Aanlyn Bybel

- Advertensies -

ਤੀਤੁਸ ਨੂੰ 3 - Punjabi Standard Bible


ਮਸੀਹੀ ਵਿਹਾਰ

1 ਉਨ੍ਹਾਂ ਨੂੰ ਚੇਤੇ ਕਰਾਉਂਦਾ ਰਹਿ ਕਿ ਉਹ ਹਕੂਮਤਾਂ ਅਤੇ ਇਖ਼ਤਿਆਰਾਂ ਦੇ ਅਧੀਨ ਰਹਿਣ, ਆਗਿਆ ਮੰਨਣ, ਹਰੇਕ ਭਲੇ ਕੰਮ ਲਈ ਤਿਆਰ ਰਹਿਣ,

2 ਕਿਸੇ ਦੀ ਨਿੰਦਾ ਨਾ ਕਰਨ ਅਤੇ ਝਗੜਾਲੂ ਨਹੀਂ, ਸਗੋਂ ਧੀਰਜਵਾਨ ਹੋਣ ਅਤੇ ਸਭਨਾਂ ਮਨੁੱਖਾਂ ਦੇ ਪ੍ਰਤੀ ਪੂਰੀ ਨਿਮਰਤਾ ਵਿਖਾਉਣ।

3 ਕਿਉਂਕਿ ਇੱਕ ਸਮੇਂ ਅਸੀਂ ਵੀ ਨਿਰਬੁੱਧ, ਅਣਆਗਿਆਕਾਰ, ਭਟਕੇ ਹੋਏ ਅਤੇ ਲਾਲਸਾਵਾਂ ਤੇ ਕਈ ਪ੍ਰਕਾਰ ਦੇ ਭੋਗ-ਵਿਲਾਸਾਂ ਦੇ ਗੁਲਾਮ ਸੀ ਅਤੇ ਬੁਰਾਈ ਅਤੇ ਈਰਖਾ ਵਿੱਚ ਜੀਵਨ ਗੁਜ਼ਾਰਦੇ ਸੀ। ਅਸੀਂ ਘਿਰਣਾਯੋਗ ਸੀ ਅਤੇ ਇੱਕ ਦੂਜੇ ਨਾਲ ਘਿਰਣਾ ਕਰਦੇ ਸੀ।

4 ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ਰ ਦੀ ਕਿਰਪਾ ਅਤੇ ਮਨੁੱਖ ਲਈ ਉਸ ਦਾ ਪ੍ਰੇਮ ਪਰਗਟ ਹੋਇਆ

5 ਤਾਂ ਉਸ ਨੇ ਸਾਨੂੰ ਬਚਾਇਆ। ਇਹ ਧਾਰਮਿਕਤਾ ਦੇ ਕੰਮਾਂ ਕਰਕੇ ਨਹੀਂ ਜਿਹੜੇ ਅਸੀਂ ਕੀਤੇ, ਸਗੋਂ ਉਸ ਦੀ ਕਿਰਪਾ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੁਆਰਾ ਹੋਇਆ

6 ਜੋ ਉਸ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਭਰਪੂਰੀ ਨਾਲ ਵਹਾਇਆ

7 ਤਾਂਕਿ ਅਸੀਂ ਉਸ ਦੀ ਕਿਰਪਾ ਦੁਆਰਾ ਧਰਮੀ ਠਹਿਰਾਏ ਜਾ ਕੇ ਸਦੀਪਕ ਜੀਵਨ ਦੀ ਆਸ ਦੇ ਅਨੁਸਾਰ ਵਾਰਸ ਬਣ ਜਾਈਏ।

8 ਇਹ ਗੱਲਾਂ ਸੱਚ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਇਨ੍ਹਾਂ ਗੱਲਾਂ ਉੱਤੇ ਜ਼ੋਰ ਦੇ ਤਾਂਕਿ ਜਿਨ੍ਹਾਂ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਹੈ ਉਹ ਭਲੇ ਕੰਮ ਕਰਨ ਵਿੱਚ ਮਨ ਲਾਉਣ। ਇਹ ਗੱਲਾਂ ਮਨੁੱਖਾਂ ਦੇ ਲਈ ਭਲੀਆਂ ਅਤੇ ਲਾਭਦਾਇਕ ਹਨ।

9 ਪਰ ਮੂਰਖਤਾਪੂਰਣ ਵਾਦ-ਵਿਵਾਦਾਂ, ਕੁਲ-ਪੱਤਰੀਆਂ, ਲੜਾਈਆਂ ਅਤੇ ਬਿਵਸਥਾ ਸੰਬੰਧੀ ਝਗੜਿਆਂ ਤੋਂ ਦੂਰ ਰਹਿ, ਕਿਉਂਕਿ ਇਹ ਹਾਨੀਕਾਰਕ ਅਤੇ ਵਿਅਰਥ ਹਨ।

10 ਫੁੱਟ ਪਾਉਣ ਵਾਲੇ ਵਿਅਕਤੀ ਨੂੰ ਇੱਕ-ਦੋ ਚਿਤਾਵਨੀਆਂ ਦੇਣ ਤੋਂ ਬਾਅਦ ਉਸ ਤੋਂ ਦੂਰ ਰਹਿ,

11 ਕਿਉਂਕਿ ਤੂੰ ਜਾਣਦਾ ਹੈਂ ਕਿ ਇਹੋ ਜਿਹਾ ਵਿਅਕਤੀ ਭਟਕਿਆ ਹੋਇਆ ਹੈ ਅਤੇ ਪਾਪ ਕਰਕੇ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ।


ਆਖਰੀ ਨਿਰਦੇਸ਼ ਅਤੇ ਸਲਾਮ

12 ਜਦੋਂ ਮੈਂ ਅਰਤਿਮਾਸ ਜਾਂ ਤੁਖਿਕੁਸ ਨੂੰ ਤੇਰੇ ਕੋਲ ਭੇਜਾਂਗਾ ਤਾਂ ਨਿਕੁਪੁਲਿਸ ਵਿੱਚ ਮੇਰੇ ਕੋਲ ਆਉਣ ਦਾ ਯਤਨ ਕਰੀਂ, ਕਿਉਂਕਿ ਮੈਂ ਸਰਦੀਆਂ ਉੱਥੇ ਬਿਤਾਉਣ ਦਾ ਫੈਸਲਾ ਕੀਤਾ ਹੈ।

13 ਵਕੀਲ ਜ਼ੇਨਸ ਅਤੇ ਅਪੁੱਲੋਸ ਦੀ ਯਾਤਰਾ ਵਿੱਚ ਉੱਦਮ ਨਾਲ ਉਨ੍ਹਾਂ ਦੀ ਸਹਾਇਤਾ ਕਰੀਂ ਤਾਂਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਾ ਹੋਵੇ।

14 ਸਾਡੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਚੰਗਾ ਕੰਮ-ਧੰਦਾ ਕਰਨਾ ਸਿੱਖਣ, ਤਾਂਕਿ ਉਹ ਅਸਫਲ ਨਾ ਰਹਿਣ।

15 ਮੇਰੇ ਸਾਰੇ ਸਾਥੀ ਤੁਹਾਨੂੰ ਸਲਾਮ ਕਹਿੰਦੇ ਹਨ। ਜਿਹੜੇ ਸਾਡੇ ਨਾਲ ਵਿਸ਼ਵਾਸ ਦੇ ਕਾਰਨ ਪ੍ਰੇਮ ਰੱਖਦੇ ਹਨ ਉਨ੍ਹਾਂ ਨੂੰ ਸਲਾਮ ਕਹੀਂ। ਤੁਹਾਡੇ ਸਭਨਾਂ ਉੱਤੇ ਕਿਰਪਾ ਬਣੀ ਰਹੇ। ਆਮੀਨ।

PUNJABI STANDARD BIBLE©

Copyright © 2023 by Global Bible Initiative

Global Bible Initiative
Volg ons:



Advertensies