ਕਹਾਉਤਾਂ 16 - ਪਵਿੱਤਰ ਬਾਈਬਲ O.V. Bible (BSI)ਜੀਵਨ ਦਾ ਰਵੱਯਾ 1 ਮਨ ਦੀਆਂ ਜੁਗਤਾਂ ਤਾਂ ਆਦਮੀ ਦੇ ਵੱਸ ਵਿੱਚ ਹਨ, ਪਰ ਜ਼ਬਾਨੋਂ ਉੱਤਰ ਯਹੋਵਾਹ ਵੱਲੋਂ ਹੁੰਦਾ ਹੈ। 2 ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸੁੱਧ ਹੈ, ਪਰ ਯਹੋਵਾਹ ਰੂਹਾਂ ਨੂੰ ਜਾਣਦਾ ਹੈ। 3 ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇਹ, ਤਾਂ ਤੇਰੇ ਮਨੋਰਥ ਪੂਰੇ ਹੋਣਗੇ। 4 ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਪਰੋਜਨ ਲਈ ਬਣਾਈਆਂ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ। 5 ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪੱਕ ਮੰਨੋ ਉਹ ਬਿਨਾ ਡੰਨ ਨਾ ਛੁੱਟੇਗਾ। 6 ਦਯਾ ਅਤੇ ਸਚਿਆਈ ਨਾਲ ਕੁੱਧਰਮ ਢੱਕਿਆ ਜਾਂਦਾ ਹੈ, ਅਤੇ ਯਹੋਵਾਹ ਦਾ ਭੈ ਮੰਨਣ ਕਰਕੇ ਲੋਕ ਬੁਰਿਆਈ ਤੋਂ ਪਰੇ ਰਹਿੰਦੇ ਹਨ। 7 ਜਦ ਕਿਸੇ ਦਾ ਚਾਲ ਯਹੋਵਾਹ ਨੂੰ ਭਾਉਂਦੀ ਹੈ, ਤਾਂ ਉਹ ਉਸ ਦੇ ਵੈਰੀਆਂ ਦਾ ਵੀ ਉਸ ਨਾਲ ਮੇਲ ਕਰਾਉਂਦਾ ਹੈ। 8 ਧਰਮ ਨਾਲ ਥੋੜਾ ਜਿਹਾ ਕੁਨਿਆਉਂ ਦੀ ਵੱਡੀ ਆਮਦਨੀ ਨਾਲੋਂ ਚੰਗਾ ਹੈ। 9 ਆਦਮੀ ਦਾ ਮਨ ਉਹ ਦਾ ਰਾਹ ਠਹਿਰਾਉਂਦਾ ਹੈ, ਪਰ ਯਹੋਵਾਹ ਉਹ ਦੇ ਪੈਰਾਂ ਦੀ ਅਗਵਾਈ ਕਰਦਾ ਹੈ। 10 ਪਾਤਸ਼ਾਹ ਦੇ ਬੁੱਲ੍ਹਾਂ ਤੋਂ ਸੁਰਗੀ ਬਚਨ ਨਿੱਕਲਦਾ ਹੈ, ਨਿਆਉਂ ਵਿੱਚ ਉਹ ਦਾ ਮੂੰਹ ਭੁੱਲ ਨਹੀਂ ਕਰਦਾ। 11 ਸੱਚੀ ਤਕੜੀ ਤੇ ਪਲੜੇ ਯਹੋਵਾਹ ਦੇ ਹਨ, ਗੁੱਥਲੀ ਦੇ ਸਾਰੇ ਵੱਟੇ ਓਸੇ ਦਾ ਕੰਮ ਹਨ। 12 ਬੁਰਿਆਈ ਕਰਨੀ ਪਾਤਸ਼ਾਹਾਂ ਲਈ ਘਿਣਾਉਣੀ ਹੈ, ਕਿਉਂ ਜੋ ਉਨ੍ਹਾਂ ਦੀ ਗੱਦੀ ਦਾ ਧਰਮ ਨਾਲ ਹੀ ਟਿਕਾਓ ਹੁੰਦਾ ਹੈ। 13 ਧਰਮੀ ਬੁੱਲ੍ਹਾਂ ਤੋਂ ਪਾਤਸ਼ਾਹ ਪਰਸੰਨ ਹੁੰਦੇ ਹਨ, ਅਤੇ ਜਿਹੜਾ ਸਿੱਧੀ ਗੱਲ ਕਰਦਾ ਹੈ ਉਹ ਦੇ ਨਾਲ ਉਹ ਪ੍ਰੇਮ ਰੱਖਦਾ ਹੈ। 14 ਪਾਤਸ਼ਾਹ ਦਾ ਗੁੱਸਾ ਮੌਤ ਦੇ ਦੂਤਾਂ ਵਰਗਾ ਹੈ, ਪਰ ਬੁੱਧਵਾਨ ਪੁਰਸ਼ ਉਹ ਨੂੰ ਠੰਡਿਆਂ ਕਰਦਾ ਹੈ। 15 ਪਾਤਸ਼ਾਹ ਦੇ ਮੁਖ ਦੇ ਚਾਨਣ ਵਿੱਚ ਜੀਉਣ ਹੈ, ਅਤੇ ਉਹ ਦੀ ਕਿਰਪਾ ਬਰਸਾਤ ਦੇ ਛੇਕੜ ਦੀ ਬੱਦਲੀ ਵਰਗੀ ਹੁੰਦੀ ਹੈ। 16 ਬੁੱਧ ਦੀ ਪ੍ਰਾਪਤੀ ਸੋਨੇ ਨਾਲੋਂ ਕਿੰਨੀ ਵਧੀਕ ਚੰਗੀ ਹੈ! ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ। 17 ਬੁਰਿਆਈ ਤੋਂ ਲਾਂਭੇ ਰਹਿਣਾ ਸਚਿਆਰਾਂ ਦਾ ਸ਼ਾਹ ਰਾਹ ਹੈ, ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਹੈ। 18 ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ। 19 ਘੁਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਮਸਕੀਨਾਂ ਦੇ ਸੰਗ ਅੱਝਾ ਹੋ ਕੇ ਰਹਿਣਾ ਚੰਗਾ ਹੈ। 20 ਜਿਹੜਾ ਬਚਨ ਉੱਤੇ ਚਿੱਤ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੈ! 21 ਜਿਹੜਾ ਬੁੱਧਵਾਨ ਹੈ ਉਹ ਬਿਬੇਕੀ ਕਹਾਉਂਦਾ ਹੈ, ਅਤੇ ਮਿੱਠੇ ਬੋਲਣ ਨਾਲ ਕਾਇਲ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ। 22 ਬੁੱਧਵਾਨ ਦੇ ਲਈ ਬੁੱਧ ਜੀਉਣ ਦਾ ਸੋਤਾ ਹੈ, ਪਰ ਮੂਰਖਾਂ ਦੀ ਸਿੱਖਿਆ ਮੂਰਖਤਾਈ ਹੀ ਹੈ। 23 ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ। 24 ਸ਼ੁਭ ਬਚਨ ਮਖੀਰ ਦੀ ਛੱਲੀ ਵਾਂਙੁ ਹਨ, ਓਹ ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ। 25 ਇੱਕ ਅਜਿਹਾ ਰਾਹ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ। 26 ਮਜੂਰ ਦੀ ਭੁੱਖ ਉਸ ਤੋਂ ਮਜੂਰੀ ਕਰਾਉਂਦੀ ਹੈ, ਉਹ ਦਾ ਮੂੰਹ ਜੋ ਉਹ ਨੂੰ ਉਭਾਰਦਾ ਹੈ। 27 ਨਿਕੰਮਾ ਪੁਰਸ਼ ਬੁਰਿਆਈ ਨੂੰ ਪੁੱਟਦਾ ਹੈ, ਤੇ ਉਹ ਦੇ ਬੁੱਲ੍ਹਾਂ ਵਿੱਚ ਜਾਣੋ ਸਾੜਨ ਵਾਲੀ ਅੱਗ ਹੁੰਦੀ ਹੈ। 28 ਟੇਢਾ ਮਨੁੱਖ ਝਗੜੇ ਚੁੱਕਦਾ ਹੈ, ਅਤੇ ਚੁਗਲੀ ਕਰਨ ਵਾਲਾ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ। 29 ਅਨ੍ਹੇਰੇ ਕਰਨ ਵਾਲਾ ਆਪਣੇ ਗੁਆਂਢੀ ਨੂੰ ਫ਼ੁਸਲਾ ਕੇ, ਭੈੜੇ ਰਾਹ ਵਿੱਚ ਪਾ ਦਿੰਦਾ ਹੈ। 30 ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ, ਬੁੱਲ੍ਹ ਘੁਟਣ ਵਾਲਾ ਬੁਰਿਆਈ ਕਰ ਛੱਡਦਾ ਹੈ। 31 ਧੌਲਾ ਸਿਰ ਸਜ਼ਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ। 32 ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲ ਨਾਲੋਂ ਚੰਗਾ ਹੈ। 33 ਬੁੱਕਲ ਵਿੱਚ ਗੁਣੇ ਪਾਏ ਜਾਂਦੇ ਹਨ, ਪਰ ਉਨ੍ਹਾਂ ਦਾ ਫ਼ੈਸਲਾ ਯਹੋਵਾਹ ਵੱਲੋਂ ਹੀ ਹੁੰਦਾ ਹੈ।। |
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.
Bible Society of India