ਯੂਹੰਨਾ 1 - ਪੰਜਾਬੀ ਮੌਜੂਦਾ ਤਰਜਮਾਸ਼ਬਦ ਦਾ ਸਰੀਰ ਧਾਰਨ ਕਰਨਾ 1 ਸ਼ਰੂਆਤ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ। 2 ਇਹੀ ਸ਼ਬਦ ਸ਼ਰੂਆਤ ਵਿੱਚ ਪਰਮੇਸ਼ਵਰ ਦੇ ਨਾਲ ਸੀ। 3 ਸਾਰੀਆਂ ਚੀਜ਼ਾਂ ਉਸ ਦੇ ਦੁਆਰਾ ਬਣਾਈਆਂ ਗਈਆਂ ਉਸ ਦੇ ਬਿਨਾਂ ਕੁਝ ਵੀ ਨਹੀਂ ਬਣਿਆ। 4 ਜੀਵਨ ਉਸੇ ਸ਼ਬਦ ਵਿੱਚ ਸੀ ਅਤੇ ਉਹ ਜੀਵਨ ਮਨੁੱਖ ਦੇ ਲਈ ਜੋਤੀ ਸੀ। 5 ਉਹ ਜੋਤੀ ਹਨੇਰੇ ਵਿੱਚ ਚਮਕਦੀ ਹੈ, ਹਨੇਰਾ ਉਸ ਉੱਤੇ ਭਾਰੀ ਨਹੀਂ ਹੋ ਸਕਿਆ। 6 ਪਰਮੇਸ਼ਵਰ ਨੇ ਯੋਹਨ ਨਾਮ ਦੇ ਇੱਕ ਵਿਅਕਤੀ ਨੂੰ ਭੇਜਿਆ। 7 ਉਹ ਜੋਤੀ ਦੇ ਬਾਰੇ ਗਵਾਹੀ ਦੇਣ ਆਇਆ ਤਾਂ ਜੋ ਹਰ ਕੋਈ ਉਸ ਦੇ ਰਾਹੀਂ ਜੋਤੀ ਤੇ ਵਿਸ਼ਵਾਸ ਕਰਨ। 8 ਯੋਹਨ ਆਪ ਜੋਤੀ ਤਾਂ ਨਹੀਂ ਸੀ ਪਰ ਉਹ ਜੋਤੀ ਦੀ ਗਵਾਹੀ ਦੇਣ ਆਇਆ ਸੀ। 9 ਸੱਚੀ ਜੋਤੀ ਇਸ ਸੰਸਾਰ ਵਿੱਚ ਆਉਣ ਵਾਲੀ ਸੀ, ਜੋ ਹਰ ਇੱਕ ਵਿਅਕਤੀ ਨੂੰ ਰੋਸ਼ਨੀ ਦਿੰਦੀ ਹੈ। 10 ਸ਼ਬਦ ਪਹਿਲਾਂ ਸੰਸਾਰ ਵਿੱਚ ਸੀ ਅਤੇ ਸ਼ਬਦ ਦੇ ਰਾਹੀਂ ਸੰਸਾਰ ਬਣਾਇਆ ਗਿਆ ਪਰ ਸੰਸਾਰ ਨੇ ਉਸ ਨੂੰ ਨਹੀਂ ਪਹਿਚਾਣਿਆ। 11 ਉਹ ਆਪਣੇ ਲੋਕਾਂ ਕੋਲ ਆਇਆ ਪਰ ਲੋਕਾਂ ਨੇ ਉਸ ਨੂੰ ਕਬੂਲ ਨਹੀਂ ਕੀਤਾ। 12 ਪਰ ਜਿੰਨ੍ਹਿਆਂ ਲੋਕਾਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ, ਉਹਨਾਂ ਸਾਰਿਆਂ ਨੂੰ ਉਸ ਨੇ ਪਰਮੇਸ਼ਵਰ ਦੀ ਔਲਾਦ ਹੋਣ ਦਾ ਹੱਕ ਦਿੱਤਾ; 13 ਉਸ ਦਾ ਜਨਮ ਨਾ ਤਾਂ ਲਹੂ ਤੋਂ, ਨਾ ਸਰੀਰਕ ਇੱਛਾ ਤੋਂ ਅਤੇ ਨਾ ਹੀ ਮਨੁੱਖਾਂ ਦੀ ਇੱਛਾ ਤੋਂ, ਪਰ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ। 14 ਸ਼ਬਦ ਨੇ ਸਰੀਰ ਧਾਰਨ ਕਰਕੇ ਸਾਡੇ ਵਿੱਚਕਾਰ ਤੰਬੂ ਦੇ ਸਮਾਨ ਵਾਸ ਕੀਤਾ ਅਤੇ ਅਸੀਂ ਉਸ ਦੇ ਪ੍ਰਤਾਪ ਨੂੰ ਵੇਖਿਆ, ਅਜਿਹਾ ਪ੍ਰਤਾਪ, ਜੋ ਪਿਤਾ ਦੇ ਇੱਕਲੌਤੇ ਪੁੱਤਰ ਦਾ ਹੈ, ਜੋ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ। 15 ਯੋਹਨ ਨੇ ਉਸ ਦੇ ਬਾਰੇ ਵੇਖ ਕੇ ਗਵਾਹੀ ਦਿੱਤੀ ਅਤੇ ਉੱਚੀ ਆਵਾਜ਼ ਵਿੱਚ ਆਖਿਆ, “ਇਹ ਉਹੀ ਹੈ ਜਿਨ੍ਹਾਂ ਦੇ ਵਿਸ਼ੇ ਵਿੱਚ ਮੈਂ ਕਿਹਾ ਸੀ, ‘ਉਹ ਜੋ ਮੇਰੇ ਬਾਅਦ ਆ ਰਿਹਾ ਹੈ ਅਸਲ ਵਿੱਚ ਮੇਰੇ ਤੋਂ ਮਹਾਨ ਹਨ ਕਿਉਂਕਿ ਉਹ ਮੇਰੇ ਤੋਂ ਪਹਿਲਾਂ ਮੌਜੂਦ ਸੀ।’ ” 16 ਉਸ ਦੀ ਭਰਪੂਰੀ ਦੇ ਕਾਰਨ ਅਸੀਂ ਸਾਰਿਆਂ ਨੇ ਕਿਰਪਾ ਤੇ ਕਿਰਪਾ ਪਾਈ ਹੈ। 17 ਬਿਵਸਥਾ ਮੋਸ਼ੇਹ ਦੇ ਦੁਆਰਾ ਦਿੱਤੀ ਗਈ ਸੀ ਪਰ ਕਿਰਪਾ ਅਤੇ ਸੱਚਾਈ ਯਿਸ਼ੂ ਮਸੀਹ ਦੇ ਦੁਆਰਾ ਆਈ। 18 ਪਰਮੇਸ਼ਵਰ ਦੇ ਪੁੱਤਰ ਤੋਂ ਇਲਾਵਾ ਪਰਮੇਸ਼ਵਰ ਨੂੰ ਕਿਸੇ ਨੇ ਕਦੀ ਨਹੀਂ ਵੇਖਿਆ, ਉਹ ਪੁੱਤਰ ਪਿਤਾ ਵੱਲੋਂ ਹੈ, ਉਹਨਾਂ ਨੇ ਸਾਨੂੰ ਪਰਮੇਸ਼ਵਰ ਨਾਲ ਜਾਣੂ ਕਰਾਇਆ। ਪਹਿਲਾਂ ਪਸਾਹ ਦਾ ਤਿਉਹਾਰ, ਬਪਤਿਸਮਾ ਦੇਣ ਵਾਲੇ ਯੋਹਨ ਦਾ ਜੀਵਨ 19 ਯੋਹਨ ਦੀ ਗਵਾਹੀ ਇਸ ਤਰ੍ਹਾਂ ਹੈ ਕਿ ਜਦੋਂ ਯਹੂਦੀ ਆਗੂਆਂ ਨੇ ਯੇਰੂਸ਼ਲੇਮ ਦੇ ਕੁਝ ਜਾਜਕਾਂ ਅਤੇ ਲੇਵੀਆਂ ਨੂੰ ਯੋਹਨ ਕੋਲ ਇਹ ਪੁੱਛਣ ਲਈ ਭੇਜਿਆ, “ਤੁਸੀਂ ਕੌਣ ਹੋ?” 20 ਤਾਂ ਯੋਹਨ ਨੇ ਸਾਫ਼ ਸ਼ਬਦਾਂ ਵਿੱਚ ਆਖਿਆ, “ਮੈਂ ਮਸੀਹ ਨਹੀਂ ਹਾਂ।” 21 ਤਦ ਯਹੂਦੀ ਆਗੂਆਂ ਨੇ ਯੋਹਨ ਤੋਂ ਦੁਬਾਰਾ ਪੁੱਛਿਆ, “ਤਾਂ ਤੁਸੀਂ ਕੌਣ ਹੋ? ਕੀ ਤੁਸੀਂ ਏਲੀਯਾਹ ਹੋ?” ਯੋਹਨ ਨੇ ਜਵਾਬ ਦਿੱਤਾ, “ਨਹੀਂ।” ਤਦ ਉਹਨਾਂ ਨੇ ਪੁੱਛਿਆ, “ਕੀ ਤੁਸੀਂ ਨਬੀ ਹੋ?” ਯੋਹਨ ਨੇ ਜਵਾਬ ਦਿੱਤਾ, “ਨਹੀਂ।” 22 ਅਖੀਰ ਵਿੱਚ ਉਹਨਾਂ ਨੇ ਪੁੱਛਿਆ, “ਤਾਂ ਸਾਨੂੰ ਦੱਸੋ ਕੀ ਤੁਸੀਂ ਕੌਣ ਹੋ? ਤੁਸੀਂ ਆਪਣੇ ਬਾਰੇ ਵਿੱਚ ਕੀ ਕਹਿੰਦੇ ਹੋ ਤਾਂ ਕੀ ਅਸੀਂ ਉਹਨਾਂ ਨੂੰ ਦੱਸ ਸਕੀਏ, ਜਿਨ੍ਹਾਂ ਨੇ ਸਾਨੂੰ ਭੇਜਿਆ ਹੈ?” 23 ਯੋਹਨ ਨੇ ਯਸ਼ਾਯਾਹ ਨਬੀ ਦੀ ਲਿਖਤ ਵਿੱਚੋਂ ਜਵਾਬ ਦਿੱਤਾ, “ਮੈਂ ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼ ਹਾਂ, ‘ਪ੍ਰਭੂ ਲਈ ਰਸਤਾ ਸਿੱਧਾ ਬਣਾਓ।’ ” 24 ਉਹ ਫ਼ਰੀਸੀ ਜੋ ਭੇਜੇ ਗਏ ਸਨ। 25 ਉਹਨਾਂ ਨੇ ਯੋਹਨ ਨੂੰ ਪ੍ਰਸ਼ਨ ਕੀਤਾ, “ਜੇ ਤੁਸੀਂ ਨਾ ਤਾਂ ਮਸੀਹ ਹੋ, ਤੇ ਨਾ ਹੀ ਏਲੀਯਾਹ ਅਤੇ ਨਾ ਹੀ ਨਬੀ ਹੋ, ਤਾਂ ਤੁਸੀਂ ਬਪਤਿਸਮਾ ਕਿਉਂ ਦਿੰਦੇ ਹੋ?” 26 ਯੋਹਨ ਨੇ ਉਹਨਾਂ ਨੂੰ ਜਵਾਬ ਦਿੱਤਾ, “ਮੈਂ ਤਾਂ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਤੁਹਾਡੇ ਵਿੱਚਕਾਰ ਇੱਕ ਅਜਿਹੇ ਖੜ੍ਹਾ ਹੈ, ਜਿਸ ਨੂੰ ਤੁਸੀਂ ਨਹੀਂ ਜਾਣਦੇ। 27 ਇਹ ਉਹੀ ਹੈ ਜੋ ਮੇਰੇ ਤੋਂ ਬਾਅਦ ਆ ਰਿਹਾ ਹੈ, ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ।” 28 ਇਹ ਸਭ ਗੱਲਾਂ ਬੈਥਨੀਆ ਦੇ ਪਿੰਡ ਵਿੱਚ ਹੋਈਆਂ, ਜੋ ਯਰਦਨ ਨਦੀ ਦੇ ਪਾਰ ਸੀ ਜਿਸ ਵਿੱਚ ਯੋਹਨ ਬਪਤਿਸਮਾ ਦਿੰਦਾ ਸੀ। ਯੋਹਨ ਦੁਆਰਾ ਯਿਸ਼ੂ ਦੇ ਮਸੀਹ ਹੋਣ ਦੀ ਗਵਾਹੀ 29 ਅਗਲੇ ਦਿਨ ਯੋਹਨ ਨੇ ਯਿਸ਼ੂ ਨੂੰ ਆਪਣੇ ਵੱਲ ਆਉਂਦੇ ਹੋਏ ਵੇਖ ਕੇ ਭੀੜ ਨੂੰ ਕਿਹਾ, “ਉਹ ਵੇਖੋ! ਪਰਮੇਸ਼ਵਰ ਦਾ ਮੇਮਣਾ, ਜੋ ਸੰਸਾਰ ਦੇ ਪਾਪਾਂ ਨੂੰ ਚੁੱਕਣ ਵਾਲਾ ਹੈ! 30 ਇਹ ਉਹੀ ਹਨ, ਜਿਨ੍ਹਾਂ ਦੇ ਵਿਸ਼ੇ ਵਿੱਚ ਮੈਂ ਕਿਹਾ ਸੀ, ‘ਮੇਰੇ ਤੋਂ ਬਾਅਦ ਉਹ ਆ ਰਹੇ ਹਨ, ਜੋ ਮੇਰੇ ਤੋਂ ਮਹਾਨ ਹਨ ਕਿਉਂਕਿ ਉਹ ਮੇਰੇ ਤੋਂ ਪਹਿਲਾਂ ਮੌਜੂਦ ਸਨ।’ 31 ਮੈਂ ਵੀ ਉਹਨਾਂ ਨੂੰ ਨਹੀਂ ਜਾਣਦਾ ਸੀ, ਮੈਂ ਪਾਣੀ ਵਿੱਚ ਬਪਤਿਸਮਾ ਦਿੰਦਾ ਹੋਇਆ ਇਸ ਲਈ ਆਇਆ ਕਿ ਉਹ ਇਸਰਾਏਲ ਉੱਤੇ ਪ੍ਰਗਟ ਹੋਣ।” 32 ਇਸ ਦੇ ਇਲਾਵਾ ਯੋਹਨ ਨੇ ਇਹ ਗਵਾਹੀ ਵੀ ਦਿੱਤੀ, “ਮੈਂ ਸਵਰਗ ਤੋਂ ਪਵਿੱਤਰ ਆਤਮਾ ਨੂੰ ਕਬੂਤਰ ਦੇ ਸਮਾਨ ਉੱਤਰਦਾ ਅਤੇ ਉਸ ਦੇ ਉੱਤੇ ਠਹਿਰਦਾ ਹੋਇਆ ਵੇਖਿਆ। 33 ਮੈਂ ਉਹਨਾਂ ਨੂੰ ਨਹੀਂ ਜਾਣਦਾ ਸੀ ਪਰ ਪਰਮੇਸ਼ਵਰ, ਜਿਨ੍ਹਾਂ ਨੇ ਮੈਨੂੰ ਪਾਣੀ ਨਾਲ ਬਪਤਿਸਮਾ ਦੇਣ ਲਈ ਭੇਜਿਆ, ਉਹਨਾਂ ਨੇ ਮੈਨੂੰ ਦੱਸਿਆ, ‘ਜਿਸ ਉੱਤੇ ਤੂੰ ਆਤਮਾ ਨੂੰ ਉੱਤਰਦੇ ਅਤੇ ਠਹਿਰਦੇ ਹੋਏ ਦੇਖੇਗਾ ਉਹੀ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।’ 34 ਆਪ ਮੈਂ ਇਹ ਵੇਖਿਆ ਅਤੇ ਮੈਂ ਇਸਦਾ ਗਵਾਹ ਹਾਂ ਕਿ ਇਹੀ ਪਰਮੇਸ਼ਵਰ ਦਾ ਪੁੱਤਰ ਹੈ।” ਯੋਹਨ ਦੇ ਚੇਲਿਆਂ ਦਾ ਯਿਸ਼ੂ ਦੇ ਪਿੱਛੇ ਚੱਲਣਾ 35 ਅਗਲੇ ਦਿਨ ਜਦੋਂ ਯੋਹਨ ਆਪਣੇ ਦੋ ਚੇਲਿਆਂ ਦੇ ਨਾਲ ਖੜ੍ਹੇ ਸੀ, 36 ਉਹਨਾਂ ਨੇ ਯਿਸ਼ੂ ਨੂੰ ਜਾਂਦੇ ਹੋਏ ਵੇਖ ਕੇ ਕਿਹਾ, “ਉਹ ਵੇਖੋ! ਪਰਮੇਸ਼ਵਰ ਦਾ ਮੇਮਣਾ!” 37 ਇਹ ਗੱਲ ਸੁਣ ਕੇ ਦੋਵੇਂ ਚੇਲੇ ਯਿਸ਼ੂ ਦੇ ਮਗਰ ਤੁਰ ਪਏ। 38 ਯਿਸ਼ੂ ਨੇ ਉਹਨਾਂ ਨੂੰ ਆਪਣੇ ਮਗਰ ਆਉਂਦੇ ਵੇਖ ਕੇ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ?” ਉਹਨਾਂ ਨੇ ਕਿਹਾ, “ਹੇ ਰੱਬੀ (ਅਰਥਾਤ ਹੇ ਗੁਰੂ), ਤੁਸੀਂ ਕਿੱਥੇ ਰਹਿੰਦੇ ਹੋ?” 39 ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ ਅਤੇ ਵੇਖ ਲਓ।” ਇਸ ਲਈ ਚੇਲਿਆਂ ਨੇ ਜਾ ਕੇ ਮਸੀਹ ਯਿਸ਼ੂ ਦਾ ਘਰ ਵੇਖਿਆ ਅਤੇ ਉਹ ਪੂਰਾ ਦਿਨ ਉਹਨਾਂ ਦੇ ਨਾਲ ਰਹੇ। ਉਸ ਵੇਲੇ ਲਗਭਗ ਦੁਪਹਿਰ ਦੇ ਚਾਰ ਵਜੇ ਸਨ। 40 ਦੋ ਚੇਲੇ ਜਿਹੜੇ ਯੋਹਨ ਦੀ ਗੱਲ ਸੁਣ ਕੇ ਯਿਸ਼ੂ ਦੇ ਪਿੱਛੇ ਚੱਲ ਪਏ ਸਨ। ਉਹਨਾਂ ਵਿੱਚੋਂ ਇੱਕ ਸ਼ਿਮਓਨ ਪਤਰਸ ਦਾ ਭਰਾ ਆਂਦਰੇਯਾਸ ਸੀ। 41 ਆਂਦਰੇਯਾਸ ਨੇ ਸਭ ਤੋਂ ਪਹਿਲਾਂ ਆਪਣੇ ਭਰਾ ਸ਼ਿਮਓਨ ਨੂੰ ਲੱਭਿਆ ਅਤੇ ਉਸ ਨੂੰ ਦੱਸਿਆ, “ਕਿ ਸਾਨੂੰ ਮਸੀਹ, ਜੋ ਕਿ ਪਰਮੇਸ਼ਵਰ ਦੇ ਅਭਿਸ਼ਿਕਤ ਹੈ ਉਹ ਮਿਲ ਗਏ ਹਨ।” 42 ਤਦ ਆਂਦਰੇਯਾਸ ਉਹਨਾਂ ਨੂੰ ਮਸੀਹ ਯਿਸ਼ੂ ਦੇ ਕੋਲ ਲਿਆਇਆ। ਮਸੀਹ ਯਿਸ਼ੂ ਨੇ ਸ਼ਿਮਓਨ ਦੇ ਵੱਲ ਵੇਖ ਕੇ ਕਿਹਾ, “ਤੂੰ ਯੋਹਨ ਦਾ ਪੁੱਤਰ ਸ਼ਿਮਓਨ ਹੈ, ਤੂੰ ਕੈਫ਼ਾਸ ਅਰਥਾਤ ਪਤਰਸ ਅਖਵਾਏਂਗਾ।” ਫਿਲਿੱਪਾਸ ਅਤੇ ਨਾਥਾਨਇਲ ਦਾ ਬੁਲਾਇਆ ਜਾਣਾ 43 ਅਗਲੇ ਦਿਨ ਗਲੀਲ ਦੇ ਸੂਬੇ ਨੂੰ ਜਾਂਦੇ ਹੋਏ ਯਿਸ਼ੂ ਦੀ ਮੁਲਾਕਾਤ ਫਿਲਿੱਪਾਸ ਨਾਲ ਹੋਈ। ਯਿਸ਼ੂ ਨੇ ਫਿਲਿੱਪਾਸ ਨੂੰ ਕਿਹਾ, “ਤੂੰ ਮੇਰੇ ਪਿੱਛੇ ਚੱਲ।” 44 ਫਿਲਿੱਪਾਸ ਬੈਥਸੈਦਾ ਸ਼ਹਿਰ ਦਾ ਸੀ, ਜੋ ਆਂਦਰੇਯਾਸ ਅਤੇ ਪਤਰਸ ਦਾ ਨਗਰ ਵੀ ਸੀ। 45 ਫਿਲਿੱਪਾਸ ਨੇ ਨਾਥਾਨਇਲ ਨੂੰ ਲੱਭ ਕੇ ਉਸ ਨੂੰ ਕਿਹਾ, “ਜਿਨ੍ਹਾਂ ਦਾ ਜ਼ਿਕਰ ਬਿਵਸਥਾ ਵਿੱਚ ਮੋਸ਼ੇਹ ਅਤੇ ਨਬੀਆਂ ਨੇ ਕੀਤਾ ਹੈ, ਉਹ ਸਾਨੂੰ ਮਿਲ ਗਏ ਹਨ, ਉਹ ਨਾਜ਼ਰੇਥ ਦੇ ਨਿਵਾਸੀ ਯੋਸੇਫ਼ ਦੇ ਪੁੱਤਰ ਯਿਸ਼ੂ ਹਨ।” 46 ਇਹ ਸੁਣ ਨਾਥਾਨਇਲ ਨੇ ਤੁਰੰਤ ਉਹਨਾਂ ਨੂੰ ਪੁੱਛਿਆ, “ਕੀ ਨਾਜ਼ਰੇਥ ਵਿੱਚੋਂ ਵੀ ਕੁਝ ਚੰਗਾ ਨਿਕਲ ਸਕਦਾ ਹੈ?” ਫਿਲਿੱਪਾਸ ਨੇ ਜਵਾਬ ਦਿੱਤਾ। “ਆ ਤੇ ਵੇਖ।” 47 ਯਿਸ਼ੂ ਨੇ ਨਾਥਾਨਇਲ ਨੂੰ ਆਪਣੀ ਵੱਲ ਆਉਂਦੇ ਵੇਖ ਉਸ ਦੇ ਵਿਸ਼ੇ ਵਿੱਚ ਕਿਹਾ, “ਵੇਖੋ! ਇਹ ਇੱਕ ਸੱਚਾ ਇਸਰਾਏਲੀ ਹੈ, ਜਿਸ ਵਿੱਚ ਕੋਈ ਬੇਈਮਾਨੀ ਨਹੀਂ ਹੈ।” 48 ਨਾਥਾਨਇਲ ਨੇ ਯਿਸ਼ੂ ਨੂੰ ਪੁੱਛਿਆ, “ਤੁਸੀਂ ਮੈਨੂੰ ਕਿਵੇਂ ਜਾਣਦੇ ਹੋ?” ਯਿਸ਼ੂ ਨੇ ਉਸ ਨੂੰ ਜਵਾਬ ਦਿੱਤਾ, “ਇਸ ਤੋਂ ਪਹਿਲਾਂ ਕਿ ਫਿਲਿੱਪਾਸ ਨੇ ਤੈਨੂੰ ਬੁਲਾਇਆ, ਮੈਂ ਤੈਨੂੰ ਹੰਜ਼ੀਰ ਦੇ ਰੁੱਖ ਦੇ ਹੇਠਾਂ ਵੇਖਿਆ ਸੀ।” 49 ਨਾਥਾਨਇਲ ਨੇ ਕਿਹਾ, “ਰੱਬੀ, ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ! ਤੁਸੀਂ ਇਸਰਾਏਲ ਦੇ ਰਾਜੇ ਹੋ!” 50 ਤਦ ਯਿਸ਼ੂ ਨੇ ਉਸ ਨੂੰ ਕਿਹਾ, “ਤੂੰ ਵਿਸ਼ਵਾਸ ਇਸ ਲਈ ਕਰਦਾ ਹੈ ਕਿਉਂਕਿ ਮੈਂ ਤੈਨੂੰ ਇਹ ਕਿਹਾ ਕਿ ਮੈਂ ਤੈਨੂੰ ਹੰਜ਼ੀਰ ਦੇ ਰੁੱਖ ਦੇ ਹੇਠਾਂ ਵੇਖਿਆ। ਤੂੰ ਇਸ ਤੋਂ ਵੀ ਜ਼ਿਆਦਾ ਵੱਡੇ-ਵੱਡੇ ਕੰਮ ਦੇਖੇਗਾ।” 51 ਤਦ ਯਿਸ਼ੂ ਨੇ ਇਹ ਵੀ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ: ਤੁਸੀਂ ਸਵਰਗ ਨੂੰ ਖੁੱਲ੍ਹਾ ਹੋਇਆ ਅਤੇ ਪਰਮੇਸ਼ਵਰ ਦੇ ਸਵਰਗਦੂਤਾਂ ਨੂੰ ਮਨੁੱਖ ਦੇ ਪੁੱਤਰ ਦੇ ਲਈ ਹੇਠਾਂ ਆਉਂਦੇ ਅਤੇ ਉੱਤੇ ਜਾਂਦੇ ਹੋਏ ਦੇਖੋਗੇ।” |
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.
Biblica, Inc.