Online Bible

- Reklamy -

3 ਯੋਹਨ 1 - ਪਵਿੱਤਰ ਬਾਈਬਲ (Revised Common Language North American Edition)

1 ਮੇਰੇ ਵੱਲੋਂ ਜਿਹੜਾ ਕਿ ਇੱਕ ਬਜ਼ੁਰਗ ਆਗੂ ਹਾਂ, ਇਹ ਪੱਤਰ ਮੇਰੇ ਪਿਆਰੇ ਮਿੱਤਰ ਗਾਯੁਸ ਨੂੰ ਜਿਸ ਦੇ ਨਾਲ ਮੈਂ ਸੱਚਾ ਪਿਆਰ ਕਰਦਾ ਹਾਂ ।

2 ਮੇਰੇ ਪਿਆਰੇ ਮਿੱਤਰ, ਮੇਰੀ ਤੇਰੇ ਲਈ ਪ੍ਰਾਰਥਨਾ ਹੈ ਕਿ ਜਿਵੇਂ ਤੂੰ ਆਤਮਿਕ ਤਰੱਕੀ ਕਰ ਰਿਹਾ ਹੈਂ ਉਸੇ ਤਰ੍ਹਾਂ ਤੂੰ ਸਾਰੀਆਂ ਗੱਲਾਂ ਵਿੱਚ ਤਰੱਕੀ ਕਰੇਂ ਅਤੇ ਤੰਦਰੁਸਤ ਰਹੇਂ ।

3 ਮੈਨੂੰ ਉਸ ਸਮੇਂ ਬਹੁਤ ਖ਼ੁਸ਼ੀ ਹੋਈ ਜਦੋਂ ਕੁਝ ਭਰਾਵਾਂ ਨੇ ਆ ਕੇ ਤੇਰੇ ਸੱਚ ਦੇ ਵਿੱਚ ਚੱਲਣ ਦੇ ਬਾਰੇ ਗਵਾਹੀ ਦਿੱਤੀ ਜਿਵੇਂ ਕਿ ਤੂੰ ਸੱਚ ਦੇ ਵਿੱਚ ਚੱਲਦਾ ਵੀ ਹੈਂ ।

4 ਮੈਨੂੰ ਹੋਰ ਕੋਈ ਚੀਜ਼ ਇੰਨੀ ਖ਼ੁਸ਼ੀ ਨਹੀਂ ਦੇ ਸਕਦੀ, ਸਿਵਾਏ ਇਹ ਕਿ ਮੇਰੇ ਬੱਚੇ ਸੱਚ ਦੇ ਵਿੱਚ ਜੀਵਨ ਬਤੀਤ ਕਰ ਰਹੇ ਹਨ ।


ਗਾਯੁਸ ਦੀ ਸ਼ਲਾਘਾ

5 ਮੇਰੇ ਪਿਆਰੇ ਮਿੱਤਰ, ਤੂੰ ਸਾਰੇ ਭਰਾਵਾਂ ਅਤੇ ਭੈਣਾਂ ਦੇ ਲਈ, ਖ਼ਾਸ ਕਰ ਕੇ ਪਰਦੇਸੀਆਂ ਦੇ ਲਈ ਜੋ ਕੁਝ ਕਰਦਾ ਹੈਂ ਉਹ ਵਫ਼ਾਦਾਰੀ ਦੇ ਨਾਲ ਕਰਦਾ ਹੈਂ ।

6 ਉਹਨਾਂ ਨੇ ਇੱਥੋਂ ਦੀ ਕਲੀਸੀਯਾ ਦੇ ਸਾਹਮਣੇ ਤੇਰੇ ਪਿਆਰ ਦੇ ਬਾਰੇ ਗਵਾਹੀ ਦਿੱਤੀ ਹੈ ਅਤੇ ਚੰਗਾ ਹੋਵੇਗਾ ਜੇਕਰ ਤੂੰ ਉਹਨਾਂ ਨੂੰ ਇਸ ਤਰ੍ਹਾਂ ਵਿਦਾ ਕਰੇਂ ਜਿਵੇਂ ਪਰਮੇਸ਼ਰ ਦੇ ਲੋਕਾਂ ਦੇ ਲਈ ਯੋਗ ਹੈ ।

7 ਕਿਉਂਕਿ ਉਹ ਮਸੀਹ ਦੇ ਨਾਮ ਦੀ ਸੇਵਾ ਦੇ ਲਈ ਨਿੱਕਲੇ ਹਨ ਅਤੇ ਪਰਾਈਆਂ ਕੌਮਾਂ ਤੋਂ ਕੁਝ ਸਵੀਕਾਰ ਨਹੀਂ ਕਰਦੇ ।

8 ਇਸ ਲਈ ਸਾਨੂੰ ਅਜਿਹੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਸੱਚ ਦੀ ਸੇਵਾ ਵਿੱਚ ਉਹਨਾਂ ਦੇ ਨਾਲ ਹਿੱਸੇਦਾਰ ਬਣੀਏ ।


ਦਿਯੁਤ੍ਰਿਫੇਸ ਅਤੇ ਦਿਮੇਤ੍ਰਿਯੁਸ

9 ਮੈਂ ਕਲੀਸੀਯਾ ਨੂੰ ਇੱਕ ਪੱਤਰ ਲਿਖਿਆ ਸੀ ਪਰ ਦਿਯੁਤ੍ਰਿਫੇਸ ਜਿਹੜਾ ਉਹਨਾਂ ਦਾ ਆਗੂ ਬਣਨਾ ਚਾਹੁੰਦਾ ਹੈ, ਉਹ ਸਾਡੀ ਨਹੀਂ ਸੁਣਦਾ ।

10 ਇਸ ਲਈ ਜਦੋਂ ਮੈਂ ਆਪ ਆਵਾਂਗਾ ਤਾਂ ਤੈਨੂੰ ਉਹ ਸਭ ਕੁਝ ਦੱਸਾਂਗਾ, ਜੋ ਉਹ ਇੱਥੇ ਕਰ ਰਿਹਾ ਹੈ । ਉਹ ਸਾਡੇ ਵਿਰੁੱਧ ਬਹੁਤ ਕੁਝ ਕਹਿ ਰਿਹਾ ਹੈ ਅਤੇ ਇਸ ਤੋਂ ਸੰਤੁਸ਼ਟ ਨਹੀਂ ਹੁੰਦਾ । ਉਹ ਆਪ ਵਿਸ਼ਵਾਸੀ ਭਰਾਵਾਂ ਅਤੇ ਭੈਣਾਂ ਦਾ ਸੁਆਗਤ ਨਹੀਂ ਕਰਦਾ ਅਤੇ ਨਾ ਹੀ ਦੂਜਿਆਂ ਨੂੰ ਕਰਨ ਦਿੰਦਾ ਹੈ । ਜਿਹੜੇ ਵਿਸ਼ਵਾਸੀ ਭਰਾਵਾਂ ਅਤੇ ਭੈਣਾਂ ਦਾ ਸੁਆਗਤ ਕਰਦੇ ਹਨ, ਉਹ ਉਹਨਾਂ ਨੂੰ ਕਲੀਸੀਯਾ ਦੇ ਵਿੱਚੋਂ ਕੱਢ ਦਿੰਦਾ ਹੈ ।

11 ਮੇਰੇ ਪਿਆਰੇ ਮਿੱਤਰ, ਤੂੰ ਬੁਰਾਈ ਦੀ ਨਹੀਂ ਸਗੋਂ ਭਲਾਈ ਦੀ ਰੀਸ ਕਰ ਕਿਉਂਕਿ ਹਰ ਕੋਈ ਜਿਹੜਾ ਭਲਾ ਕੰਮ ਕਰਦਾ ਹੈ, ਉਹ ਪਰਮੇਸ਼ਰ ਤੋਂ ਹੈ ਪਰ ਹਰ ਕੋਈ ਜਿਹੜਾ ਬੁਰੇ ਕੰਮ ਕਰਦਾ ਹੈ, ਉਸ ਨੇ ਪਰਮੇਸ਼ਰ ਨੂੰ ਨਹੀਂ ਦੇਖਿਆ ।

12 ਦੇਮੇਤ੍ਰਿਯੁਸ ਦੇ ਬਾਰੇ ਹਰ ਕੋਈ ਚੰਗੀ ਗਵਾਹੀ ਦਿੰਦਾ ਹੈ ਅਤੇ ਸੱਚ ਆਪ ਉਸ ਦਾ ਗਵਾਹ ਹੈ । ਅਸੀਂ ਵੀ ਉਸ ਦੇ ਬਾਰੇ ਚੰਗੀ ਗਵਾਹੀ ਦਿੰਦੇ ਹਾਂ ਅਤੇ ਤੂੰ ਜਾਣਦਾ ਹੈਂ ਕਿ ਸਾਡੀ ਗਵਾਹੀ ਸੱਚੀ ਹੈ ।


ਅੰਤਮ ਨਮਸਕਾਰ

13 ਮੈਂ ਤੈਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਲਿਖਣਾ ਚਾਹੁੰਦਾ ਹਾਂ ਪਰ ਮੈਂ ਉਹਨਾਂ ਦੇ ਲਈ ਕਲਮ ਅਤੇ ਸਿਆਹੀ ਨਹੀਂ ਵਰਤਣਾ ਚਾਹੁੰਦਾ

14 ਪਰ ਮੈਨੂੰ ਆਸ ਹੈ ਕਿ ਮੈਂ ਤੈਨੂੰ ਛੇਤੀ ਮਿਲਾਂਗਾ ਅਤੇ ਅਸੀਂ ਆਹਮਣੇ ਸਾਹਮਣੇ ਗੱਲਾਂ ਕਰਾਂਗੇ ।

15 ਤੈਨੂੰ ਸ਼ਾਂਤੀ ਮਿਲੇ । ਇੱਥੋਂ ਦੇ ਸਾਰੇ ਮਿੱਤਰ ਤੈਨੂੰ ਨਮਸਕਾਰ ਕਹਿੰਦੇ ਹਨ । ਉੱਥੋਂ ਦੇ ਮਿੱਤਰਾਂ ਨੂੰ ਨਾਂ ਲੈ ਕੇ ਸਾਡਾ ਨਮਸਕਾਰ ਕਹਿਣਾ ।

Punjabi Common Language (North American Version):

Text © 2021 Canadian Bible Society and Bible Society of India

Bible Society of India
Následuj nás:



Reklamy