Online Bible

- Advertisements -


੨ ਪਤਰਸ 2 - ਪੰਜਾਬੀ ਮੌਜੂਦਾ ਤਰਜਮਾ


ਝੂਠੇ ਉਪਦੇਸ਼ਕ ਅਤੇ ਉਨ੍ਹਾਂ ਦਾ ਵਿਨਾਸ਼

1 ਪਰ ਉਨ੍ਹਾਂ ਲੋਕਾਂ ਵਿੱਚ ਝੂਠੇ ਨਬੀ ਵੀ ਸਨ, ਜਿਵੇਂ ਤੁਹਾਡੇ ਵਿੱਚ ਵੀ ਝੂਠੇ ਉਪਦੇਸ਼ਕ ਹੋਣਗੇ। ਉਹ ਗੁਪਤ ਰੂਪ ਵਿੱਚ ਵਿਨਾਸ਼ਕਾਰੀ ਝੂਠੀ ਸਿੱਖਿਆ ਨੂੰ ਤੁਹਾਡੇ ਅੱਗੇ ਪੇਸ਼ ਕਰਨਗੇ, ਇੱਥੋ ਤੱਕ ਕਿ ਉਹ ਉਸ ਸਰਵ ਸ਼ਕਤੀਮਾਨ ਪ੍ਰਭੂ ਦਾ ਵੀ ਇਨਕਾਰ ਕਰਨਗੇ ਜਿਸਨੇ ਉਨ੍ਹਾਂ ਨੂੰ ਖਰੀਦ ਲਿਆ ਹੈ ਅਤੇ ਆਪਣੇ ਆਪ ਉੱਤੇ ਤੇਜ਼ੀ ਨਾਲ ਤਬਾਹੀ ਲਿਆਉਂਦੇ ਹਨ।

2 ਬਹੁਤ ਸਾਰੇ ਉਨ੍ਹਾਂ ਦੇ ਘਟੀਆ ਚਾਲ-ਚਲਣ ਦੀ ਪਾਲਣਾ ਕਰਨਗੇ ਅਤੇ ਸੱਚ ਦੇ ਰਾਹ ਨੂੰ ਬਦਨਾਮ ਕਰਨਗੇ।

3 ਆਪਣੇ ਲਾਲਚ ਵਿੱਚ ਇਹ ਝੂਠੇ ਉਪਦੇਸ਼ਕ ਮਨਘੜਤ ਕਹਾਣੀਆਂ ਨਾਲ ਤੁਹਾਡਾ ਸ਼ੋਸ਼ਣ ਕਰਨਗੇ। ਉਨ੍ਹਾਂ ਦੀ ਨਿੰਦਾ ਲੰਮੇ ਸਮੇਂ ਤੋਂ ਉਨ੍ਹਾਂ ਉੱਤੇ ਲਟਕ ਰਹੀ ਹੈ, ਅਤੇ ਉਨ੍ਹਾਂ ਦਾ ਨਾਸ ਸੁੱਤਾ ਨਹੀਂ ਪਿਆ।

4 ਕਿਉਂਕਿ ਜੇ ਪਰਮੇਸ਼ਵਰ ਨੇ ਦੂਤਾਂ ਨੂੰ ਬਖਸ਼ਿਆ ਨਹੀਂ ਜਦੋਂ ਉਨ੍ਹਾਂ ਨੇ ਪਾਪ ਕੀਤਾ, ਸਗੋਂ ਉਨ੍ਹਾਂ ਨੂੰ ਨਰਕ ਵਿੱਚ ਭੇਜਿਆ, ਉਨ੍ਹਾਂ ਨੂੰ ਹਨੇਰੇ ਦੀਆਂ ਜ਼ੰਜੀਰਾਂ ਵਿੱਚ ਬੰਨ ਕੇ ਰੱਖਿਆ ਤਾਂ ਕਿ ਨਿਆਂ ਦੇ ਲਈ ਕੈਦ ਵਿੱਚ ਰਹਿਣ;

5 ਜੇ ਉਸਨੇ ਪ੍ਰਾਚੀਨ ਸੰਸਾਰ ਨੂੰ ਨਹੀਂ ਬਖਸ਼ਿਆ ਜਦੋਂ ਉਸ ਨੇ ਅਧਰਮੀ ਲੋਕਾਂ ਉੱਤੇ ਹੜ੍ਹ ਲਿਆਂਦਾ, ਪਰ ਨੋਹਾ, ਧਰਮ ਦੇ ਪ੍ਰਚਾਰਕ ਅਤੇ ਸੱਤ ਹੋਰਾਂ ਦੀ ਰੱਖਿਆ ਕੀਤੀ;

6 ਜੇ ਉਸਨੇ ਸੋਦੋਮ ਅਤੇ ਅਮੂਰਾਹ ਦੇ ਸ਼ਹਿਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਅਤੇ ਉਨ੍ਹਾਂ ਨੂੰ ਉਹ ਦੇ ਬਾਅਦ ਦੇ ਅਧਰਮੀ ਲੋਕਾਂ ਲਈ ਇੱਕ ਉਦਾਹਰਣ ਬਣਾਇਆ ਹੈ;

7 ਅਤੇ ਜੇ ਉਸਨੇ ਲੋਤ ਨੂੰ ਬਚਾਇਆ, ਜਿਹੜਾ ਇੱਕ ਧਰਮੀ ਆਦਮੀ ਸੀ, ਅਤੇ ਜੋ ਕੁਧਰਮ ਦੇ ਘਟੀਆ ਚਾਲ-ਚਲਣ ਤੋਂ ਦੁੱਖੀ ਹੁੰਦਾ ਸੀ

8 (ਕਿਉਂ ਜੋ ਉਹ ਧਰਮੀ ਮਨੁੱਖ ਉਨ੍ਹਾਂ ਦੇ ਵਿੱਚ ਰਹਿੰਦਾ ਸੀ, ਉਨ੍ਹਾਂ ਦੇ ਭੈੜੇ ਕੰਮਾਂ ਨੂੰ ਵੇਖ ਤੇ ਸੁਣ ਕੇ ਦਿਨ-ਬੇ-ਦਿਨ ਆਪਣੀ ਧਰਮੀ ਆਤਮਾ ਨੂੰ ਦੁੱਖ ਦਿੰਦਾ ਸੀ)

9 ਜੇ ਅਜਿਹਾ ਹੈ, ਤਾਂ ਪ੍ਰਭੂ ਜਾਣਦਾ ਹੈ ਕਿ ਧਰਮੀ ਨੂੰ ਅਜ਼ਮਾਇਸ਼ਾਂ ਤੋਂ ਕਿਵੇਂ ਬਚਾਇਆ ਜਾਵੇ ਅਤੇ ਨਿਆਂ ਦੇ ਦਿਨ ਕੁਧਰਮੀ ਲੋਕਾਂ ਨੂੰ ਸਜ਼ਾ ਦੇ ਹੇਠ ਕਿਵੇਂ ਰੱਖਣਾ ਜਾਣਦਾ ਹੈ।

10 ਇਹ ਖ਼ਾਸ ਕਰ ਉਨ੍ਹਾਂ ਲਈ ਸੱਚ ਹੈ ਜੋ ਸਰੀਰ ਦੀ ਭ੍ਰਿਸ਼ਟ ਇੱਛਾ ਦੀ ਪਾਲਣ ਕਰਦੇ ਹਨ ਅਤੇ ਪਰਮੇਸ਼ਵਰ ਦੀ ਹਕੂਮਤ ਨੂੰ ਤੁੱਛ ਜਾਣਦੇ ਹਨ। ਉਹ ਢੀਠ ਅਤੇ ਹੰਕਾਰੀ ਹਨ, ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਨ ਤੋਂ ਨਹੀਂ ਡਰਦੇ;

11 ਫਿਰ ਵੀ ਦੂਤ, ਹਾਲਾਂਕਿ ਉਹ ਇਨ੍ਹਾਂ ਝੂਠੇ ਉਪਦੇਸ਼ਕਾ ਨਾਲੋਂ ਤਾਕਤਵਰ ਅਤੇ ਸ਼ਕਤੀਸ਼ਾਲੀ ਹਨ, ਪਰੰਤੂ ਮਿਹਣਾ ਮਾਰ ਕੇ ਪ੍ਰਭੂ ਦੇ ਅੱਗੇ ਉਨ੍ਹਾਂ ਉੱਤੇ ਦੋਸ਼ ਨਹੀਂ ਲਾਉਂਦੇ ਹਨ।

12 ਪਰ ਇਹ ਝੂਠੇ ਉਪਦੇਸ਼ਕ ਉਨ੍ਹਾਂ ਮਾਮਲਿਆਂ ਵਿੱਚ ਕੁਫ਼ਰ ਬੋਲਦੇ ਹਨ ਜਿਨ੍ਹਾਂ ਨੂੰ ਉਹ ਨਹੀਂ ਸਮਝਦੇ। ਉਹ ਗੈਰ ਵਾਜਬ ਜਾਨਵਰਾਂ, ਸੁਭਾਅ ਦੇ ਜੀਵਾਂ ਵਰਗੇ ਹਨ, ਸਿਰਫ ਫੜੇ ਜਾਣ ਅਤੇ ਨਸ਼ਟ ਹੋਣ ਲਈ ਪੈਦਾ ਹੋਏ ਹਨ, ਅਤੇ ਜਾਨਵਰਾਂ ਦੀ ਤਰ੍ਹਾਂ ਉਹ ਵੀ ਮਰ ਜਾਣਗੇ।

13 ਉਨ੍ਹਾਂ ਨੂੰ ਕੀਤੇ ਨੁਕਸਾਨ ਦੀ ਭਰਪਾਈ ਕਰਨੀ ਪਵੇਗੀ ਜੋ ਨੁਕਸਾਨ ਉਨ੍ਹਾਂ ਨੇ ਕੀਤਾ ਹੈ। ਦਿਨੇ ਉਹ ਭੋਗ ਬਿਲਾਸ ਵਿੱਚ ਖੁਸ਼ ਹੁੰਦੇ ਹਨ, ਉਹ ਧੱਬੇ ਅਤੇ ਦਾਗੇ ਹੋਏ ਹਨ, ਜਦੋਂ ਉਹ ਤੁਹਾਡੇ ਨਾਲ ਤਿਉਹਾਰ ਮਨਾਉਂਦੇ ਹਨ ਤਾਂ ਉਹ ਆਪਣਿਆਂ ਪਿਆਰ ਭੋਜਨਾਂ ਵਿੱਚ ਭੋਗ ਬਿਲਾਸ ਕਰਦੇ ਹਨ।

14 ਵਿਭਚਾਰ ਨਾਲ ਭਰੀਆਂ ਅੱਖਾਂ ਨਾਲ, ਉਹ ਕਦੇ ਵੀ ਪਾਪ ਕਰਨਾ ਬੰਦ ਨਹੀਂ ਕਰਦੇ; ਉਹ ਡੋਲਣ ਵਾਲੇ ਜੀਵਾਂ ਨੂੰ ਭਰਮਾਉਂਦੇ ਹਨ; ਉਹ ਲਾਲਚ ਕਰਨ ਦੇ ਮਾਹਿਰ ਹਨ ਇੱਕ ਸਰਾਪਿਆ ਹੋਇਆ ਦੇ ਬੱਚੇ ਹਨ!

15 ਉਨ੍ਹਾਂ ਨੇ ਸਿੱਧਾ ਰਾਹ ਛੱਡ ਦਿੱਤਾ ਹੈ ਅਤੇ ਬਿਓਰ ਦੇ ਪੁੱਤਰ ਬਿਲਆਮ ਦੇ ਰਾਹ ਤੇ ਚੱਲਣ ਲਈ ਭਟਕ ਗਏ ਹਨ, ਜੋ ਦੁਸ਼ਟਤਾ ਦੀ ਮਜ਼ਦੂਰੀ ਨੂੰ ਪਿਆਰ ਕਰਦਾ ਸੀ।

16 ਪਰ ਉਸ ਨੂੰ ਇੱਕ ਗਧੇ ਦੁਆਰਾ ਉਸ ਦੇ ਗਲਤ ਕੰਮ ਲਈ ਝਿੜਕ ਮਿਲੀ। ਇੱਕ ਬੇਜ਼ੁਬਾਨ ਗਧੀ ਨੇ ਮਨੁੱਖ ਦੀ ਬੋਲੀ ਵਿੱਚ ਬੋਲ ਕੇ ਉਸ ਨਬੀ ਦੇ ਪਾਗਲਪਣ ਨੂੰ ਰੋਕ ਦਿੱਤਾ।

17 ਉਹ ਸੁੱਕੇ ਖੂਹ ਹਨ। ਉਹ ਹਨੇਰੀ ਦੇ ਉਡਾਏ ਹੋਏ ਬੱਦਲ ਹਨ ਜਿਨ੍ਹਾਂ ਲਈ ਘੁੱਪ ਹਨੇਰਾ ਰੱਖਿਆ ਹੋਇਆ ਹੈ।

18 ਕਿਉਂ ਜੋ ਉਹ ਵੱਡੀਆਂ ਫੋਕੀਆਂ ਗੱਪਾਂ ਮਾਰ ਕੇ, ਉਨ੍ਹਾਂ ਨੂੰ ਜਿਹੜੇ ਭੁੱਲਿਆਂ ਹੋਇਆ ਤੋਂ ਹੁਣੇ ਬਚ ਕੇ ਨਿੱਕਲਣ ਲੱਗੇ ਹਨ, ਅਤੇ ਸਰੀਰ ਦੀਆਂ ਕਾਮਨਾਵਾਂ ਨੂੰ ਆਕਰਸ਼ਤ ਕਰਕੇ, ਉਹ ਉਨ੍ਹਾਂ ਲੋਕਾਂ ਨੂੰ ਭਰਮਾਉਂਦੇ ਹਨ।

19 ਉਹ ਉਨ੍ਹਾਂ ਨੂੰ ਅਜ਼ਾਦੀ ਦਾ ਵਾਅਦਾ ਕਰਦੇ ਹਨ, ਜਦੋਂ ਕਿ ਉਹ ਖੁਦ ਭ੍ਰਿਸ਼ਟਾਚਾਰ ਦੇ ਗੁਲਾਮ ਹੁੰਦੇ ਹਨ। ਕਿਉਂਕਿ “ਲੋਕ ਉਨ੍ਹਾਂ ਦੇ ਗ਼ੁਲਾਮ ਹੁੰਦੇ ਹਨ ਜੋ ਉਨ੍ਹਾਂ ਵਿੱਚ ਮੁਹਾਰਤ ਰੱਖਦੇ ਹਨ।”

20 ਜੇ ਉਹ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਨੂੰ ਜਾਣ ਕੇ ਦੁਨੀਆਂ ਦੇ ਭ੍ਰਿਸ਼ਟਾਚਾਰ ਤੋਂ ਬਚ ਗਏ ਹਨ ਅਤੇ ਦੁਬਾਰਾ ਫਿਰ ਇਸ ਵਿੱਚ ਉਲਝ ਗਏ ਹਨ ਅਤੇ ਅਧੀਨ ਹੋ ਗਏ ਹਨ, ਤਾਂ ਉਹ ਅੰਤ ਵਿੱਚ ਉਨ੍ਹਾਂ ਦੇ ਹਾਲ ਪਹਿਲਾਂ ਨਾਲੋਂ ਬਦਤਰ ਹੋ ਜਾਣਗੇ।

21 ਉਨ੍ਹਾਂ ਲਈ ਇਹ ਚੰਗਾ ਹੁੰਦਾ ਕਿ ਉਹ ਧਾਰਮਿਕਤਾ ਦੇ ਰਾਹ ਨੂੰ ਨਾ ਜਾਣਦੇ, ਇਸ ਨੂੰ ਜਾਣਨਾ ਅਤੇ ਫਿਰ ਉਨ੍ਹਾਂ ਨੂੰ ਦਿੱਤੇ ਗਏ ਪਵਿੱਤਰ ਹੁਕਮ ਤੋਂ ਮੂੰਹ ਮੋੜ ਲੈਂਦੇ।

22 ਇਹ ਸੱਚੀ ਕਹਾਵਤ ਉਨ੍ਹਾਂ ਉੱਤੇ ਠੀਕ ਢੁੱਕਦੀ ਹੈ, “ਕਿ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ,” ਅਤੇ, “ਅਤੇ ਨਹਿਲਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਜਾਂਦੀ ਹੈ।”

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Follow us:



Advertisements