Online Bible

- Reklamy -

੧ ਪਤਰਸ 1 - ਪਵਿੱਤਰ ਬਾਈਬਲ (Revised Common Language North American Edition)

1 ਯਿਸੂ ਮਸੀਹ ਦੇ ਰਸੂਲ ਪਤਰਸ ਦੇ ਵੱਲੋਂ, ਉਹਨਾਂ ਸਾਰਿਆਂ ਨੂੰ ਜਿਹੜੇ ਪੁੰਤੁਸ, ਗਲਾਤੀਯਾ, ਕੱਪਦੁਕਿਯਾ, ਏਸ਼ੀਆ ਅਤੇ ਬਿਥੁਨੀਯਾ ਦੇ ਇਲਾਕਿਆਂ ਦੇ ਵਿੱਚ ਪ੍ਰਵਾਸੀਆਂ ਦੀ ਤਰ੍ਹਾਂ ਖਿੱਲਰੇ ਹੋਏ ਹਨ,

2 ਤੁਸੀਂ ਪਰਮੇਸ਼ਰ ਪਿਤਾ ਦੇ ਉਦੇਸ਼ ਦੇ ਅਨੁਸਾਰ ਪਹਿਲਾਂ ਹੀ ਚੁਣੇ ਗਏ ਅਤੇ ਪਵਿੱਤਰ ਆਤਮਾ ਦੇ ਦੁਆਰਾ ਪਵਿੱਤਰ ਕੀਤੇ ਗਏ ਤਾਂ ਜੋ ਯਿਸੂ ਮਸੀਹ ਦੇ ਆਗਿਆਕਾਰੀ ਬਣੋ ਜਿਹਨਾਂ ਦਾ ਖ਼ੂਨ ਤੁਹਾਡੇ ਉੱਤੇ ਛਿੜਕਿਆ ਗਿਆ ਹੈ । ਤੁਹਾਨੂੰ ਕਿਰਪਾ ਅਤੇ ਸ਼ਾਂਤੀ ਬਹੁਤਾਤ ਵਿੱਚ ਮਿਲੇ ।


ਜਿਊਂਦੀ ਆਸ

3 ਧੰਨ ਹਨ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ਰ ਅਤੇ ਪਿਤਾ ਜਿਹਨਾਂ ਨੇ ਆਪਣੀ ਮਹਾਨ ਦਇਆ ਦੇ ਨਾਲ ਸਾਨੂੰ ਨਵਾਂ ਜਨਮ ਦਿੱਤਾ ਅਤੇ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਕੇ ਸਾਨੂੰ ਜਿਊਂਦੀ ਆਸ ਦਿੱਤੀ ਹੈ,

4 ਇਸ ਦੇ ਦੁਆਰਾ ਸਾਨੂੰ ਉਹ ਵਿਰਸਾ ਮਿਲਿਆ ਹੈ ਜਿਹੜਾ ਕਦੀ ਵੀ ਨਾਸ਼ ਜਾਂ ਖ਼ਰਾਬ ਨਹੀਂ ਹੋ ਸਕਦਾ ਜਾਂ ਮੁਰਝਾ ਨਹੀਂ ਸਕਦਾ ਜਿਹੜਾ ਤੁਹਾਡੇ ਲਈ ਸਵਰਗ ਦੇ ਵਿੱਚ ਰੱਖਿਆ ਗਿਆ ਹੈ ।

5 ਵਿਸ਼ਵਾਸ ਦੇ ਦੁਆਰਾ ਪਰਮੇਸ਼ਰ ਦੀ ਸਮਰੱਥਾ ਤੁਹਾਡੀ ਰੱਖਿਆ ਕਰਦੀ ਹੈ ਅਤੇ ਉਹ ਹੀ ਮੁਕਤੀ ਦੇ ਆਉਣ ਤੱਕ ਅੰਤਮ ਸਮੇਂ ਵਿੱਚ ਪ੍ਰਗਟ ਹੋਣ ਦੇ ਲਈ ਤਿਆਰ ਹੈ ।

6 ਇਸ ਲਈ ਤੁਸੀਂ ਬਹੁਤ ਅਨੰਦਿਤ ਹੋਵੋ ਭਾਵੇਂ ਤੁਹਾਨੂੰ ਹੁਣ ਕੁਝ ਸਮੇਂ ਦੇ ਲਈ ਕਈ ਤਰ੍ਹਾਂ ਦੇ ਪਰਤਾਵਿਆਂ ਦੇ ਕਾਰਨ ਦੁੱਖ ਸਹਿਣਾ ਜ਼ਰੂਰੀ ਹੈ ।

7 ਇਹਨਾਂ ਦਾ ਉਦੇਸ਼ ਇਹ ਹੈ ਕਿ ਤੁਹਾਡੇ ਸੱਚੇ ਵਿਸ਼ਵਾਸ ਦਾ ਸਬੂਤ ਮਿਲੇ ਜਿਹੜਾ ਸੋਨੇ ਦੇ ਨਾਲੋਂ ਜ਼ਿਆਦਾ ਬਹੁਮੁੱਲਾ ਹੈ, ਸੋਨਾ ਨਾਸ਼ ਹੋ ਜਾਂਦਾ ਹੈ ਭਾਵੇਂ ਉਹ ਅੱਗ ਦੇ ਦੁਆਰਾ ਪਰਖਿਆ ਗਿਆ ਹੋਵੇ । ਇਸ ਲਈ ਤੁਹਾਡਾ ਵਿਸ਼ਵਾਸ ਜਿਹੜਾ ਸੋਨੇ ਦੇ ਨਾਲੋਂ ਕਿਤੇ ਜ਼ਿਆਦਾ ਬਹੁਮੁੱਲਾ ਹੈ, ਉਸ ਦਾ ਵੀ ਪਰਖਿਆ ਜਾਣਾ ਜ਼ਰੂਰੀ ਹੈ ਕਿ ਉਹ ਖਰਾ ਸਿੱਧ ਹੋਵੇ ਅਤੇ ਤੁਹਾਨੂੰ ਵਡਿਆਈ, ਮਹਿਮਾ ਅਤੇ ਆਦਰ ਉਸ ਦਿਨ ਮਿਲਣ ਜਿਸ ਦਿਨ ਯਿਸੂ ਮਸੀਹ ਪ੍ਰਗਟ ਹੋਣਗੇ ।

8 ਭਾਵੇਂ ਤੁਸੀਂ ਮਸੀਹ ਨੂੰ ਨਹੀਂ ਦੇਖਿਆ ਪਰ ਫਿਰ ਵੀ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੋ । ਭਾਵੇਂ ਤੁਸੀਂ ਉਹਨਾਂ ਨੂੰ ਇਸ ਸਮੇਂ ਨਹੀਂ ਦੇਖ ਰਹੇ, ਤੁਸੀਂ ਉਹਨਾਂ ਦੇ ਵਿੱਚ ਵਿਸ਼ਵਾਸ ਕਰਦੇ ਹੋ ਅਤੇ ਉਸ ਮਹਾਨ ਅਨੰਦ ਦੇ ਨਾਲ ਭਰਪੂਰ ਹੋ ਜਿਸ ਦਾ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ।

9 ਕਿਉਂਕਿ ਤੁਸੀਂ ਆਪਣੇ ਵਿਸ਼ਵਾਸ ਦਾ ਫਲ ਪ੍ਰਾਪਤ ਕਰ ਰਹੇ ਹੋ ਜਿਹੜਾ ਕਿ ਤੁਹਾਡੀਆਂ ਆਤਮਾਵਾਂ ਦੀ ਮੁਕਤੀ ਹੈ ।

10 ਇਸੇ ਮੁਕਤੀ ਦੀ ਨਬੀਆਂ ਨੇ ਬੜੇ ਧਿਆਨ ਦੇ ਨਾਲ ਖੋਜ ਅਤੇ ਜਾਂਚ ਕੀਤੀ ਜਿਹਨਾਂ ਨੇ ਪਰਮੇਸ਼ਰ ਦੀ ਉਸ ਕਿਰਪਾ ਦੇ ਬਾਰੇ ਜਿਹੜੀ ਤੁਹਾਨੂੰ ਮਿਲਣ ਵਾਲੀ ਸੀ, ਭਵਿੱਖਬਾਣੀ ਕੀਤੀ

11 ਅਤੇ ਉਹਨਾਂ ਨੇ ਇਹ ਖੋਜਣ ਦੀ ਕੋਸ਼ਿਸ਼ ਕੀਤੀ ਕਿ ਕਿਸ ਸਮੇਂ ਅਤੇ ਕਿਸ ਹਾਲਾਤ ਵਿੱਚ ਮਸੀਹ ਦਾ ਆਤਮਾ ਜਿਹੜਾ ਉਹਨਾਂ ਦੇ ਵਿੱਚ ਹੈ, ਉਹਨਾਂ ਨੂੰ ਸੰਕੇਤ ਕਰ ਰਿਹਾ ਸੀ ਜਦੋਂ ਉਸ ਨੇ ਮਸੀਹ ਦੇ ਦੁੱਖਾਂ ਅਤੇ ਉਹਨਾਂ ਦੇ ਬਾਅਦ ਆਉਣ ਵਾਲੀ ਮਹਿਮਾ ਦੇ ਸੰਬੰਧ ਵਿੱਚ ਭਵਿੱਖਬਾਣੀ ਕੀਤੀ ।

12 ਇਹ ਉਹਨਾਂ ਦੇ ਉੱਤੇ ਪ੍ਰਗਟ ਕੀਤਾ ਗਿਆ ਕਿ ਉਹ ਆਪਣੇ ਲਈ ਨਹੀਂ ਸਗੋਂ ਤੁਹਾਡੇ ਲਈ ਸੇਵਾ ਕਰ ਰਹੇ ਹਨ ਜਦੋਂ ਇਹਨਾਂ ਗੱਲਾਂ ਦਾ ਐਲਾਨ ਤੁਹਾਡੇ ਵਿੱਚ ਉਹਨਾਂ ਦੇ ਦੁਆਰਾ ਕੀਤਾ ਗਿਆ, ਜਿਹਨਾਂ ਨੇ ਸਵਰਗ ਤੋਂ ਭੇਜੇ ਗਏ ਪਵਿੱਤਰ ਆਤਮਾ ਦੀ ਪ੍ਰੇਰਨਾ ਦੇ ਨਾਲ ਤੁਹਾਨੂੰ ਸ਼ੁੱਭ ਸਮਾਚਾਰ ਸੁਣਾਇਆ ਹੈ । ਸਵਰਗਦੂਤ ਵੀ ਇਹਨਾਂ ਗੱਲਾਂ ਨੂੰ ਜਾਨਣ ਦੇ ਲਈ ਚਾਹਵਾਨ ਰਹਿੰਦੇ ਹਨ ।


ਪਵਿੱਤਰ ਜੀਵਨ ਬਤੀਤ ਕਰਨ ਦੇ ਲਈ ਸੱਦਾ

13 ਇਸ ਲਈ ਆਪਣੇ ਮਨ ਨੂੰ ਪੂਰੀ ਤਰ੍ਹਾਂ ਸਾਵਧਾਨ ਅਤੇ ਕਾਬੂ ਵਿੱਚ ਰੱਖੋ । ਆਪਣੀ ਸਾਰੀ ਆਸ ਉਸ ਕਿਰਪਾ ਦੇ ਉੱਤੇ ਰੱਖੋ ਜਿਹੜੀ ਤੁਹਾਨੂੰ ਉਸ ਸਮੇਂ ਮਿਲੇਗੀ ਜਦੋਂ ਯਿਸੂ ਮਸੀਹ ਪ੍ਰਗਟ ਹੋਣਗੇ ।

14 ਆਗਿਆਕਾਰੀ ਬੱਚਿਆਂ ਦੀ ਤਰ੍ਹਾਂ ਪੁਰਾਣੀਆਂ ਵਾਸਨਾਵਾਂ ਦੇ ਵਰਗੇ ਨਾ ਬਣੋ ਜਿਹੜੀਆਂ ਤੁਹਾਡੇ ਵਿੱਚ ਉਸ ਸਮੇਂ ਸਨ ਜਦੋਂ ਤੁਸੀਂ ਅਗਿਆਨੀ ਸੀ ।

15 ਸਗੋਂ ਜਿਵੇਂ ਤੁਹਾਨੂੰ ਸੱਦਣ ਵਾਲੇ ਪਰਮੇਸ਼ਰ ਪਵਿੱਤਰ ਹਨ, ਇਸੇ ਤਰ੍ਹਾਂ ਤੁਸੀਂ ਵੀ ਆਪਣੇ ਚਾਲ-ਚਲਣ ਵਿੱਚ ਪਵਿੱਤਰ ਬਣੋ ।

16 ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਕਿਹਾ ਗਿਆ ਹੈ, “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ ।”

17 ਜੇਕਰ ਤੁਸੀਂ ਉਹਨਾਂ ਨੂੰ ‘ਪਿਤਾ’ ਕਹਿੰਦੇ ਹੋ ਜਿਹੜੇ ਹਰ ਮਨੁੱਖ ਦਾ ਨਿਆਂ ਉਸ ਦੇ ਕੰਮਾਂ ਦੇ ਅਨੁਸਾਰ ਬਿਨਾਂ ਪੱਖਪਾਤ ਦੇ ਕਰਦੇ ਹਨ ਤਾਂ ਤੁਸੀਂ ਇਸ ਧਰਤੀ ਦੇ ਉੱਤੇ ਆਪਣਾ ਪਰਵਾਸ ਉਹਨਾਂ ਦਾ ਆਦਰ ਕਰਦੇ ਹੋਏ ਬਤੀਤ ਕਰੋ ।

18 ਤੁਸੀਂ ਜਾਣਦੇ ਹੋ ਕਿ ਤੁਹਾਡਾ ਵਿਅਰਥ ਜੀਵਨ ਜਿਹੜਾ ਤੁਹਾਨੂੰ ਤੁਹਾਡੇ ਪੁਰਖਿਆਂ ਤੋਂ ਮਿਲਿਆ ਸੀ, ਉਸ ਦਾ ਛੁਟਕਾਰਾ ਕਿਸੇ ਸੋਨੇ ਚਾਂਦੀ ਜਿਹੀਆਂ ਨਾਸ਼ਵਾਨ ਚੀਜ਼ਾਂ ਦੇ ਦੁਆਰਾ ਨਹੀਂ ਹੋਇਆ

19 ਸਗੋਂ ਤੁਹਾਡਾ ਛੁਟਕਾਰਾ ਮਸੀਹ ਦੇ ਬਹੁਮੁੱਲੇ ਖ਼ੂਨ ਦੇ ਦੁਆਰਾ ਹੋਇਆ ਹੈ ਜਿਹੜੇ ਲੇਲੇ ਦੀ ਤਰ੍ਹਾਂ ਨਿਹਕਲੰਕ ਅਤੇ ਨਿਰਦੋਸ਼ ਸਨ ।

20 ਉਹ ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਹੀ ਚੁਣੇ ਗਏ ਅਤੇ ਇਹਨਾਂ ਅੰਤਮ ਦਿਨਾਂ ਵਿੱਚ ਤੁਹਾਡੇ ਲਈ ਪ੍ਰਗਟ ਕੀਤੇ ਗਏ ।

21 ਮਸੀਹ ਦੇ ਦੁਆਰਾ ਤੁਸੀਂ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਕੀਤਾ ਜਿਹਨਾਂ ਨੇ ਮਸੀਹ ਨੂੰ ਮੁਰਦਿਆਂ ਦੇ ਵਿੱਚੋਂ ਜਿਊਂਦਾ ਕੀਤਾ ਅਤੇ ਉਹਨਾਂ ਨੂੰ ਮਹਿਮਾ ਦਿੱਤੀ ਤਾਂ ਜੋ ਉਹਨਾਂ ਦੇ ਦੁਆਰਾ ਤੁਹਾਡਾ ਵਿਸ਼ਵਾਸ ਅਤੇ ਆਸ ਪਰਮੇਸ਼ਰ ਦੇ ਵਿੱਚ ਹੋਵੇ ।

22 ਹੁਣ ਤੁਸੀਂ ਆਪਣੇ ਆਪ ਨੂੰ ਸੱਚ ਦੀ ਪਾਲਣਾ ਕਰਨ ਦੇ ਦੁਆਰਾ ਪਵਿੱਤਰ ਕੀਤਾ ਹੈ । ਇਸ ਲਈ ਮਸੀਹੀ ਵਿਸ਼ਵਾਸੀਆਂ ਨੂੰ ਸੱਚਾ ਪਿਆਰ ਦੇਵੋ । ਇੱਕ ਦੂਜੇ ਨੂੰ ਸੱਚੇ ਦਿਲ ਦੇ ਨਾਲ ਪਿਆਰ ਕਰੋ,

23 ਤੁਹਾਡਾ ਨਵਾਂ ਜਨਮ ਨਾਸ਼ਵਾਨ ਬੀਜ ਤੋਂ ਨਹੀਂ ਸਗੋਂ ਅਵਿਨਾਸ਼ੀ ਬੀਜ ਤੋਂ ਹੋਇਆ ਹੈ, ਇਹ ਜਨਮ ਪਰਮੇਸ਼ਰ ਦੇ ਜਿਊਂਦੇ ਅਤੇ ਅਟੱਲ ਵਚਨ ਦੇ ਦੁਆਰਾ ਹੋਇਆ ਹੈ ।

24 ਇਸ ਦੇ ਬਾਰੇ ਪਵਿੱਤਰ-ਗ੍ਰੰਥ ਇਸ ਤਰ੍ਹਾਂ ਦੱਸਦਾ ਹੈ, “ਸਾਰੇ ਪ੍ਰਾਣੀ ਘਾਹ ਦੇ ਵਾਂਗ ਹਨ, ਅਤੇ ਉਹਨਾਂ ਦੀ ਸਾਰੀ ਸ਼ੋਭਾ ਘਾਹ ਦੇ ਫੁੱਲ ਦੇ ਵਾਂਗ ਹੈ । ਘਾਹ ਸੁੱਕ ਜਾਂਦਾ ਹੈ, ਅਤੇ ਫੁੱਲ ਝੜ ਜਾਂਦਾ ਹੈ,

25 ਪਰ ਪ੍ਰਭੂ ਦਾ ਵਚਨ ਅਨੰਤਕਾਲ ਤੱਕ ਅਟੱਲ ਰਹਿੰਦਾ ਹੈ ।” ਇਹ ਵਚਨ ਹੀ ਉਹ ਸ਼ੁਭ ਸਮਾਚਾਰ ਹੈ ਜਿਹੜਾ ਤੁਹਾਨੂੰ ਸੁਣਾਇਆ ਗਿਆ ਸੀ ।

Punjabi Common Language (North American Version):

Text © 2021 Canadian Bible Society and Bible Society of India

Bible Society of India
Následuj nás:



Reklamy