ਉਪਦੇਸ਼ਕ 4 - ਪਵਿੱਤਰ ਬਾਈਬਲ O.V. Bible (BSI)ਬੇਇਨਸਾਫੀਆਂ 1 ਤਦ ਮੈਂ ਫੇਰ ਮੁੜ ਕੇ ਸਾਰੀਆਂ ਸਖ਼ਤੀਆਂ ਵੱਲ ਜੋ ਸੂਰਜ ਦੇ ਹੇਠ ਹੁੰਦੀਆਂ ਹਨ ਡਿੱਠਾ ਅਤੇ ਵੇਖੋ ਸਤਾਇਆਂ ਹੋਇਆਂ ਦੇ ਅੰਝੂ ਸਨ ਅਤੇ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਓਹਨਾਂ ਦੇ ਸਖਤੀ ਕਰਨ ਵਾਲੇ ਬਲਵੰਤ ਸਨ ਪਰ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਰਿਹਾ 2 ਸੋ ਮੈਂ ਮੁਰਦਿਆਂ ਨੂੰ ਜੋ ਪਹਿਲਾਂ ਮਰ ਚੁੱਕੇ ਸਨ ਓਹਨਾਂ ਜੀਉਂਦਿਆਂ ਨਾਲੋਂ ਜੋ ਹੁਣ ਜੀਉਂਦੇ ਹਨ ਵਧਾਈ ਦਿੱਤੀ 3 ਪਰ ਦੋਹਾਂ ਨਾਲੋਂ ਭਾਗਵਾਨ ਉਹ ਹੈ ਜੋ ਅਜੇ ਹੋਇਆ ਹੀ ਨਹੀਂ, ਜਿਸ ਨੇ ਅਜੇ ਤੋੜੀ ਸੂਰਜ ਦੇ ਹੇਠ ਦਾ ਭੈੜਾ ਕੰਮ ਨਹੀਂ ਡਿੱਠਾ 4 ਇਸ ਦੇ ਪਿੱਛੋਂ ਮੈਂ ਸਾਰੀ ਮਿਹਨਤ ਅਤੇ ਸਾਰੀ ਚੰਗੀ ਕਾਰੀਗਰੀ ਨੂੰ ਡਿੱਠਾ ਭਈ ਏਹ ਦਾ ਕਾਰਨ ਮਨੁੱਖ ਦੀ ਆਪਣੇ ਗੁਆਂਢੀ ਦੇ ਨਾਲ ਈਰਖਾ ਹੈ। ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ 5 ਮੂਰਖ ਆਪਣੇ ਉੱਤੇ ਹੱਥ ਧਰਦਾ ਹੈ ਅਤੇ ਆਪਣਾ ਮਾਸ ਆਪ ਹੀ ਖਾਂਦਾ ਹੈ 6 ਦੋਂਹ ਮੁੱਠੀ ਭਰ ਨਾਲੋਂ ਜਿਹ ਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ ਸੁਖ ਦਾ ਇੱਕ ਮੁੱਠੀ ਭਰ ਚੰਗਾ ਹੈ।। 7 ਤਦ ਮੈਂ ਮੁੜ ਕੇ ਸੂਰਜ ਦੇ ਹੇਠ ਦੇ ਵਿਅਰਥ ਨੂੰ ਡਿੱਠਾ 8 ਕੋਈ ਤਾਂ ਇਕੱਲਾ ਹੈ ਅਤੇ ਉਹ ਦੇ ਨਾਲ ਕੋਈ ਦੂਜਾ ਨਹੀਂ, ਨਾ ਉਸ ਦੇ ਪੁੱਤ੍ਰ ਹੈ ਨਾ ਭਰਾ, ਤਾਂ ਵੀ ਉਹ ਦੇ ਸਾਰੇ ਧੰਦੇ ਦਾ ਓੜਕ ਨਹੀਂ, ਅਰ ਉਹ ਦੀ ਅੱਖ ਧਨ ਨਾਲ ਨਹੀਂ ਰੱਜਦੀ,-ਮੈਂ ਕਿਹ ਦੇ ਲਈ ਮਿਹਨਤ ਕਰਦਾ ਹਾਂ ਅਤੇ ਆਪਣੀ ਜਿੰਦ ਦੇ ਸੁਖ ਨੂੰ ਗਵਾਉਂਦਾ ਹਾਂ? ਇਹ ਵੀ ਵਿਅਰਥ ਅਤੇ ਬੁਰਾ ਕਸ਼ਟ ਹੈ 9 ਇੱਕ ਨਾਲੋਂ ਦੋ ਚੰਗੇ ਹਨ ਕਿਉਂ ਜੋ ਉਨ੍ਹਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ 10 ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ ਪਰ ਹਾਏ ਉਹ ਦੇ ਉੱਤੇ ਜਿਹੜਾ ਇਕੱਲਾ ਡਿੱਗਦਾ ਹੈ ਕਿਉਂ ਜੋ ਉਸ ਦਾ ਦੂਜਾ ਕੋਈ ਨਹੀਂ ਜੋ ਉਹ ਨੂੰ ਚੁੱਕ ਖੜਾ ਕਰੇ! 11 ਫੇਰ ਜੇ ਦੋ ਇਕੱਠੇ ਲੰਮੇ ਪੈਣ ਤਾਂ ਓਹ ਗਰਮ ਹੁੰਦੇ ਹਨ ਪਰ ਇਕੱਲਾ ਕਿੱਕਰ ਗਰਮ ਹੋਵੇ? 12 ਅਤੇ ਜੇ ਕੋਈ ਇੱਕ ਉੱਤੇ ਪਰਬਲ ਪੈ ਜਾਵੇ ਤਾਂ ਓਹ ਦੋਵੇਂ ਉਹ ਦੇ ਨਾਲ ਮੱਥਾ ਲਾ ਸੱਕਦੇ ਹਨ ਅਤੇ ਤੇਹਰੀ ਰੱਸੀ ਝੱਬਦੇ ਨਹੀਂ ਟੁੱਟਦੀ 13 ਬੁੱਢਾ ਅਤੇ ਮੂਰਖ ਪਾਤਸ਼ਾਹ ਜੋ ਹੋਰ ਸਿੱਖਿਆ ਸਹਾਰਨਾ ਨਾ ਜਾਣੇ ਉਸ ਨਾਲੋਂ ਇਕ ਮਸਕੀਨ ਪਰ ਬੁੱਧਵਾਨ ਜੁਆਨ ਚੰਗਾ ਹੈ 14 ਭਾਵੇਂ ਉਹ ਕੈਦਖਾਨੇ ਦੇ ਵਿੱਚੋਂ ਨਿੱਕਲ ਕੇ ਰਾਜ ਕਰਨ ਆਇਆ ਸੀ ਯਾ ਰਾਜ ਵਿੱਚ ਗਰੀਬ ਜੰਮਿਆਂ ਸੀ 15 ਮੈਂ ਓਹਨਾਂ ਸਭਨਾਂ ਜੀਉਂਦਿਆਂ ਵੱਲ ਜੋ ਸੂਰਜ ਦੇ ਹੇਠ ਤੁਰਦੇ ਹਨ ਉਸ ਦੂਜੇ ਜੁਆਨ ਸਣੇ ਜੋ ਉਹ ਦੇ ਥਾਂ ਉੱਤੇ ਹੋਵੇਗਾ ਡਿੱਠਾ 16 ਓਹਨਾਂ ਸਭਨਾਂ ਲੋਕਾਂ ਦੀ ਹੱਦ ਨਹੀਂ ਜਿੰਨ੍ਹਾਂ ਉੱਤੇ ਉਹ ਪਰਧਾਨ ਹੋਇਆ, ਤਦ ਵੀ ਜਿਹੜੇ ਉਹ ਦੇ ਪਿੱਛੋਂ ਹੋਣਗੇ ਉਹ ਨਾਲ ਖੁਸ਼ ਨਾ ਹੋਣਗੇ। ਸੱਚ ਮੁੱਚ ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ!।। |
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.
Bible Society of India