Online Bible

- Advertisements -


ਫ਼ਿਲਿੱਪੈ 3 - ਪਵਿੱਤਰ ਬਾਈਬਲ (Revised Common Language North American Edition)


ਅਸਲੀ ਨੇਕੀ

1 ਅੰਤ ਵਿੱਚ, ਮੇਰੇ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਅਨੰਦਿਤ ਰਹੋ । ਮੈਂ ਜੋ ਕੁਝ ਪਹਿਲਾਂ ਕਹਿ ਚੁੱਕਾ ਹਾਂ, ਫਿਰ ਕਹਿ ਰਿਹਾ ਹਾਂ । ਮੈਨੂੰ ਇਸ ਤੋਂ ਕੋਈ ਦੁੱਖ ਨਹੀਂ ਹੈ ਕਿਉਂਕਿ ਇਹ ਤੁਹਾਡੀ ਸੁਰੱਖਿਆ ਦੇ ਲਈ ਹੈ ।

2 ਉਹਨਾਂ ਕੁੱਤਿਆਂ ਤੋਂ, ਦੁਸ਼ਟਾਂ ਤੋਂ ਅਤੇ ਸੁੰਨਤ ਕਰਨ ਵਾਲਿਆਂ ਤੋਂ ਸਾਵਧਾਨ ਰਹੋ !

3 ਸੁੰਨਤੀ ਤਾਂ ਅਸੀਂ ਹਾਂ ਕਿਉਂਕਿ ਅਸੀਂ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਭਗਤੀ ਕਰਦੇ ਹਾਂ । ਸਾਡਾ ਮਾਣ ਕੇਵਲ ਮਸੀਹ ਯਿਸੂ ਉੱਤੇ ਹੈ । ਅਸੀਂ ਸਰੀਰ ਉੱਤੇ ਭਰੋਸਾ ਨਹੀਂ ਕਰਦੇ,

4 ਭਾਵੇਂ ਮੇਰੇ ਕੋਲ ਇਸ ਉੱਤੇ ਭਰੋਸਾ ਕਰਨ ਦੇ ਕਾਰਨ ਹਨ । ਜੇਕਰ ਕੋਈ ਸੋਚਦਾ ਹੈ ਕਿ ਉਸ ਦੇ ਕੋਲ ਸਰੀਰ ਉੱਤੇ ਭਰੋਸਾ ਕਰਨ ਦੇ ਕਾਰਨ ਹਨ ਤਾਂ ਮੇਰੇ ਕੋਲ ਉਸ ਤੋਂ ਵੀ ਜ਼ਿਆਦਾ ਹਨ ।

5 ਅਠਵੇਂ ਦਿਨ ਮੇਰੀ ਸੁੰਨਤ ਕੀਤੀ ਗਈ, ਮੈਂ ਇਸਰਾਏਲੀ ਕੌਮ ਵਿੱਚੋਂ ਹਾਂ, ਬਿਨਯਾਮੀਨ ਦੀ ਕੁਲ ਵਿੱਚੋਂ ਹਾਂ, ਇਬਰਾਨੀਆਂ ਵਿੱਚੋਂ ਇੱਕ ਇਬਰਾਨੀ ਹਾਂ । ਵਿਵਸਥਾ ਦੇ ਸੰਬੰਧ ਵਿੱਚ ਇੱਕ ਫ਼ਰੀਸੀ ਹਾਂ,

6 ਮੈਂ ਇੰਨਾ ਅਣਖੀ ਸੀ ਕਿ ਮੈਂ ਕਲੀਸੀਯਾ ਦੇ ਉੱਤੇ ਅੱਤਿਆਚਾਰ ਕੀਤੇ ਅਤੇ ਵਿਵਸਥਾ ਨੂੰ ਪੂਰਾ ਕਰਨ ਵਿੱਚ ਮੈਂ ਨਿਰਦੋਸ਼ ਸੀ ।

7 ਪਰ ਇਹਨਾਂ ਸਭ ਗੱਲਾਂ ਨੂੰ ਜਿਹੜੀਆਂ ਮੇਰੇ ਲਾਭ ਦੀਆਂ ਸਨ ਮੈਂ ਮਸੀਹ ਦੇ ਕਾਰਨ ਹਾਨੀ ਸਮਝਦਾ ਹਾਂ ।

8 ਇਹ ਹੀ ਨਹੀਂ, ਮੈਂ ਇਹ ਜਾਣਦੇ ਹੋਏ ਕਿ ਮਸੀਹ ਯਿਸੂ ਸਭ ਚੀਜ਼ਾਂ ਨਾਲੋਂ ਉੱਤਮ ਹਨ, ਉਹਨਾਂ ਦੇ ਕਾਰਨ ਮੈਂ ਸਭ ਚੀਜ਼ਾਂ ਨੂੰ ਹਾਨੀ ਸਮਝਦਾ ਹਾਂ ਅਤੇ ਮੈਂ ਸਭ ਕੁਝ ਤਿਆਗ ਦਿੱਤਾ ਹੈ । ਮੈਂ ਇਹਨਾਂ ਚੀਜ਼ਾਂ ਨੂੰ ਕੂੜਾ ਸਮਝਦਾ ਹਾਂ ਤਾਂ ਜੋ ਇਹਨਾਂ ਦੇ ਬਦਲੇ ਮੈਨੂੰ ਮਸੀਹ ਮਿਲ ਜਾਣ,

9 ਅਤੇ ਮੈਂ ਉਹਨਾਂ ਵਿੱਚ ਪਾਇਆ ਜਾਵਾਂ, ਮੈਂ ਵਿਵਸਥਾ ਦੁਆਰਾ ਪ੍ਰਾਪਤ ਕੀਤੀ ਨੇਕੀ ਦੀ ਇੱਛਾ ਨਹੀਂ ਰੱਖਦਾ ਸਗੋਂ ਉਸ ਨੇਕੀ ਦੀ ਇੱਛਾ ਰੱਖਦਾ ਹਾਂ ਜਿਹੜੀ ਮਸੀਹ ਵਿੱਚ ਵਿਸ਼ਵਾਸ ਕਰਨ ਦੁਆਰਾ ਮਿਲਦੀ ਹੈ ਜਿਹੜੀ ਪਰਮੇਸ਼ਰ ਆਪ ਵਿਸ਼ਵਾਸ ਕਰਨ ਦੁਆਰਾ ਦਿੰਦੇ ਹਨ ।

10 ਮੈਂ ਕੇਵਲ ਮਸੀਹ ਅਤੇ ਉਹਨਾਂ ਦੇ ਪੁਨਰ-ਉਥਾਨ ਦੀ ਸਮਰੱਥਾ ਨੂੰ ਜਾਨਣ ਦੀ ਇੱਛਾ ਰੱਖਦਾ ਹਾਂ ਅਤੇ ਮੈਂ ਉਹਨਾਂ ਦੇ ਦੁੱਖਾਂ ਦਾ ਸਾਂਝੀਦਾਰ ਅਤੇ ਉਹਨਾਂ ਦੀ ਮੌਤ ਦੇ ਵਿੱਚ ਉਹਨਾਂ ਵਰਗਾ ਹੋਣ ਦੀ ਇੱਛਾ ਰੱਖਦਾ ਹਾਂ

11 ਤਾਂ ਜੋ ਮੈਂ ਕਿਸੇ ਤਰ੍ਹਾਂ ਮਰਨ ਦੇ ਬਾਅਦ ਫਿਰ ਜੀਅ ਉੱਠਾਂ ।


ਨਿਸ਼ਾਨੇ ਦੇ ਵੱਲ ਦੌੜ

12 ਇਹ ਨਹੀਂ ਕਿ ਮੈਂ ਸਭ ਕੁਝ ਪ੍ਰਾਪਤ ਕਰ ਲਿਆ ਹੈ ਜਾਂ ਮੈਂ ਸੰਪੂਰਨ ਕਰ ਦਿੱਤਾ ਗਿਆ ਹਾਂ ਪਰ ਮੈਂ ਪੂਰੇ ਯਤਨ ਨਾਲ ਇਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਸ ਦੇ ਲਈ ਮਸੀਹ ਯਿਸੂ ਨੇ ਮੈਨੂੰ ਜਿੱਤ ਲਿਆ ਸੀ ।

13 ਮੇਰੇ ਭਰਾਵੋ ਅਤੇ ਭੈਣੋ, ਮੈਂ ਅਜੇ ਇਹ ਨਹੀਂ ਸੋਚਦਾ ਕਿ ਮੈਂ ਪ੍ਰਾਪਤ ਕਰ ਲਿਆ ਹੈ ਪਰ ਮੈਂ ਇਹ ਕਰ ਰਿਹਾ ਹਾਂ ਕਿ ਮੈਂ ਪਿਛਲਾ ਸਭ ਕੁਝ ਭੁੱਲ ਕੇ ਉਸ ਵੱਲ ਵੱਧਦਾ ਜਾਵਾਂ ਜੋ ਅੱਗੇ ਹੈ ।

14 ਮੈਂ ਪਰਮੇਸ਼ਰ ਦੇ ਸੱਦੇ ਦੇ ਅਨੁਸਾਰ ਮਸੀਹ ਯਿਸੂ ਵਿੱਚ ਅਨੰਤ ਜੀਵਨ ਦੇ ਇਨਾਮ ਦੀ ਪ੍ਰਾਪਤੀ ਦੇ ਲਈ ਨਿਸ਼ਾਨੇ ਵੱਲ ਦੌੜ ਰਿਹਾ ਹਾਂ ।

15 ਇਸ ਲਈ ਸਾਡੇ ਵਿੱਚੋਂ ਜਿਹੜੇ ਆਤਮਿਕ ਤੌਰ ਤੇ ਸਿਆਣੇ ਹਨ ਉਹਨਾਂ ਨੂੰ ਇਸੇ ਤਰ੍ਹਾਂ ਸੋਚਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਕਿਸੇ ਹੋਰ ਢੰਗ ਨਾਲ ਸੋਚ ਰਹੇ ਹੋ ਤਾਂ ਪਰਮੇਸ਼ਰ ਇਹ ਵੀ ਤੁਹਾਡੇ ਉੱਤੇ ਪ੍ਰਗਟ ਕਰ ਦੇਣਗੇ ।

16 ਪਰ ਫਿਰ ਵੀ, ਅਸੀਂ ਜੋ ਪ੍ਰਾਪਤ ਕਰ ਲਿਆ ਹੈ ਉਸੇ ਦੇ ਅਨੁਸਾਰ ਚੱਲੀਏ ।

17 ਭਰਾਵੋ ਅਤੇ ਭੈਣੋ, ਮੇਰੇ ਵਰਗੇ ਬਣੋ, ਅਸੀਂ ਤੁਹਾਡੇ ਲਈ ਉਦਾਹਰਨ ਕਾਇਮ ਕਰ ਦਿੱਤੀ ਹੈ ਅਤੇ ਉਹਨਾਂ ਦੇ ਜੀਵਨ ਵੱਲ ਧਿਆਨ ਦੇਵੋ ਜਿਹੜੇ ਸਾਡੇ ਵਾਂਗ ਜੀਵਨ ਬਤੀਤ ਕਰਦੇ ਹਨ ।

18 ਮੈਂ ਤੁਹਾਨੂੰ ਅਕਸਰ ਦੱਸਿਆ ਹੈ ਅਤੇ ਹੁਣ ਇੱਕ ਵਾਰ ਫਿਰ ਅੱਥਰੂ ਵਹਾ ਕੇ ਦੱਸ ਰਿਹਾ ਹਾਂ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਮਸੀਹ ਦੀ ਸਲੀਬ ਦੇ ਵੈਰੀਆਂ ਵਾਂਗ ਜੀਵਨ ਬਤੀਤ ਕਰ ਰਹੇ ਹਨ ।

19 ਉਹਨਾਂ ਦਾ ਅੰਤ ਨਾਸ਼ ਹੈ । ਉਹਨਾਂ ਦੀਆਂ ਸਰੀਰਕ ਇੱਛਾਵਾਂ ਉਹਨਾਂ ਦੇ ਦੇਵਤੇ ਹਨ । ਉਹ ਆਪਣੀਆਂ ਸ਼ਰਮਨਾਕ ਗੱਲਾਂ ਉੱਤੇ ਘਮੰਡ ਕਰਦੇ ਹਨ ਅਤੇ ਉਹਨਾਂ ਦੇ ਮਨ ਕੇਵਲ ਸੰਸਾਰਕ ਚੀਜ਼ਾਂ ਉੱਤੇ ਲੱਗੇ ਹੋਏ ਹਨ ।

20 ਪਰ ਅਸੀਂ ਸਵਰਗ ਦੇ ਨਾਗਰਿਕ ਹਾਂ । ਇਸ ਲਈ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੇ ਸਵਰਗ ਤੋਂ ਆਉਣ ਦੀ ਉਡੀਕ ਵਿੱਚ ਹਾਂ ।

21 ਉਹ ਹੀ ਸਾਡੇ ਨਾਸ਼ਵਾਨ ਸਰੀਰਾਂ ਨੂੰ ਆਪਣੀ ਉਸ ਮੁਕਤੀ ਦੇ ਨਾਲ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਉਦੇਸ਼ ਦੀ ਪੂਰਤੀ ਦੇ ਲਈ ਆਪਣੇ ਅਧੀਨ ਰੱਖਦੇ ਹਨ, ਆਪਣੇ ਤੇਜਵਾਨ ਸਰੀਰ ਦੀ ਤਰ੍ਹਾਂ ਬਦਲ ਦੇਣਗੇ ।

Punjabi Common Language (North American Version):

Text © 2021 Canadian Bible Society and Bible Society of India

Bible Society of India
Follow us:



Advertisements