ਗਿਣਤੀ 30 - ਪਵਿੱਤਰ ਬਾਈਬਲਖਾਸ ਇਕਰਾਰ 1 ਮੂਸਾ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨਾਲ ਗੱਲ ਕੀਤੀ। ਮੂਸਾ ਨੇ ਉਨ੍ਹਾਂ ਨੂੰ ਯਹੋਵਾਹ ਦੇ ਇਨ੍ਹਾਂ ਆਦੇਸ਼ਾਂ ਬਾਰੇ ਦੱਸਿਆ: 2 “ਜੇ ਕੋਈ ਬੰਦਾ ਪਰਮੇਸ਼ੁਰ ਨਾਲ ਖਾਸ ਇਕਰਾਰ ਕਰਨਾ ਚਾਹੁੰਦਾ ਹੈ ਜਾਂ ਜੇ ਕੋਈ ਬੰਦਾ ਪਰਮੇਸ਼ੁਰ ਨੂੰ ਕੋਈ ਖਾਸ ਚੀਜ਼ ਦੇਣ ਦਾ ਇਕਰਾਰ ਕਰਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਦਿਉ ਪਰ ਉਸ ਬੰਦੇ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ! 3 “ਕੋਈ ਜਵਾਨ ਔਰਤ ਸ਼ਾਇਦ ਹਾਲੇ ਆਪਣੇ ਪਿਤਾ ਦੇ ਘਰ ਵਿੱਚ ਰਹਿ ਰਹੀ ਹੋਵੇ। ਅਤੇ ਉਹ ਜਵਾਨ ਔਰਤ ਸ਼ਾਇਦ ਯਹੋਵਾਹ ਨੂੰ ਕੋਈ ਖਾਸ ਚੀਜ਼ ਭੇਟ ਕਰਨ ਦਾ ਇਕਰਾਰ ਕਰੇ। 4 ਜੇ ਉਸ ਦਾ ਪਿਤਾ ਉਨ੍ਹਾਂ ਇਕਰਾਰ ਬਾਰੇ ਸੁਣਦਾ ਹੈ ਅਤੇ ਮੰਨ ਜਾਂਦਾ ਹੈ, ਤਾਂ ਉਸ ਜਵਾਨ ਔਰਤ ਨੂੰ ਉਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ। 5 ਪਰ ਜੇ ਉਸ ਦਾ ਪਿਤਾ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਇਸ ਨੂੰ ਪ੍ਰਵਾਨ ਨਹੀਂ ਕਰਦਾ, ਤਾਂ ਉਹ ਆਪਣੇ ਇਕਰਾਰ ਵੱਲੋਂ ਆਜ਼ਾਦ ਹੈ। ਉਸ ਨੂੰ ਉਹ ਕੁਝ ਕਰਨ ਦੀ ਲੋੜ ਨਹੀਂ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਉਸ ਦੇ ਪਿਤਾ ਨੇ ਉਸ ਨੂੰ ਰੋਕ ਦਿੱਤਾ ਸੀ, ਇਸ ਲਈ ਯਹੋਵਾਹ ਉਸ ਨੂੰ ਮਾਫ਼ ਕਰ ਦੇਵੇਗਾ। 6 “ਕੋਈ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਖਾਸ ਦੇਣ ਦਾ ਇਕਰਾਰ ਕਰੇ, ਅਤੇ ਸ਼ਾਇਦ ਉਸਤੋਂ ਬਾਦ ਉਸ ਦਾ ਵਿਆਹ ਹੋ ਜਾਵੇ। 7 ਜੇ ਪਤੀ ਉਸ ਇਕਰਾਰ ਬਾਰੇ ਸੁਣਦਾ ਹੈ ਅਤੇ ਇਸ ਦਾ ਵਿਰੋਧ ਨਹੀਂ ਕਰਦਾ, ਤਾਂ ਉਸ ਔਰਤ ਨੂੰ ਉਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਜਿਸਦਾ ਉਸ ਨੇ ਇਕਰਾਰ ਕੀਤਾ ਸੀ। 8 ਪਰ ਜੇ ਪਤੀ ਉਸ ਦੇ ਇਕਰਾਰ ਬਾਰੇ ਸੁਣਦਾ ਹੈ ਅਤੇ ਉਸ ਨੂੰ ਆਪਣਾ ਇਕਰਾਰ ਪੂਰਾ ਕਰਨ ਬਾਰੇ ਇਨਕਾਰ ਕਰ ਦਿੰਦਾ ਹੈ ਤਾਂ ਪਤਨੀ ਨੂੰ ਉਹ ਗੱਲ ਕਰਨ ਦੀ ਲੋੜ ਨਹੀਂ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਉਸ ਦੇ ਪਤੀ ਨੇ ਇਕਰਾਰ ਨੂੰ ਤੋੜਿਆ-ਉਸ ਨੇ ਉਸ ਨੂੰ ਉਹ ਗੱਲ ਨਹੀਂ ਕਰਨ ਦਿੱਤੀ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਇਸ ਲਈ ਯਹੋਵਾਹ ਉਸ ਨੂੰ ਮਾਫ਼ ਕਰ ਦੇਵੇਗਾ। 9 “ਕੋਈ ਵਿਧਵਾ ਜਾਂ ਕੋਈ ਤਲਾਕਸ਼ੁਦਾ ਔਰਤ ਸ਼ਾਇਦ ਕੋਈ ਖਾਸ ਇਕਰਾਰ ਕਰੇ। ਜੇ ਉਹ ਅਜਿਹਾ ਕਰਦੀ ਹੈ ਤਾਂ ਉਸ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਸਦਾ ਉਸ ਨੇ ਇਕਰਾਰ ਕੀਤਾ ਸੀ। 10 ਕੋਈ ਵਿਆਹੁਤਾ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਦੇਣ ਦਾ ਇਕਰਾਰ ਕਰੇ। 11 ਜੇ ਉਸ ਦਾ ਪਤੀ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਉਸ ਨੂੰ ਇਕਰਾਰ ਪੂਰਾ ਕਰਨ ਦਿੰਦਾ ਹੈ, ਤਾਂ ਉਸ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ। ਉਸ ਨੂੰ ਹਰ ਉਹ ਚੀਜ਼ ਦੇਣੀ ਚਾਹੀਦੀ ਹੈ ਜਿਸ ਬਾਰੇ ਉਸ ਨੇ ਇਕਰਾਰ ਕੀਤਾ ਸੀ। 12 ਪਰ ਜੇ ਉਸ ਦਾ ਪਤੀ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਉਸ ਨੂੰ ਇਕਰਾਰ ਪੂਰਾ ਕਰਨ ਨਹੀਂ ਦਿੰਦਾ, ਤਾਂ ਉਸ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਸ ਨੇ ਕੀ ਇਕਰਾਰ ਕੀਤਾ ਸੀ, ਉਸ ਦਾ ਪਤੀ ਇਕਰਾਰ ਨੂੰ ਤੋੜ ਸੱਕਦਾ ਹੈ। ਜੇ ਉਸ ਦਾ ਪਤੀ ਇਕਰਾਰ ਨੂੰ ਤੋੜਦਾ ਹੈ, ਤਾਂ ਯਹੋਵਾਹ ਉਸ ਨੂੰ ਮਾਫ਼ ਕਰ ਦੇਵੇਗਾ। 13 ਕੋਈ ਵਿਆਹੁਤਾ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਦੇਣ ਦਾ ਇਕਰਾਰ ਕਰੇ, ਜਾਂ ਉਹ ਕਿਸੇ ਚੀਜ਼ ਤੋਂ ਬਿਨਾ ਗੁਜ਼ਾਰਾ ਕਰਨ ਦਾ ਇਕਰਾਰ ਕਰੇ ਜਾਂ ਉਹ ਪਰਮੇਸ਼ੁਰ ਨੂੰ ਕੋਈ ਹੋਰ ਖਾਸ ਚੀਜ਼ ਦੇਣ ਦਾ ਇਕਰਾਰ ਕਰੇ। ਪਤੀ ਇਨ੍ਹਾਂ ਵਿੱਚੋਂ ਕਿਸੇ ਵੀ ਇਕਰਾਰ ਨੂੰ ਰੋਕ ਸੱਕਦਾ ਹੈ, ਅਤੇ ਪਤੀ ਉਸ ਦੇ ਕਿਸੇ ਇਕਰਾਰ ਨੂੰ ਪੂਰਾ ਕਰਨ ਦੀ ਇਜਾਜ਼ਤ ਦੇ ਸੱਕਦਾ ਹੈ। 14 ਪਤੀ ਆਪਣੀ ਪਤਨੀ ਨੂੰ ਆਪਣਾ ਇਕਰਾਰ ਪੂਰਾ ਕਰਨ ਦੀ ਇਜਾਜ਼ਤ ਕਿਵੇਂ ਦਿੰਦਾ ਹੈ? ਜੇ ਉਹ ਇਕਰਾਰਾਂ ਬਾਰੇ ਸੁਣਦਾ ਹੈ ਅਤੇ ਉਨ੍ਹਾਂ ਨੂੰ ਰੋਕਦਾ ਨਹੀਂ, ਤਾਂ ਔਰਤ ਨੂੰ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ। 15 ਪਰ ਜੇ ਉਸ ਦਾ ਪਤੀ ਇਕਰਾਰਾਂ ਬਾਰੇ ਸੁਣਦਾ ਹੈ ਅਤੇ ਉਨ੍ਹਾਂ ਨੂੰ ਰੋਕ ਦਿੰਦਾ ਹੈ, ਤਾਂ ਉਹੀ ਉਸ ਦੇ ਇਕਰਾਰਾਂ ਨੂੰ ਤੋੜਨ ਦਾ ਜ਼ਿੰਮੇਵਾਰ ਹੈ।” 16 ਇਹੀ ਉਹ ਆਦੇਸ਼ ਹਨ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ। ਉਹੀ ਆਦੇਸ਼ ਹਨ ਪਤੀ ਅਤੇ ਪਤਨੀ ਬਾਰੇ, ਅਤੇ ਪਿਤਾ ਅਤੇ ਧੀ ਬਾਰੇ ਜਿਹੜੀ ਹਾਲੇ ਜਵਾਨ ਹੈ ਅਤੇ ਆਪਣੇ ਮਾਪਿਆਂ ਦੇ ਘਰ ਵਿੱਚ ਰਹਿ ਰਹੀ ਹੈ। |
Punjabi Holy Bible: Easy-to-Read Version
All rights reserved.
© 2002 Bible League International
Bible League International