Aanlyn Bybel

- Advertensies -

ਫ਼ਿਲਿੱਪੈ 1 - ਪਵਿੱਤਰ ਬਾਈਬਲ O.V. Bible (BSI)


ਜੀਵਨ ਮਸੀਹ, ਮਰਨਾ ਲਾਭ

1 ਲਿਖਤੁਮ ਪੌਲੁਸ ਅਰ ਤਿਮੋਥਿਉਸ ਮਸੀਹ ਯਿਸੂ ਦੇ ਦਾਸ, ਅੱਗੇ ਜੋਗ ਫ਼ਿਲਿੱਪੈ ਵਿੱਚ ਦੇ ਜਿੰਨੇ ਮਸੀਹ ਯਿਸੂ ਵਿੱਚ ਸੰਤ ਹਨ ਉਨ੍ਹਾਂ ਸਭਨਾਂ ਨੂੰ ਕਲੀਸਿਯਾ ਦਿਆਂ ਨਿਗਾਹਬਾਨਾਂ ਅਤੇ ਸੇਵਕਾਂ ਸਣੇ

2 ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।।

3 ਮੈਂ ਜਦ ਕਦੇ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ

4 ਅਤੇ ਮੈਂ ਆਪਣੀ ਹਰੇਕ ਬੇਨਤੀ ਵਿੱਚ ਸਦਾ ਤੁਸਾਂ ਸਭਨਾਂ ਲਈ ਅਨੰਦ ਨਾਲ ਬੇਨਤੀ ਕਰਦਾ ਹਾਂ

5 ਇਸ ਲਈ ਜੋ ਤੁਸੀਂ ਪਹਿਲੇ ਦਿਨੋਂ ਹੁਣ ਤੀਕੁਰ ਖੁਸ਼ ਖਬਰੀ ਦੇ ਫੈਲਾਉਣ ਵਿੱਚ ਸਾਂਝੀ ਰਹੇ

6 ਅਤੇ ਇਸ ਗੱਲ ਦੀ ਮੈਨੂੰ ਪਰਤੀਤ ਹੈ ਭਈ ਜਿਹ ਨੇ ਤੁਹਾਡੇ ਵਿੱਚ ਸ਼ੁਭ ਕੰਮ ਦਾ ਮੁੱਢ ਧਰਿਆ ਸੋ ਯਿਸੂ ਮਸੀਹ ਦੇ ਦਿਨ ਤੋੜੀ ਉਹ ਨੂੰ ਪੂਰਿਆਂ ਕਰੇਗਾ

7 ਇਉਂ ਤੁਸਾਂ ਸਭਨਾਂ ਦੇ ਲਈ ਮੈਨੂੰ ਇਹੋ ਮੰਨਣਾ ਉਚਿਤ ਹੈ ਕਿਉਂ ਜੋ ਤੁਸੀਂ ਮੇਰੇ ਦਿਲ ਵਿੱਚ ਹੋ ਇਸ ਲਈ ਜੋ ਮੇਰੇ ਬੰਧਨਾਂ ਵਿੱਚ, ਨਾਲੇ ਖੁਸ਼ ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ ਵਿੱਚ ਤੁਸੀਂ ਸੱਭੇ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ

8 ਪਰਮੇਸ਼ੁਰ ਤਾਂ ਮੇਰਾ ਗਵਾਹ ਹੈ ਜੋ ਮੈਂ ਮਸੀਹ ਯਿਸੂ ਜਿਹਾ ਹਿਤ ਕਰਕੇ ਤੁਸਾਂ ਸਭਨਾਂ ਨੂੰ ਕਿੰਨਾ ਹੀ ਲੋਚਦਾ ਹਾਂ

9 ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪ੍ਰੇਮ ਸਮਝ ਅਤੇ ਸਭ ਪਰਕਾਰ ਦੇ ਬਿਬੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ

10 ਭਈ ਤੁਸੀਂ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੋੜੀ ਨਿਸ਼ਕਪਟ ਅਤੇ ਬੇਦੋਸ਼ ਰਹੋ

11 ਅਤੇ ਧਰਮ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ ਭਰੇ ਹੋਏ ਰਹੋ ਭਈ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਹੋਵੇ।।

12 ਹੇ ਭਰਾਵੋ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਭਈ ਮੇਰੇ ਉੱਤੇ ਜੋ ਬੀਤਿਆ ਸੋ ਇੰਜੀਲ ਦੇ ਫੈਲਰ ਜਾਣ ਦਾ ਹੀ ਕਾਰਨ ਹੋਇਆ

13 ਐਥੋਂ ਤੋੜੀ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਨਮਿੱਤ ਹਨ

14 ਅਰ ਬਹੁਤੇ ਜੋ ਪ੍ਰਭੁ ਵਿਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਨਿਧੜਕ ਬਚਨ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ।।

15 ਕਈ ਤਾਂ ਖਾਰ ਅਤੇ ਝਗੜੇ ਨਾਲ ਅਰ ਕਈ ਭਲੀ ਮਨਸ਼ਾ ਨਾਲ ਭੀ ਮਸੀਹ ਦਾ ਪਰਚਾਰ ਕਰਦੇ ਹਨ

16 ਏਹ ਤਾਂ ਪ੍ਰੇਮ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਇੰਜੀਲ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ

17 ਪਰ ਓਹ ਨਿਸ਼ਕਪਟ ਨਾਲ ਤਾਂ ਨਹੀਂ ਸਗੋਂ ਧੜੇ ਬਾਜ਼ੀ ਨਾਲ ਮਸੀਹ ਦਾ ਪਰਚਾਰ ਕਰਦੇ ਹਨ, ਇਹ ਸਮਝ ਕੇ ਭਈ ਮੇਰਿਆਂ ਬੰਧਨਾਂ ਵਿੱਚ ਮੈਨੂੰ ਹੋਰ ਵੀ ਕਲੇਸ਼ ਪੁਚਾਉਣ

18 ਤਾਂ ਕੀ ਹੋਇਆ? ਭਾਵੇਂ ਬਹਾਨੇ ਭਾਵੇਂ ਸਚਿਆਈ ਨਾਲ ਹਰ ਤਰਾਂ ਮਸੀਹ ਦਾ ਪਰਚਾਰ ਹੁੰਦਾ ਹੈ ਅਤੇ ਮੈਂ ਇਸ ਗੱਲੇ ਅਨੰਦ ਹਾਂ ਅਤੇ ਰਹਾਂਗਾ ਭੀ

19 ਕਿਉਂ ਜੋ ਮੈਂ ਜਾਣਦਾ ਹਾਂ ਭਈ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਏਹ ਮੇਰੀ ਮੁਕਤੀ ਦੇ ਲਈ ਨਿੱਕਲੇਗਾ

20 ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਲੱਜਿਆਵਾਨ ਨਹੀਂ ਹੋਵਾਂਗਾ ਸਗੋਂ ਪੂਰੀ ਦਿਲੇਰੀ ਨਾਲ ਜਿਵੇਂ ਸਦਾ ਤਿਵੇਂ ਹੁਣ ਭੀ ਮੇਰੀ ਦੇਹੀ ਵਿੱਚ ਭਾਵੇਂ ਜੀਉਣ ਤੋਂ ਭਾਵੇਂ ਮਰਨ ਤੋਂ ਮਸੀਹ ਦੀ ਵਡਿਆਈ ਹੋਵੇਗੀ

21 ਕਿਉਂਕਿ ਜੀਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ

22 ਪਰ ਜੇ ਸਰੀਰ ਵਿੱਚ ਜੀਉਂਦਾ ਰਹਿਣਾ, ਜੇ ਇਸ ਤੋਂ ਮੈਨੂੰ ਮਿਹਨਤ ਦਾ ਫਲ ਪਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕਿਹ ਨੂੰ ਚੁਣਾਂ

23 ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆਂ ਹਾਂ। ਮੈਂ ਚਾਹੁੰਦਾ ਹਾਂ ਭਈ ਛੁਟਕਾਰਾਂ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਇਸ ਲਈ ਜੋ ਇਹ ਬਹੁਤ ਹੀ ਉੱਤਮ ਹੈ

24 ਪਰ ਸਰੀਰ ਵਿੱਚ ਮੇਰਾ ਰਹਿਣਾ ਤੁਹਾਡੇ ਨਮਿੱਤ ਵਧੀਕ ਲੋੜੀਦਾ ਹੈ

25 ਅਤੇ ਇਸ ਗੱਲ ਦੀ ਪਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜੀਉਂਦਾ ਰਹਾਂਗਾ ਅਤੇ ਤੁਸਾਂ ਸਭਨਾਂ ਦੇ ਨਾਲ ਠਹਿਰਾਂਗਾ ਭਈ ਨਿਹਚਾ ਵਿੱਚ ਤੁਹਾਡੀ ਉੱਨਤੀ ਅਤੇ ਅਨੰਦ ਹੋਵੇ

26 ਤਾਂ ਜੋ ਮਸੀਹ ਯਿਸੂ ਵਿੱਚ ਤੁਹਾਡਾ ਅਭਮਾਨ ਜੋ ਮੇਰੇ ਉੱਤੇ ਹੈ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵਧ ਜਾਵੇ।।

27 ਨਿਰੀ ਤੁਸੀਂ ਮਸੀਹ ਦੀ ਖੁਸ਼ ਖਬਰੀ ਦੇ ਜੋਗ ਚਾਲ ਚੱਲੋ ਇਸ ਲਈ ਜੋ ਮੈਂ ਭਾਵੇ ਆਣ ਕੇ ਤੁਹਾਨੂੰ ਮਿਲਾਂ ਭਾਵੇਂ ਤੁਹਾਥੋਂ ਪਰੋਖੇ ਹੋਵਾਂ ਪਰ ਤੁਹਾਡੀ ਇਹ ਵਿਥਿਆ ਸੁਣਾਂ ਭਈ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ ਅਤੇ ਇੱਕ ਮਨ ਹੋ ਕੇ ਖੁਸ਼ ਖਬਰੀ ਦੀ ਨਿਹਚਾ ਲਈ ਜਤਨ ਕਰਦੇ

28 ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ ਜਿਹੜਾ ਓਹਨਾਂ ਲਈ ਨਾਸ ਦਾ ਪੱਕਾ ਨਿਸ਼ਾਨ ਹੈ ਪਰ ਤੁਹਾਡੀ ਮੁਕਤੀ ਦਾ, ਅਤੇ ਇਹ ਪਰਮੇਸ਼ੁਰ ਦੀ ਵੱਲੋਂ ਹੈ

29 ਕਿਉਂ ਜੇ ਮਸੀਹ ਦੇ ਲਈ ਤੁਹਾਡੇ ਉੱਤੇ ਇਹ ਕਿਰਪਾ ਹੋਈ ਭਈ ਤੁਸੀਂ ਨਾ ਕੇਵਲ ਉਸ ਉੱਤੇ ਨਿਹਚਾ ਹੀ ਕਰੋ ਸਗੋਂ ਉਹ ਦੇ ਲਈ ਦੁਖ ਵੀ ਝੱਲੋ

30 ਅਤੇ ਤੁਸੀਂ ਉਹੋ ਜਿਹਾ ਜਤਨ ਕਰੋ ਜੋ ਤੁਸਾਂ ਮੈਨੂੰ ਕਰਦਿਆਂ ਡਿੱਠਾ ਅਤੇ ਹੁਣ ਵੀ ਸੁਣਦੇ ਹੋ।।

Punjabi O.V. - ਪਵਿੱਤਰ ਬਾਈਬਲ O.V.

Copyright © 2016 by The Bible Society of India

Used by permission. All rights reserved worldwide.

Bible Society of India
Volg ons:



Advertensies