ਜ਼ਬੂਰਾਂ ਦੀ ਪੋਥੀ 4 - ਪਵਿੱਤਰ ਬਾਈਬਲ O.V. Bible (BSI)ਸੰਝ ਦੀ ਪ੍ਰਾਰਥਨਾ ਸੁਰ ਪਤੀ ਲਈ। ਤਾਰ ਵਾਲੇ ਵਾਜਿਆਂ ਨਾਲ, ਦਾਊਦ ਦਾ ਭਜਨ 1 ਜਦੋਂ ਮੈਂ ਤੈਨੂੰ ਪੁਕਾਰਾਂ, ਤੂੰ ਮੈਨੂੰ ਉੱਤਰ ਦੇਹ, ਹੇ ਮੇਰੇ ਧਰਮ ਦੇ ਪਰਮੇਸ਼ੁਰ। ਜਦ ਮੈਂ ਤੰਗੀ ਵਿੱਚ ਸਾਂ, ਤੈਂ ਮੈਨੂੰ ਖੁਲ੍ਹ ਦਿੱਤੀ, ਮੇਰੇ ਉੱਤੇ ਦਯਾ ਕਰ ਕੇ ਮੇਰੀ ਪ੍ਰਾਰਥਨਾ ਸੁਣ ਲੈ।। 2 ਹੇ ਮਨੁੱਖ ਦੇ ਪੁੱਤ੍ਰੋ, ਤੁਸੀਂ ਕਦ ਤਾਈਂ ਮੇਰੀ ਮਹਿਮਾ ਦੀ ਬੇਪਤੀ ਕਰੋਗੇ, ਵਿਅਰਥ ਨਾਲ ਪ੍ਰੀਤ ਲਾਓਗੇ, ਝੂਠ ਨੂੰ ਭਾਲੋਗੇ?।। ਸਲਹ।। 3 ਪਰ ਏਹ ਜਾਣੋ ਭਈ ਯਹੋਵਾਹ ਨੇ ਸੰਤ ਜਨ ਨੂੰ ਆਪਣੇ ਲਈ ਵਖਰਾ ਕਰ ਰੱਖਿਆ ਹੈ। ਜਦੋਂ ਮੈਂ ਉਹ ਨੂੰ ਪੁਕਾਰਾਂ ਯਹੋਵਾਹ ਮੇਰੀ ਸੁਣੇਗਾ। 4 ਕੰਬ ਜਾਓ ਅਰ ਪਾਪ ਨਾ ਕਰੋ, ਆਪਣਿਆਂ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ।। ਸਲਹ।। 5 ਧਰਮ ਦੇ ਬਲੀਦਾਨ ਚੜ੍ਹਾਓ, ਅਤੇ ਯਹੋਵਾਹ ਉੱਤੇ ਆਸ ਰੱਖੋ। 6 ਬਾਹਲੇ ਏਹ ਆਖਦੇ ਹਨ ਭਈ ਸਾਨੂੰ ਕੌਣ ਕੁਝ ਭਲਿਆਈ ਵਿਖਾਵੇਗਾ? ਹੇ ਯਹੋਵਾਹ, ਆਪਣੇ ਮੁਖੜੇ ਨੂੰ ਸਾਡੇ ਉੱਤੇ ਚਮਕਾ। 7 ਤੈਂ ਮੇਰੇ ਮਨ ਵਿੱਚ ਉਨ੍ਹਾਂ ਦੇ ਨਾਲੋਂ, ਜਦੋਂ ਉਨ੍ਹਾਂ ਦੇ ਦਾਣੇ ਅਤੇ ਦਾਖ ਰਸ ਬਹੁਤ ਹੋ ਗਏ ਹਨ, ਵਧੀਕ ਅਨੰਦ ਪਾ ਦਿੱਤਾ ਹੈ। 8 ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਅਮਨ ਵਿੱਚ ਵਸਾਉਂਦਾ ਹੈਂ।। |
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.
Bible Society of India