Aanlyn Bybel

- Advertensies -

ਕਹਾਉਤਾਂ 4 - ਪਵਿੱਤਰ ਬਾਈਬਲ O.V. Bible (BSI)


ਪਿਤਾ ਦਾ ਉਪਦੇਸ਼

1 ਹੇ ਮੇਰੇ ਪੁੱਤ੍ਰੋ, ਤੁਸੀਂ ਪਿਉ ਦਾ ਉਪਦੇਸ਼ ਸੁਣੋ, ਅਤੇ ਸਮਝ ਪ੍ਰਾਪਤ ਕਰਨ ਉੱਤੇ ਮਨ ਲਾਓ,

2 ਕਿਉਂ ਜੋ ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ, ਤੁਸੀਂ ਮੇਰੀ ਤਾਲੀਮ ਨੂੰ ਨਾ ਛੱਡੋ।

3 ਜਦ ਮੈਂ ਆਪਣੇ ਪਿਉ ਦਾ ਪੁੱਤ੍ਰ, ਅਤੇ ਆਪਣੀ ਮਾਂ ਦਾ ਇਕੱਲਾ ਹੀ ਲਾਡਲਾ ਸਾਂ,

4 ਤਾਂ ਉਹ ਨੇ ਮੈਨੂੰ ਸਿਖਾਇਆ ਤੇ ਇਹ ਆਖਿਆ, ਤੇਰਾ ਮਨ ਮੇਰੀਆਂ ਗੱਲਾਂ ਨੂੰ ਫੜੇ, ਤੂੰ ਮੇਰੇ ਹੁਕਮਾਂ ਨੂੰ ਮੰਨ, ਤਾਂ ਤੂੰ ਜੀਵੇਂਗਾ।

5 ਬੁੱਧ ਨੂੰ ਪ੍ਰਾਪਤ ਕਰ, ਸਮਝ ਨੂੰ ਵੀ ਪ੍ਰਾਪਤ ਕਰ, ਮੇਰੇ ਬਚਨਾਂ ਨੂੰ ਭੁਲਾਈਂ ਨਾ ਅਤੇ ਨਾ ਉਨ੍ਹਾਂ ਤੋਂ ਮੁੜੀਂ।

6 ਉਹ ਨੂੰ ਨਾ ਛੱਡੀਂ ਤਾਂ ਉਹ ਤੇਰੀ ਰੱਛਿਆ ਕਰੇਗੀ, ਉਹ ਦੇ ਨਾਲ ਪ੍ਰੀਤ ਲਾਵੀਂ ਤਾਂ ਉਹ ਤੇਰੀ ਰਾਖੀ ਕਰੇਗੀ।

7 ਬੁੱਧ ਦਾ ਮੁੱਢ ਇਹ ਹੈ ਭਈ ਬੁੱਧ ਨੂੰ ਪ੍ਰਾਪਤ ਕਰ, ਅਤੇ ਆਪਣੀ ਸਾਰੀ ਪ੍ਰਾਪਤੀ ਨਾਲ ਸਮਝ ਨੂੰ ਪ੍ਰਾਪਤ ਕਰ।

8 ਉਹ ਦੀ ਵਡਿਆਈ ਕਰ ਤਾਂ ਉਹ ਤੈਨੂੰ ਵਧਾਵੇਗੀ, ਜੇ ਤੂੰ ਉਹ ਨੂੰ ਗਲ ਲਾਵੇਂ ਤਾਂ ਉਹ ਤੈਨੂੰ ਆਦਰ ਦੇਵੇਗੀ।

9 ਉਹ ਤੇਰੇ ਸਿਰ ਉੱਤੇ ਸਜ਼ਾਵਟ ਦਾ ਸਿਹਰਾ ਬੰਨ੍ਹੇਗੀ, ਉਹ ਤੈਨੂੰ ਸੁਹੱਪਣ ਦਾ ਮੁਕਟ ਦੇਵੇਗੀ।।

10 ਹੇ ਮੇਰੇ ਪੁੱਤ੍ਰ, ਸੁਣ ਅਤੇ ਮੇਰੀਆਂ ਗੱਲਾਂ ਮੰਨ ਲੈ, ਤਾਂ ਤੇਰੀ ਉਮਰ ਬਹੁਤ ਵਰਿਹਾਂ ਦੀ ਹੋਵੇਗੀ।

11 ਮੈਂ ਤੈਨੂੰ ਬੁੱਧ ਦਾ ਰਾਹ ਦੱਸਿਆ ਹੈ, ਮੈਂ ਸਿੱਧੇ ਮਾਰਗ ਉੱਤੇ ਤੇਰੀ ਅਗਵਾਈ ਕੀਤੀ ਹੈ।

12 ਜਾਂ ਤੂੰ ਤੁਰੇਂਗਾ ਤਾਂ ਤੇਰੇ ਕਦਮ ਤੰਗ ਨਾ ਹੋਣਗੇ, ਅਤੇ ਜੇ ਤੂੰ ਭੱਜੇਂ ਤਾਂ ਵੀ ਤੂੰ ਠੇਡਾ ਨਾ ਖਾਵੇਂਗਾ।

13 ਸਿੱਖਿਆ ਨੂੰ ਫੜੀ ਰੱਖ, ਉਹ ਨੂੰ ਛੱਡੀਂ ਨਾ, ਉਹ ਨੂੰ ਸਾਂਭ ਕੇ ਰੱਖ, ਉਹੋ ਤੇਰਾ ਜੀਉਣ ਹੈ!

14 ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ, ਅਤੇ ਬੁਰਿਆਰਾਂ ਦੇ ਮਾਰਗ ਉੱਤੇ ਨਾ ਤੁਰ।

15 ਉਸ ਤੋਂ ਲਾਂਭੇ ਰਹੁ, ਉਹ ਦੇ ਉੱਤੋਂ ਦੀ ਵੀ ਨਾ ਲੰਘੀਂ, ਉਸ ਤੋਂ ਮੂੰਹ ਮੋੜ ਕੇ ਅਗਾਹਾਂ ਨੂੰ ਲੰਘ ਜਾ,

16 ਕਿਉਂ ਜੋ ਜਿੰਨਾ ਚਿਰ ਓਹ ਬੁਰਿਆਈ ਨਾ ਕਰ ਲੈਣ ਉਨ੍ਹਾਂ ਨੂੰ ਨੀਂਦਰ ਨਹੀਂ ਆਉਂਦੀ, ਅਤੇ ਜਦ ਤਾਈਂ ਕਿਸੇ ਨੂੰ ਡੇਗ ਨਾ ਦੇਣ ਓਹ ਉਣੀਂਦਰੇ ਰਹਿੰਦੇ ਹਨ।

17 ਓਹ ਬੁਰਿਆਈ ਦੀ ਰੋਟੀ ਖਾਂਦੇ, ਅਤੇ ਜ਼ੁਲਮ ਦੀ ਮੈ ਪੀਂਦੇ ਹਨ ।

18 ਪਰ ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।

19 ਦੁਸ਼ਟਾਂ ਦਾ ਰਾਹ ਅਨ੍ਹੇਰੇ ਘੁੱਪ ਵਰਗਾ ਹੈ, ਓਹ ਜਾਣਦੇ ਵੀ ਨਹੀਂ ਭਈ ਓਹਨਾਂ ਨੂੰ ਕਿਸ ਤੋਂ ਠੋਕਰ ਲੱਗਦੀ ਹੈ।।

20 ਹੇ ਮੇਰੇ ਪੁੱਤ੍ਰ, ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ, ਅਤੇ ਮੇਰੇ ਵਾਕਾਂ ਉੱਤੇ ਕੰਨ ਲਾ।

21 ਓਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੋਖੇ ਨਾ ਹੋਣ ਦੇਹ, ਆਪਣੇ ਮਨ ਵਿੱਚ ਓਹਨਾਂ ਨੂੰ ਸਾਂਭ ਕੇ ਰੱਖ।

22 ਜਿਨ੍ਹਾਂ ਨੂੰ ਓਹ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਦੇ ਲਈ ਜੀਉਣ ਹਨ, ਤੇ ਉਨ੍ਹਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ।

23 ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਉਸੇ ਤੋਂ ਨਿੱਕਲਦੀਆਂ ਹਨ!

24 ਪੁੱਠਾ ਮੂੰਹ ਆਪ ਤੋਂ ਪਰੇ ਰੱਖ, ਅਤੇ ਟੇਢੇ ਬੁੱਲ੍ਹ ਆਪ ਤੋਂ ਦੂਰ ਕਰ।

25 ਤੇਰੀਆਂ ਅੱਖਾਂ ਨੱਕ ਦੀ ਸੇਧੇ ਵੇਖਦੀਆਂ ਰਹਿਣ ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ।

26 ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ, ਤਾਂ ਤੇਰੇ ਸਾਰੇ ਪਹੇ ਕਾਇਮ ਹੋਣਗੇ।

27 ਨਾ ਸੱਜੇ ਨੂੰ ਮੁੜ ਅਤੇ ਨਾ ਖੱਬੇ ਨੂੰ, ਆਪਣੇ ਪੈਰ ਨੂੰ ਬੁਰਿਆਈ ਤੋਂ ਦੂਰ ਰੱਖ।।

Punjabi O.V. - ਪਵਿੱਤਰ ਬਾਈਬਲ O.V.

Copyright © 2016 by The Bible Society of India

Used by permission. All rights reserved worldwide.

Bible Society of India
Volg ons:



Advertensies