ ਲੋਕ ਵੀ ਉੱਥੇ ਸਨ।

7 ਉਨ੍ਹਾਂ ਨੇ ਪਤਰਸ ਅਤੇ ਯੋਹਨ ਨੂੰ ਆਪਣੇ ਸਾਮ੍ਹਣੇ ਖੜ੍ਹਾ ਕਰਕੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਕਿਸ ਸ਼ਕਤੀ ਨਾਲ ਜਾਂ ਕਿਸ ਨਾਮ ਨਾਲ ਇਹ ਕੀਤਾ?”

8 ਫਿਰ ਪਤਰਸ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਉਨ੍ਹਾਂ ਨੂੰ ਜਵਾਬ ਦਿੱਤਾ: “ਹੇ ਕੌਮ ਦੇ ਅਧਿਕਾਰੀਓ ਅਤੇ ਬਜ਼ੁਰਗੋ!

9 ਫਿਰ ਅੱਜ ਸਾਡੇ ਕੋਲੋਂ ਇਸ ਚੰਗੇ ਕੰਮ ਦੇ ਬਾਰੇ ਪੁੱਛ-ਗਿੱਛ ਕਰਦੇ ਹੋ ਜਿਹੜਾ ਇੱਕ ਲੰਗੜੇ ਮਨੁੱਖ ਨਾਲ ਹੋਇਆ ਕਿ ਉਹ ਕਿਸ ਤਰ੍ਹਾਂ ਚੰਗਾ ਕੀਤਾ ਗਿਆ ਹੈ।”

10 ਤਾਂ ਫਿਰ ਇਹ ਜਾਣੋ, ਤੁਸੀਂ ਅਤੇ ਸਾਰੇ ਇਸਰਾਏਲ ਦੇ ਲੋਕੋ: ਇਹ ਯਿਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਹੋਈਆ ਹੈ, ਜਿਸਨੂੰ ਤੁਸੀਂ ਸਲੀਬ ਉੱਤੇ ਚੜ੍ਹਾਇਆ ਅਤੇ ਉਸ ਨੂੰ ਪਰਮੇਸ਼ਵਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ, ਕਿ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜ੍ਹਾ ਹੈ।

11 ਯਿਸ਼ੂ, “ ‘ਉਹ ਪੱਥਰ ਹੈ ਜਿਸ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ, ਉਹੀ ਖੂੰਜੇ ਦਾ ਪੱਥਰ ਬਣ ਗਿਆ ਹੈ।’

12 ਅਤੇ ਕਿਸੇ ਦੂਜੇ ਤੋਂ ਮੁਕਤੀ ਨਹੀਂ ਕਿਉਂ ਜੋ ਸਾਰੇ ਸੰਸਾਰ ਦੇ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ।”

13 ਜਦੋਂ ਉਨ੍ਹਾਂ ਨੇ ਪਤਰਸ ਅਤੇ ਯੋਹਨ ਦੀ ਹਿੰਮਤ ਵੇਖੀ ਅਤੇ ਮਹਿਸੂਸ ਕੀਤਾ ਕਿ ਉਹ ਅਨਪੜ, ਸਧਾਰਨ ਆਦਮੀ ਸਨ, ਤਾਂ ਉਹ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਪਛਾਣਿਆ ਕਿ ਇਹ ਆਦਮੀ ਯਿਸ਼ੂ ਦੇ ਨਾਲ ਸਨ।

14 ਅਤੇ ਉਸ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਉਨ੍ਹਾਂ ਦੇ ਨਾਲ ਖੜ੍ਹਾ ਹੋਇਆ ਵੇਖ ਕੇ, ਉੱਥੇ ਉਹ ਉਸ ਦੇ ਵਿਰੁੱਧ ਕੁਝ ਵੀ ਨਾ ਕਹਿ ਸਕੇ।

15 ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਮਹਾਂਸਭਾ ਤੋਂ ਵਾਪਸ ਜਾਣ ਦੀ ਆਗਿਆ ਦਿੱਤੀ ਅਤੇ ਫਿਰ ਇਕੱਠੇ ਮਿਲ ਕੇ ਪੇਸ਼ ਕੀਤੇ ਗਏ।

16 “ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰਨ ਜਾ ਰਹੇ ਹਾਂ?” ਉਨ੍ਹਾਂ ਨੇ ਇੱਕ ਦੂਸਰੇ ਤੋਂ ਪੁੱਛਿਆ। “ਯੇਰੂਸ਼ਲੇਮ ਵਿੱਚ ਰਹਿਣ ਵਾਲਾ ਹਰ ਕੋਈ ਜਾਣਦਾ ਹੈ ਕਿ ਉਨ੍ਹਾਂ ਨੇ ਇੱਕ ਕਮਾਲ ਦਾ ਚਮਤਕਾਰ ਕੀਤਾ ਹੈ, ਅਤੇ ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ।

17 ਪਰ ਲੋਕਾਂ ਵਿੱਚ ਇਸ ਕੰਮ ਨੂੰ ਹੋਰ ਫੈਲਣ ਤੋਂ ਰੋਕਣ ਲਈ, ਸਾਨੂੰ ਉਨ੍ਹਾਂ ਨੂੰ ਧਮਕੀ ਦੇਣੀ ਚਾਹੀਦੀ ਹੈ ਕਿ ਉਹ ਹੁਣ ਇਸ ਨਾਮ ਦਾ ਫੇਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ।”

18 ਫਿਰ ਉਨ੍ਹਾਂ ਨੇ ਦੋ ਚੇਲਿਆਂ ਨੂੰ ਦੁਬਾਰਾ ਸਭਾ ਵਿੱਚ ਬੁਲਾਇਆ ਅਤੇ ਹੁਕਮ ਦਿੱਤਾ ਕਿ ਉਹ ਯਿਸ਼ੂ ਦੇ ਨਾਮ ਉੱਤੇ ਨਾ ਕੋਈ ਚਰਚਾ ਕਰਨ ਅਤੇ ਨਾ ਹੀ ਸਿੱਖਿਆ ਦੇਣ।

19 ਪਰ ਪਤਰਸ ਅਤੇ ਯੋਹਨ ਨੇ ਉੱਤਰ ਦਿੱਤਾ, ਪਰਮੇਸ਼ਵਰ ਦੀ ਨਿਗਾਹ ਵਿੱਚ ਕਿਹੜਾ ਸਹੀ ਹੈ: “ਤੈਨੂੰ ਸੁਣਈਏ ਜਾਂ ਉਸਨੂੰ ਸੁਣਈਏ? ਤੁਸੀਂ ਇਸ ਗੱਲ ਦਾ ਨਿਆਂ ਕਰੋ!

20 ਸਾਡੇ ਲਈ, ਇਹ ਨਹੀਂ ਹੋ ਸਕਦਾ ਕਿ, ਜਿਹੜੀਆਂ ਗੱਲਾਂ ਅਸੀਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ।”

21 ਹੋਰ ਧਮਕੀਆਂ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਉਹ ਫੈਸਲਾ ਨਹੀਂ ਕਰ ਸਕੇ ਕਿ ਉਨ੍ਹਾਂ ਨੂੰ ਸਜ਼ਾ ਕਿਵੇਂ ਦਿੱਤੀ ਜਾਵੇ, ਇਸ ਲਈ ਸਾਰੇ ਲੋਕ ਪਰਮੇਸ਼ਵਰ ਦੀ ਮਹਿਮਾ ਕਰ ਰਹੇ ਸਨ ਜੋ ਵਾਪਰਿਆ ਸੀ।

22 ਕਿਉਂ ਜੋ ਉਹ ਮਨੁੱਖ ਜਿਸ ਦੇ ਜੀਵਨ ਵਿੱਚ ਚੰਗਾਈ ਦਾ ਚਮਤਕਾਰ ਹੋਈਆਂ ਸੀ ਉਹ ਚਾਲ੍ਹੀ ਸਾਲ ਤੋਂ ਜ਼ਿਆਦਾ ਉਮਰ ਦਾ ਸੀ।


ਵਿਸ਼ਵਾਸੀਆਂ ਦੀ ਪ੍ਰਾਰਥਨਾ

23 ਫਿਰ ਜਦੋਂ ਪਤਰਸ ਅਤੇ ਯੋਹਨ ਨੂੰ ਛੱਡ ਦਿੱਤਾ, ਤਾਂ ਉਹ ਆਪਣੇ ਸਾਥੀਆਂ ਕੋਲ ਗਏ ਅਤੇ ਜੋ ਕੁਝ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਆਖਿਆ ਸੀ ਸਭ ਕੁਝ ਦੱਸ ਦਿੱਤਾ।

24 ਜਦੋਂ ਉਨ੍ਹਾਂ ਨੇ ਇਹ ਸੁਣਿਆ, ਉਨ੍ਹਾਂ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਿਆਂ ਇਕੱਠੀਆਂ ਆਪਣੀ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਕਿਹਾ, “ਸਰਵ ਸ਼ਕਤੀਮਾਨ ਪ੍ਰਭੂ,” ਤੁਸੀਂ ਹੀ ਅਕਾਸ਼ ਅਤੇ ਧਰਤੀ ਅਤੇ ਸਮੁੰਦਰ, ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਇਆ।

25 ਤੁਸੀਂ ਪਵਿੱਤਰ ਆਤਮਾ ਦੁਆਰਾ ਆਪਣੇ ਸੇਵਕ ਸਾਡੇ ਪਿਤਾ ਦਾਵੀਦ ਦੇ ਮੂੰਹ ਰਾਹੀਂ ਗੱਲ ਕੀਤੀ: “ ‘ਗ਼ੈਰ-ਯਹੂਦੀਆਂ ਕਿਉਂ ਡੰਡ ਪਾਈ ਹੈ ਅਤੇ ਉੱਮਤਾਂ ਨੇ ਵਿਅਰਥ ਸੋਚਾਂ ਕਿਉਂ ਸੋਚੀਆਂ ਹਨ?

26 ਧਰਤੀ ਦੇ ਰਾਜੇ ਉੱਠੇ ਅਤੇ ਹਾਕਮ ਇੱਕਠੇ ਹੋ ਗਏ ਪ੍ਰਭੂ ਦੇ ਵਿਰੁੱਧ ਅਤੇ ਉਸਦੇ ਮਸਹ ਕੀਤੇ ਹੋਏ ਦੇ ਵਿਰੁੱਧ।’”

27 ਦਰਅਸਲ ਹੇਰੋਦੇਸ ਅਤੇ ਪੋਂਨਤੀਯਾਸ ਪਿਲਾਤੁਸ ਨੇ ਇਸ ਯੇਰੂਸ਼ਲਮ ਸ਼ਹਿਰ ਵਿੱਚ ਗ਼ੈਰ-ਯਹੂਦੀਆਂ ਅਤੇ ਇਸਰਾਏਲ ਦੇ ਲੋਕਾਂ ਨਾਲ ਮਿਲ ਕੇ ਤੁਹਾਡੇ ਪਵਿੱਤਰ ਸੇਵਕ ਯਿਸ਼ੂ ਦੇ ਵਿਰੁੱਧ ਸਾਜਿਸ਼ ਬਣਾਈ, ਜਿਸ ਨੂੰ ਤੁਸੀਂ ਮਸਹ ਕੀਤਾ ਸੀ।

28 ਇਸ ਲਈ ਕਿ ਜੋ ਕੁਝ ਤੇਰੀ ਸ਼ਕਤੀ ਅਤੇ ਤੇਰੀ ਯੋਜਨਾ ਵਿੱਚ ਪਹਿਲਾਂ ਹੀ ਠਹਿਰਾਇਆ ਗਿਆ ਸੀ, ਉਹੀ ਕਰੇ।

29 ਹੁਣ, “ਹੇ ਪ੍ਰਭੂ, ਉਨ੍ਹਾਂ ਦੀਆਂ ਧਮਕੀਆਂ ਤੇ ਵਿਚਾਰ ਕਰੋ ਅਤੇ ਆਪਣੇ ਸੇਵਕਾਂ ਨੂੰ ਬੜੀ ਦਲੇਰੀ ਨਾਲ ਤੁਹਾਡਾ ਬਚਨ ਬੋਲਣ ਦੇ ਯੋਗ ਬਣਾਓ।

30 ਤੁਸੀਂ ਆਪਣਾ ਹੱਥ ਚੰਗਾ ਕਰਨ ਲਈ ਵਧਾਓ, ਅਤੇ ਤੇਰੇ ਪਵਿੱਤਰ ਸੇਵਕ ਯਿਸ਼ੂ ਦੇ ਨਾਮ ਵਿੱਚ ਨਿਸ਼ਾਨ ਅਤੇ ਅਚਰਜ਼ ਕੰਮ ਹੋਣ।”

31 ਜਦੋਂ ਉਹ ਪ੍ਰਾਰਥਨਾ ਕਰ ਹਟੇ, ਤਾਂ ਉਹ ਜਗ੍ਹਾ ਹਿੱਲ ਗਈ ਸੀ ਜਿੱਥੇ ਉਹ ਇਕੱਠੇ ਹੋਏ ਸਨ। ਅਤੇ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਮੇਸ਼ਵਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ।


ਵਿਸ਼ਵਾਸੀਆ ਦਾ ਆਪਣੀ ਜਾਇਦਾਦ ਸਾਂਝਾ ਕਰਨਾ

32 ਸਾਰੇ ਵਿਸ਼ਵਾਸੀ ਇੱਕ ਦਿਲ ਅਤੇ ਇੱਕ ਜਾਨ ਸੀ। ਕਿਸੇ ਨੇ ਵੀ ਦਾਅਵਾ ਨਹੀਂ ਕੀਤਾ ਕਿ ਉਨ੍ਹਾਂ ਦੀ ਕੋਈ ਵੀ ਜਾਇਦਾਦ ਆਪਣੀ ਸੀ, ਪਰ ਉਨ੍ਹਾਂ ਨੇ ਆਪਣਾ ਸਭ ਕੁਝ ਸਾਂਝਾ ਕੀਤਾ।

33 ਵੱਡੀ ਸ਼ਕਤੀ ਨਾਲ ਰਸੂਲ ਪ੍ਰਭੂ ਯਿਸ਼ੂ ਦੇ ਪੁਨਰ-ਉਥਾਨ ਦੀ ਗਵਾਹੀ ਦਿੰਦੇ ਰਹੇ। ਅਤੇ ਉਨ੍ਹਾਂ ਸਾਰਿਆਂ ਵਿੱਚ ਪਰਮੇਸ਼ਵਰ ਦੀ ਕਿਰਪਾ ਬੜੀ ਸ਼ਕਤੀਸ਼ਾਲੀ ਨਾਲ ਕੰਮ ਕਰਦੀ ਸੀ

34 ਉਨ੍ਹਾਂ ਵਿੱਚੋਂ ਕੋਈ ਵੀ ਜ਼ਰੂਰਤ ਮੰਦ ਨਹੀਂ ਸੀ। ਇਸ ਲਈ ਕਿ ਜਿਹੜੇ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਸਨ ਉਹ ਉਨ੍ਹਾਂ ਨੂੰ ਵੇਚ ਕੇ, ਵਿਕੀਆਂ ਹੋਈਆਂ ਵਸਤਾਂ ਦੇ ਪੈਸੇ ਲਿਆਉਂਦੇ

35 ਅਤੇ ਉਨ੍ਹਾਂ ਨੇ ਪੈਸੇ ਰਸੂਲਾਂ ਨੂੰ ਦੇ ਦਿੱਤੇ, ਅਤੇ ਉਹ ਹਰੇਕ ਨੂੰ ਉਸਦੀ ਜ਼ਰੂਰਤ ਅਨੁਸਾਰ ਉਨ੍ਹਾਂ ਵਿੱਚ ਵੰਡ ਦਿੰਦੇ ਸਨ।

36 ਯੂਸੁਫ਼, ਜਿਹੜਾ ਇੱਕ ਲੇਵੀ ਅਤੇ ਸਾਈਪ੍ਰਸ ਟਾਪੂ ਦਾ ਰਹਿਣ ਵਾਲਾ ਸੀ, ਜਿਸ ਦਾ ਰਸੂਲਾਂ ਨੇ ਬਰਨਬਾਸ ਅਰਥਾਤ ਜਿਸ ਦਾ ਅਰਥ, “ਹੌਂਸਲਾ ਅਫ਼ਜ਼ਾਈ ਦਾ ਪੁੱਤਰ,” ਨਾਮ ਰੱਖਿਆ ਸੀ,

37 ਉਸਨੇ ਆਪਣਾ ਇੱਕ ਖੇਤ ਵੇਚ ਦਿੱਤਾ ਅਤੇ ਪੈਸੇ ਲਿਆਂਦੇ ਅਤੇ ਪੈਸੇ ਰਸੂਲਾਂ ਨੂੰ ਦੇ ਦਿੱਤੇ।

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Follow us:



Advertisements