ਫ਼ਿਲਿੱਪੈ 4 - ਪਵਿੱਤਰ ਬਾਈਬਲ (Revised Common Language North American Edition)ਹਿਦਾਇਤਾਂ 1 ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਮੇਰੇ ਮਨ ਵਿੱਚ ਤੁਹਾਡੇ ਲਈ ਬਹੁਤ ਪਿਆਰ ਅਤੇ ਤਾਂਘ ਹੈ । ਤੁਸੀਂ ਮੇਰਾ ਅਨੰਦ ਅਤੇ ਮੇਰਾ ਮੁਕਟ ਹੋ । ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਪੱਕੇ ਰਹੋ । 2 ਮੈਂ ਯੂਓਦਿਆ ਅਤੇ ਸੁੰਤੁਖੇ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਪ੍ਰਭੂ ਵਿੱਚ ਇੱਕ ਮਨ ਹੋ ਜਾਣ । 3 ਮੈਂ ਤੇਰੇ ਅੱਗੇ ਵੀ ਜਿਹੜਾ ਮੇਰੀ ਸੇਵਾ ਵਿੱਚ ਸਾਂਝੀਦਾਰ ਹੈਂ, ਬੇਨਤੀ ਕਰਦਾ ਹਾਂ ਕਿ ਤੂੰ ਉਹਨਾਂ ਔਰਤਾਂ ਦੀ ਮਦਦ ਕਰ, ਉਹਨਾਂ ਨੇ ਕਲੈਮੰਸ ਅਤੇ ਦੂਜੇ ਸਾਥੀਆਂ ਦੇ ਨਾਲ ਸ਼ੁਭ ਸਮਾਚਾਰ ਦੀ ਸੇਵਾ ਵਿੱਚ ਮੇਰਾ ਪੂਰਾ ਸਾਥ ਦਿੱਤਾ ਸੀ । ਉਹਨਾਂ ਸਾਰਿਆਂ ਦੇ ਨਾਂ ਜੀਵਨ ਦੀ ਪੁਸਤਕ ਵਿੱਚ ਹਨ । 4 ਪ੍ਰਭੂ ਵਿੱਚ ਹਮੇਸ਼ਾ ਅਨੰਦਿਤ ਰਹੋ । ਮੈਂ ਫਿਰ ਕਹਿੰਦਾ ਹਾਂ ਕਿ ਅਨੰਦਿਤ ਰਹੋ ! 5 ਸਾਰੇ ਮਨੁੱਖਾਂ ਦੇ ਨਾਲ ਨਿਮਰਤਾ ਵਾਲਾ ਵਰਤਾਅ ਕਰੋ । ਪ੍ਰਭੂ ਨੇੜੇ ਹਨ । 6 ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਹਾਲਤ ਵਿੱਚ ਆਪਣੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਨੂੰ ਧੰਨਵਾਦ ਨਾਲ ਪਰਮੇਸ਼ਰ ਦੇ ਸਾਹਮਣੇ ਪੇਸ਼ ਕਰੋ 7 ਅਤੇ ਪਰਮੇਸ਼ਰ ਦੀ ਸ਼ਾਂਤੀ ਜਿਹੜੀ ਸਾਡੀ ਸਾਰੀ ਸਮਝ ਤੋਂ ਬਾਹਰ ਹੈ ਮਸੀਹ ਯਿਸੂ ਵਿੱਚ ਤੁਹਾਡੇ ਮਨਾਂ ਅਤੇ ਵਿਚਾਰਾਂ ਦੀ ਰਾਖੀ ਕਰੇਗੀ । 8 ਅੰਤ ਵਿੱਚ, ਮੇਰੇ ਭਰਾਵੋ ਅਤੇ ਭੈਣੋ, ਜੋ ਕੁਝ ਸੱਚਾ ਹੈ, ਜੋ ਕੁਝ ਭਲਾ ਹੈ, ਜੋ ਕੁਝ ਠੀਕ ਹੈ, ਜੋ ਕੁਝ ਸ਼ੁੱਧ ਹੈ, ਜੋ ਕੁਝ ਵਡਿਆਈ ਦੇ ਯੋਗ ਹੈ ਜੋ ਕੁਝ ਸੁੰਦਰ ਹੈ ਅਤੇ ਜੇ ਕੁਝ ਉੱਤਮ ਅਤੇ ਪ੍ਰਸ਼ੰਸਾ ਦੇ ਯੋਗ ਹੈ, ਇਹਨਾਂ ਉੱਤੇ ਵਿਚਾਰ ਕਰੋ । 9 ਜੋ ਕੁਝ ਤੁਸੀਂ ਮੇਰੇ ਕੋਲੋਂ ਸਿੱਖਿਆ ਅਤੇ ਪ੍ਰਾਪਤ ਕੀਤਾ ਅਤੇ ਸੁਣਿਆ ਅਤੇ ਮੇਰੇ ਵਿੱਚ ਦੇਖਿਆ ਹੈ, ਉਹਨਾਂ ਦੀ ਵਰਤੋਂ ਆਪਣੇ ਜੀਵਨ ਵਿੱਚ ਕਰੋ ਅਤੇ ਸ਼ਾਂਤੀ ਦੇ ਪਰਮੇਸ਼ਰ ਤੁਹਾਡੇ ਨਾਲ ਹੋਣਗੇ । ਦਾਨ ਦੇ ਲਈ ਧੰਨਵਾਦ 10 ਮੈਨੂੰ ਮਸੀਹ ਦੇ ਵਿੱਚ ਬਹੁਤ ਅਨੰਦ ਹੋਇਆ ਹੈ ਕਿ ਇੰਨੇ ਸਮੇਂ ਬਾਅਦ ਤੁਹਾਡੇ ਮਨਾਂ ਵਿੱਚ ਮੇਰੇ ਲਈ ਫਿਰ ਚਿੰਤਾ ਜਾਗੀ ਹੈ ਭਾਵੇਂ ਤੁਸੀਂ ਮੇਰੇ ਲਈ ਚਿੰਤਾ ਕਰਦੇ ਰਹੇ ਹੋ ਪਰ ਤੁਹਾਨੂੰ ਇਹ ਦਿਖਾਉਣ ਦਾ ਮੌਕਾ ਨਹੀਂ ਮਿਲਿਆ । 11 ਇਹ ਮੈਂ ਸਭ ਇਸ ਲਈ ਨਹੀਂ ਕਹਿ ਰਿਹਾ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਹੈ ਕਿਉਂਕਿ ਮੈਂ ਹਰ ਹਾਲਤ ਵਿੱਚ ਸੰਤੁਸ਼ਟ ਰਹਿਣਾ ਸਿੱਖ ਲਿਆ ਹੈ । 12 ਮੈਂ ਗ਼ਰੀਬੀ ਵਿੱਚ ਰਹਿਣਾ ਸਿੱਖਿਆ ਹੈ ਅਤੇ ਮੈਂ ਖ਼ੁਸ਼ਹਾਲੀ ਵਿੱਚ ਰਹਿਣਾ ਸਿੱਖਿਆ ਹੈ । ਮੈਂ ਹਰ ਹਾਲਤ ਵਿੱਚ ਸੰਤੁਸ਼ਟ ਰਹਿਣ ਦਾ ਭੇਤ ਸਿੱਖ ਲਿਆ ਹੈ ਭਾਵੇਂ ਮੈਂ ਰੱਜਿਆ ਹੋਵਾਂ ਜਾਂ ਭੁੱਖਾ ਹੋਵਾਂ ਭਾਵੇਂ ਮੈਂ ਖ਼ੁਸ਼ਹਾਲ ਹੋਵਾਂ ਜਾਂ ਲੋੜਵੰਦ ਹੋਵਾਂ । 13 ਜਿਹੜੇ ਮੈਨੂੰ ਸਮਰੱਥਾ ਦਿੰਦੇ ਹਨ ਉਹਨਾਂ ਦੇ ਦੁਆਰਾ ਮੈਂ ਸਭ ਕੁਝ ਕਰ ਸਕਦਾ ਹਾਂ । 14 ਫਿਰ ਵੀ ਇਹ ਤੁਹਾਡੀ ਬੜੀ ਕਿਰਪਾ ਹੈ ਕਿ ਤੁਸੀਂ ਮੇਰੇ ਦੁੱਖ ਵਿੱਚ ਮੇਰਾ ਸਾਥ ਦਿੱਤਾ ਹੈ । 15 ਹੇ ਫ਼ਿਲਿੱਪੈ ਨਿਵਾਸੀਓ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸ਼ੁਭ ਸਮਾਚਾਰ ਦੇ ਪ੍ਰਚਾਰ ਦੇ ਆਰੰਭ ਵਿੱਚ ਜਦੋਂ ਮੈਂ ਮਕਦੂਨਿਯਾ ਤੋਂ ਵਿਦਾ ਲਈ ਸੀ ਤਾਂ ਤੁਹਾਡੇ ਸਿਵਾਏ ਕਿਸੇ ਵੀ ਕਲੀਸੀਯਾ ਨੇ ਆਰਥਿਕ ਸਹਾਇਤਾ ਵਿੱਚ ਮੇਰੀ ਮਦਦ ਨਾ ਕੀਤੀ । 16 ਇੱਥੋਂ ਤੱਕ ਕਿ ਜਦੋਂ ਮੈਂ ਥਸਲੁਨੀਕਾ ਵਿੱਚ ਸੀ ਤਾਂ ਤੁਸੀਂ ਉੱਥੇ ਵੀ ਮੇਰੀ ਲੋੜ ਨੂੰ ਪੂਰਾ ਕਰਨ ਦੇ ਲਈ ਕਈ ਵਾਰ ਮਦਦ ਭੇਜੀ । 17 ਇਹ ਨਹੀਂ ਕਿ ਮੈਂ ਆਪਣੇ ਲਈ ਕੋਈ ਦਾਨ ਚਾਹੁੰਦਾ ਹਾਂ ਸਗੋਂ ਮੈਂ ਚਾਹੁੰਦਾ ਹਾਂ ਕਿ ਉਹ ਫਲ ਤੁਹਾਡੇ ਲੇਖੇ ਵਿੱਚ ਵੱਧਦਾ ਜਾਵੇ । 18 ਮੇਰੇ ਕੋਲ ਸਭ ਕੁਝ ਹੈ ਸਗੋਂ ਭਰਪੂਰੀ ਨਾਲ ਹੈ । ਤੁਹਾਡੇ ਵੱਲੋਂ ਇਪਾਫ਼ਰੋਦੀਤੁਸ ਦੇ ਰਾਹੀਂ ਭੇਜੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਕੇ ਮੈਂ ਸੰਤੁਸ਼ਟ ਹੋ ਗਿਆ ਹਾਂ । ਉਹ ਚੀਜ਼ਾਂ ਇੱਕ ਮਿੱਠੀ ਸੁਗੰਧ ਅਤੇ ਪ੍ਰਵਾਨਯੋਗ ਬਲੀਦਾਨ ਹਨ ਜਿਹੜੀਆਂ ਪਰਮੇਸ਼ਰ ਨੂੰ ਭਾਉਂਦੀਆਂ ਹਨ 19 ਅਤੇ ਮੇਰੇ ਪਰਮੇਸ਼ਰ ਤੁਹਾਡੀ ਹਰ ਇੱਕ ਲੋੜ ਨੂੰ ਮਸੀਹ ਯਿਸੂ ਦੇ ਦੁਆਰਾ ਆਪਣੇ ਭਰੇ ਖ਼ਜ਼ਾਨੇ ਵਿੱਚੋਂ ਪੂਰਾ ਕਰਨਗੇ । 20 ਸਾਡੇ ਪਰਮੇਸ਼ਰ ਅਤੇ ਪਿਤਾ ਦੀ ਵਡਿਆਈ ਅਨੰਤਕਾਲ ਤੱਕ ਹੁੰਦੀ ਰਹੇ । ਆਮੀਨ ! ਅੰਤਮ ਨਮਸਕਾਰ 21 ਮੇਰਾ ਨਮਸਕਾਰ ਮਸੀਹ ਯਿਸੂ ਦੇ ਹਰ ਪਵਿੱਤਰ ਵਿਸ਼ਵਾਸੀ ਨੂੰ ਦੇਣਾ, ਜਿਹੜੇ ਵਿਸ਼ਵਾਸੀ ਮੇਰੇ ਨਾਲ ਹਨ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਕਹਿੰਦੇ ਹਨ । 22 ਪਰਮੇਸ਼ਰ ਦੇ ਸਾਰੇ ਲੋਕ ਖ਼ਾਸ ਕਰ ਕੇ ਰੋਮੀ ਸਮਰਾਟ ਦਾ ਪਰਿਵਾਰ ਤੁਹਾਨੂੰ ਨਮਸਕਾਰ ਕਹਿੰਦੇ ਹਨ । 23 ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਹੋਵੇ । |
Punjabi Common Language (North American Version):
Text © 2021 Canadian Bible Society and Bible Society of India
Bible Society of India