Online Bible

- Advertisements -


ਗਿਣਤੀ 36 - ਪਵਿੱਤਰ ਬਾਈਬਲ


ਸਲਾਫ਼ਹਾਦ ਦੀਆਂ ਧੀਆਂ

1 ਮਨੱਸ਼ੀ ਯੂਸੁਫ਼ ਦਾ ਪੁੱਤਰ ਸੀ। ਮਾਕੀਰ ਮਨੱਸ਼ੀ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਗਿਲਆਦ ਦੇ ਪਰਿਵਾਰ ਦੇ ਆਗੂ ਮੂਸਾ ਅਤੇ ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਆਗੂਆਂ ਨਾਲ ਗੱਲ ਕਰਨ ਗਏ।

2 ਉਨ੍ਹਾਂ ਨੇ ਆਖਿਆ, “ਸ਼੍ਰੀ ਮਾਨ ਜੀ, ਯਹੋਵਾਹ ਨੇ ਸਾਨੂੰ ਆਦੇਸ਼ ਦਿੱਤਾ ਸੀ ਕਿ ਸਲਫ਼ਹਾਦ ਦੀ ਜ਼ਮੀਨ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ। ਸਲਾਫ਼ਹਾਦ, ਸਾਡਾ ਭਰਾ ਸੀ।

3 ਇਹ ਹੋ ਸੱਕਦਾ ਕਿ ਸ਼ਾਇਦ ਇਸਰਾਏਲ ਦੇ ਕਿਸੇ ਹੋਰ ਪਰਿਵਰ-ਸਮੂਹ ਵਿੱਚੋਂ ਕੋਈ ਹੋਰ ਆਦਮੀ ਸਲਾਫ਼ਹਾਦ ਦੀਆਂ ਧੀਆਂ ਵਿੱਚੋਂ ਕਿਸੇ ਇੱਕ ਨਾਲ ਵਿਆਹ ਕਰਾ ਲਵੇ। ਕੀ ਉਹ ਜ਼ਮੀਨ ਸਾਡੇ ਪਰਿਵਾਰ ਵਿੱਚੋਂ ਚਲੀ ਜਾਵੇਗੀ? ਕੀ ਦੂਸਰੇ ਪਰਿਵਾਰ-ਸਮੂਹ ਦੇ ਲੋਕ ਉਸ ਜ਼ਮੀਨ ਦੇ ਮਾਲਕ ਬਣ ਜਾਣਗੇ? ਕੀ ਅਸੀਂ ਉਹ ਜ਼ਮੀਨ ਗਵਾ ਲਵਾਂਗੀਆਂ ਜਿਹੜੀ ਅਸੀਂ ਗੁਣੇ ਪਾਕੇ ਹਾਸਿਲ ਕੀਤੀ ਸੀ?

4 ਲੋਕ ਸ਼ਾਇਦ ਆਪਣੀ ਜ਼ਮੀਨ ਵੇਚ ਦੇਣ। ਪਰ ਜੁਬਲੀ ਵਰ੍ਹੇ ਵਿੱਚ ਸਾਰੀ ਜ਼ਮੀਨ ਉਸੇ ਪਰਿਵਾਰ-ਸਮੂਹ ਕੋਲ ਵਾਪਸ ਆ ਜਾਂਦੀ ਹੈ ਜਿਹੜਾ ਇਸ ਦਾ ਅਸਲੀ ਮਾਲਿਕ ਹੁੰਦਾ ਹੈ। ਉਸ ਸਮੇਂ ਉਸ ਜ਼ਮੀਨ ਦਾ ਮਾਲਿਕ ਕੌਣ ਹੋਵੇਗਾ ਜਿਹੜਾ ਸਲਾਫ਼ਹਾਦ ਦੀਆਂ ਧੀਆਂ ਦੀ ਹੈ? ਕੀ ਸਾਡਾ ਪਰਿਵਾਰ ਸਦਾ ਲਈ ਉਸ ਜ਼ਮੀਨ ਨੂੰ ਗਵਾ ਲਵੇਗਾ?”

5 ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਆਦੇਸ਼ ਦਿੱਤਾ। ਇਹ ਆਦੇਸ਼ ਯਹੋਵਾਹ ਵੱਲੋਂ ਸੀ। “ਯੂਸੁਫ਼ ਦੇ ਪਰਿਵਾਰ-ਸਮੂਹ ਦੇ ਇਹ ਆਦਮੀ ਠੀਕ ਆਖਦੇ ਹਨ!

6 ਯਹੋਵਾਹ ਦਾ ਸਲਾਫ਼ਹਾਦ ਦੀਆਂ ਧੀਆਂ ਨੂੰ ਇਹ ਆਦੇਸ਼ ਹੈ: ਜੇ ਤੁਸੀਂ ਕਿਸੇ ਨਾਲ ਸ਼ਾਦੀ ਕਰਾਉਣੀ ਚਾਹੋਂ ਤਾਂ ਤੁਹਾਨੂੰ ਸਿਰਫ਼ ਆਪਣੇ ਹੀ ਪਰਿਵਾਰ-ਸਮੂਹ ਵਿੱਚ ਸ਼ਾਦੀ ਕਰਨੀ ਚਾਹੀਦੀ ਹੈ।

7 ਇਸ ਤਰ੍ਹਾਂ ਜ਼ਮੀਨ ਇਸਰਾਏਲ ਦੇ ਲੋਕਾਂ ਵਿੱਚ ਇੱਕ ਪਰਿਵਾਰ-ਸਮੂਹ ਵਿੱਚੋਂ ਦੂਸਰੇ ਪਰਿਵਾਰ-ਸਮੂਹ ਦੇ ਹੱਥਾਂ ਵਿੱਚ ਨਹੀਂ ਜਾਵੇਗੀ। ਹਰ ਇਸਰਾਏਲੀ, ਉਸੇ ਜ਼ਮੀਨ ਨੂੰ ਰੱਖੇਗਾ ਜਿਹੜੀ ਉਸ ਦੇ ਪੁਰਖਿਆਂ ਨੂੰ ਮਿਲੀ ਸੀ।

8 ਅਤੇ ਜੇ ਕੋਈ ਔਰਤ ਆਪਣੇ ਪਿਤਾ ਦੀ ਜ਼ਮੀਨ ਪ੍ਰਾਪਤ ਕਰਦੀ ਹੈ ਤਾਂ ਉਸ ਨੂੰ ਸਿਰਫ਼ ਆਪਣੇ ਹੀ ਪਰਿਵਾਰ-ਸਮੂਹ ਵਿੱਚ ਸ਼ਾਦੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਨਾਲ, ਹਰ ਬੰਦਾ ਉਸ ਜ਼ਮੀਨ ਨੂੰ ਰੱਖ ਸੱਕੇਗਾ ਜਿਹੜੀ ਉਸ ਦੇ ਪੁਰਖਿਆਂ ਨੂੰ ਮਿਲੀ ਸੀ।

9 ਇਸ ਲਈ, ਇਸਰਾਏਲ ਦੇ ਲੋਕਾਂ ਅੰਦਰ ਜ਼ਮੀਨ ਇੱਕ ਪਰਿਵਾਰ-ਸਮੂਹ ਵਿੱਚੋਂ ਦੂਸਰੇ ਪਰਿਵਾਰ-ਸਮੂਹ ਵਿੱਚ ਨਹੀਂ ਜਾਣੀ ਚਾਹੀਦੀ। ਹਰੇਕ ਇਸਰਾਏਲੀ ਉਹੀ ਜ਼ਮੀਨ ਰੱਖੇਗਾ ਜਿਹੜੀ ਉਸ ਦੇ ਪੁਰਖਿਆਂ ਨੂੰ ਮਿਲੀ ਸੀ।”

10 ਸਲਾਫ਼ਹਾਦ ਦੀਆਂ ਧੀਆਂ ਨੇ ਯਹੋਵਾਹ ਦਾ ਮੂਸਾ ਨੂੰ ਦਿੱਤਾ ਹੋਇਆ ਆਦੇਸ਼ ਪ੍ਰਵਾਨ ਕਰ ਲਿਆ।

11 ਇਸ ਲਈ ਸਲਾਫ਼ਹਾਦ ਦੀਆਂ ਧੀਆਂ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ ਅਤੇ ਨੋਆਹ-ਨੇ ਆਪਣੇ ਪਿਤਾ ਵਾਲੇ ਪਾਸੇ ਦੇ ਚਚੇਰੇ ਭਰਾਵਾਂ ਨਾਲ ਸ਼ਾਦੀ ਕੀਤੀ।

12 ਉਨ੍ਹਾਂ ਦੇ ਪਤੀ ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਸਨ, ਇਸ ਲਈ ਉਨ੍ਹਾਂ ਦੀ ਜ਼ਮੀਨ ਉਨ੍ਹਾ ਦੇ ਪਿਤਾ ਦੇ ਪਰਿਵਾਰ ਅਤੇ ਪਰਿਵਾਰ-ਸਮੂਹ ਕੋਲ ਹੀ ਰਹੀ।

13 ਇਸ ਲਈ ਇਹ ਬਿਧੀਆਂ ਅਤੇ ਹੁਕਮ ਹਨ ਜਿਹੜੇ ਯਹੋਵਾਹ ਨੇ ਮੂਸਾ ਰਾਹੀਂ ਇਸਰਾਏਲੀਆਂ ਨੂੰ ਮੋਆਬ ਵਿੱਚ ਯਰਦਨ ਵਾਦੀ ਵਿੱਚ, ਯਰੀਹੋ ਤੋਂ ਪਾਰ ਯਰਦਨ ਨਦੀ ਦੇ ਦੂਜੇ ਪਾਸੇ ਦਿੱਤੇ।

Punjabi Holy Bible: Easy-to-Read Version

All rights reserved.

© 2002 Bible League International

Bible League International
Follow us:



Advertisements