ਗਲਾਤਿਯਾ 1 - ਪਵਿੱਤਰ ਬਾਈਬਲ (Revised Common Language North American Edition)1 ਪੌਲੁਸ, ਜਿਹੜਾ ਨਾ ਆਦਮੀਆਂ ਦੇ ਰਾਹੀਂ ਅਤੇ ਨਾ ਹੀ ਮਨੁੱਖਾਂ ਦੇ ਵੱਲੋਂ ਪਰਮੇਸ਼ਰ ਦਾ ਰਸੂਲ ਠਹਿਰਾਇਆ ਗਿਆ ਸਗੋਂ ਯਿਸੂ ਮਸੀਹ ਅਤੇ ਪਿਤਾ ਪਰਮੇਸ਼ਰ ਦੇ ਰਾਹੀਂ ਜਿਹਨਾਂ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ 2 ਅਤੇ ਉਹਨਾਂ ਸਾਰੇ ਵਿਸ਼ਵਾਸੀਆਂ ਦੇ ਵੱਲੋਂ ਜਿਹੜੇ ਮੇਰੇ ਨਾਲ ਹਨ, ਗਲਾਤੀਯਾ ਦੀ ਕਲੀਸੀਯਾਵਾਂ ਨੂੰ, 3 ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ ! 4 ਮਸੀਹ ਨੇ ਸਾਨੂੰ ਇਸ ਵਰਤਮਾਨ ਬੁਰੇ ਯੁੱਗ ਤੋਂ ਛੁਟਕਾਰਾ ਦੇਣ ਦੇ ਲਈ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਇੱਛਾ ਅਨੁਸਾਰ ਆਪਣੇ ਆਪ ਨੂੰ ਸਾਡੇ ਪਾਪਾਂ ਦੀ ਖ਼ਾਤਰ ਦੇ ਦਿੱਤਾ । 5 ਪਰਮੇਸ਼ਰ ਦੀ ਮਹਿਮਾ ਅਨੰਤਕਾਲ ਤੱਕ ਹੋਵੇ । ਆਮੀਨ ! ਇੱਕ ਹੀ ਸ਼ੁਭ ਸਮਾਚਾਰ 6 ਮੈਂ ਹੈਰਾਨ ਹਾਂ ਕਿ ਤੁਸੀਂ ਇੰਨੀ ਜਲਦੀ ਪਰਮੇਸ਼ਰ ਵੱਲੋਂ ਜਿਹਨਾਂ ਨੇ ਤੁਹਾਨੂੰ ਮਸੀਹ ਦੀ ਕਿਰਪਾ ਦੁਆਰਾ ਸੱਦਿਆ ਹੈ, ਮੂੰਹ ਮੋੜ ਕੇ ਕਿਸੇ ਦੂਜੇ ਹੀ ਸ਼ੁਭ ਸਮਾਚਾਰ ਵੱਲ ਜਾ ਰਹੇ ਹੋ । 7 ਅਸਲ ਵਿੱਚ ਕੋਈ “ਦੂਜਾ ਸ਼ੁਭ ਸਮਾਚਾਰ” ਹੈ ਹੀ ਨਹੀਂ । ਕੁਝ ਲੋਕ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਉਹ ਮਸੀਹ ਦੇ ਸ਼ੁਭ ਸਮਾਚਾਰ ਨੂੰ ਬਦਲਨਾ ਚਾਹੁੰਦੇ ਹਨ 8 ਪਰ ਜੇਕਰ ਸਾਡੇ ਵਿੱਚੋਂ ਜਾਂ ਸਵਰਗ ਤੋਂ ਕੋਈ ਸਵਰਗਦੂਤ ਵੀ ਆ ਕੇ ਉਸ ਸ਼ੁਭ ਸਮਾਚਾਰ ਤੋਂ ਵੱਖਰਾ, ਜਿਹੜਾ ਅਸੀਂ ਤੁਹਾਨੂੰ ਸੁਣਾਇਆ ਸੀ, ਕੋਈ ਦੂਜਾ ਸ਼ੁਭ ਸਮਾਚਾਰ ਸੁਣਾਵੇ ਤਾਂ ਉਸ ਨੂੰ ਸਰਾਪ ਲੱਗੇ । 9 ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਿਹਾ ਹੈ, ਉਸੇ ਤਰ੍ਹਾਂ ਮੈਂ ਫਿਰ ਕਹਿੰਦਾ ਹਾਂ ਕਿ ਜੇਕਰ ਕੋਈ ਉਸ ਸ਼ੁਭ ਸਮਾਚਾਰ ਤੋਂ ਜਿਹੜਾ ਤੁਸੀਂ ਸਵੀਕਾਰ ਕੀਤਾ ਹੈ, ਕੋਈ ਵੱਖਰਾ ਸ਼ੁਭ ਸਮਾਚਾਰ ਤੁਹਾਨੂੰ ਸੁਣਾਵੇ ਤਾਂ ਉਸ ਨੂੰ ਸਰਾਪ ਲੱਗੇ । 10 ਕੀ ਮੈਂ ਮਨੁੱਖਾਂ ਦੀ ਪ੍ਰਵਾਨਗੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ਰ ਦੀ ? ਜਾਂ ਕੀ ਮੈਂ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ? ਜੇਕਰ ਮੈਂ ਅਜੇ ਵੀ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤਾਂ ਫਿਰ ਮੈਂ ਮਸੀਹ ਦਾ ਸੇਵਕ ਨਾ ਹੁੰਦਾ । ਪੌਲੁਸ ਇੱਕ ਰਸੂਲ ਕਿਸ ਤਰ੍ਹਾਂ ਬਣਿਆ 11 ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਸ਼ੁਭ ਸਮਾਚਾਰ ਮੈਂ ਤੁਹਾਨੂੰ ਸੁਣਾਇਆ ਸੀ, ਇਹ ਮੈਨੂੰ ਮਨੁੱਖਾਂ ਵੱਲੋਂ ਨਹੀਂ ਮਿਲਿਆ । 12 ਮੈਂ ਇਹ ਕਿਸੇ ਮਨੁੱਖ ਤੋਂ ਪ੍ਰਾਪਤ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੇ ਮੈਨੂੰ ਸਿਖਾਇਆ ਸੀ । ਇਹ ਯਿਸੂ ਮਸੀਹ ਨੇ ਮੇਰੇ ਉੱਤੇ ਪ੍ਰਗਟ ਕੀਤਾ ਸੀ । 13 ਤੁਸੀਂ ਮੇਰੇ ਉਸ ਜੀਵਨ ਬਾਰੇ ਸੁਣ ਚੁੱਕੇ ਹੋ ਜਦੋਂ ਮੈਂ ਯਹੂਦੀ ਮਤ ਦਾ ਮੰਨਣ ਵਾਲਾ ਸੀ । ਤੁਸੀਂ ਜਾਣਦੇ ਹੀ ਹੋ ਕਿ ਕਿਸ ਤਰ੍ਹਾਂ ਮੈਂ ਪਰਮੇਸ਼ਰ ਦੀ ਕਲੀਸੀਯਾ ਨੂੰ ਬੇਰਹਿਮੀ ਨਾਲ ਸਤਾਉਂਦਾ ਸੀ ਅਤੇ ਉਸ ਨੂੰ ਨਾਸ਼ ਕਰ ਰਿਹਾ ਸੀ । 14 ਮੈਂ ਆਪਣੇ ਸਮੇਂ ਦੇ ਯਹੂਦੀ ਸਾਥੀਆਂ ਨਾਲੋਂ ਯਹੂਦੀ ਮਤ ਨੂੰ ਮੰਨਣ ਵਿੱਚ ਬਹੁਤ ਅੱਗੇ ਸੀ ਅਤੇ ਆਪਣੇ ਪੁਰਖਿਆਂ ਦੀਆਂ ਰੀਤਾਂ ਨੂੰ ਪੂਰਾ ਕਰਨ ਵਿੱਚ ਸਰਗਰਮ ਸੀ । 15 ਪਰ ਪਰਮੇਸ਼ਰ ਨੇ ਮੈਨੂੰ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਵੱਖਰਾ ਕਰ ਲਿਆ ਅਤੇ ਆਪਣੀ ਸੇਵਾ ਦੇ ਲਈ ਚੁਣ ਲਿਆ । ਉਹਨਾਂ ਨੇ ਮੈਨੂੰ ਆਪਣੀ ਕਿਰਪਾ ਦੇ ਨਾਲ ਚੁਣਿਆ 16 ਕਿ ਉਹ ਮੇਰੇ ਉੱਤੇ ਆਪਣੇ ਪੁੱਤਰ ਨੂੰ ਪ੍ਰਗਟ ਕਰਨ ਤਾਂ ਜੋ ਮੈਂ ਪਰਾਈਆਂ ਕੌਮਾਂ ਨੂੰ ਉਹਨਾਂ ਦਾ ਸ਼ੁਭ ਸਮਾਚਾਰ ਸੁਣਾਵਾਂ, ਇਸ ਦੇ ਲਈ ਮੈਂ ਕਿਸੇ ਮਨੁੱਖ ਤੋਂ ਸਲਾਹ ਨਹੀਂ ਲਈ । 17 ਮੈਂ ਯਰੂਸ਼ਲਮ ਵਿੱਚ ਉਹਨਾਂ ਕੋਲ ਵੀ ਨਹੀਂ ਗਿਆ ਜਿਹੜੇ ਮੇਰੇ ਤੋਂ ਪਹਿਲਾਂ ਪ੍ਰਮੁੱਖ ਰਸੂਲ ਸਨ ਸਗੋਂ ਮੈਂ ਅਰਬ ਨੂੰ ਗਿਆ ਅਤੇ ਉੱਥੋਂ ਫਿਰ ਮੈਂ ਦਮਿਸ਼ਕ ਨੂੰ ਮੁੜ ਆਇਆ । 18 ਫਿਰ ਤਿੰਨ ਸਾਲਾਂ ਦੇ ਬਾਅਦ ਮੈਂ ਯਰੂਸ਼ਲਮ ਵਿੱਚ ਪਤਰਸ ਨੂੰ ਮਿਲਣ ਦੇ ਲਈ ਗਿਆ ਅਤੇ ਉਸ ਦੇ ਨਾਲ ਪੰਦਰਾਂ ਦਿਨ ਰਿਹਾ । 19 ਪ੍ਰਭੂ ਦੇ ਭਰਾ ਯਾਕੂਬ ਦੇ ਸਿਵਾਏ ਮੈਂ ਉੱਥੇ ਕਿਸੇ ਹੋਰ ਪ੍ਰਮੁੱਖ ਰਸੂਲ ਨੂੰ ਨਾ ਮਿਲਿਆ । 20 ਪਰਮੇਸ਼ਰ ਗਵਾਹ ਹਨ ਕਿ ਮੈਂ ਜੋ ਕੁਝ ਲਿਖਿਆ ਹੈ ਉਹ ਝੂਠ ਨਹੀਂ ਹੈ ! 21 ਇਸ ਦੇ ਬਆਦ ਮੈਂ ਸੀਰੀਯਾ ਅਤੇ ਕਿਲਕਿਯਾ ਦੇ ਇਲਾਕਿਆਂ ਵਿੱਚ ਗਿਆ । 22 ਮੈਂ ਯਹੂਦਿਯਾ ਦੀਆਂ ਕਲੀਸੀਯਾਵਾਂ ਨੂੰ ਅਜੇ ਤੱਕ ਨਿੱਜੀ ਤੌਰ ਤੇ ਨਹੀਂ ਮਿਲਿਆ ਸੀ । 23 ਉਹਨਾਂ ਨੇ ਕੇਵਲ ਇਹ ਹੀ ਸੁਣਿਆ ਸੀ, “ਉਹ ਆਦਮੀ ਜਿਹੜਾ ਇੱਕ ਸਮੇਂ ਸਾਡੇ ਉੱਤੇ ਅੱਤਿਆਚਾਰ ਕਰਦਾ ਸੀ, ਹੁਣ ਉਹ ਉਸ ਵਿਸ਼ਵਾਸ ਦਾ ਪ੍ਰਚਾਰ ਕਰ ਰਿਹਾ ਹੈ ਜਿਸ ਨੂੰ ਕਿਸੇ ਸਮੇਂ ਉਸ ਨੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ।” 24 ਇਸ ਲਈ ਉਹਨਾਂ ਨੇ ਮੇਰੇ ਕਾਰਨ ਪਰਮੇਸ਼ਰ ਦੀ ਵਡਿਆਈ ਕੀਤੀ । |
Punjabi Common Language (North American Version):
Text © 2021 Canadian Bible Society and Bible Society of India
Bible Society of India