1 ਯੋਹਨ 1 - ਪਵਿੱਤਰ ਬਾਈਬਲ (Revised Common Language North American Edition)ਜੀਵਨ ਦਾ ਸ਼ਬਦ 1 ਅਸੀਂ ਤੁਹਾਨੂੰ ਜੀਵਨ ਦੇ ਸ਼ਬਦ ਦੇ ਬਾਰੇ ਲਿਖਦੇ ਹਾਂ ਜਿਹੜਾ ਆਦਿ ਤੋਂ ਸੀ, ਜਿਸ ਨੂੰ ਅਸੀਂ ਆਪ ਸੁਣਿਆ, ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਜਿਸ ਦੇ ਉੱਤੇ ਅਸੀਂ ਧਿਆਨ ਦਿੱਤਾ ਅਤੇ ਜਿਸ ਨੂੰ ਆਪਣੇ ਹੱਥਾਂ ਨਾਲ ਛੂਹਿਆ । 2 ਜਦੋਂ ਇਹ ਜੀਵਨ ਪ੍ਰਗਟ ਹੋਇਆ, ਅਸੀਂ ਆਪ ਇਸ ਨੂੰ ਦੇਖਿਆ ਅਤੇ ਇਸ ਦੀ ਗਵਾਹੀ ਦਿੰਦੇ ਹਾਂ ਅਤੇ ਤੁਹਾਨੂੰ ਦੱਸ ਰਹੇ ਹਾਂ ਕਿ ਉਹ ਅਨੰਤ ਜੀਵਨ ਜਿਹੜਾ ਪਿਤਾ ਦੇ ਨਾਲ ਸੀ, ਸਾਡੇ ਉੱਤੇ ਪ੍ਰਗਟ ਹੋਇਆ ਹੈ । 3 ਜੋ ਕੁਝ ਅਸੀਂ ਦੇਖਿਆ ਅਤੇ ਸੁਣਿਆ, ਉਹ ਤੁਹਾਨੂੰ ਵੀ ਦੱਸ ਰਹੇ ਹਾਂ ਕਿ ਤੁਸੀਂ ਵੀ ਸਾਡੀ ਉਸ ਸੰਗਤ ਦੇ ਸਾਂਝੀ ਹੋਵੋ ਜਿਹੜੀ ਸਾਡੀ ਪਿਤਾ ਅਤੇ ਉਹਨਾਂ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ । 4 ਅਸੀਂ ਇਹ ਗੱਲਾਂ ਇਸ ਲਈ ਲਿਖ ਰਹੇ ਹਾਂ ਕਿ ਸਾਡਾ ਅਨੰਦ ਸੰਪੂਰਨ ਹੋਵੇ । ਪਰਮੇਸ਼ਰ ਚਾਨਣ ਹਨ 5 ਇਹ ਸੰਦੇਸ਼ ਜਿਹੜਾ ਅਸੀਂ ਯਿਸੂ ਦੇ ਕੋਲੋਂ ਸੁਣਿਆ ਸੀ ਅਤੇ ਤੁਹਾਨੂੰ ਦੱਸ ਰਹੇ ਹਾਂ, ਉਹ ਇਹ ਹੈ ਕਿ ਪਰਮੇਸ਼ਰ ਚਾਨਣ ਹਨ ਅਤੇ ਉਹਨਾਂ ਦੇ ਵਿੱਚ ਹਨੇਰਾ ਬਿਲਕੁਲ ਵੀ ਨਹੀਂ ਹੈ । 6 ਇਸ ਲਈ ਜੇਕਰ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਉਹਨਾਂ ਦੀ ਸੰਗਤ ਵਿੱਚ ਹਾਂ ਪਰ ਚੱਲਦੇ ਹਨੇਰੇ ਵਿੱਚ ਹਾਂ ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ 7 ਪਰ ਜੇਕਰ ਅਸੀਂ ਚਾਨਣ ਵਿੱਚ ਚੱਲਦੇ ਹਾਂ ਜਿਸ ਤਰ੍ਹਾਂ ਪਰਮੇਸ਼ਰ ਚਾਨਣ ਵਿੱਚ ਹਨ ਤਾਂ ਅਸੀਂ ਇੱਕ ਦੂਜੇ ਦੀ ਸੰਗਤ ਵਿੱਚ ਹਾਂ ਅਤੇ ਉਹਨਾਂ ਦੇ ਪੁੱਤਰ ਯਿਸੂ ਦਾ ਖ਼ੂਨ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ । 8 ਜੇਕਰ ਅਸੀਂ ਕਹਿੰਦੇ ਹਾਂ ਕਿ ਸਾਡੇ ਵਿੱਚ ਪਾਪ ਨਹੀਂ ਹੈ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਾਡੇ ਵਿੱਚ ਸੱਚਾਈ ਨਹੀਂ ਹੈ 9 ਪਰ ਜੇਕਰ ਅਸੀਂ ਪਰਮੇਸ਼ਰ ਦੇ ਸਾਹਮਣੇ ਆਪਣੇ ਪਾਪਾਂ ਦਾ ਇਕਰਾਰ ਕਰਦੇ ਹਾਂ ਤਾਂ ਉਹ ਸਾਡੇ ਪਾਪ ਮਾਫ਼ ਕਰਨ ਅਤੇ ਸਾਨੂੰ ਸਾਡੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਕਰਨ ਦੇ ਲਈ ਭਰੋਸੇਯੋਗ ਅਤੇ ਨਿਆਂਕਾਰੀ ਹਨ 10 ਪਰ ਜੇਕਰ ਅਸੀਂ ਕਹਿੰਦੇ ਹਾਂ ਕਿ ਅਸੀਂ ਪਾਪ ਨਹੀਂ ਕੀਤਾ ਤਾਂ ਅਸੀਂ ਪਰਮੇਸ਼ਰ ਨੂੰ ਝੂਠਾ ਸਿੱਧ ਕਰਦੇ ਹਾਂ ਅਤੇ ਉਹਨਾਂ ਦਾ ਵਚਨ ਸਾਡੇ ਵਿੱਚ ਨਹੀਂ ਹੈ । |
Punjabi Common Language (North American Version):
Text © 2021 Canadian Bible Society and Bible Society of India
Bible Society of India