Aanlyn Bybel

- Advertensies -

ਕਹਾਉਤਾਂ 29 - ਪਵਿੱਤਰ ਬਾਈਬਲ O.V. Bible (BSI)

1 ਜਿਹੜਾ ਝੱਟੇ ਬਿੰਦੇ ਤਾੜ ਖਾ ਕੇ ਵੀ ਧੌਣ ਦਾ ਅਕੜੇਵਾਂ ਕਰੇ, ਉਹ ਅਚਾਣਕ ਭੰਨਿਆ ਜਾਵੇਗਾ, ਅਤੇ ਤਦ ਉਹ ਦਾ ਕੋਈ ਉਪਾਓ ਨਾ ਹੋਵੇਗਾ।

2 ਜਦ ਧਰਮੀ ਪਰਬਲ ਹੁੰਦੇ ਹਨ ਤਾਂ ਲੋਕ ਅਨੰਦ ਕਰਦੇ ਹਨ, ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਢਾਹਾਂ ਮਾਰਦੇ ਹਨ।

3 ਜਿਹੜਾ ਬੁੱਧ ਨਾਲ ਪ੍ਰੀਤ ਲਾਉਂਦਾ ਹੈ ਉਹ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਜਿਹੜਾ ਕੰਜਰੀਆਂ ਦਾ ਸੰਗ ਕਰਦਾ ਹੈ ਉਹ ਆਪਣਾ ਮਾਲ ਉਡਾਉਂਦਾ ਹੈ।

4 ਨਿਆਉਂ ਨਾਲ ਪਾਤਸ਼ਾਹ ਦੇਸ ਨੂੰ ਦ੍ਰਿੜ੍ਹ ਕਰਦਾ ਹੈ, ਪਰ ਕਰ ਦਾ ਲੋਭੀ ਉਹ ਨੂੰ ਉਲਟਾ ਦਿੰਦਾ ਹੈ।

5 ਜਿਹੜਾ ਪੁਰਸ਼ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਉਹ ਉਸ ਦੇ ਪੈਰਾਂ ਲਈ ਜਾਲ ਵਿਛਾਉਂਦਾ ਹੈ।

6 ਬੁਰਿਆਰ ਦੇ ਅਪਰਾਧ ਵਿੱਚ ਫਾਹੀ ਹੈ, ਪਰ ਧਰਮੀ ਪੁਰਸ਼ ਜੈ ਕਾਰਾਂ ਨਾਲ ਅਨੰਦ ਕਰਦਾ ਹੈ।

7 ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਨੂੰ ਜਾਣਦਾ ਹੈ, ਪਰ ਦੁਸ਼ਟ ਉਹ ਦੇ ਸਮਝਣ ਦਾ ਗਿਆਨ ਨਹੀਂ ਰੱਖਦਾ।

8 ਮਖੌਲੀਏ ਤਾਂ ਨਗਰ ਵਿੱਚ ਲਾਂਬੂ ਲਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਮੋੜ ਦਿੰਦੇ ਹਨ।

9 ਜੇ ਬੁੱਧਵਾਨ ਪੁਰਸ਼ ਮੂਰਖ ਨਾਲ ਝਗੜੇ, ਤਾਂ ਭਾਵੇਂ ਉਹ ਗੁੱਸੇ ਹੋਵੇ ਭਾਵੇਂ ਹਾਸੀ ਕਰੇ ਪਰ ਚੈਨ ਨਹੀਂ ਮਿਲਦੀ।

10 ਖ਼ੂਨੀ ਮਨੁੱਖ ਖਰਿਆਂ ਨਾਲ ਵੈਰ ਰੱਖਦੇ ਹਨ, ਅਤੇ ਸਚਿਆਰ, - ਓਹ ਓਹਨਾਂ ਦੀ ਜਾਨ ਨੂੰ ਭਾਲਦੇ ਹਨ।

11 ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।

12 ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ, ਤਾਂ ਉਹ ਦੇ ਸੱਭੇ ਚਾਕਰ ਦੁਸ਼ਟ ਹੋ ਜਾਣਗੇ।

13 ਦੀਣ ਅਤੇ ਦਾਬਾ ਦੇਣ ਵਾਲਾ ਇੱਕ ਦੂਜੇ ਨੂੰ ਮਿਲਦੇ ਹਨ, ਯਹੋਵਾਹ ਓਹਨਾਂ ਦੋਹਾਂ ਦੀਆਂ ਅੱਖੀਆਂ ਨੂੰ ਚਾਨਣ ਦਿੰਦਾ ਹੈ।

14 ਜਿਹੜਾ ਪਾਤਸ਼ਾਹ ਗਰੀਬਾਂ ਦਾ ਸੱਚਾ ਨਿਆਉਂ ਕਰਦਾ ਹੈ, ਉਹ ਦੀ ਗੱਦੀ ਸਦਾ ਬਣੀ ਰਹੇਗੀ।

15 ਤਾੜ ਅਤੇ ਛਿਟੀ ਬੁੱਧ ਦਿੰਦੀਆ ਹਨ, ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।

16 ਜਦੋਂ ਦੁਸ਼ਟ ਪਰਬਲ ਹੁੰਦੇ ਹਨ ਤਾਂ ਅਪਰਾਧ ਵੱਧਦਾ ਹੈ, ਪਰ ਧਰਮੀ ਓਹਨਾਂ ਦਾ ਡਿੱਗਣਾ ਵੇਖਣਗੇ।

17 ਆਪਣੇ ਪੁੱਤ੍ਰ ਨੂੰ ਤਾੜ ਤਾਂ ਉਹ ਤੈਨੂੰ ਸੁਖ ਦੇਵੇਗਾ, ਅਤੇ ਉਹ ਤੇਰੇ ਜੀ ਨੂੰ ਨਿਹਾਲ ਕਰੇਗਾ।

18 ਜਿੱਥੇ ਦਰਸ਼ਣ ਨਹੀਂ ਉੱਥੇ ਲੋਕ ਬੇਮੁਹਾਹੇ ਹੋ ਜਾਂਦੇ ਹਨ, ਪਰ ਜਿਹੜਾ ਬਿਵਸਥਾ ਦੀ ਪਾਲਨਾ ਕਰਦਾ ਹੈ ਉਹ ਧੰਨ ਹੈ।

19 ਟਹਿਲੀਆਂ ਨਿਰੀਆਂ ਗੱਲਾਂ ਨਾਲ ਨਹੀਂ ਸੌਰਦਾ, ਕਿਉਂ ਜੋ ਉਹ ਸਮਝਦਾ ਤਾਂ ਹੈ ਪਰ ਪਰਵਾਹ ਨਹੀਂ ਕਰਦਾ।

20 ਕੀ ਤੂੰ ਕੋਈ ਮਨੁੱਖ ਵੇਖਦਾ ਹੈ ਜੋ ਬੋਲਣ ਵਿੱਚ ਕਾਹਲ ਕਰਦਾ ਹੈ? ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ।

21 ਜਿਹੜਾ ਆਪਣੇ ਟਹਿਲੀਏ ਨੂੰ ਬਚਪਣੇ ਤੋਂ ਲਾਡਾਂ ਨਾਲ ਪਾਲਦਾ ਹੈ, ਉਹ ਓੜਕ ਨੂੰ ਉਸ ਦਾ ਵਾਰਿਸ ਬਣ ਬੈਠੇਗਾ।

22 ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ, ਅਤੇ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ।

23 ਆਦਮੀ ਦਾ ਹੰਕਾਰ ਉਹ ਨੂੰ ਅਧੀਨ ਕਰੇਗਾ, ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ।

24 ਚੋਰ ਦਾ ਸਾਂਝੀ ਆਪਣੀ ਜਾਨ ਦਾ ਵੈਰੀ ਹੈ, ਉਹ ਸੌਂਹ ਤਾਂ ਸੁਣਦਾ ਹੈ, ਪਰ ਦੱਸਦਾ ਕੁਝ ਨਹੀਂ।

25 ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ।

26 ਹਾਕਮ ਦੇ ਮੂੰਹ ਨੂੰ ਬਾਹਲੇ ਭਾਲਦੇ ਹਨ, ਪਰ ਮਨੁੱਖ ਦਾ ਇਨਸਾਫ਼ ਯਹੋਵਾਹ ਵੱਲੋਂ ਹੈ।

27 ਧਰਮੀ ਕੁਨਿਆਈ ਤੋਂ ਘਿਣ ਕਰਦਾ ਹੈ, ਅਤੇ ਦੁਸ਼ਟ ਸਿੱਧੀ ਚਾਲ ਵਾਲੇ ਤੋਂ ਘਿਣ ਕਰਦਾ ਹੈ।।

Punjabi O.V. - ਪਵਿੱਤਰ ਬਾਈਬਲ O.V.

Copyright © 2016 by The Bible Society of India

Used by permission. All rights reserved worldwide.

Bible Society of India
Volg ons:



Advertensies