Online Bible

- Advertisements -


ਫ਼ਿਲਿੱਪੈ 2 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ


ਮਸੀਹ ਦੀ ਅਧੀਨਤਾ ਅਤੇ ਮਹਾਨਤਾ

1 ਸੋ ਜੇ ਮਸੀਹ ਵਿੱਚ ਕੁਝ ਦਿਲਾਸਾ, ਜੇ ਪਿਆਰ ਦੀ ਕੁਝ ਤਸੱਲੀ, ਜੇ ਆਤਮਾ ਦੀ ਕੁਝ ਸਾਂਝ, ਜੇ ਕੁਝ ਦਿਆਲਗੀ ਅਤੇ ਦਰਦਮੰਦੀ ਹੈ।

2 ਤਾਂ ਮੇਰੇ ਅਨੰਦ ਨੂੰ ਪੂਰਾ ਕਰੋ ਕਿ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪਿਆਰ ਰੱਖੋ, ਇੱਕ ਚਿੱਤ, ਇੱਕ ਮੱਤ ਹੋਵੋ।

3 ਧੜੇਬਾਜ਼ੀਆਂ ਅਥਵਾ ਫੋਕੇ ਘਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।

4 ਤੁਹਾਡੇ ਵਿੱਚੋਂ ਹਰੇਕ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।

5 ਤੁਹਾਡਾ ਉਹੋ ਸੁਭਾਓ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ।

6 ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ।

7 ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ (ਜੋ ਕੁਝ ਉਸ ਕੋਲ ਸੀ, ਸਭ ਕੁਝ ਤਿਆਗ ਦਿੱਤਾ) ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ।

8 ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤੱਕ ਸਗੋਂ ਸਲੀਬ ਦੀ ਮੌਤ ਤੱਕ ਆਗਿਆਕਾਰ ਬਣਿਆ।

9 ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ।

10 ਜੋ ਸਵਰਗ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਯਿਸੂ ਦੇ ਨਾਮ ਵਿੱਚ ਹਰ ਗੋਡਾ ਨਿਵਾਇਆ ਜਾਵੇ।

11 ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੂ ਹੈ।


ਸਾਰਾ ਕੁਝ ਬੁੜ-ਬੁੜ ਕਰਨ ਤੋਂ ਬਿਨ੍ਹਾਂ ਕਰੋ

12 ਇਸ ਲਈ, ਹੇ ਮੇਰੇ ਪਿਆਰਿਓ, ਜਿਵੇਂ ਤੁਸੀਂ ਸਦਾ ਆਗਿਆਕਾਰੀ ਕੀਤੀ, ਸਿਰਫ਼ ਮੇਰੇ ਹੁੰਦਿਆਂ ਨਹੀਂ ਸਗੋਂ ਹੁਣ ਬਹੁਤ ਵਧੀਕ ਮੇਰੇ ਦੂਰ ਹੁੰਦਿਆਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ।

13 ਕਿਉਂ ਜੋ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ।

14 ਤੁਸੀਂ ਸੱਭੇ ਕੰਮ ਬੁੜ-ਬੁੜ ਅਤੇ ਝਗੜੇ ਕਰਨ ਤੋਂ ਬਿਨ੍ਹਾਂ ਕਰੋ।

15 ਤਾਂ ਜੋ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਧੇ ਹੋ ਕੇ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ੁਰ ਦੇ ਨਿਰਮਲ ਬਾਲਕ ਬਣੇ ਰਹੋ ਜਿੰਨ੍ਹਾ ਦੇ ਵਿੱਚ ਤੁਸੀਂ ਜੀਵਨ ਦਾ ਬਚਨ ਲੈ ਕੇ ਸੰਸਾਰ ਉੱਤੇ ਜੋਤਾਂ ਵਾਂਗੂੰ ਦਿਸਦੇ ਹੋ,

16 ਤਾਂ ਜੋ ਮਸੀਹ ਦੇ ਦਿਨ ਮੈਨੂੰ ਅਭਮਾਨ ਕਰਨ ਦਾ ਥਾਂ ਹੋਵੇ ਕਿ ਮੇਰੀ ਦੌੜ ਅਤੇ ਮੇਰੀ ਮਿਹਨਤ ਵਿਅਰਥ ਨਹੀਂ ਗਈ।

17 ਪਰ ਭਾਵੇਂ ਮੈਨੂੰ ਤੁਹਾਡੇ ਵਿਸ਼ਵਾਸ ਦੇ ਬਲੀਦਾਨ ਅਤੇ ਸੇਵਕਾਈ ਦੇ ਨਾਲ ਆਪਣਾ ਲਹੂ ਵੀ ਵਹਾਉਣਾ ਪਵੇ ਤਾਂ ਵੀ ਮੈਂ ਅਨੰਦ ਕਰਦਾ ਹਾਂ ਅਤੇ ਤੁਹਾਡੇ ਨਾਲ ਵੀ ਅਨੰਦ ਹਾਂ।

18 ਇਸੇ ਤਰ੍ਹਾਂ ਤੁਸੀਂ ਵੀ ਅਨੰਦ ਕਰੋ ਅਤੇ ਮੇਰੇ ਨਾਲ ਅਨੰਦ ਕਰੋ l


ਤਿਮੋਥਿਉਸ ਅਤੇ ਇਪਾਫ਼ਰੋਦੀਤੁਸ

19 ਪਰ ਮੈਨੂੰ ਪ੍ਰਭੂ ਯਿਸੂ ਉੱਤੇ ਇਹ ਆਸ ਹੈ ਜੋ ਤਿਮੋਥਿਉਸ ਨੂੰ ਛੇਤੀ ਤੁਹਾਡੇ ਕੋਲ ਭੇਜਾਂਗਾ ਜੋ ਤੁਹਾਡੀਆਂ ਬੀਤੀਆਂ ਸੁਣਨ ਤੋਂ ਮੇਰਾ ਮਨ ਵੀ ਸ਼ਾਂਤ ਹੋਵੇ।

20 ਕਿਉਂਕਿ ਉਹ ਦੇ ਵਰਗਾ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ।

21 ਕਿਉਂ ਜੋ ਸਾਰੇ ਆਪੋ ਆਪਣੇ ਮਤਲਬ ਦੇ ਯਾਰ ਹਨ, ਨਾ ਕਿ ਯਿਸੂ ਮਸੀਹ ਦੇ।

22 ਪਰ ਉਹ ਦੀ ਖੂਬੀ ਤੁਸੀਂ ਜਾਣ ਚੁੱਕੇ ਹੋ ਭਈ ਜਿਵੇਂ ਪੁੱਤਰ ਪਿਉ ਦੀ ਸੇਵਾ ਕਰਦਾ ਹੈ ਤਿਵੇਂ ਉਸ ਨੇ ਮੇਰੇ ਨਾਲ ਖੁਸ਼ਖਬਰੀ ਦੀ ਸੇਵਾ ਕੀਤੀ।

23 ਸੋ ਮੈਨੂੰ ਆਸ ਹੈ ਕਿ ਜਿਸ ਵੇਲੇ ਵੇਖ ਲਵਾਂ ਜੋ ਮੇਰਾ ਕੀ ਹਾਲ ਹੋਵੇਗਾ ਤਾਂ ਝੱਟ ਉਹ ਨੂੰ ਭੇਜ ਦਿਆਂ।

24 ਪਰ ਮੈਨੂੰ ਪ੍ਰਭੂ ਉੱਤੇ ਪਰਤੀਤ ਹੈ ਜੋ ਆਪ ਵੀ ਛੇਤੀ ਆਵਾਂਗਾ।

25 ਪਰ ਇਪਾਫ਼ਰੋਦੀਤੁਸ ਜੋ ਮੇਰਾ ਭਰਾ ਅਤੇ ਮੇਰਾ ਸਹਿਕਰਮੀ ਅਤੇ ਮੇਰੇ ਨਾਲ ਦਾ ਸਿਪਾਹੀ ਅਤੇ ਤੁਹਾਡਾ ਸੰਦੇਸੀ ਅਤੇ ਮੇਰੀ ਥੁੜ ਦਾ ਪੂਰਾ ਕਰਨ ਵਾਲਾ ਹੈ ਮੈਂ ਉਸ ਨੂੰ ਤੁਹਾਡੇ ਕੋਲ ਘੱਲਣਾ ਜ਼ਰੂਰੀ ਜਾਣਿਆ।

26 ਕਿਉਂ ਜੋ ਉਹ ਤੁਹਾਨੂੰ ਸਭਨਾਂ ਨੂੰ ਬਹੁਤ ਲੋਚਦਾ ਸੀ ਅਤੇ ਤੁਸੀਂ ਜੋ ਸੁਣਿਆ ਸੀ ਕਿ ਉਹ ਬਿਮਾਰ ਪਿਆ ਹੈ ਇਸ ਕਰਕੇ ਉਹ ਉਦਾਸ ਰਹਿੰਦਾ ਸੀ

27 ਅਤੇ ਉਹ ਤਾਂ ਸੱਚੀ ਮੁੱਚੀ ਬਿਮਾਰ ਸੀ ਸਗੋਂ ਮਰਨ ਵਾਲਾ ਹੋ ਗਿਆ ਸੀ ਪਰੰਤੂ ਪਰਮੇਸ਼ੁਰ ਨੇ ਉਸ ਉੱਤੇ ਦਯਾ ਕੀਤੀ ਅਤੇ ਸਿਰਫ਼ ਉਸੇ ਉੱਤੇ ਨਹੀਂ ਸਗੋਂ ਮੇਰੇ ਉੱਤੇ ਵੀ ਮਤੇ ਮੈਨੂੰ ਸੋਗ ਤੋਂ ਸੋਗ ਨਾ ਹੋਵੇ।

28 ਇਸ ਲਈ ਮੈਂ ਹੋਰ ਵੀ ਯਤਨ ਕਰਕੇ ਉਹ ਨੂੰ ਭੇਜਿਆ ਭਈ ਤੁਸੀਂ ਉਹ ਨੂੰ ਫੇਰ ਵੇਖ ਕੇ ਅਨੰਦ ਹੋਵੋ ਅਤੇ ਮੇਰਾ ਵੀ ਸੋਗ ਘੱਟ ਜਾਵੇ।

29 ਸੋ ਤੁਸੀਂ ਉਹ ਨੂੰ ਪ੍ਰਭੂ ਵਿੱਚ ਪੂਰੇ ਅਨੰਦ ਨਾਲ ਕਬੂਲ ਕਰੋ ਅਤੇ ਅਜਿਹਿਆਂ ਦਾ ਆਦਰ ਕਰੋ।

30 ਇਸ ਕਰਕੇ ਜੋ ਉਹ ਮਸੀਹ ਦੇ ਕੰਮ ਲਈ ਮੌਤ ਦੇ ਮੂੰਹ ਵਿੱਚ ਆਇਆ ਕਿਉਂ ਜੋ ਮੇਰੀ ਸੇਵਾ ਕਰਨ ਵਿੱਚ ਜੋ ਤੁਹਾਡੀ ਵੱਲੋਂ ਥੁੜ ਸੀ ਉਹ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਜਾਨ ਤਲੀ ਉੱਤੇ ਧਰੀ।

PNB-IRV

Creative Commons License

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.

Bridge Connectivity Solutions Pvt. Ltd.
Follow us:



Advertisements