Aanlyn Bybel

- Advertensies -

ਰੋਮੀਆਂ 1 - Punjabi Standard Bible


ਸਲਾਮ

1 ਮਸੀਹ ਯਿਸੂ ਦੇ ਦਾਸ ਪੌਲੁਸ ਦੀ ਵੱਲੋਂ, ਜਿਹੜਾ ਰਸੂਲ ਹੋਣ ਲਈ ਸੱਦਿਆ ਗਿਆ ਅਤੇ ਪਰਮੇਸ਼ਰ ਦੀ ਉਸ ਖੁਸ਼ਖ਼ਬਰੀ ਦੇ ਲਈ ਵੱਖਰਾ ਕੀਤਾ ਗਿਆ ਹੈ

2 ਜਿਸ ਦਾ ਵਾਇਦਾ ਉਸ ਨੇ ਪਹਿਲਾਂ ਹੀ ਪਵਿੱਤਰ ਲਿਖਤਾਂ ਵਿੱਚ ਆਪਣੇ ਨਬੀਆਂ ਦੇ ਰਾਹੀਂ ਕੀਤਾ।

3 ਇਹ ਵਾਇਦਾ ਉਸ ਦੇ ਪੁੱਤਰ ਦੇ ਵਿਖੇ ਸੀ ਜਿਹੜਾ ਸਰੀਰ ਦੇ ਅਨੁਸਾਰ ਦਾਊਦ ਦੇ ਵੰਸ਼ ਵਿੱਚੋਂ ਉਤਪੰਨ ਹੋਇਆ

4 ਅਤੇ ਪਵਿੱਤਰਤਾ ਦੇ ਆਤਮਾ ਅਨੁਸਾਰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਦੁਆਰਾ ਸਮਰੱਥਾ ਨਾਲ ਪਰਮੇਸ਼ਰ ਦਾ ਪੁੱਤਰ ਠਹਿਰਿਆ ਅਰਥਾਤ ਸਾਡਾ ਪ੍ਰਭੂ ਯਿਸੂ ਮਸੀਹ।

5 ਉਸੇ ਦੇ ਰਾਹੀਂ ਅਸੀਂ ਕਿਰਪਾ ਅਤੇ ਰਸੂਲ ਦੀ ਪਦਵੀ ਨੂੰ ਪ੍ਰਾਪਤ ਕੀਤਾ ਤਾਂਕਿ ਉਸ ਦੇ ਨਾਮ ਦੀ ਖਾਤਰ ਸਾਰੀਆਂ ਕੌਮਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਪੈਦਾ ਕਰੀਏ,

6 ਜਿਨ੍ਹਾਂ ਵਿੱਚੋਂ ਤੁਸੀਂ ਵੀ ਯਿਸੂ ਮਸੀਹ ਦੇ ਸੱਦੇ ਹੋਏ ਹੋ।

7 ਰੋਮ ਵਿਚਲੇ ਉਨ੍ਹਾਂ ਸਭਨਾਂ ਨੂੰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਅਤੇ ਪਵਿੱਤਰ ਹੋਣ ਲਈ ਸੱਦੇ ਗਏ ਹਨ, ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।


ਰੋਮ ਦੀ ਯਾਤਰਾ ਲਈ ਰਸੂਲ ਦੀ ਇੱਛਾ

8 ਸਭ ਤੋਂ ਪਹਿਲਾਂ ਮੈਂ ਯਿਸੂ ਮਸੀਹ ਦੇ ਰਾਹੀਂ ਤੁਹਾਡੇ ਸਭਨਾਂ ਦੇ ਲਈ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਤੁਹਾਡੇ ਵਿਸ਼ਵਾਸ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਹੋ ਰਿਹਾ ਹੈ।

9 ਪਰਮੇਸ਼ਰ, ਜਿਸ ਦੀ ਸੇਵਾ ਮੈਂ ਉਸ ਦੇ ਪੁੱਤਰ ਦੀ ਖੁਸ਼ਖ਼ਬਰੀ ਦੇ ਦੁਆਰਾ ਆਪਣੀ ਆਤਮਾ ਤੋਂ ਕਰਦਾ ਹਾਂ, ਮੇਰਾ ਗਵਾਹ ਹੈ ਕਿ ਮੈਂ ਕਿਵੇਂ ਲਗਾਤਾਰ ਤੁਹਾਨੂੰ ਯਾਦ ਕਰਦਾ ਹਾਂ

10 ਅਤੇ ਹਮੇਸ਼ਾ ਆਪਣੀਆਂ ਪ੍ਰਾਰਥਨਾਵਾਂ ਵਿੱਚ ਇਹ ਬੇਨਤੀ ਕਰਦਾ ਹਾਂ ਕਿ ਜੇ ਪਰਮੇਸ਼ਰ ਦੀ ਇੱਛਾ ਹੋਵੇ ਤਾਂ ਹੁਣ ਮੈਂ ਕਿਸੇ ਤਰ੍ਹਾਂ ਤੁਹਾਡੇ ਕੋਲ ਆਉਣ ਵਿੱਚ ਸਫਲ ਹੋ ਜਾਵਾਂ।

11 ਕਿਉਂਕਿ ਮੈਂ ਤੁਹਾਨੂੰ ਮਿਲਣ ਲਈ ਉਤਸੁਕ ਹਾਂ ਤਾਂਕਿ ਕੋਈ ਆਤਮਕ ਵਰਦਾਨ ਤੁਹਾਨੂੰ ਸੌਂਪਾਂ ਜਿਸ ਨਾਲ ਤੁਸੀਂ ਦ੍ਰਿੜ੍ਹ ਹੋ ਸਕੋ,

12 ਅਰਥਾਤ ਜਦੋਂ ਮੈਂ ਤੁਹਾਡੇ ਵਿਚਕਾਰ ਹੋਵਾਂ ਤਾਂ ਉਸ ਵਿਸ਼ਵਾਸ ਦੇ ਦੁਆਰਾ ਜੋ ਮੇਰੇ ਅਤੇ ਤੁਹਾਡੇ ਵਿੱਚ ਹੈ, ਅਸੀਂ ਇੱਕ ਦੂਜੇ ਤੋਂ ਉਤਸ਼ਾਹਿਤ ਹੋਈਏ।

13 ਹੇ ਭਾਈਓ, ਹੁਣ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ ਕਿ ਮੈਂ ਬਹੁਤ ਵਾਰ ਤੁਹਾਡੇ ਕੋਲ ਆਉਣ ਦਾ ਇਰਾਦਾ ਕੀਤਾ ਤਾਂਕਿ ਜਿਵੇਂ ਮੈਨੂੰ ਹੋਰਨਾਂ ਪਰਾਈਆਂ ਕੌਮਾਂ ਵਿੱਚ ਫਲ ਮਿਲਿਆ ਤੁਹਾਡੇ ਵਿੱਚ ਵੀ ਮਿਲੇ, ਪਰ ਹੁਣ ਤੱਕ ਰੁਕਾਵਟ ਪੈਂਦੀ ਰਹੀ।

14 ਮੈਂ ਯੂਨਾਨੀਆਂ ਅਤੇ ਗੈਰ-ਯੂਨਾਨੀਆਂ, ਬੁੱਧਵਾਨਾਂ ਅਤੇ ਨਿਰਬੁੱਧਾਂ, ਦੋਹਾਂ ਦਾ ਕਰਜ਼ਦਾਰ ਹਾਂ।

15 ਇਸ ਲਈ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਹੋ, ਖੁਸ਼ਖ਼ਬਰੀ ਸੁਣਾਉਣ ਦਾ ਬੇਹੱਦ ਇੱਛੁਕ ਹਾਂ,


ਧਰਮੀ ਵਿਸ਼ਵਾਸ ਨਾਲ ਜੀਉਂਦਾ ਰਹੇਗਾ

16 ਕਿਉਂਕਿ ਮੈਂ ਖੁਸ਼ਖ਼ਬਰੀ ਤੋਂ ਨਹੀਂ ਸ਼ਰਮਾਉਂਦਾ, ਇਸ ਲਈ ਜੋ ਇਹ ਹਰੇਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਲਈ ਪਰਮੇਸ਼ਰ ਦੀ ਸਮਰੱਥਾ ਹੈ; ਪਹਿਲਾਂ ਯਹੂਦੀ ਲਈ ਅਤੇ ਫਿਰ ਯੂਨਾਨੀ ਲਈ।

17 ਕਿਉਂਕਿ ਇਸ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਵਿਸ਼ਵਾਸ ਤੋਂ ਵਿਸ਼ਵਾਸ ਦੇ ਲਈ ਪਰਗਟ ਕੀਤੀ ਜਾਂਦੀ ਹੈ, ਜਿਵੇਂ ਲਿਖਿਆ ਹੈ:“ਪਰ ਧਰਮੀ ਵਿਸ਼ਵਾਸ ਤੋਂ ਜੀਉਂਦਾ ਰਹੇਗਾ।”


ਮਨੁੱਖ ਦਾ ਪਾਪ

18 ਸਵਰਗ ਤੋਂ ਪਰਮੇਸ਼ਰ ਦਾ ਕ੍ਰੋਧ ਉਨ੍ਹਾਂ ਮਨੁੱਖਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਉੱਤੇ ਪਰਗਟ ਹੁੰਦਾ ਹੈ ਜਿਹੜੇ ਸਚਾਈ ਨੂੰ ਕੁਧਰਮ ਨਾਲ ਦਬਾਈ ਰੱਖਦੇ ਹਨ।

19 ਇਸ ਲਈ ਪਰਮੇਸ਼ਰ ਦੇ ਵਿਖੇ ਜੋ ਕੁਝ ਜਾਣਿਆ ਜਾ ਸਕਦਾ ਹੈ ਉਹ ਉਨ੍ਹਾਂ ਉੱਤੇ ਪਰਗਟ ਹੈ, ਕਿਉਂਕਿ ਪਰਮੇਸ਼ਰ ਨੇ ਇਸ ਨੂੰ ਉਨ੍ਹਾਂ ਉੱਤੇ ਪਰਗਟ ਕੀਤਾ ਹੈ।

20 ਸੰਸਾਰ ਦੀ ਉਤਪਤੀ ਤੋਂ ਉਸ ਦੇ ਅਣਡਿੱਠ ਗੁਣਾਂ ਨੂੰ ਅਰਥਾਤ ਉਸ ਦੀ ਸਦੀਪਕ ਸਮਰੱਥਾ ਅਤੇ ਪਰਮੇਸ਼ਰਤਾਈ ਨੂੰ ਉਸ ਦੀ ਸਿਰਜਣਾ ਵਿੱਚੋਂ ਸਾਫ-ਸਾਫ ਵੇਖਿਆ ਅਤੇ ਸਮਝਿਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਕੋਲ ਕੋਈ ਬਹਾਨਾ ਨਹੀਂ ਹੈ

21 ਕਿਉਂਕਿ ਉਨ੍ਹਾਂ ਨੇ ਪਰਮੇਸ਼ਰ ਨੂੰ ਜਾਣਦੇ ਹੋਏ ਵੀ ਨਾ ਤਾਂ ਪਰਮੇਸ਼ਰ ਦੀ ਮਹਿਮਾ ਕੀਤੀ ਅਤੇ ਨਾ ਹੀ ਉਸ ਦਾ ਧੰਨਵਾਦ ਕੀਤਾ, ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਉਨ੍ਹਾਂ ਦੇ ਬੁੱਧਹੀਣ ਮਨ ਹਨੇਰੇ ਹੋ ਗਏ।

22 ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ

23 ਅਤੇ ਅਵਿਨਾਸੀ ਪਰਮੇਸ਼ਰ ਦੇ ਪ੍ਰਤਾਪ ਨੂੰ ਨਾਸਵਾਨ ਮਨੁੱਖਾਂ, ਪੰਛੀਆਂ, ਪਸ਼ੂਆਂ ਅਤੇ ਰੀਂਗਣ ਵਾਲੇ ਜੀਵਾਂ ਦੇ ਸਰੂਪ ਦੀ ਸਮਾਨਤਾ ਵਿੱਚ ਬਦਲ ਦਿੱਤਾ।

24 ਇਸ ਕਰਕੇ ਪਰਮੇਸ਼ਰ ਨੇ ਉਨ੍ਹਾਂ ਨੂੰ ਅਸ਼ੁੱਧਤਾ ਲਈ ਉਨ੍ਹਾਂ ਦੇ ਮਨ ਦੀਆਂ ਲਾਲਸਾਵਾਂ ਦੇ ਹਵਾਲੇ ਕਰ ਦਿੱਤਾ ਕਿ ਉਹ ਆਪਸ ਵਿੱਚ ਆਪਣੇ ਸਰੀਰਾਂ ਦਾ ਨਿਰਾਦਰ ਕਰਨ।

25 ਉਨ੍ਹਾਂ ਨੇ ਪਰਮੇਸ਼ਰ ਦੀ ਸਚਾਈ ਨੂੰ ਝੂਠ ਵਿੱਚ ਬਦਲ ਦਿੱਤਾ ਅਤੇ ਸ੍ਰਿਸ਼ਟੀਕਰਤਾ ਦੀ ਬਜਾਇ ਸ੍ਰਿਸ਼ਟੀ ਦੀ ਉਪਾਸਨਾ ਅਤੇ ਸੇਵਾ ਕੀਤੀ, ਨਾ ਕਿ ਉਸ ਸ੍ਰਿਸ਼ਟੀਕਰਤਾ ਦੀ ਜਿਹੜਾ ਸਦਾ ਧੰਨ ਹੈ। ਆਮੀਨ।


ਮਨੁੱਖ ਦੀ ਭ੍ਰਿਸ਼ਟਤਾ

26 ਇਸੇ ਕਰਕੇ ਪਰਮੇਸ਼ਰ ਨੇ ਉਨ੍ਹਾਂ ਨੂੰ ਨੀਚ ਕਾਮਨਾਵਾਂ ਦੇ ਵੱਸ ਕਰ ਦਿੱਤਾ, ਕਿਉਂਕਿ ਉਨ੍ਹਾਂ ਦੀਆਂ ਔਰਤਾਂ ਨੇ ਵੀ ਕੁਦਰਤੀ ਸੰਬੰਧਾਂ ਨੂੰ ਗੈਰ-ਕੁਦਰਤੀ ਸੰਬੰਧਾਂ ਵਿੱਚ ਬਦਲ ਦਿੱਤਾ, ਜੋ ਕਿ ਕੁਦਰਤ ਦੇ ਨਿਯਮ ਦੇ ਵਿਰੁੱਧ ਹੈ।

27 ਇਸੇ ਤਰ੍ਹਾਂ ਪੁਰਸ਼ ਵੀ ਔਰਤ ਨਾਲ ਕੁਦਰਤੀ ਸੰਬੰਧ ਛੱਡ ਕੇ ਇੱਕ ਦੂਜੇ ਪ੍ਰਤੀ ਆਪਣੀਆਂ ਕਾਮ-ਵਾਸਨਾਵਾਂ ਵਿੱਚ ਸੜ ਗਏ ਅਤੇ ਪੁਰਸ਼ਾਂ ਨੇ ਪੁਰਸ਼ਾਂ ਨਾਲ ਨਿਰਲੱਜਤਾ ਦੇ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਗਲਤੀ ਦਾ ਸਹੀ ਫਲ ਭੋਗ ਰਹੇ ਹਨ।

28 ਜਦੋਂ ਉਨ੍ਹਾਂ ਨੇ ਪਰਮੇਸ਼ਰ ਨੂੰ ਪਛਾਨਣਾ ਨਾ ਚਾਹਿਆ ਤਾਂ ਪਰਮੇਸ਼ਰ ਨੇ ਵੀ ਉਨ੍ਹਾਂ ਨੂੰ ਅਣਉਚਿਤ ਕੰਮ ਕਰਨ ਲਈ ਉਨ੍ਹਾਂ ਦੇ ਭ੍ਰਿਸ਼ਟ ਮਨ ਦੇ ਵੱਸ ਕਰ ਦਿੱਤਾ।

29 ਇਸ ਲਈ ਉਹ ਹਰ ਤਰ੍ਹਾਂ ਦੇ ਕੁਧਰਮ, ਦੁਸ਼ਟਤਾ, ਲੋਭ ਅਤੇ ਬੁਰਾਈ ਨਾਲ ਭਰ ਗਏ। ਉਹ ਈਰਖਾ, ਹੱਤਿਆ, ਝਗੜੇ, ਛਲ, ਬਦਨੀਤੀ ਨਾਲ ਭਰੇ ਹੋਏ, ਚੁਗਲਖੋਰ,

30 ਨਿੰਦਕ, ਪਰਮੇਸ਼ਰ ਦੇ ਵੈਰੀ, ਹਿੰਸਕ, ਘਮੰਡੀ, ਸ਼ੇਖੀਬਾਜ਼, ਬੁਰਾਈ ਦੇ ਜਨਮਦਾਤੇ, ਮਾਤਾ-ਪਿਤਾ ਦੇ ਅਣਆਗਿਆਕਾਰ,

31 ਬੁੱਧਹੀਣ, ਨੇਮ ਤੋੜਨ ਵਾਲੇ, ਨਿਰਮੋਹ ਅਤੇ ਨਿਰਦਈ ਹਨ।

32 ਉਹ ਪਰਮੇਸ਼ਰ ਦੇ ਇਸ ਨਿਯਮ ਨੂੰ ਜਾਣਦੇ ਹੋਏ ਕਿ ਅਜਿਹੇ ਕੰਮ ਕਰਨ ਵਾਲੇ ਮੌਤ ਦੀ ਸਜ਼ਾ ਦੇ ਯੋਗ ਹਨ, ਨਾ ਕੇਵਲ ਆਪ ਇਹ ਕਰਦੇ ਹਨ, ਸਗੋਂ ਇਨ੍ਹਾਂ ਦੇ ਕਰਨ ਵਾਲਿਆਂ ਨਾਲ ਸਹਿਮਤ ਵੀ ਹੁੰਦੇ ਹਨ।

PUNJABI STANDARD BIBLE©

Copyright © 2023 by Global Bible Initiative

Global Bible Initiative
Volg ons:



Advertensies