Online Bible

- Advertisements -


੨ ਇਤਿਹਾਸ 3 - ਪਵਿੱਤਰ ਬਾਈਬਲ


ਸੁਲੇਮਾਨ ਦਾ ਮੰਦਰ ਉਸਾਰਨਾ

1 ਤਦ ਸੁਲੇਮਾਨ ਨੇ ਯਰੂਸ਼ਲਮ ਵਿੱਚ ਮੋਰੀਯਾਹ ਪਹਾੜ ਉੱਪਰ ਯਹੋਵਾਹ ਲਈ ਇੱਕ ਮੰਦਰ ਬਨਵਾਉਣਾ ਸ਼ੁਰੂ ਕੀਤਾ, ਜਿੱਥੇ ਆਰਨਾਨ ਯਬੂਸੀ ਦੇ ਪਿੜ ਵਿੱਚ ਉਸ ਦੇ ਪਿਤਾ ਦਾਊਦ ਦੇ ਸਾਹਮਣੇ ਯਹੋਵਾਹ ਪ੍ਰਗਟ ਹੋਇਆ ਸੀ। ਸੋ ਜਿਹੜੀ ਥਾਂ ਦਾਊਦ ਨੇ ਤਿਆਰ ਕਰਵਾਈ ਸੀ, ਸੁਲੇਮਾਨ ਨੇ ਉੱਥੇ ਮੰਦਰ ਬਣਵਾਇਆ।

2 ਸੁਲੇਮਾਨ ਨੇ ਇਹ ਕੰਮ ਆਪਣੀ ਇਸਰਾਏਲ ਦੀ ਪਾਤਸ਼ਾਹੀ ਦੇ 14 ਵੇਂ ਸਾਲ ਦੇ ਦੂਜੇ ਮਹੀਨੇ ਵਿੱਚ ਸ਼ੁਰੂ ਕੀਤਾ।

3 ਸੁਲੇਮਾਨ ਦੁਆਰਾ ਰੱਖੀ ਗਈ ਪਰਮੇਸ਼ੁਰ ਦੇ ਮੰਦਰ ਦੀ ਨੀਂਹ ਦੀ ਗਿਣਤੀ ਹੱਥਾਂ ਦੀਆਂ ਪੁਰਾਣੀਆਂ ਮਿਣਤੀਆਂ ਮੁਤਾਬਕ ਲੰਬਾਈ ਵਿੱਚ 60 ਹੱਥ ਅਤੇ ਚੁੜਾਈ ਵਿੱਚ 20 ਹੱਥ ਸੀ।

4 ਅਤੇ ਡਿਉੜੀ ਜੋ ਭਵਨ ਦੇ ਅੱਗੇ ਬਣਾਈ, ਉਸਦੀ ਲੰਬਾਈ ਮੰਦਰ ਦੀ ਚੌੜਾਈ ਦੇ ਮੁਤਾਬਕ 20 ਹੱਥ ਅਤੇ ਉਚਾਈ ਵਿੱਚ 20 ਹੱਥ ਸੀ ਅਤੇ ਸੁਲੇਮਾਨ ਨੇ ਡਿਓੜੀ ਦੇ ਅੰਦਰਵਾਰ ਸਾਰੀ ਕੁੰਦਨ ਸੋਨੇ ਦੀ ਜੜਤ ਕੀਤੀ।

5 ਸੁਲੇਮਾਨ ਨੇ ਵੱਡੇ ਹਾਲ ਕਮਰੇ ਦੀਆਂ ਦੀਵਾਰਾਂ ਉੱਪਰ ਚੀਲ ਦੀ ਲੱਕੜੀ ਜੜੀ ਅਤੇ ਉੱਪਰ ਸੋਨੇ ਦੀ ਜੜ੍ਹਤ ਕੀਤੀ ਅਤੇ ਉਸ ਮੜ੍ਹਤ ਵਿੱਚ ਕੁੰਦਨ ਸੋਨੇ ਦੀਆਂ ਜੰਜੀਰੀਆਂ ਅਤੇ ਖਜ਼ੂਰ ਦੇ ਦ੍ਰੱਖਤਾਂ ਦੀ ਨਕਾਸ਼ੀ ਕੀਤੀ।

6 ਅਤੇ ਮੰਦਰ ਦੀ ਸੁੰਦਰਤਾ ਵੱਧਾਉਣ ਵਾਸਤੇ ਉਸ ਨੂੰ ਕੀਮਤੀ ਪੱਥਰ ਨਾਲ ਸਜਾਇਆ ਅਤੇ ਉੱਥੇ ਉਸ ਨੇ ਪਰਵਾਇਮ ਦੇ ਸੋਨੇ ਦੀ ਵਰਤੋਂ ਕੀਤੀ।

7 ਸੁਲੇਮਾਨ ਨੇ ਮੰਦਰ ਦੀਆਂ ਸ਼ਤੀਰਾਂ, ਉਸਦੀ ਡਿਉੜੀ ਅਤੇ ਦੀਵਾਰਾਂ ਉੱਪਰ ਅਤੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਦੀਵਾਰਾਂ ਉੱਪਰ ਕਰੂਬੀ ਫ਼ਰਿਸ਼ਤਿਆਂ ਦੀ ਨਕਾਸ਼ੀ ਕੀਤੀ।

8 ਤਦ ਉਸ ਨੇ ਅੱਤ ਪਵਿੱਤਰ ਸਥਾਨ ਨੂੰ ਬਣਵਾਇਆ। ਅੱਤ ਪਵਿੱਤਰ ਸਥਾਨ ਦੀ ਚੌੜਾਈ ਮੰਦਰ ਮੁਤਾਬਕ 20 ਹੱਥ ਅਤੇ 20 ਹੱਥ ਲੰਬੀ ਸੀ, ਜੋ ਕਿ ਮੰਦਰ ਜਿੰਨਾ ਹੀ ਚੌੜਾ ਸੀ ਅਤੇ ਉਸ ਨੇ ਅੱਤ ਪਵਿੱਤਰ ਸਥਾਨ ਦੀਆਂ ਦੀਵਾਰਾਂ ਉੱਪਰ ਕੁੰਦਨ ਸੋਨੇ ਦੀ ਜੜ੍ਹਤ ਕੀਤੀ ਅਤੇ ਇਹ ਸੋਨਾ ਤੋਲ ਵਿੱਚ 20,400 ਕਿੱਲੋ ਦੇ ਕਰੀਬ ਸੀ।

9 ਉਸ ਦੀਆਂ ਇਸਤੇਮਾਲ ਕੀਤੀਆਂ ਹੋਈਆਂ ਸੋਨੇ ਦੀਆਂ ਮੇਖਾਂ ਦਾ ਭਾਰ ਲੱਗਭਗ 1 1/4 ਪੌਂਡ ਸੀ। ਸੁਲੇਮਾਨ ਨੇ ਉੱਪਰਲਿਆਂ ਕਮਰਿਆਂ ਨੂੰ ਸੋਨੇ ਨਾਲ ਮੜ੍ਹਿਆ।

10 ਸੁਲੇਮਾਨ ਨੇ ਦੋ ਕਰੂਬੀ ਫ਼ਰਿਸ਼ਤੇ ਬਣਵਾ ਕੇ ਅੱਤ ਪਵਿੱਤਰ ਅਸਥਾਨ ਉੱਪਰ ਰੱਖੇ ਅਤੇ ਕਾਰੀਗਰਾਂ ਨੇ ਉਨ੍ਹਾਂ ਕਰੂਬੀ ਫ਼ਰਿਸ਼ਤਿਆਂ ਨੂੰ ਸੋਨੇ ਨਾਲ ਜੜ੍ਹਿਆ।

11 ਕਰੂਬੀ ਫਰਿਸਤਿਆਂ ਦੇ ਇੱਕ-ਇੱਕ ਖੰਭ ਦੀ ਲੰਬਾਈ ਪੰਜ ਹੱਥ ਸੀ ਅਤੇ ਕੁੱਲ ਮਿਲਾ ਕੇ ਖੰਭਾਂ ਦੀ ਲੰਬਾਈ 20 ਹੱਥ ਸੀ। ਪਹਿਲੇ ਕਰੂਬੀ ਫ਼ਰਿਸ਼ਤੇ ਦਾ ਇੱਕ ਖੰਭ ਕਮਰੇ ਦੀ ਇੱਕ ਪਾਸੇ ਦੀ ਕੰਧ ਨੂੰ ਛੂੰਹਦਾ ਸੀ ਅਤੇ ਇੱਕ ਖੰਭ ਦੂਜੇ ਕਰੂਬੀ ਫ਼ਰਿਸ਼ਤੇ ਦੇ ਖੰਭ ਨੂੰ ਛੂੰਹਦਾ ਸੀ।

12 ਅਤੇ ਦੂਜਾ ਖੰਭ ਦੂਜੇ ਕਰੂਬੀ ਦਾ ਕਮਰੇ ਦੀ ਕੰਧ ਦੀ ਦੂਜੀ ਦਿਸ਼ਾ ਨੂੰ ਛੂੰਹਦਾ ਸੀ।

13 ਇਉਂ ਉਨ੍ਹਾਂ ਦੋ ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਨੇ ਕੁੱਲ ਵੀਹ ਹੱਥ ਕੰਧ ਨੂੰ ਘੇਰਿਆ ਹੋਇਆ ਸੀ ਅਤੇ ਇਹ ਕਰੂਬੀ ਫਰਿਸ਼ਤੇ ਮੁੱਖ ਕਮਰੇ ਵੱਲ ਨੂੰ ਮੂੰਹ ਕਰਕੇ ਆਪਣੇ ਪੈਰਾਂ ਤੇ ਖਲੋਤੇ ਹੋਏ ਸਨ।

14 ਸੁਲੇਮਾਨ ਨੇ ਨੀਲੇ, ਬੈਂਗਣੀ ਅਤੇ ਕਿਰਮਚੀ ਰੰਗਾਂ ਦਾ ਮਹੀਨ ਕੱਪੜਾ ਲੈ ਕੇ ਪਰਦਾ ਬਣਵਾਇਆ ਅਤੇ ਉਸ ਪਰਦੇ ਉੱਪਰ ਕਰੂਬੀ ਫ਼ਰਿਸ਼ਤਿਆਂ ਦੀ ਕੱਢਾਈ ਕੀਤੀ।

15 ਉਸ ਨੇ ਮੰਦਰ ਦੇ ਅਗਲੇ ਹਿੱਸੇ ਲਈ 35 ਹੱਥ ਦੇ 2 ਥੰਮ ਬਣਵਾਏ ਅਤੇ ਹਰ ਇੱਕ ਦੀ ਚੋਟੀ ਉੱਪਰ ਪੰਜ-ਪੰਜ ਹੱਥ ਜਿੱਡਾ ਮੁਕਟ ਸੀ।

16 ਉਸ ਨੇ ਹਾਰ ਵਰਗੀਆਂ ਜ਼ੰਜੀਰਾਂ ਬਣਵਾਈਆਂ ਜਿਨ੍ਹਾਂ ਨੂੰ ਥੰਮਾਂ ਦੇ ਸਿਰਿਆਂ ਉੱਪਰ ਲਗਾਇਆ। ਅਤੇ 100 ਅਨਾਰ ਬਣਵਾ ਕੇ ਉਨ੍ਹਾਂ ਜੰਜੀਰਾਂ ਵਿੱਚ ਲਟਕਾ ਦਿੱਤਾ।

17 ਫ਼ਿਰ ਸੁਲੇਮਾਨ ਨੇ ਥੰਮਾਂ ਨੂੰ ਮੰਦਰ ਦੇ ਅਗਲੇ ਹਿੱਸੇ ਵਿੱਚ ਇੱਕ ਖੱਬੇ ਦੇ ਦੂਜਾ ਸੱਜੇ ਪਾਸੇ ਰੱਖ ਦਿੱਤਾ। ਉਸ ਨੇ ਸੱਜੇ ਪਾਸੇ ਵਾਲੇ ਥੰਮ ਦਾ ਨਾਂ “ਯਾਕੀਨ” ਅਤੇ ਖੱਬੇ ਪਾਸੇ ਵਾਲੇ ਥੰਮ ਦਾ ਨਾਂ “ਬੋਅਜ਼” ਰੱਖਿਆ।

Punjabi Holy Bible: Easy-to-Read Version

All rights reserved.

© 2002 Bible League International

Bible League International
Follow us:



Advertisements