ਜ਼ਬੂਰਾਂ ਦੀ ਪੋਥੀ 148 - ਪਵਿੱਤਰ ਬਾਈਬਲ O.V. Bible (BSI)ਉਸਤਤ ਲਈ ਪੁਕਾਰ 1 ਹਲਲੂਯਾਹ ! ਅਕਾਸੋਂ ਯਹੋਵਾਹ ਦੀ ਉਸਤਤ ਕਰੋ, ਉਚਿਆਈਆਂ ਵਿੱਚ ਉਹ ਦੀ ਉਸਤਤ ਕਰੋ! 2 ਹੇ ਉਹ ਦੇ ਸਾਰੇ ਦੂਤੋ, ਉਹ ਦੀ ਉਸਤਤ ਕਰੋ, ਹੇ ਉਹ ਦੀਓ ਸਾਰੀਓ ਸੈਨਾਵੋ, ਉਹ ਦੀ ਉਸਤਤ ਕਰੋ! 3 ਹੇ ਸੂਰਜ ਤੇ ਚੰਦ, ਉਹ ਦੀ ਉਸਤਤ ਕਰੋ, ਹੇ ਸਾਰੇ ਰੋਸ਼ਨ ਤਾਰਿਓ, ਉਹ ਦੀ ਉਸਤਤ ਕਰੋ! 4 ਹੇ ਅਕਾਸ਼ਾਂ ਦੇ ਅਕਾਸ਼ੋ, ਉਹ ਦੀ ਉਸਤਤ ਕਰੋ, ਨਾਲੇ ਪਾਣੀ ਜਿਹੜੇ ਅਕਾਸ਼ਾਂ ਦੇ ਉੱਤੇ ਹਨ! 5 ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ, ਕਿਉਂ ਜੋ ਉਸ ਹੁਕਮ ਦਿੱਤਾ ਅਤੇ ਓਹ ਉਤਪੰਨ ਹੋਏ, 6 ਅਤੇ ਉਸ ਉਨ੍ਹਾਂ ਨੂੰ ਸਦਾ ਲਈ ਇਸਥਿਰ ਕੀਤਾ, ਉਸ ਨੇ ਇੱਕ ਬਿਧੀ ਦਿੱਤੀ ਜਿਹੜੀ ਅਟੱਲ ਹੈ। 7 ਹੇ ਜਲ ਜੰਤੂਓ ਤੇ ਸਾਰੀਓ ਡੁੰਘਿਆਈਓ, ਪ੍ਰਿਥਵੀ ਤੋਂ ਯਹੋਵਾਹ ਦੀ ਉਸਤਤ ਕਰੋ! 8 ਅੱਗ ਤੇ ਗੜੇ, ਬਰਫ਼ ਤੇ ਧੁੰਦ, ਤੁਫ਼ਾਨੀ ਹਵਾ ਜਿਹੜੀ ਉਹ ਦਾ ਹੁਕਮ ਪੂਰਾ ਕਰਦੀ ਹੈ, 9 ਪਹਾੜ ਤੇ ਸਾਰੇ ਟਿੱਬੇ, ਫ਼ਲਦਾਰ ਬਿਰਛ ਤੇ ਸਾਰੇ ਦਿਆਰ, 10 ਦਰਿੰਦੇ ਤੇ ਸਾਰੇ ਡੰਗਰ, ਘਿਸਰਨ ਵਾਲੇ ਤੇ ਪੰਖ ਪੰਛੀ, 11 ਧਰਤੀ ਦੇ ਰਾਜੇ ਤੇ ਸਾਰੀਆਂ ਉੱਮਤਾਂ, ਸਰਦਾਰ ਤੇ ਧਰਤੀ ਦੇ ਸਾਰੇ ਨਿਆਈ, 12 ਗਭਰੂ ਤੇ ਕੁਆਰੀਆਂ, ਬੁੱਢੇ ਤੇ ਜੁਆਨ, 13 ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ! ਕਿਉਂ ਜੋ ਇਕੱਲਾ ਉਸੇ ਦਾ ਨਾਮ ਮਹਾਨ ਹੈ, ਉਹ ਦਾ ਤੇਜ ਧਰਤੀ ਤੇ ਅਕਾਸ਼ ਦੇ ਉੱਪਰ ਹੈ, 14 ਅਤੇ ਉਹ ਨੇ ਆਪਣੀ ਪਰਜਾ ਦੇ ਸਿੰਙ ਨੂੰ ਉੱਚਾ ਕੀਤਾ, ਏਹ ਉਹ ਦੇ ਸਾਰੇ ਸੰਤਾਂ ਲਈ ਉਸਤਤ ਦਾ ਕਾਰਨ ਹੈ, ਅਰਥਾਤ ਇਸਰਾਏਲੀਆਂ ਲਈ, ਜਿਹੜੇ ਉਹ ਦੇ ਨੇੜੇ ਦੇ ਲੋਕ ਹਨ, - ਹਲਲੂਯਾਹ! ।। |
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.
Bible Society of India